The congregation appealed to the Deputy Commissioner to uphold the decorum of the Gurdwara Sahib.
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਮਾਣ-ਮਰਿਆਦਾ ਅਤੇ ਧਾਰਮਿਕ ਵਾਤਾਵਰਨ ਨੂੰ ਕਾਇਮ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਕੋਲ ਅਹਿਮ ਮੰਗਾਂ ਰੱਖੀਆਂ ਹਨ।
ਵੀਰਵਾਰ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਕਮੇਟੀ ਅਤੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-70 ਦੇ ਵਫ਼ਦ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।
ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜੁਬਲੀ ਵਾਕ, ਸੈਕਟਰ-70 ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ, ਜੋ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਦੇ ਅਨੁਕੂਲ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਠੇਕੇ ਨੂੰ ਤੁਰੰਤ ਕਿਸੇ ਹੋਰ ਉਚਿਤ ਸਥਾਨ 'ਤੇ ਤਬਦੀਲ ਕੀਤਾ ਜਾਵੇ।
ਵਫ਼ਦ ਨੇ ਇੱਕ ਹੋਰ ਮਹੱਤਵਪੂਰਨ ਮਸਲਾ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਨੇੜੇ ਏਅਰਪੋਰਟ ਰੋਡ 'ਤੇ ਰਾਤ ਦੇ ਸਮੇਂ ਹੋਰਨਾਂ ਸੂਬਿਆਂ ਤੋਂ ਆਉਣ ਵਾਲੀਆਂ ਕੁਝ ਬੱਸਾਂ ਰੁਕਦੀਆਂ ਹਨ।
ਇਸ ਦੌਰਾਨ ਬੱਸਾਂ ਵਿੱਚੋਂ ਉਤਰਦੇ ਕੁਝ ਵਿਅਕਤੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਬੀੜੀਆਂ, ਸਿਗਰਟਾਂ ਪੀਂਦੇ ਅਤੇ ਜਰਦਾ ਵਰਤਦੇ ਹਨ, ਜਿਸ ਕਾਰਨ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਅਕਸਰ ਇਤਰਾਜ਼ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਵਫ਼ਦ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੱਸਾਂ ਦਾ ਠਹਿਰਾਅ ਕਿਸੇ ਹੋਰ ਨਿਰਧਾਰਤ ਸਥਾਨ 'ਤੇ ਕੀਤਾ ਜਾਵੇ ਤਾਂ ਜੋ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਬਰਕਰਾਰ ਰਹੇ ਅਤੇ ਸੰਗਤਾਂ ਤੇ ਯਾਤਰੀਆਂ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਸੰਭਾਵਨਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਜੀਤ ਸਿੰਘ (ਮਾਮਾ ਮਟੌਰ) ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਵੀ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਵੀ ਵਫ਼ਦ ਦੀਆਂ ਮੰਗਾਂ ਦਾ ਸਮਰਥਨ ਕੀਤਾ।
ਵਫ਼ਦ ਨੂੰ ਡਿਪਟੀ ਕਮਿਸ਼ਨਰ ਵੱਲੋਂ ਮੰਗਾਂ 'ਤੇ ਨਿਯਮਾਂ ਅਨੁਸਾਰ ਵਿਚਾਰ ਕਰਨ ਅਤੇ ਸੰਬੰਧਿਤ ਵਿਭਾਗਾਂ ਨਾਲ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।