Kesari ePaper Header

ਗੁਰਬਾਣੀ ਵਿੱਚ ਜੀਉ ਸ਼ਬਦ ਦੀ ਬਹੁ-ਅਰਥੀਂ ਵਰਤੋਂ

ਗੁਰਬਾਣੀ ਵਿੱਚ ਜੀਉ ਸ਼ਬਦ ਦੀ ਬਹੁ-ਅਰਥੀਂ ਵਰਤੋਂ

Right use of Jio word in gurbani 

 

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਪਾਵਨ ਗੁਰਬਾਣੀ ਤੋਂ ਵਧੇਰੇ ਅਤੇ ਸੁਚੱਜਾ ਗਿਆਨ ਪ੍ਰਾਪਤ ਕਰਨ ਲਈ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੇ ਹੋਏ ਮੱਥਾ ਟੇਕਣ ਵਾਲੀ ਪ੍ਰਕਿਰਿਆ ਰਾਹੀਂ ਸਤਿਗੁਰੂ ਜੀ ਪ੍ਰਤੀ ਆਪਣੇ ਬਹਿਰੂਨੀ ਸਤਿਕਾਰ ਨੂੰ ਪ੍ਰਗਟ ਕਰਦੇ ਹਾਂ, ਜੋ ਕਿ ਜ਼ਰੂਰੀ ਹੈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਪਾਵਨ ਗੁਰਬਾਣੀ ਦੁਆਰਾ ਸਾਨੂੰ ਕੀ ਉਪਦੇਸ਼ ਦਿੱਤਾ ਜਾ ਰਿਹਾ ਹੈ, ਉਸ ਸਿੱਖਿਆ ਨੂੰ ਸਹੀ ਅਰਥਾਂ ਵਿੱਚ ਸਮਝ ਕੇ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਨਾਲ ਲਾਗੂ ਕਰਨਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰੂਨੀ ਸਤਿਕਾਰ ਹੈ, ਜੇਕਰ ਇਹ ਅੰਦਰੂਨੀ ਸਤਿਕਾਰ ਵਾਲੀ ਭਾਵਨਾ ਨਾ ਹੋਵੇਗੀ ਤਾਂ ਬਹਿਰੂਨੀ ਸਤਿਕਾਰ ਵੀ ਬਾਹਰੀ ਵਿਖਾਵੇ ਤੋਂ ਬਿਨਾਂ ਕਿਸੇ ਅਰਥ ਨਹੀਂ ਰਹੇਗਾ। ਸਿੱਖ ਨੇ ਸਤਿਕਾਰ ਵਾਲੇ ਇਨ੍ਹਾਂ ਦੋਵੇਂ ਪੱਖਾਂ (ਜੋ ਇੱਕ ਦੂਜੇ ਦੇ ਪੂਰਕ ਹਨ) ਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਹੈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਪਾਵਨ ਗੁਰਬਾਣੀ ਦੇ ਸਹੀ ਹੁਕਮਾਂ ਨੂੰ ਕਈ ਪੱਖ ਸਨਮੁੱਖ ਰੱਖਦੇ ਹੋਏ ਸਮਝਣ ਦੀ ਜ਼ਰੂਰਤ ਹੈ।

 

ਜਿਵੇਂ ਉਦਾਹਰਣ ਦੇ ਤੌਰ ਤੇ ਪਾਵਨ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ *"ਜੀਉ"* ਨੂੰ ਸਮਝੀਏ। ਹੇਠਾਂ ਦਿੱਤੇ ਗਏ ਵੱਖ-ਵੱਖ ਗੁਰਬਾਣੀ ਤੁਕਾਂ ਵਿੱਚ ਵਰਤੇ ਗਏ *ਜੀਉ* ਸ਼ਬਦ ਦਾ ਲਿਖਤ ਸਵਰੂਪ (ਅੱਖਰਾਂ ਅਤੇ ਲਗਾਂ ਮਾਤਰਾਂਵਾਂ ਬਿਲਕੁਲ ਇਕੋ ਜਿਹੇ) ਅਤੇ ਉਚਾਰਣ ਵੀ ਬਿਲਕੁਲ ਇਕੋ ਜਿਹੇ ਹਨ, ਪਰ ਉਸ *ਜੀਉ* ਸ਼ਬਦ ਨੂੰ ਜਿਸ ਤੁਕ ਵਿੱਚ ਵਰਤਿਆ ਗਿਆ ਹੈ, ਉਸ ਪਾਵਨ ਗੁਰਬਾਣੀ ਤੁਕ ਵਿੱਚ ਕੀਤੇ ਜਾ ਰਹੇ ਕੰਮ/ਉਪਦੇਸ਼/ਸੰਦਰਭ ਅਨੁਸਾਰ *ਜੀਉ* ਸ਼ਬਦ ਦੇ ਅਰਥ ਕੀਤੇ ਜਾਣੇ ਚਾਹੀਦੇ ਹਨ। ਸਹੀ ਅਰਥ ਕਰਨ ਲਈ ਸਹੀ ਵਿਸ਼ਰਾਮ/ਅਰਧ ਵਿਸ਼ਰਾਮ ਦੀ ਵੀ ਆਪਣੀ ਮਹੱਤਤਾ ਹੈ। ਇਸ ਲੇਖ ਰਾਹੀਂ ਲਈਆਂ ਜਾ ਰਹੀਆਂ ਨਿਮਨ ਲਿਖਤ 6 ਪਾਵਨ ਗੁਰਬਾਣੀ ਤੁਕਾਂ ਵਿੱਚ ਵਿਸ਼ਰਾਮ/ ਅਰਧ ਵਿਸ਼ਰਾਮ ਵਾਲੀਆਂ ਥਾਵਾਂ ਤੇ ਵੱਧ ਜਗ੍ਹਾ (Space) ਛੱਡੀ ਗਈ ਹੈ।

 

*1) ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ।।*(736)

*2) ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ।।* (615)

 

ਉਪਰੋਕਤ ਦੋਵਾਂ ਗੁਰਬਾਣੀ ਪ੍ਰਮਾਣਾਂ ਵਿੱਚ ਅਰਧ ਵਿਸ਼ਰਾਮ *ਜੀਉ* ਦੇ ਬਾਅਦ ਲੱਗਣਾ ਹੈ, ਇਥੇ ਜੀਉ ਸ਼ਬਦ ਸਤਿਕਾਰ ਵਜੋਂ ਹੈ ਅਤੇ ਅਰਥ ਹੋਵੇਗਾ - *ਹੇ ਹਰੀ/ਪ੍ਰਭੂ ਜੀਓ*

 

*1ਲੇ ਪ੍ਰਮਾਣ ਦੇ ਅਰਥ*- ਹੇ ਮੇਰੇ *ਹਰੀ ਜੀ!* ਹਰੇਕ ਜੀਵ ਤੁਹਾਡੇ ਵੱਸ ਵਿੱਚ ਹੈ।

*2ਜੇ ਪ੍ਰਮਾਣ ਦੇ ਅਰਥ*- ਹੇ *ਪ੍ਰਭੂ ਜੀ!* ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ।

 

*3) ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ।।*

 (922)

*4) ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ।।* (736)

ਇਨ੍ਹਾਂ ਦੋਵਾਂ ਗੁਰਬਾਣੀ ਪ੍ਰਮਾਣਾਂ ਵਿਚੋਂ 3ਜੇ ਵਿੱਚ ਸਹੀ ਅਰਥਾਂ ਲਈ ਅਰਧ ਵਿਸ਼ਰਾਮ *ਹਰਿ* ਅਤੇ *ਕੈ* ਤੋਂ ਬਾਅਦ ਅਤੇ 4ਥੇ ਪ੍ਰਮਾਣ ਵਿੱਚ *ਸਭੁ* ਅਤੇ ਪਹਿਲੇ *ਤੁਧੁ ਆਪੇ* ਤੋਂ ਬਾਅਦ ਲੱਗਣਾ ਹੈ। ਇਨ੍ਹਾਂ ਗੁਰਬਾਣੀ ਪ੍ਰਮਾਣਾਂ ਵਿੱਚ *ਜੀਉ* ਸ਼ਬਦ ਦਾ ਅਰਥ *ਜਿੰਦ/ਜੀਵਾਤਮਾ* ਹੋਵੇਗਾ।

 

*3ਜੇ ਪ੍ਰਮਾਣ ਦੇ ਅਰਥ-* ਪ੍ਰਭੂ ਨੇ *ਜਿੰਦ/ਜੀਵਾਤਮਾ* ਨੂੰ ਸਰੀਰ ਰੂਪੀ ਗੁਫ਼ਾ ਵਿੱਚ ਟਿਕਾ ਕੇ ਪਵਨ/ਹਵਾ (ਸੁਆਸਾਂ ਰੂਪੀ) ਦੁਆਰਾ ਵਾਜਾ ਵਜਾਉਂਦੇ ਹੋਏ ਜੀਵਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ।

*4ਥੇ ਪ੍ਰਮਾਣ ਦੇ ਅਰਥ*- ਹੇ ਪ੍ਰਭੂ! ਇਹ ਸਰੀਰ, ਉਸ ਅੰਦਰ *ਜਿੰਦ/ਜੀਵਾਤਮਾ* ਸਭ ਕੁਝ ਹਰੇਕ ਜੀਵ ਨੂੰ ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ ਹਰੇਕ ਜੀਵ ਨੂੰ ਕੰਮ ਵਿੱਚ ਲਾਇਆ ਹੋਇਆ ਹੈ।

 

*5) ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।* (522)

*6) ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ।।* (1007)

ਉਪਰੋਕਤ 5ਵੇਂ ਅਤੇ 6ਵੇਂ ਗੁਰਬਾਣੀ ਪ੍ਰਮਾਣਾਂ ਵਿੱਚ *ਜੀਉ* ਸ਼ਬਦ ਦੇ ਅਰਥ *ਆਤਮਿਕ ਜੀਵਨ* ਬਣਦੇ ਹਨ। 5ਵੀਂ ਤੁਕ ਵਿੱਚ ਅਰਧ ਵਿਸ਼ਰਾਮ "ਤੂੰ" ਤੋਂ ਬਾਅਦ ਅਤੇ 6ਵੀਂ ਤੁਕ ਵਿੱਚ "ਹੋਛੇ" ਤੋਂ ਬਾਅਦ ਲੱਗਣਾ ਹੈ। 

 

*5ਵੇਂ ਪ੍ਰਮਾਣ ਦੇ ਅਰਥ* - ਪ੍ਰਭੂ ਭਗਤੀ ਦਾ ਉੱਦਮ ਕਰਦਿਆਂ *ਆਤਮਿਕ ਜੀਵਨ* ਮਿਲਦਾ ਹੈ ਅਤੇ ਇਸ ਨਾਮ ਦੀ ਕਮਾਈ ਕੀਤਿਆਂ ਸੁੱਖ ਮਾਣੀਂਦਾ ਹੈ।

*6ਵੇਂ ਪ੍ਰਮਾਣ ਦੇ ਅਰਥ*- ਪ੍ਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਹੋਰ ਸਾਰੇ ਮਾਇਕ ਪਦਾਰਥਾਂ ਦੇ ਨਾਸ਼ਵੰਤ ਚਸਕੇ ਭੁਲਾ ਕੇ ਸਦਾ ਲਈ *ਆਤਮਿਕ ਜੀਵਨ* ਵਾਲੀ ਜ਼ਿੰਦਗੀ ਗੁਜ਼ਾਰ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਗੁਰਬਾਣੀ ਵਿਚੋਂ ਇਸੇ ਤਰ੍ਹਾਂ ਵਿਸ਼ੇ ਨਾਲ ਸਬੰਧਿਤ ਕਈ ਹੋਰ ਪ੍ਰਮਾਣ ਵੀ ਲਏ ਜਾ ਸਕਦੇ ਹਨ।

 

ਆਉ ! ਆਪਾਂ ਸਾਰੇ ਪਾਵਨ ਗੁਰਬਾਣੀ ਨੂੰ ਸਤਿਗੁਰੂ ਸਾਹਿਬਾਨ ਦੀ ਭੈ-ਭਾਵਨੀ ਅਧੀਨ ਸਤਿਕਾਰ ਸਹਿਤ ਪੜ੍ਹੀਏ, ਸੁਣੀਏ, ਵੀਚਾਰੀਏ ਅਤੇ ਉਸ ਵਿੱਚ ਦਿੱਤੀ ਗਈ ਸਿੱਖਿਆ, ਉਪਦੇਸ਼ ਨੂੰ ਆਪੋ ਆਪਣੇ ਜੀਵਨ ਵਿੱਚ ਪੂਰੀ ਅਤੇ ਸਹੀ ਤਰਾਂ ਨਾਲ ਲਾਗੂ ਕਰੀਏ। ਸਾਡੇ ਵੱਲੋਂ ਇਸ ਮਾਰਗ ਉੱਪਰ ਚੱਲਣ ਨਾਲ ਹੀ ਪਾਵਨ ਗੁਰਬਾਣੀ ਦੇ ਬਾਣੀਕਾਰਾਂ ਦੇ ਉਦੇਸ਼ ਦੀ ਪੂਰਤੀ ਹੋਵੇਗੀ।

 

ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।

 

*ਸੁਖਜੀਤ ਸਿੰਘ ਕਪੂਰਥਲਾ*

+91 98720-76876