Kesari ePaper Header

ਅਮ੍ਰਿਤ ਬਨਾਮ ਸ਼ਰਾਬ

ਅਮ੍ਰਿਤ ਬਨਾਮ ਸ਼ਰਾਬ

Amrit vs. Alcohol

 

*ਘਟਨਾ ਇੱਕ -- ਪਾਤਰ ਦੋ*

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਇੱਕ ਘਟਨਾ -- ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਵੱਲੋਂ ਆਨੰਦਪੁਰ ਸਾਹਿਬ ਨੂੰ ਚਾਰ ਚੁਫੇਰੇ ਤੋਂ ਮਹੀਨਿਆਂ ਬੱਧੀ ਲੰਮੇ ਘੇਰੇ ਦੇ ਬਾਵਜੂਦ ਵੀ ਕੋਈ ਸਫਲਤਾ ਨਾ ਮਿਲਣ ਤੇ ਹਾਥੀ ਨੂੰ ਸ਼ਰਾਬ ਪਿਆ ਪਿਆ ਕੇ ਮਸਤ ਕਰਨ ਤੋਂ ਬਾਅਦ ਉਸ ਦੇ ਮੱਥੇ ਤੇ ਲੋਹੇ ਦੀਆਂ ਤਵੀਆਂ, ਢਾਲਾਂ ਆਦਿ ਬੰਨ ਕੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵੱਡੇ ਦਰਵਾਜ਼ੇ ਨੂੰ ਮਸਤ ਹਾਥੀ ਦੀਆਂ ਟੱਕਰਾਂ ਨਾਲ ਜ਼ਬਰਦਸਤੀ ਤੋੜ ਦੇਣ ਦੇ ਯਤਨ ਕੀਤੇ ਜਾਂਦੇ ਹਨ। 

 

ਪਰ ਉਨ੍ਹਾਂ ਵੈਰੀਆਂ ਨੂੰ ਇਸ ਤਰੀਕੇ ਨਾਲ ਕਿਸੇ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ, ਸਗੋਂ ਭਾਈ ਬਚਿੱਤਰ ਸਿੰਘ ਦੇ ਨਾਗਨੀ ਬਰਛੇ ਦੀ ਸਟੀਕ ਚੋਟ ਨੂੰ ਨਾ ਸਹਾਰਦਿਆਂ ਮਸਤ ਹਾਥੀ ਚਾਂਗਰਾਂ ਮਾਰਦਾ ਹੋਇਆ ਪਿਛਾਂਹ ਨੂੰ ਭੱਜਦੇ ਹੋਏ ਘੇਰਾ ਘੱਤਣ ਵਾਲਿਆਂ ਨੂੰ ਹੀ ਆਪਣੇ ਪੈਰਾਂ ਹੇਠ ਮਧੋਲ ਕੇ ਉਲਟਾ ਆਪਣੀਆਂ ਹੀ ਫੌਜਾਂ ਲਈ ਨੁਕਸਾਨ ਦੇਹ ਸਾਬਤ ਹੋਇਆ।

 

*ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਰੋਜ਼ਾਨਾ ਸ਼ਾਮ ਸਮੇਂ ਹਾਜ਼ਰੀਨ ਸੰਗਤਾਂ ਨੂੰ ਤਖ਼ਤ ਸਾਹਿਬ ਤੇ ਮੌਜੂਦ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਉਂਦੇ ਹੋਏ ਨਾਲ - ਨਾਲ ਉਨ੍ਹਾਂ ਸ਼ਸਤਰਾਂ ਨਾਲ ਜੁੜੇ ਹੋਏ ਇਤਿਹਾਸਕ ਪੱਖ ਨੂੰ ਵੀ ਦੱਸਿਆ ਜਾਂਦਾ ਹੈ। ਇਨ੍ਹਾਂ ਸ਼ਸਤਰਾਂ ਵਿਚੋਂ ਭਾਈ ਬਚਿੱਤਰ ਸਿੰਘ ਵੱਲੋਂ ਮਸਤ ਹਾਥੀ ਦਾ ਮੂੰਹ ਮੋੜਣ ਵਾਲਾ "ਨਾਗਨੀ ਬਰਛਾ" ਸਤਿਗੁਰੂ ਜੀ ਪ੍ਰਤੀ ਸਿੱਖ ਦੇ ਪੂਰਨ ਭਰੋਸੇ ਅਤੇ ਅਟੁੱਟ ਵਿਸ਼ਵਾਸ ਦੁਆਰਾ ਹੋਈ ਜਿੱਤ ਦੀ ਗਵਾਹੀ ਦਿੰਦਾ ਪ੍ਰਤੀਤ ਹੁੰਦਾ ਹੈ।*

 

ਉਪਰੋਕਤ ਦਰਸਾਈ ਇਕੋ ਘਟਨਾ ਵਿਚੋਂ ਦੋ ਵੱਖ - ਵੱਖ ਪਾਤਰਾਂ ਰਾਹੀਂ ਦੋ ਪੱਖ ਸਾਹਮਣੇ ਆਉਂਦੇ ਹਨ।

 

*ਪਹਿਲਾ ਦੁਨੀ ਚੰਦ* -- ਜੋ ਸਰੀਰਕ ਤੌਰ ਤੇ ਦਸਮ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਵੀ ਸਤਿਗੁਰੂ ਪ੍ਰਤੀ ਆਪਣੇ ਭਰੋਸੇ ਨੂੰ ਕਾਇਮ ਨਹੀਂ ਰੱਖ ਸਕਿਆ ਅਤੇ ਰਾਤ ਦੇ ਹਨੇਰੇ ਵਿੱਚ ਦੌੜ ਜਾਣ ਕਰਕੇ ਦੁਨੀ ਚੰਦ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾਂ ਲਈ ਤ੍ਰਿਸਕਾਰ ਦਾ ਪਾਤਰ ਬਣ ਗਿਆ।

 

 

*ਦੂਜਾ ਭਾਈ ਬਚਿੱਤਰ ਸਿੰਘ* -- ਜਿਸ ਨੇ ਦਸ਼ਮੇਸ਼ ਪਿਤਾ ਜੀ ਦੇ ਪਾਵਨ ਬਚਨਾਂ ਅਤੇ ਗੁਰੂ ਬਖਸ਼ਿਸ਼ ਉੱਪਰ ਆਪਣੇ ਭਰੋਸੇ ਨੂੰ ਪੂਰਨ ਤੌਰ ਤੇ ਕਾਇਮ ਰੱਖਿਆ। ਸਤਿਗੁਰੂ ਜੀ ਨੇ ਆਪਣੀ ਬਖਸ਼ਿਸ਼ ਰਾਹੀਂ ਉਸ ਦੁਆਰਾ ਐਸਾ ਮਹਾਨ ਕਾਰਨਾਮਾ ਕਰ ਕੇ ਵਿਖਾ ਦਿੱਤਾ ਕਿ ਭਾਈ ਬਚਿੱਤਰ ਸਿੰਘ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾਂ ਲਈ ਸਤਿਕਾਰ ਦਾ ਪਾਤਰ ਬਣ ਗਿਆ।

 

ਅਜੋਕੇ ਸਮੇਂ ਸਾਡੇ ਸਿੱਖ ਸਮਾਜ ਵਿੱਚ ਧੀ- ਪੁੱਤ ਦੇ ਵਿਆਹ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਬਹੁਤੇ ਸਿੱਖ ਪਰਿਵਾਰਾਂ ਵਿੱਚ ਦਾਰੂ ਪੀਣ ਪਿਆਉਣ ਵਾਲਾ ਕਾਰਜ ਆਮ ਹੀ ਵਰਤਦਾ ਵੇਖਣ ਨੂੰ ਮਿਲਦਾ ਹੈ। ਇਸ ਸਬੰਧੀ ਗੁਰਮਤਿ ਸਿਧਾਂਤਾਂ ਦੀ ਸਮਝ ਸਾਨੂੰ ਕਦੋਂ ਆਵੇਗੀ ? ਅਸੀਂ ਸਹੀ ਅਰਥਾਂ ਵਿੱਚ ਭਾਈ ਬਚਿੱਤਰ ਸਿੰਘ ਜੀ ਦੇ ਵਾਰਸ ਕਦੋਂ ਬਣਾਂਗੇ ?

 

*ਇਸ ਸਾਰੇ ਘਟਨਾਕ੍ਰਮ ਵਿੱਚ ਬਾਹਰੀ ਤੌਰ ਤੇ ਮਸਤ ਹਾਥੀ ਅਤੇ ਭਾਈ ਬਚਿੱਤਰ ਸਿੰਘ ਵਿਚਕਾਰ ਮੁਕਾਬਲਾ ਵਿਖਾਈ ਦਿੰਦਾ ਹੈ। ਪਰ ਵਿਚਾਰਵਾਨਾਂ ਨੇ ਇਸ ਵਿਚੋਂ ਬੜਾ ਪਿਆਰਾ ਸਿੱਟਾ ਕੱਢਿਆ ਹੈ ਕਿ ਮਸਤ ਹਾਥੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਭਾਈ ਬਚਿੱਤਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਰੂਪੀ ਖੰਡੇ ਬਾਟੇ ਦੀ ਪਾਹੁਲ ਲਈ ਹੋਈ ਸੀ। ਇਸ ਤਰ੍ਹਾਂ ਇਹ ਮੁਕਾਬਲਾ ਸ਼ਰਾਬ ਅਤੇ ਅੰਮ੍ਰਿਤ ਵਿੱਚ ਹੋਇਆ, ਅੰਮ੍ਰਿਤ ਦੇ ਸਾਹਮਣੇ ਟਾਕਰਾ ਕਰਨ ਦੀ ਥਾਂ ਤੇ ਚੋਟਾਂ ਖਾ ਕੇ ਸ਼ਰਾਬ ਚਾਂਗਰਾਂ ਮਾਰਦੇ ਹੋਏ ਪਿੱਛੇ ਨੂੰ ਭੱਜ ਗਈ, ਇਸ ਮੁਕਾਬਲੇ ਦੇ ਨਤੀਜੇ ਵਜੋਂ ਅੰਮ੍ਰਿਤ ਦੀ ਜਿੱਤ ਅਤੇ ਸ਼ਰਾਬ ਦੀ ਹਾਰ ਹੋਈ।*

 

ਇਸ ਇਕੋ ਘਟਨਾ ਦੇ ਦੋਵੇਂ ਪਾਤਰਾਂ *(ਦੁਨੀ ਚੰਦ ਅਤੇ ਭਾਈ ਬਚਿੱਤਰ ਸਿੰਘ)* ਨੂੰ ਸਨਮੁੱਖ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਨਿਰਪੱਖਤਾ ਨਾਲ ਆਪੋ ਆਪਣੇ ਨਿੱਜੀ ਜੀਵਨ ਦੀ ਸਵੈ-ਪੜਚੋਲ ਕਰਕੇ ਵੇਖਣ ਦੀ ਜ਼ਰੂਰਤ ਹੈ ਕਿ *ਅਸੀਂ ਕਿਸ ਪਾਸੇ ਖੜੇ ਹਾਂ ?*

 

*"ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ।।"* ( ਤਿਲੰਗ ਕਬੀਰ ਜੀ - 727)

 

ਸੁਖਜੀਤ ਸਿੰਘ ਕਪੂਰਥਲਾ 

98720-76876

**********************

*ਨੋਟ -- ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*