Kesari ePaper Header

ਅਕਾਲੀ-ਭਾਜਪਾ ਗੱਠਜੋੜ 'ਤੇ ਕੇਜਰੀਵਾਲ ਅਤੇ ਕਾਂਗਰਸ ਦਾ ਹਮਲਾ, ਪਾਰਟੀਆਂ ਨੇ ਦੱਸਿਆ ਸੱਤਾ ਦੀ ਸਾਂਝ

ਅਕਾਲੀ-ਭਾਜਪਾ ਗੱਠਜੋੜ 'ਤੇ ਕੇਜਰੀਵਾਲ ਅਤੇ ਕਾਂਗਰਸ ਦਾ ਹਮਲਾ, ਪਾਰਟੀਆਂ ਨੇ ਦੱਸਿਆ ਸੱਤਾ ਦੀ ਸਾਂਝ

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਪਾਰਟੀਆਂ ਸੱਤਾ ਲਈ ਵਾਰ-ਵਾਰ ਇਕੱਠੀਆਂ ਹੁੰਦੀਆਂ ਅਤੇ ਫਿਰ ਵੱਖ ਹੋ ਜਾਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਗੱਠਜੋੜ ਪੰਜਾਬ ਦੇ ਕਿਸਾਨਾਂ, ਵਪਾਰੀਆਂ ਅਤੇ ਅਨੁਸੂਚਿਤ ਜਾਤੀਆਂ ਨਾਲ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਵੀ ਇਸ ਗੱਠਜੋੜ ਨੂੰ ਮੌਕਾਪ੍ਰਸਤ ਸਿਆਸਤ ਕਰਾਰ ਦਿੱਤਾ। ਉਨ੍ਹਾਂ ਸਵਾਲ ਉਠਾਇਆ ਕਿ ਕਿਸਾਨ ਅੰਦੋਲਨ ਦੌਰਾਨ ਵੱਖ ਹੋਏ ਦੋਵੇਂ ਦਲ ਹੁਣ ਮੁੜ ਇਕੱਠੇ ਕਿਵੇਂ ਹੋ ਰਹੇ ਹਨ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇਸ ਸਾਂਝ ਨੂੰ ਸਿਰਫ਼ ਸਿਆਸੀ ਸਮਝੌਤਾ ਨਹੀਂ, ਸਗੋਂ ਭਾਵਨਾਤਮਕ ਰਿਸ਼ਤਾ ਦੱਸਿਆ ਅਤੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕੀਤਾ।

ਵਿਸ਼ਲੇਸ਼ਣ: ਆਉਣ ਵਾਲੇ ਦਿਨਾਂ ਵਿੱਚ ਕਿਸਾਨ ਅੰਦੋਲਨ, ਖੇਤੀ ਕਾਨੂੰਨ, ਪੰਥਕ ਮੁੱਦੇ ਅਤੇ ਸੂਬੇ ਦੇ ਹੱਕ ਚੋਣੀ ਬਹਿਸ ਦੇ ਕੇਂਦਰ ਵਿੱਚ ਰਹਿਣ ਦੀ ਸੰਭਾਵਨਾ ਹੈ।

 

ਅਕਾਲੀ-ਭਾਜਪਾ ਗਠਜੋੜ ਪੰਜਾਬ ਦੀ ਰਾਜਨੀਤਕ, ਆਰਥਿਕ ਅਤੇ ਸਮਾਜਿਕ ਬਿਹਤਰੀ ਲਈ ਅਹਿਮ ਕਦਮ- ਐਡਵੋਕੇਟ ਧਾਮੀ*


ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਅੱਜ ਹੋਏ ਗਠਜੋੜ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੰਜਾਬ ਦੀ ਭਲਾਈ, ਖੁਸ਼ਹਾਲੀ ਅਤੇ ਸਰਬਪੱਖੀ ਵਿਕਾਸ ਦੀ ਦਿਸ਼ਾ ਵਿਚ ਇਕ ਅਹਿਮ ਸਿਆਸੀ ਕਦਮ ਕਰਾਰ ਦਿੱਤਾ ਹੈ।
ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀਆਂ ਵਿਲੱਖਣ ਇਤਿਹਾਸਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖਦਿਆਂ ਸੂਬੇ ਦੇ ਭਵਿੱਖ ਲਈ ਲਏ ਜਾਣ ਵਾਲੇ ਫ਼ੈਸਲੇ ਬੇਹੱਦ ਮਹੱਤਵਪੂਰਨ ਹਨ ਅਤੇ ਇਸ ਗਠਜੋੜ ਤੋਂ ਪੰਜਾਬ ਦੇ ਹਿੱਤਾਂ ਦੀ ਬਿਹਤਰ ਪੈਰਵੀ ਹੋਣ ਅਤੇ ਸਿੱਖ ਮਸਲਿਆਂ ਦੇ ਸਰਲੀਕਰਨ ਦੀ ਵੱਡੀ ਉਮੀਦ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਛਾਣ, ਸੂਬੇ ਦੇ ਹੱਕਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਰਾਜਨੀਤਕ ਜਮਾਤ ਹੈ। ਇਸ ਪਾਰਟੀ ਦਾ ਇਤਿਹਾਸ ਪੰਜਾਬ ਦੇ ਸੰਘਰਸ਼ਾਂ, ਪੰਥਕ ਸਰੋਕਾਰਾਂ ਅਤੇ ਲੋਕ ਹਿੱਤਾਂ ਨਾਲ ਜੁੜਿਆ ਰਿਹਾ ਹੈ। ਅਜਿਹੇ ਵਿਚ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਹੋਈ ਸਿਆਸੀ ਸਾਂਝ ਨੂੰ ਪੰਜਾਬ ਦੇ ਵਡੇਰੇ ਹਿੱਤਾਂ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਪਾਰਟੀਆਂ ਆਪਸੀ ਸਹਿਯੋਗ ਅਤੇ ਸਾਂਝੀ ਜ਼ਿੰਮੇਵਾਰੀ ਨਾਲ ਪੰਜਾਬ ਦੀਆਂ ਸਮੱਸਿਆਵਾਂ ਤੇ ਪੰਥ ਦੇ ਮਸਲਿਆਂ ਲਈ ਪ੍ਰਭਾਵਸ਼ਾਲੀ ਯਤਨ ਕਰਨਗੀਆਂ।