Kesari ePaper Header

ਤੁਰ ਗਿਆ ਦੌੜਦਾ ਪਗੜੀਧਾਰੀ ਤੂਫਾਨ ! 114 ਸਾਲਾ ਸਿੱਖ ਐਥਲੀਟ ਫੌਜਾ ਸਿੰਘ

ਤੁਰ ਗਿਆ ਦੌੜਦਾ ਪਗੜੀਧਾਰੀ ਤੂਫਾਨ ! 114 ਸਾਲਾ ਸਿੱਖ ਐਥਲੀਟ ਫੌਜਾ ਸਿੰਘ

ਦੁਖਦਾਈ ਕਾਰ ਹਾਦਸੇ ਵਿੱਚ ਗਈ ਜਾਨ 

 ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:


 ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਅਤੇ ਟਰਬਨ ਟੋਰਨਾਡੋ ਵਜੋਂ ਮਸ਼ਹੂਰ ਫੌਜਾ ਸਿੰਘ ਦੀ ਸੋਮਵਾਰ ਰਾਤ 114 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਜਲੰਧਰ ਵਿੱਚ ਸੈਰ ਕਰਦੇ ਸਮੇਂ ਉਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਪੁਲਿਸ ਨੇ ਉਨ੍ਹਾਂ ਦੇ ਪੁੱਤਰ ਧਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਫੌਜਾ ਸਿੰਘ ਆਪਣੇ ਪੁੱਤਰ ਨਾਲ ਬਿਆਸ ਪਿੰਡ ਵਿੱਚ ਰਹਿੰਦੇ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪੁੱਤਰ ਅਤੇ ਧੀਆਂ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ। ਫੌਜਾ ਸਿੰਘ ਨੇ 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਹ 2012 ਲੰਡਨ ਓਲੰਪਿਕ ਵਿੱਚ ਇੱਕ ਮਸ਼ਾਲਧਾਰੀ ਵੀ ਸੀ। 


ਸੁਪਨਾ ਹੋਇਆ ਪੂਰਾ! 

ਹਾਲਾਂ ਕਿ ਉਨ੍ਹਾਂ ਕੋਲ ਇੰਗਲੈਂਡ ਦੀ ਨਾਗਰਿਕਤਾ ਸੀ ਅਤੇ ਉਹ ਆਰਾਮ ਨਾਲ ਉੱਥੇ ਰਹਿ ਸਕਦੇ ਸਨ ਪਰ, ਫੌਜਾ ਸਿੰਘ ਅਕਸਰ ਕਿਹਾ ਕਰਦੇ ਸਨ, "ਪਿੰਡ ਮੇਰੇ ਲਈ ਸਭ ਕੁਝ ਹੈ। ਮੈਂ ਇੱਥੇ ਪੈਦਾ ਹੋਇਆ ਸੀ, ਇੱਥੇ ਵੱਡਾ ਹੋਇਆ ਸੀ। ਮੈਂ ਇਸਨੂੰ ਕਿਵੇਂ ਛੱਡ ਸਕਦਾ ਹਾਂ? ਮੈਂ ਪਿਛਲੇ ਸਾਲ ਕੈਨੇਡਾ ਗਿਆ ਸੀ। ਮੈਂ ਉੱਥੇ ਬਿਮਾਰ ਹੋ ਗਿਆ ਸੀ ਅਤੇ ਡਰਦਾ ਸੀ ਕਿ ਮੈਂ ਵਾਪਸ ਨਾ ਜਾ ਸਕਾਂ। ਮੇਰਾ ਸੁਪਨਾ ਹੈ- 'ਮਰਾਂ  ਤਾ ਆਪਣੇ ਦੇਸ਼ ਵਿਚ ਹੀ ਮਰਾਂ, ਆਪਣੇ ਪਿੰਡ ਵਿਚ ਹੀ ਮਰਾਂ।"

ਫੌਜਾ ਸਿੰਘ ਦੇ ਛੋਟੇ ਪੁੱਤਰ ਹਰਬਿੰਦਰ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਗਏ ਸੀ।  ਇਸ ਦੌਰਾਨ ਜਦੋਂ ਉਹ ਹਾਈਵੇਅ 'ਤੇ ਪਹੁੰਚੇ ਤਾਂ ਕੋਈ ਅਣਪਛਾਤੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਨ੍ਹਾਂ ਦੇ ਸਿਰ, ਛਾਤੀ ਅਤੇ ਪਸਲੀਆਂ 'ਤੇ ਗੰਭੀਰ ਸੱਟਾਂ ਲੱਗੀਆਂ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਈਆਂ। 

ਫੌਜਾ ਸਿੰਘ ਕੋਲ ਇੰਗਲੈਂਡ ਦੀ ਨਾਗਰਿਕਤਾ ਸੀ। ਕੋਰੋਨਾ ਤੋਂ ਬਾਅਦ ਉਹ ਬਹੁਤ ਘੱਟ ਵਿਦੇਸ਼ ਜਾਂਦੇ ਸੀ। ਹੁਣ ਉਹ ਆਪਣੇ ਪੁੱਤਰ ਹਰਬਿੰਦਰ ਸਿੰਘ ਅਤੇ ਨੂੰਹ ਨਾਲ ਬਿਆਸ ਪਿੰਡ ਜਲੰਧਰ ਵਿੱਚ ਰਹਿੰਦੇ ਸੀ। ਉਨ੍ਹਾਂ ਦਾ ਦੂਜਾ ਪੁੱਤਰ ਅਤੇ ਧੀ ਯੂਕੇ ਅਤੇ ਕੈਨੇਡਾ ਵਿੱਚ ਰਹਿੰਦੇ ਹਨ। 
ਆਦਮਪੁਰ ਥਾਣੇ ਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਫੌਜਾ ਸਿੰਘ ਦੇ ਪੁੱਤਰ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਟੀਮਾਂ ਜਾਂਚ ਲਈ ਮੌਕੇ 'ਤੇ ਪਹੁੰਚੀਆਂ। ਹਾਲ ਦੀ ਘੜੀ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਕਾਰ ਦਾ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਐਫਆਈਆਰ ਦਰਜ ਕਰ ਲਈ ਗਈ ਹੈ।