Kesari ePaper Header
ਭਾਰਤੀ ਨੇਵੀ ਵਿੱਚ ਸਬ ਲੈਫਟੀਨੈਂਟ ਬਣੀ ਪੰਜਾਬ ਦੀ ਧੀ ਨਿਸ਼ਾ
ਭਾਰਤੀ ਨੇਵੀ ਵਿੱਚ ਸਬ ਲੈਫਟੀਨੈਂਟ ਬਣੀ ਪੰਜਾਬ ਦੀ ਧੀ ਨਿਸ਼ਾ

Punjab's daughter Nisha becomes Sub Lieutenant in Indian Navy

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ :

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਐਸਏਐਸ ਨਗਰ (ਮੁਹਾਲੀ) ਦੀ ਕੈਡਿਟ ਨਿਸ਼ਾ ਨੇ ਭਾਰਤੀ ਜਲ ਸੈਨਾ (Indian Navy) ਵਿੱਚ ਸਬ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਲ ਕਰਕੇ ਪੰਜਾਬ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।

ਨਿਸ਼ਾ ਨੇ ਕੇਰਲਾ ਦੇ ਏਝੀਮਾਲਾ ਸਥਿਤ ਇੰਡੀਅਨ ਨੇਵਲ ਅਕੈਡਮੀ ਤੋਂ ਸਫਲਤਾਪੂਰਵਕ ਪਾਸ ਆਊਟ ਹੋ ਕੇ ਭਾਰਤੀ ਨੇਵੀ ਦੀ ਸਿੱਖਿਆ ਸ਼ਾਖਾ ਵਿੱਚ ਅਫਸਰ ਵਜੋਂ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਸ਼ਾਨਦਾਰ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਸਮੀਰ ਸਕਸੈਨਾ ਵੱਲੋਂ ਕੀਤਾ ਗਿਆ।

ਨਿਸ਼ਾ ਦੇ ਪਿਤਾ ਦਿਨੇਸ਼ ਚੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਧੀ ਦੀ ਇਸ ਉਪਲਬਧੀ ਨਾਲ ਪਰਿਵਾਰ, ਸਿੱਖਿਆ ਸੰਸਥਾ ਅਤੇ ਪੰਜਾਬ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਨਿਸ਼ਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਇਹ ਸਫਲਤਾ ਪੰਜਾਬ ਦੀਆਂ ਹੋਰ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ 2023 ਵਿੱਚ ਮਾਈ ਭਾਗੋ ਏਐਫਪੀਆਈ ਵਿੱਚ ਕੁੜੀਆਂ ਲਈ ਐਨਡੀਏ ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਤੀਜਾ ਬੈਚ ਇਸ ਸਮੇਂ ਸਿਖਲਾਈ ਹਾਸਲ ਕਰ ਰਿਹਾ ਹੈ।

ਇਸ ਮੌਕੇ ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ (ਏਵੀਐਸਐਮ, ਸੇਵਾਮੁਕਤ) ਨੇ ਵੀ ਨਿਸ਼ਾ ਦੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫਲਤਾ ਸੂਬੇ ਦੀਆਂ ਹੋਰ ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ ਅਤੇ ਸਰਕਾਰ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਦੇਵੇਗੀ।