*"Worldly Maya and Us"
ਅਜੋਕੇ ਸਮੇਂ ਸਾਰੇ ਸੰਸਾਰ ਅੰਦਰ ਵੇਖਣ ਨੂੰ ਮਿਲਦਾ ਹੈ ਕਿ ਲਗਭਗ ਹਰੇਕ ਵਿਅਕਤੀ ਵੱਧ ਤੋਂ ਵੱਧ ਦੁਨਿਆਵੀ ਮਾਇਆ ਇਕੱਠੀ ਕਰਕੇ ਆਪੋ ਆਪਣੇ ਖਜ਼ਾਨੇ ਨੂੰ ਭਰਨ ਦੀ ਦੌੜ ਵਿੱਚ ਸ਼ਾਮਲ ਹੈ। ਤ੍ਰਿਸ਼ਨਾਲੂ ਮਨੁੱਖ ਮਾਇਆ ਦੀ ਹੋਰ - ਹੋਰ ਵਾਲੀ ਪ੍ਰਾਪਤੀ ਲਈ ਯੋਗ- ਅਯੋਗ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਹੈ।
ਇਸ ਪ੍ਰਥਾਇ *ਰਾਗ ਆਸਾ* ਦੇ ਅੰਦਰ ਦਰਜ ਪਾਵਨ ਗੁਰਬਾਣੀ ਦੇ ਰਾਹੀਂ *ਗੁਰੂ ਨਾਨਕ ਸਾਹਿਬ* ਸਾਨੂੰ ਸਾਰਿਆਂ ਨੂੰ ਸਮਝਾਉਂਦੇ ਹਨ ਕਿ ਇਸ ਧਨ ਦੀ ਖਾਤਰ ਬਹੁਤ ਲੋਕਾਈ ਖੁਆਰ ਹੁੰਦੀ ਹੈ, ਇਸ ਧਨ ਨੇ ਬਹੁਤ ਦੁਨੀਆਂ ਨੂੰ ਖੁਆਰ ਕੀਤਾ ਹੈ। (ਪਰ ਯਾਦ ਰੱਖੀਏ ਕਿ) ਪਾਪ ਜ਼ੁਲਮ ਕਰਨ ਤੋਂ ਬਿਨਾਂ ਇਹ ਦੌਲਤ ਇਕੱਠੀ ਨਹੀਂ ਹੋ ਸਕਦੀ ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ) ਕਿਸੇ ਦੇ ਵੀ ਨਾਲ ਨਹੀਂ ਜਾਂਦੀ।
*"ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।।"* (417)
*ਭਾਈ ਕਾਨ੍ਹ ਸਿੰਘ ਨਾਭਾ* ਇਸ ਮਾਇਆ ਦੇ ਸਬੰਧ ਵਿੱਚ *ਗੁਰੁਮਤ ਮਾਰਤੰਡ* ਵਿੱਚ ਲਿਖਦੇ ਹਨ -
*"ਰੁਪਏ ਪੈਸੇ ਦਾ ਨਾਉ ਮਾਯਾ ਨਹੀਂ, ਅਰ ਨਾ ਇਸ ਦਾ ਤਯਾਗ ਕਰ ਕੇ ਮਾਯਾ ਦਾ ਤਯਾਗੀ ਹੋ ਸਕਦਾ ਹੈ।"* (766)
ਅਜੋਕੇ ਸਮੇਂ ਸਾਡੇ ਆਲੇ ਦੁਆਲੇ ਕਈ ਸਿੱਖੀ ਸਰੂਪ ਵਾਲੇ ਬਾਬਿਆਂ, ਡੇਰੇਦਾਰਾਂ ਵੱਲੋਂ ਆਪਣੇ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਾਹਮਣੇ ਗੋਲਕ ਵਾਲੀ ਥਾਂ ਤੇ ਲਿਖਿਆ ਹੁੰਦਾ ਹੈ -
*" ਇਸ ਅਸਥਾਨ ਦੇ ਮਹਾਂਪੁਰਖਾਂ ਵੱਲੋਂ ਚਲਾਈ ਗਈ ਮਰਿਆਦਾ ਨੂੰ ਸਨਮੁੱਖ ਰੱਖਦੇ ਹੋਏ ਇਥੇ ਮਾਇਆ ਦਾ ਮੱਥਾ ਟੇਕਣਾ ਮਨ੍ਹਾਂ ਹੈ।"*
ਐਸਾ ਕਿਉਂ ? ਕਿਉਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤਾਂ ਸ਼ਰਧਾਲੂ ਵੱਲੋਂ 10 ਰੁਪਏ ਦਾ ਮੱਥਾ ਟੇਕਣ ਨਾਲ ਵੀ ਕੰਮ ਚੱਲ ਜਾਵੇਗਾ ਪਰ ਉਸ ਅਸਥਾਨ ਦੇ ਮੁਖੀ ਬਾਬਾ ਜੀ ਅੱਗੇ (ਇਥੇ ਕੋਈ ਮਨਾਹੀ ਨਹੀਂ) ਤਾਂ ਘੱਟੋ ਘੱਟ 500 ਰੁਪਏ ਦੇ ਨੋਟ ਨਾਲ ਮੱਥਾ ਟੇਕਣਾ ਪ੍ਰਵਾਨ ਹੋਵੇਗਾ। ਇਹੋ ਜਿਹੇ ਬਾਬਿਆਂ/ਡੇਰੇਦਾਰਾਂ ਨੂੰ ਸਵਾਲ ਕਰਨ ਦੀ ਲੋੜ ਹੈ ਕਿ ਤੁਹਾਡੇ ਬਣੇ ਹੋਏ ਇਹ ਆਲੀਸ਼ਾਨ ਅਸਥਾਨ ਅਤੇ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਆਦਿ ਸਭ ਕੁਝ ਤਾਂ ਦੁਨਿਆਵੀ ਮਾਇਆ ਨਾਲ ਹੀ ਬਣਿਆ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਹੀ ਬਣੇਗਾ।
ਸਾਡੇ ਦੇਸ਼ ਭਾਰਤ ਦੀ ਕਰੰਸੀ ਵਿੱਚ ਇਸ ਸਮੇਂ 500 ਰੁਪਏ ਦਾ ਨੋਟ ਸਭ ਤੋਂ ਵੱਡਾ ਹੈ। ਜ਼ਰਾ ਕੁ ਡੂੰਘਿਆਈ ਨਾਲ ਸੋਚੀਏ ਕਿ ਹੁਣ ਜਿਹੜਾ 500 ਰੁਪਏ ਦਾ ਨੋਟ ਮੇਰੀ ਜੇਬ ਵਿੱਚ ਹੈ, ਮੇਰੇ ਕੋਲ ਆਉਣ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਹੋਰਾਂ ਦੀਆਂ ਜੇਬਾਂ ਵਿਚੋਂ ਲੰਘ ਕੇ ਆਇਆ ਹੈ ਅਤੇ ਮੇਰੀ ਜੇਬ ਵਿਚੋਂ ਨਿਕਲਣ ਤੋਂ ਬਾਅਦ ਹੋਰ ਕਿੰਨਿਆਂ ਦੀਆਂ ਜੇਬਾਂ ਵਿਚੋਂ ਲੰਘ ਜਾਣਾ ਹੈ ਅਤੇ ਇਸ ਨੋਟ ਦੀ ਯਾਤਰਾ ਇਸੇ ਤਰ੍ਹਾਂ ਚਲਦੀ ਹੀ ਰਹਿਣੀ ਹੈ।
*"ਮਾਇਆ ਤੇਰੇ ਤੀਨ ਨਾਮ। ਪਰਸੂ, ਪਰਸਾ, ਪਰਸ ਰਾਮ।"* ਰਾਹੀਂ ਇਸ ਦੁਨਿਆਵੀ ਮਾਇਆ ਦੇ ਆਧਾਰ ਤੇ ਸਾਡੇ ਸਮਾਜ ਵਿੱਚ ਹੁੰਦੇ ਵਰਤਾਰੇ ਨੂੰ ਦਰਸਾਇਆ ਹੈ ਕਿ ਜਦੋਂ ਕਿਸੇ ਕੋਲ ਮਾਇਆ ਘੱਟ ਹੁੰਦੀ ਹੈ ਤਾਂ ਉਸ ਨੂੰ ਸਮਾਜ ਵਾਲੇ ਦੁਰਕਾਰਦੇ ਹੋਏ *ਓਇ ਪਰਸੂ* ਤੋਂ ਅੱਗੇ ਚਲਦੇ ਹੋਏ ਮਾਇਆ ਵੱਧ ਹੋ ਜਾਣ ਤੇ ਉਹੀ ਲੋਕ ਉਸ ਨੂੰ *ਪਰਸ ਰਾਮ ਜੀ* ਕਹਿ ਕੇ ਸਤਿਕਾਰਦੇ ਹਨ।
ਯਾਦ ਰੱਖੀਏ ਕਿ ਪਾਵਨ ਗੁਰਬਾਣੀ ਅੰਦਰ ਮਾਇਆ (ਧਨ ਦੌਲਤ) ਦਾ ਤਿਆਗ ਨਹੀਂ ਸਗੋਂ ਮਾਇਆਵੀ ਲੋਭ ਦੇ ਤਿਆਗ ਦਾ ਸਿਧਾਂਤ ਹੈ। ਸੁਯੋਗਤਾ ਨਾਲ ਮਨੁੱਖ ਵੱਧ ਤੋਂ ਵੱਧ ਮਾਇਆ ਕਮਾ ਜ਼ਰੂਰ ਲਵੇ ਪਰ ਮਾਇਆ ਦੇ ਅਹੰਕਾਰ ਵਿੱਚ ਅੰਨਾ ਬੋਲਾ ( *"ਮਾਇਆਧਾਰੀ ਅਤਿ ਅੰਨਾ ਬੋਲਾ ।। ਸਬਦੁ ਨ ਸੁਣਈ ਬਹੁ ਰੋਲ ਘਚੋਲਾ।।"* - (313) ਨਾ ਬਣੇ।
ਪਾਵਨ ਗੁਰਬਾਣੀ ਵਿੱਚ ਮਾਇਆ ਨੂੰ *ਘਰ ਦੀ ਸ਼ੋਭਾ* ਅਤੇ ਸਿੱਖ ਇਤਿਹਾਸ ਅੰਦਰ *ਦੌਲਤ ਗੁਜ਼ਰਾਨ* ਵੀ ਕਿਹਾ ਗਿਆ ਹੈ। ਗੁਰਮਤਿ ਗਿਆਨ ਦੇ ਦਾਇਰੇ ਅੰਦਰ ਰਹਿੰਦੇ ਹੋਏ ਮਾਇਆ ਕਮਾਉਣ - ਖਰਚਣ ਦੀ ਸਦਵਰਤੋਂ ਕਰਨ ਦੀ ਲੋੜ ਹੈ।
*"ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਗਏ ਸਬਰ ਸੰਤੋਖ ਦੀ ਦਾਤ ਨਾਲ ਰੱਜੀਆਂ ਹੋਈਆਂ ਰੂਹਾਂ ਵਾਲੇ ਮਨੁੱਖ ਦੁਨੀਆਂ ਵਿੱਚ ਸਭ ਤੋਂ ਅਮੀਰ ਹੁੰਦੇ ਹਨ।"*
ਕਹਿੰਦੇ ਕਿ ਇਹੋ ਜਿਹੇ ਰੱਜੇ ਹੋਏ ਮਨੁੱਖ ਅਰਦਾਸ ਕਰਕੇ ਪ੍ਰਮਾਤਮਾ ਦੇ ਦਰ ਤੋਂ ਬਾ-ਕਮਾਲ ਤਿੰਨ ਦਾਤਾਂ ਮੰਗਦੇ ਸਨ -
*"ਬਹੁਤਾ ਜੁੜੇ ਨਾ, ਲੋੜੋਂ ਥੁੜੇ ਨਾ, ਆਇਆ ਸਵਾਲੀ ਮੁੜੇ ਨਾ"*
ਆਉ! ਯਤਨ ਕਰੀਏ ਕਿ *ਗੁਰੂ ਰਾਮਦਾਸ ਜੀ* ਵੱਲੋਂ ਉਚਾਰਨ ਕੀਤੇ *ਰਾਗ ਸੋਰਠਿ* ਵਿੱਚ ਦਰਜ ਪਾਵਨ ਗੁਰਬਾਣੀ ਬਚਨਾਂ ਅਨੁਸਾਰ ਸਹੀ ਸਾਧਨਾਂ ਰਾਹੀਂ ਕਮਾਈ ਹੋਈ ਮਾਇਆ ਦੀ ਸੁਯੋਗ ਵਰਤੋਂ ਕਰੀਏ ਤਾਂ *ਪ੍ਰਮਾਤਮਾ - ਸਤਿਗੁਰੂ - ਸੰਸਾਰ* ਅੰਦਰ ਅਸੀਂ ਸ਼ੋਭਾ ਖੱਟ ਲਵਾਂਗੇ -
*"ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ।। ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ।।"* (648)
ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।
ਸੁਖਜੀਤ ਸਿੰਘ ਕਪੂਰਥਲਾ
98720-76876
********************
*ਨੋਟ - ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*