Kesari ePaper Header

ਹੜ੍ਹ ਪ੍ਰਭਾਵਿਤ ਬੱਚਿਆਂ ਲਈ ਸਕੂਲ ਦੇ ਬਸਤੇ ਦਾ ਕੀਤਾ ਪ੍ਰਬੰਧ

ਹੜ੍ਹ ਪ੍ਰਭਾਵਿਤ ਬੱਚਿਆਂ ਲਈ ਸਕੂਲ ਦੇ ਬਸਤੇ ਦਾ ਕੀਤਾ ਪ੍ਰਬੰਧ

School bags arranged for flood affected children

ਖੁਸ਼ੀਆਂ ਦਾ ਬਸਤਾ ਲੈਕੇ ਆਈ ਅਕਾਲ ਪੁਰਖ ਕੀ ਫ਼ੌਜ 

 

ਪੰਜਾਬ ਹੜਾਂ ਦੀ ਬੁਰੀ ਤਰ੍ਹਾਂ ਮਾਰ ਹੇਠ ਹੈ। ਪਰਿਵਾਰਾਂ ਦਾ ਸਭ ਕੁਝ ਖਤਮ ਹੋ ਗਿਆ ਹੈ- ਘਰ, ਸਮਾਨ ਅਤੇ ਜ਼ਿੰਦਗੀ ਜਿਊਣ ਦੇ ਸਾਧਨ ! ਬੱਚਿਆਂ ਨੇ ਵੀ ਆਪਣਾ ਸਕੂਲ ਬਸਤਾ ਗਵਾਇਆ ਹੈ, ਜੋ ਮਹਿਜ ਕਿਤਾਬਾਂ ਕਾਪੀਆਂ ਨਹੀਂ ਹਨ, ਬਲਕਿ ਉਨ੍ਹਾਂ ਦਾ ਭਵਿੱਖ ਹੈ। ਸਕੂਲ ਬਸਤੇ ਦਾ ਗਵਾਚਣਾ ਸਿਰਫ ਸੁਪਨਿਆਂ ਦਾ ਗਵਾਚਣਾ ਹੀ ਨਹੀਂ ਹੈ ਬਲਕਿ ਉਨ੍ਹਾਂ ਦੀ ਬਿਹਤਰ ਜੀਵਨ ਦੀ ਆਸ ਦਾ ਗਵਾਚਣਾ ਹੈ। ਪਦਾਰਥਾਂ ਦੇ ਨੁਕਸਾਨ ਦੀ ਭਰਪਾਈ ਹੋਣੀ ਤਾਂ ਸੰਭਵ ਹੈ ਪਰ ਬੱਚਿਆਂ ਦੀਆਂ ਉਮੀਦਾਂ ਖੰਡਿਤ ਹੋ ਜਾਣ ਤਾਂ ਕੋਈ ਵੀ ਇਸ ਨੁਕਸਾਨ ਨੂੰ ਪੂਰਾ ਨਹੀਂ ਕਰ ਸਕਦਾ।

 

ਬੱਚਿਆਂ ਦੇ ਭਵਿੱਖ ਨੂੰ ਉਜਵਲ ਰੱਖਣ ਲਈ ਅਕਾਲ ਪੁਰਖ ਕੀ ਫੌਜ ਵੱਲੋਂ ਬੱਚਿਆਂ ਦੇ ਸਕੂਲ ਬਸਤੇ ਦੇਣ ਦੀ ਇੱਕ ਮੁਹਿੰਮ ਮਿਥੀ ਗਈ ਹੈ। ਇਸ ਉਪਰਾਲੇ ਦਾ ਨਾਮ ਰੱਖਿਆ ਗਿਆ ਹੈ ‘ਖੁਸ਼ੀਆਂ ਦਾ ਬਸਤਾ'। ਇਸ ਮੁਹਿੰਮ ਤਹਿਤ ਹਰ ਪ੍ਰਭਾਵਿਤ ਬੱਚੇ ਨੂੰ ਇੱਕ ਸਕੂਲ ਬਸਤਾ ਜਿਸ ਵਿੱਚ 7 ਕਾਪੀਆਂ, ਪੈਨ, ਪੈਨਸਿਲਾਂ ਤੋਂ ਇਲਾਵਾ ਜ਼ਰੂਰੀ ਲੋੜੀਂਦੀ ਸਟੇਸ਼ਨਰੀ ਵੀ ਹੋਵੇਗੀ। ਸਕੂਲ ਬਸਤੇ ਉਪਰ ਵਿਸ਼ੇਸ਼ ਰੂਪ ਵਿੱਚ 'ਮਜਬੂਤ ਰਹੋ ਖੁਸ਼ ਰਹੋ, ਸ਼ਬਦ ਪ੍ਰਿੰਟ ਕੀਤੇ ਜਾ ਰਹੇ ਹਨ, ਤਾਂ ਜੋ ਬੱਚਿਆਂ ਨੂੰ ਮਾਨਸਿਕ ਤੌਰ ਉੱਪਰ ਮਜਬੂਤ ਕੀਤਾ ਜਾ ਸਕੇ।

 

ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਅੰਦਰਲੇ ਲੋੜਵੰਦ ਬੱਚਿਆਂ ਨੂੰ ਇਹ ਬਸਤੇ ਮੁਹਈਆ ਕੀਤੇ ਜਾਣਗੇ। ਇਨ੍ਹਾਂ ਬੱਚਿਆਂ ਦੀ ਨਿਸ਼ਾਨਦੇਹੀ ਸਕੂਲਾਂ ਰਾਹੀਂ ਹੋਵੇਗੀ ਅਤੇ ਸਕੂਲ ਹੀ ਬੱਚੇ ਦੇ ਬਸਤੇ ਦੇ ਹੋਏ ਨੁਕਸਾਨ ਨੂੰ ਪ੍ਰਮਾਣਿਤ ਕਰਨਗੇ। ਇਸ ਸਬੰਧੀ ਸੰਸਥਾ ਵੱਲੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਬੇਨਤੀ ਪੱਤਰ ਭੇਜਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦੇਣ ਕਿ ਕੋਈ ਵੀ ਬੱਚਾ ਸਕੂਲੀ ਬਸਤੇ ਤੋਂ ਵਾਂਝਾ ਨਾ ਰਹਿ ਜਾਵੇ।

 

ਇਨ੍ਹਾਂ ਸਕੂਲੀ ਬਸਤਿਆਂ ਤੋਂ ਇਲਾਵਾ ਸੰਸਥਾ ਇਸ ਮੁਸ਼ਕਿਲ ਘੜੀ ਵਿੱਚ ਹਰ ਸੰਭਵ ਸਹਾਇਤਾ ਨਾਲ ਕਾਰਜਸ਼ੀਲ ਹੈ। ਸੰਸਥਾ ਵੱਲੋਂ ਮੁਫਤ ਡਾਕਟਰੀ ਸਹਾਇਤਾ ਦੇ ਨਾਲ ਨਾਲ ਮੁਫਤ ਦਵਾਈਆਂ ਰਾਹੀਂ ਨਿਰੰਤਰ ਸੇਵਾ ਜਾਰੀ ਹੈ। ਮੋਬਾਇਲ ਕਲੀਨਕਾਂ ਰਾਹੀਂ ਦਿਨ ਵਿੱਚ 10-10 ਪਿੰਡਾਂ ਵਿੱਚ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਹੋਰਨਾਂ ਸੰਸਥਾਵਾਂ ਨੂੰ ਵੀ ਲੋੜ ਅਨੁਸਾਰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਕੋਈ ਵੀ ਸੰਸਥਾ, ਪੰਚਾਇਤ ਜਾਂ ਟੀਮ ਨੂੰ ਕਿਸੇ ਵੀ ਪਿੰਡ ਵਿੱਚ ਮੈਡੀਕਲ ਕੈਂਪ ਦੀ ਜ਼ਰੂਰਤ ਹੋਵੇ ਤਾਂ ਟੀਮ ਅਕਾਲ ਪੁਰਖ ਕੀ ਫ਼ੌਜ ਨਾਲ ਹੇਠ ਲਿਖੇ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹਨ- 98148-98802, 92162-22000