Kesari ePaper Header

ਗੁਰੂ ਦੀ ਮਹੱਤਤਾ ਸਮਝਣਾ ਸਮੇਂ ਦੀ ਲੋੜ

ਗੁਰੂ ਦੀ ਮਹੱਤਤਾ ਸਮਝਣਾ ਸਮੇਂ ਦੀ ਲੋੜ

ਸੰਤ-ਮਹਾਪੁਰਸ਼ ਇਸ ਦੁਨੀਆ ਵਿਚ ਇਸ ਲਈ ਆਉਂਦੇ ਹਨ ਤਾਂ ਜੋ ਸਾਡੇ ਪੱਧਰ ’ਤੇ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਣ, ਆਤਮਿਕ ਅਨੁਭਵ ਪ੍ਰਾਪਤ ਕਰਨ ਦੀ ਵਿਧੀ ਬਾਰੇ ਸਾਨੂੰ ਸਮਝਾ ਸਕਣ ਅਤੇ ਨਿੱਜੀ ਪੱਧਰ ’ਤੇ ਸਾਨੂੰ ਉਸ ਦਾ ਅਨੁਭਵ ਵੀ ਦੇ ਸਕਣ।

ਹਿੰਦੀ ਕੈਲੰਡਰ ਦੇ ਹਾੜ੍ਹ (ਜੁਲਾਈ-ਅਗਸਤ) ਮਹੀਨੇ ਦੀ ਪੁੰਨਿਆ ਨੂੰ ‘ਗੁਰੂ ਪੂਰਣਿਮਾ’ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਆਪਣੇ ਵਿੱਦਿਅਕ ਅਤੇ ਅਧਿਆਤਮਕ ਗੁਰੂਆਂ ਦਾ ਸਨਮਾਨ ਕਰਦੇ ਹਾਂ ਅਤੇ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਤੇ ਆਭਾਰ ਪ੍ਰਗਟ ਕਰਦੇ ਹਾਂ। ਜਦੋਂ ਵੀ ਅਸੀਂ ਇਸ ਸੰਸਾਰ ਵਿਚ ਕੋਈ ਵਿਸ਼ਾ ਸਿੱਖਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਵਿਸ਼ੇ ਵਿਚ ਨਿਪੁੰਨ ਵਿਅਕਤੀ ਕੋਲ ਜਾਂਦੇ ਹਾਂ ਜੋ ਸਾਨੂੰ ਉਹ ਵਿਸ਼ਾ ਸਿਖਾ ਸਕਦਾ ਹੋਵੇ।

ਇਸੇ ਤਰ੍ਹਾਂ ਇਕ ਪੂਰਨ ਸਤਿਗੁਰੂ ਅਧਿਆਤਮਕ ਵਿਸ਼ੇ ਵਿਚ ਨਿਪੁੰਨ ਹੁੰਦੇ ਹਨ ਤੇ ਜੇਕਰ ਅਸੀਂ ਆਪਣਾ ਰੂਹਾਨੀ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਤਿਗੁਰੂ ਦੇ ਕੋਲ ਜਾਣਾ ਪੈਂਦਾ ਹੈ। ਇਸ ਧਰਤੀ ’ਤੇ ਹਰ ਸਮੇਂ ਕੋਈ ਨਾ ਕੋਈ ਪੂਰਨ ਸਤਿਗੁਰੂ ਮੌਜੂਦ ਹੁੰਦੇ ਹਨ ਜੋ ਸਾਨੂੰ ਆਪਣੇ ਅੰਦਰ ਮੌਜੂਦ ਪ੍ਰਭੂ ਦੀ ਸੱਤਾ ਨਾਲ ਜੁੜਨ ਵਿਚ ਮਦਦ ਕਰਦੇ ਹਨ। ਹਰ ਯੁੱਗ ਵਿਚ ਅਜਿਹੇ ਸੰਤ-ਮਹਾਪੁਰਸ਼ ਆਉਂਦੇ ਹਨ ਜੋ ਸਾਡੀ ਆਤਮਾ ਨੂੰ ਆਤਮਿਕ ਯਾਤਰਾ ’ਤੇ ਲੈ ਕੇ ਜਾਣ ਵਿਚ ਸਮਰੱਥ ਹੁੰਦੇ ਹਨ। ਸੰਤ-ਮਤ ਦੇ ਮਹਾਪੁਰਸ਼ਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਪ੍ਰਭੂ ਦੀ ਸੱਤਾ ਕਿਸੇ ਨਾ ਕਿਸੇ ਮਨੁੱਖੀ ਸਰੀਰ ਜ਼ਰੀਏ ਕੰਮ ਕਰਦੀ ਹੈ। ਮਨੁੱਖ ਦੂਜੇ ਮਨੁੱਖ ਤੋਂ ਹੀ ਸਿੱਖਦਾ ਹੈ।

ਸੰਤ-ਮਹਾਪੁਰਸ਼ ਇਸ ਦੁਨੀਆ ਵਿਚ ਇਸ ਲਈ ਆਉਂਦੇ ਹਨ ਤਾਂ ਜੋ ਸਾਡੇ ਪੱਧਰ ’ਤੇ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਣ, ਆਤਮਿਕ ਅਨੁਭਵ ਪ੍ਰਾਪਤ ਕਰਨ ਦੀ ਵਿਧੀ ਬਾਰੇ ਸਾਨੂੰ ਸਮਝਾ ਸਕਣ ਅਤੇ ਨਿੱਜੀ ਪੱਧਰ ’ਤੇ ਸਾਨੂੰ ਉਸ ਦਾ ਅਨੁਭਵ ਵੀ ਦੇ ਸਕਣ। ਸਿਰਫ਼ ਗੱਲਾਂ ਕਰਨ ਜਾਂ ਪੜ੍ਹਨ ਨਾਲ ਅਸੀਂ ਰੂਹਾਨੀਅਤ ਨਹੀਂ ਸਿੱਖ ਸਕਦੇ। ਇਹ ਸਿਰਫ਼ ਨਿੱਜੀ ਅਨੁਭਵ ਰਾਹੀਂ ਹੀ ਸਿੱਖੀ ਜਾ ਸਕਦੀ ਹੈ ਅਤੇ ਉਹ ਅਨੁਭਵ ਸਾਨੂੰ ਸਿਰਫ਼ ਇਕ ਪੂਰਨ ਸਤਿਗੁਰੂ ਹੀ ਪ੍ਰਦਾਨ ਕਰ ਸਕਦਾ ਹੈ।

ਨਾਮਦਾਨ ਤੋਂ ਬਾਅਦ ਸਤਿਗੁਰੂ ਹਰ ਪਲ ਸ਼ਿਸ਼ ਦੇ ਨਾਲ ਰਹਿੰਦੇ ਹਨ ਅਤੇ ਉਸ ਨੂੰ ਹਰ ਤਰ੍ਹਾਂ ਸੁਰੱਖਿਅਤ ਰੱਖਦੇ ਹਨ। ਸਤਿਗੁਰੂ ਦਾ ਸਹਾਰਾ ਸ਼ਿਸ਼੍ ਦੇ ਨਾਲ ਨਾ ਸਿਰਫ਼ ਇਸ ਦੁਨੀਆ ਵਿਚ ਰਹਿੰਦਾ ਹੈ ਸਗੋਂ ਇਸ ਤੋਂ ਅੱਗੇ ਵੀ ਬਣਿਆ ਰਹਿੰਦਾ ਹੈ। ਸਤਿਗੁਰੂ ਸ਼ਿਸ਼੍ ਦੇ ਕਰਮਾਂ ਦੇ ਭਾਰ ਨੂੰ ਆਪਣੇ ਉੱਤੇ ਲੈ ਲੈਂਦੇ ਹਨ ਅਤੇ ਸਦਾ ਉਸ ਦੇ ਅੰਗ-ਸੰਗ ਬਣੇ ਰਹਿੰਦੇ ਹਨ। ਜਦੋਂ ਸ਼ਿਸ਼ ਦੇ ਜੀਵਨ ਦਾ ਅੰਤ ਹੁੰਦਾ ਹੈ ਤਾਂ ਵੀ ਉਹ ਉਸ ਦੇ ਨਾਲ ਹੁੰਦੇ ਹਨ ਅਤੇ ਅੱਗੇ ਦੇ ਮੰਡਲਾਂ ਵਿਚ ਵੀ ਉਸ ਦੇ ਮਾਰਗਦਰਸ਼ਕ ਬਣਦੇ ਹਨ। ਇਸ ਸਮੇਂ ਸਤਿਗੁਰੂ ਸਾਡੇ ਅੰਦਰ ਪ੍ਰਗਟ ਹੁੰਦੇ ਹਨ ਅਤੇ ਸਾਨੂੰ ਪਿਆਰ ਨਾਲ ਗਲੇ ਲਾ ਕੇ ਰੋਸ਼ਨੀ ਦੇ ਵਿਚਕਾਰ ਲੈ ਜਾਂਦੇ ਹਨ।

ਸਤਿਗੁਰੂ ਦਇਆ ਨਾਲ ਭਰਪੂਰ ਹੁੰਦੇ ਹਨ। ਉਹ ਸਾਨੂੰ ਤਕਲੀਫ਼ ਵਿਚ ਨਹੀਂ ਦੇਖ ਸਕਦੇ। ਉਹ ਸਾਨੂੰ ਕਰਮਾਂ ਦੇ ਚਿੱਕੜ ਤੋਂ ਦੂਰ ਰਹਿਣ ਦੀ ਸਿੱਖਿਆ ਦੇਣ ਲਈ ਇਸ ਸੰਸਾਰ ਵਿਚ ਆਉਂਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਕਰਮਾਂ ਦੇ ਚੱਕਰ ਤੋਂ ਬਾਹਰ ਨਿਕਲੀਏ ਜਿਸ ਵਿਚ ਉਲਝ ਕੇ ਅਸੀਂ ਵਾਰ-ਵਾਰ ਇਸ ਸੰਸਾਰ ਵਿਚ ਆਉਂਦੇ ਹਾਂ।

ਉਹ ਚਾਹੁੰਦੇ ਹਨ ਕਿ ਅਸੀਂ ਆਪਣੇ ਸੱਚੇ ਪਿਤਾ ਦੇ ਘਰ ਵਾਪਸ ਜਾਈਏ ਜਿੱਥੇ ਕਿਸੇ ਕਿਸਮ ਦੀ ਤਕਲੀਫ਼ ਜਾਂ ਮੌਤ ਨਹੀਂ ਹੈ। ਸਾਡੇ ਜੀਵਨ-ਕਾਲ ਦੌਰਾਨ ਵੀ ਸਤਿਗੁਰੂ ਸਾਨੂੰ ਕਈ ਤਰ੍ਹਾਂ ਦੇ ਖ਼ਤਰਿਆਂ ਤੋਂ ਬਚਾਉਂਦੇ ਹਨ। ਅਸੀਂ ਉਨ੍ਹਾਂ ਦੁਆਰਾ ਦਿੱਤੀ ਹਰ ਮਦਦ ਤੋਂ ਜਾਣੂ ਵੀ ਨਹੀਂ ਹੁੰਦੇ।

ਸਾਡੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਸਤਿਗੁਰੂ ਸਦਾ ਸਾਡੇ ਅੰਗ-ਸੰਗ ਰਹਿੰਦੇ ਹਨ ਜਦ ਤੱਕ ਅਸੀਂ ਪਰਮਾਤਮਾ ਵਿਚ ਜਾ ਕੇ ਲੀਨ ਨਹੀਂ ਹੋ ਜਾਂਦੇ। ਜਦੋਂ ਸਾਨੂੰ ਪੂਰਨ ਸਤਿਗੁਰੂ ਦੁਆਰਾ ਨਾਮਦਾਨ ਮਿਲ ਜਾਂਦਾ ਹੈ ਤਾਂ ਉਹ ਸਾਡੇ ਦਿੱਵਿਆ-ਚਕਸ਼ੂ ਜਾਂ ਤੀਜੇ ਨੇਤਰ ’ਤੇ ਬਿਰਾਜਮਾਨ ਹੋ ਜਾਂਦੇ ਹਨ ਅਤੇ ਫਿਰ ਜੀਵਨ ਦੇ ਹਰ ਪਹਿਲੂ ਵਿਚ ਸਾਨੂੰ ਸਹਾਇਤਾ ਪ੍ਰਦਾਨ ਕਰਦੇ ਹਨ। ਸਤਿਗੁਰੂ ਸਾਡੇ ਸੱਚੇ ਨਿਸ਼ਕਾਮ ਮਦਦਗਾਰ ਹੁੰਦੇ ਹਨ।

ਉਹ ਸਾਡੀ ਮਦਦ ਇਸ ਲਈ ਕਰਦੇ ਹਨ ਕਿਉਂਕਿ ਉਹ ਸਾਡੇ ਨਾਲ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਆਪਣਾ ਦਿਲ ਪ੍ਰਭੂ-ਪਿਆਰ ਨਾਲ ਭਰਪੂਰ ਹੁੰਦਾ ਹੈ। ਜੇ ਅਸੀਂ ਆਪਣੀ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਕ ਪੂਰਨ ਸਤਿਗੁਰੂ ਦੇ ਦਰ ’ਤੇ ਆਉਣਾ ਹੀ ਹੋਵੇਗਾ।

ਸਾਨੂੰ ਪ੍ਰਭੂ ਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਜਲਦੀ ਤੋਂ ਜਲਦੀ ਪੂਰਨ ਸਤਿਗੁਰੂ ਦੀ ਸ਼ਰਨ ਵਿਚ ਪਹੁੰਚਾ ਦੇਣ ਤਾਂ ਜੋ ਉਨ੍ਹਾਂ ਦੇ ਸਮਰੱਥ ਮਾਰਗਦਰਸ਼ਨ ਵਿਚ ਅਸੀਂ ਜਲਦ ਹੀ ਆਪਣੀ ਰੂਹਾਨੀ ਯਾਤਰਾ ਪੂਰੀ ਕਰ ਸਕੀਏ ਅਤੇ ਆਪਣੇ ਨਿੱਜਧਾਮ ਵਾਪਸ ਪਹੁੰਚ ਕੇ ਸਦਾ-ਸਦਾ ਲਈ ਪ੍ਰਭੂ ਵਿਚ ਲੀਨ ਹੋ ਜਾਈਏ।