Kesari ePaper Header

'ਖ਼ਤਰਾ ਸਿਰ ’ਤੇ, ਪ੍ਰਬੰਧ ਨਾਦਾਰਦ' — ਘੱਗਰ ਕੰਢੇ ਲੋਕਾਂ ਦੀ ਚਿੰਤਾ ਵਧੀ

'ਖ਼ਤਰਾ ਸਿਰ ’ਤੇ, ਪ੍ਰਬੰਧ ਨਾਦਾਰਦ' — ਘੱਗਰ ਕੰਢੇ ਲੋਕਾਂ ਦੀ ਚਿੰਤਾ ਵਧੀ

'Danger looms, arrangements are not visible' — Concerns of people on the banks of Ghaggar increase

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ : ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸਰਦੂਲਗੜ੍ਹ ਇਲਾਕੇ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਕੰਢੇ ਵਸਦੇ ਲੋਕਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧ ਗਈਆਂ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਡਰੇਨੇਜ਼ ਵਿਭਾਗ ਵੱਲੋਂ ਅਜੇ ਤੱਕ ਨਾ ਤਾਂ ਘੱਗਰ ਦੀ ਸਫ਼ਾਈ ਕਰਵਾਈ ਗਈ ਹੈ ਅਤੇ ਨਾ ਹੀ ਹੜ੍ਹਾਂ ਦੇ ਖ਼ਤਰੇ ਨੂੰ ਦੇਖਦਿਆਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੋਈ ਢੁੱਕਵੇਂ ਉਪਰਾਲੇ ਕੀਤੇ ਗਏ ਹਨ।

ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਿਕਮਾ ਉਦੋਂ ਹੀ ਹਰਕਤ ਵਿੱਚ ਆਉਂਦਾ ਹੈ ਜਦੋਂ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਸਮੇਂ ਸਿਰ ਸਫ਼ਾਈ ਅਤੇ ਮੁਰੰਮਤ ਦੇ ਕੰਮ ਮੁਕੰਮਲ ਕਰ ਲਏ ਜਾਣ ਤਾਂ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

ਸਮਾਜ ਸੇਵੀ ਅਤੇ ਵਾਤਾਵਰਣ ਚਿੰਤਕ ਪ੍ਰੋ. ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਬਰਸਾਤਾਂ ਦੀ ਆਮਦ ਦੇ ਬਾਵਜੂਦ ਡਰੇਨੇਜ਼ ਵਿਭਾਗ ਨੇ ਘੱਗਰ ਦੀ ਸਫ਼ਾਈ ਅਤੇ ਬੰਨ੍ਹਾਂ ਦੀ ਮਜ਼ਬੂਤੀ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਘੱਗਰ ਦੀ ਸਫ਼ਾਈ ਕਰਨ ਦੀ ਬਜਾਏ ਵੱਖ-ਵੱਖ ਸ਼ਹਿਰਾਂ ਦਾ ਸੀਵਰੇਜ ਪਾਣੀ ਡਰੇਨਾਂ ਰਾਹੀਂ ਘੱਗਰ ਵਿੱਚ ਸੁੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਸਿਹਤ ਲਈ ਨਵੇਂ ਖ਼ਤਰੇ ਪੈਦਾ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਘੱਗਰ ਕੰਢੇ ਵਸਦੇ ਲੋਕ ਪਹਿਲਾਂ ਹੀ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ, ਪਰ ਸਰਕਾਰ ਅਤੇ ਸਬੰਧਤ ਵਿਭਾਗ ਇਸ ਸਮੱਸਿਆ ਵੱਲ ਯੋਗ ਧਿਆਨ ਨਹੀਂ ਦੇ ਰਹੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਰ ਸਾਲ ਹੜ੍ਹਾਂ ਦੇ ਸਮੇਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਪਰ ਇਸ ਖਰਚ ਦਾ ਕੋਈ ਪਾਰਦਰਸ਼ੀ ਹਿਸਾਬ ਸਾਹਮਣੇ ਨਹੀਂ ਆਉਂਦਾ।

ਇਸੇ ਦੌਰਾਨ ਕਾਮਰੇਡ ਲਾਲ ਚੰਦ ਨੇ ਕਿਹਾ ਕਿ ਘੱਗਰ ਕੰਢੇ ਵਸਦੇ ਲੋਕਾਂ ਦੀ ਸੁਰੱਖਿਆ ਲਈ ਅਗਾਊਂ ਤਿਆਰੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਬੰਨ੍ਹਾਂ ਦੀ ਮੁਰੰਮਤ ਅਤੇ ਮਜ਼ਬੂਤੀ ਦਾ ਕੰਮ ਪਹਿਲਾਂ ਹੀ ਹੋਣਾ ਚਾਹੀਦਾ ਹੈ, ਨਾ ਕਿ ਹੜ੍ਹਾਂ ਦੇ ਖ਼ਤਰੇ ਵੇਲੇ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਲੋਕ ਆਪਣੇ ਪੱਧਰ ’ਤੇ ਬੰਨ੍ਹਾਂ ਦੀ ਮੁਰੰਮਤ ਕਰਦੇ ਹਨ, ਪਰ ਇਸ ਕੰਮ ਦਾ ਸਿਹਰਾ ਵੀ ਮਹਿਕਮੇ ਦੇ ਸਿਰ ਬੱਝ ਜਾਂਦਾ ਹੈ।

ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਘੱਗਰ ਦੀ ਸਫ਼ਾਈ ਦੇ ਨਾਲ-ਨਾਲ ਦਰਿਆ ਵਿੱਚ ਆ ਰਹੇ ਜ਼ਹਿਰੀਲੇ ਅਤੇ ਪ੍ਰਦੂਸ਼ਿਤ ਪਾਣੀ ਨੂੰ ਵੀ ਰੋਕਿਆ ਜਾਵੇ ਤਾਂ ਜੋ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਦੂਜੇ ਪਾਸੇ ਡਰੇਨੇਜ਼ ਵਿਭਾਗ ਦੇ ਐੱਸ.ਡੀ.ਓ. ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਹਿਕਮਾ ਸਾਲ ਭਰ ਘੱਗਰ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਕੰਮ ਕਰਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਨੇੜੇ ਕਈ ਸੰਵੇਦਨਸ਼ੀਲ ਥਾਵਾਂ ’ਤੇ ਮਿੱਟੀ ਨਾਲ ਭਰੇ ਜੰਬੋ ਬੈਗ ਲਗਾ ਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਆਉਣ ਵਾਲੇ ਮੌਸਮ ਲਈ ਵੀ ਪੂਰੀ ਤਿਆਰੀ ਕੀਤੀ ਗਈ ਹੈ।

ਪੁਰਾਣੇ ਫੱਟਿਆਂ ਵਾਲੇ ਪੁਲ ਦੇ ਮਲਬੇ ਬਾਰੇ ਪੁੱਛੇ ਜਾਣ ’ਤੇ ਐੱਸ.ਡੀ.ਓ. ਨੇ ਕਿਹਾ ਕਿ ਇਹ ਮਲਬਾ ਪਿਛਲੇ ਸਾਲ ਵੀ ਮੌਜੂਦ ਸੀ, ਪਰ ਉਸ ਸਮੇਂ ਕਿਸੇ ਤਰ੍ਹਾਂ ਦੀ ਸਮੱਸਿਆ ਪੈਦਾ ਨਹੀਂ ਹੋਈ ਸੀ।

ਇਸ ਦੇ ਬਾਵਜੂਦ ਘੱਗਰ ਕੰਢੇ ਵਸਦੇ ਲੋਕ ਪ੍ਰਸ਼ਾਸਨ ਤੋਂ ਸਮੇਂ ਸਿਰ ਕਾਰਵਾਈ ਦੀ ਉਮੀਦ ਕਰ ਰਹੇ ਹਨ ਤਾਂ ਜੋ ਬਰਸਾਤਾਂ ਦੌਰਾਨ ਹੜ੍ਹਾਂ ਅਤੇ ਪ੍ਰਦੂਸ਼ਣ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ।