Kesari ePaper Header
ਕਿਉੰ ਆਪਣਾ ਧਰਮ ਤਬਦੀਲ ਕਰ ਰਹੇ ਪੰਜਾਬੀ ਸਿੱਖ ?
ਕਿਉੰ ਆਪਣਾ ਧਰਮ ਤਬਦੀਲ ਕਰ ਰਹੇ ਪੰਜਾਬੀ ਸਿੱਖ ?

Why are Punjabi Sikhs changing their religion?

 

ਇਸ ਸਮੱਸਿਆ ਉਪਰ ਸਿੱਖ ਕੌਮ ਨੂੰ ਬਹੁਤ ਜਰੂਰੀ ਵਿਚਾਰ ਕਰਨ ਦੀ ਲੋੜ ਹੈ। ਇਸ ਸਮੱਸਿਆ ਦੇ ਸ਼ਿਕਾਰ ਸਭ ਤੋਂ ਜਿਆਦਾ ਅਸੀਂ ਹੀ ਹਾਂ। ਜੇਕਰ ਕਿਸੇ ਆਦਮੀ ਨੂੰ ਆਪਣੇ ਧਰਮ ਵਿਚ ਉਹ ਚੀਜ ਨਹੀਂ ਮਿਲਦੀ, ਜਿਹੜੀ ਉਸ ਨੂੰ ਦੂਜੇ ਧਰਮ ਵਿਚ ਨਜਰ ਆਉਂਦੀ ਹੈ, ਤਾਂ ਹੀ ਉਹ ਆਪਣਾ ਧਰਮ ਬਦਲਦਾ ਹੈ। ਗੁਰਬਾਣੀ ਦਾ ਸਤਿਕਾਰ ਕਰਨ ਤੋਂ ਇਲਾਵਾ, ਕੀ ਅਸੀਂ ਕਦੇ ਇਹ ਕੋਸ਼ਿਸ਼ ਕੀਤੀ ਹੈ ਕਿ ਘੱਟੋ ਘੱਟ ਆਪਣੀ ਕੌਮ ਦੇ ਲੋਕਾਂ ਨੂੰ ਇਹ ਦੱਸੀਏ ਕਿ ਗੁਰਬਾਣੀ ਸਾਨੂੰ ਸੰਸਾਰ ਦੀਆਂ ਸਾਰੀਆਂ ਸਮੱਸਿਆਂਵਾਂ ਨਾਲ ਨਿਪਟਣ ਅਤੇ ਉਹਨਾਂ ਉੱਪਰ ਜਿੱਤ ਪ੍ਰਾਪਤ ਕਰਨ ਦੇ ਸਾਰੇ ਦਾਅ ਪੇਚ-ਨਿਯਮ ਕਿਸ ਤਰ੍ਹਾਂ ਸਿਖਾਂਦੀ ਹੈ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰਮਤਿ ਅਤੇ ਜੀਵਨ ਜਾਂਚ ਸਿਖਾਉਣ ਦਾ ਜਿਹੜਾ ਕੰਮ ਕਰ ਸਕਦੀ ਹੈ, ਉਹ ਸੰਸਾਰ ਦਾ ਕੋਈ ਗ੍ਰੰਥ ਵਿਵਸਥਾ ਅਤੇ ਕਲਾ ਨਹੀਂ ਸਿਖਾਉਂਦੀ, ਪਰੰਤੂ ਸਾਡੀ ਬਦਕਿਸਮਤੀ ਹੈ, ਕਿ ਅਸੀਂ ਸਿੱਖੀ ਨੂੰ ਗੁਰਮਤਿ ਤੋਂ ਅਲੱਗ ਕਰ ਦਿੱਤਾ ਹੈ ਅਤੇ ਸਿੱਖੀ ਨੂੰ ਮਨਮੱਤ, ਅਨਮਤ ਅਤੇ ਦੁਰਮਤ ਦੇ ਕਰਮ ਕਾਂਡਾਂ, ਕੇਵਲ ਨਾਮ ਦੀ ਉਪਾਸਨਾ ਅਤੇ ਆਪਣੀ ਮਨਮਰਜੀ ਇਛਾਂਵਾਂ ਦੀ ਪੂਰਤੀ ਲਈ ਸਾਧਨ ਤੱਕ ਹੀ ਸੀਮਿਤ ਕਰ ਦਿੱਤਾ ਹੈ।

 

ਇਸ ਵਿਸ਼ੇ ਉੱਪਰ ਚਰਚਾ ਕਰਨ ਦੀ ਬਜਾਏ, ਸਿੱਖੀ ਦਾ ਸਿਧਾਂਤ, ਟੀਚਾ ਨਿਰਾ ਬੰਦਗੀ ਕਰਨਾ ਨਹੀਂ ਹੈ, ਬਲਕਿ ਜਿੰਦਗੀ ਦੀ ਹਰ ਜਰੂਰਤ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ। ਇਸ ਬਾਰੇ ਵਿਚਾਰ ਕਰਨਾ ਚਾਹਾਂਗਾ। ਫਿਰ ਵੀ ਇੰਨਾਂ ਕਹੇ ਤੋਂ ਬਿਨਾਂ ਨਹੀਂ ਰਹਿ ਸਕਦਾ ਕਿ ਦੁਨੀਆਂ ਦੇ ਸਾਰੇ ਧਰਮਾਂ ਅਤੇ ਸੰਸਥਾਵਾਂ ਵਿਚ ਇਹੋ ਜਿਹੇ ਸਿਧਾਂਤ ਬਣਾਏ ਗਏ ਹਨ, ਜਿਨ੍ਹਾਂ ਦੇ ਪਾਬੰਦ ਰਹਿਣਾ ਲਾਜਮੀ ਕਰਾਰ ਦਿੱਤਾ ਗਿਆ ਹੈ। ਜਿਸ ਤੋਂ ਬਿਨਾਂ ਕੋਈ ਆਦਮੀ ਉਸ ਸਮੂਹ ਦਾ ਮੈਂਬਰ ਨਹੀਂ ਬਣ ਸਕਦਾ। ਮੈਂਬਰ ਬਣਨ ਦੇ ਕੁਝ ਨਿਯਮ, ਉਪ ਨਿਯਮ ਹੁੰਦੇ ਹਨ। ਜਿਨ੍ਹਾਂ ਨੂੰ ਪੂਰਾ ਕਰਨ ਤੋਂ ਪਿੱਛੋਂ ਹੀ ਮੈਂਬਰ ਬਣਿਆ ਜਾ ਸਕਦਾ ਹੈ। ਨਹੀਂ ਤਾਂ ਉਹ ਆਦਮੀ ਉਸ ਸੰਸਥਾ ਜਾਂ ਧਰਮ ਦੇ ਲਈ ਅਜਨਬੀ ਹੀ ਬਣਿਆ ਰਹਿੰਦਾ ਹੈ। ਜਿਵੇਂ ਸਿੱਖ ਦੀ ਪਰੀਭਾਸ਼ਾ ਦੇ ਲਈ ਗੁਰੂ ਜੀ ਦੇ ਹੁਕਮ ਅਨੁਸਾਰ ਸਿੱਖ ਰਹਿਤ ਮਰਯਾਦਾ ਵਿਚ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਦਸ ਗੁਰੂ ਸਾਹਿਬਾਨ ਦੀ ਬਾਣੀ, ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਪਰ ਵਿਸ਼ਵਾਸ ਰੱਖਦਾ ਹੈ, ਅੰਮ੍ਰਿਤਪਾਨ ਕਰਦਾ ਹੈ ਉਹ ਸਿੱਖ ਹੈ । ਦੂਸਰੇ ਅਰਥਾਂ ਵਿਚ, ਕੀ ਅੰਮ੍ਰਿਤ ਤੋਂ ਦੂਰ ਰਹਿਣਾ ਅਤੇ ਬਚਣ ਦੀ ਕੋਸ਼ਿਸ ਕਰਨਾ, ਅੰਮ੍ਰਿਤ ਵਿਚ ਵਿਸ਼ਵਾਸ ਨਾ ਰਖਣਾ ਤੇ ਅਵਿਸ਼ਵਾਸ ਕਰਨਾ ਨਹੀਂ ਹੈ। ਸਿੰਘ ਸੱਜਣ ਤੋਂ ਬਾਅਦ ਦੱਸੇ ਗਏ ਨਿਯਮਾਂ ਦਾ ਪਾਲਣ ਕਰਨਾ ਹੈ। ਸਾਡੇ ਮਾਰਗ ਦਰਸ਼ਨ ਦੇ ਲਈ ਕਈ ਜਗਹ ਉੱਪਰ ਵੱਖ ਵੱਖ ਤਰੀਕਿਆਂ ਨਾਲ ਵਾਰ ਵਾਰ ਸਿੱਖਿਆ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਭਰਪੂਰ ਗਿਆਨ ਦਿੰਦੇ ਹਨ। ਦੂਸਰੇ ਸ਼ਬਦਾਂ ਵਿਚ ਨਿਰਸੰਦੇਹ ਕਿਹਾ ਜਾ ਸਕਦਾ ਹੈ । ਇਹ ਸਿੱਖ ਦੇ ਜੀਵਨ ਦਾ ਪਾਠ ਕ੍ਰਮ ਹੈ। ਜਿਸ ਵਿਚ ਸਾਫ ਸਾਫ ਸ਼ਬਦਾਂ ਵਿਚ ਕਿਹਾ ਹੈ, ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ ਅਤੇ ਕੁਝ ਕੁ ਕਰਮ ਕਰਨ ਤੋਂ ਮਨਾਂ ਭੀ ਕੀਤਾ ਗਿਆ ਹੈ। ਜਿਸ ਤੋਂ ਬਿਨ੍ਹਾਂ ਕੋਈ ਆਦਮੀ ਸਿੱਖ ਨਹੀਂ ਕਹਾ ਸਕਦਾ। ਸਦਾਚਾਰੀ ਨਹੀਂ ਬਣ ਸਕਦਾ। ਕੇਵਲ ਕੇਸ ਰੱਖਣ ਨਾਲ ਹੀ ਕੋਈ ਸਿੱਖ ਨਹੀਂ ਕਹਾ ਸਕਦਾ। ਇਹਨਾਂ ਗੱਲਾਂ ਦੀ ਚਰਚਾ ਧਰਮ ਨੂੰ ਧੰਦਾ ਬਣਾਉਣ ਵਾਲੇ ਲੋਕ ਆਮ ਤੌਰ ਪਰ ਨਹੀਂ ਕਰਦੇ, ਕਿਉਂਕਿ ਐਸਾ ਕਰਨ ਨਾਲ ਉਹਨਾਂ ਨੂੰ ਪਸੰਦ ਕਰਨ ਵਾਲਾ ਗਾਹਕ ਖੁਸ਼ ਨਹੀਂ ਹੁੰਦਾ ਅਤੇ ਉਸ ਨਾਲੋਂ ਟੁੱਟ ਜਾਂਦਾ ਹੈ। ਲਕਸ਼ਮੀ ਦਾ ਪੁਜਾਰੀ ਗੁਰੂ ਦਾ ਗਿਆਨ ਨਹੀਂ ਦੇ ਸਕਦਾ। ਉਸ ਨੂੰ ਤਾਂ ਆਪ ਹੀ ਪ੍ਰਾਪਤ ਕਰਨਾ ਪਵੇਗਾ।

 

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਪੱਸ਼ਟ ਫੁਰਮਾਨ ਹੈ:-

"ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ ॥"

(ਮ:੧ ਅੰਗ ੬੨)

ਅਰਥਾਤ:- ਇਸ ਵਿਚ ਕੋਈ ਸੰਦੇਹ ਨਹੀਂ ਹੈ, ਕਿ ਸਭ ਨਾਲੋਂ ਉੱਚੀ ਚੀਜ ਸੱਚ ਹੀ ਹੈ। ਪਰੰਤੂ ਇਸ ਵਿਚ ਭੀ ਉੱਚੀ ਚੀਜ਼ ਹੈ ਜੀਵਨ ਵਿਚ ਸੱਚਾ ਆਚਰਣ ਅਪਣਾਉਣਾ। ਇਸ ਤਰ੍ਹਾਂ ਗੁਰੂ ਸਾਹਿਬ ਬੰਦਗੀ ਨਾਲੋਂ ਜਿਆਦਾ ਮਹੱਤਵ ਸੁੱਚੇ ਅਤੇ ਸੱਚੇ ਜੀਵਨ ਬਤੀਤ ਕਰਨ ਪਰ ਜੋਰ ਦਿੰਦੇ ਹਨ।

ਗੁਰਮਤ ਜੀਵਨ ਨਾਲ ਕਿਵੇਂ ਜੋੜ ਸਕਦੀ ਹੈ।

 

ਸੰਸਾਰ ਭਰ ਵਿਚ ਜਿੰਨੇ ਭੀ ਧਰਮ ਆਏ ਉਹਨਾਂ ਸਾਰਿਆਂ ਨੇ ਪਹਿਲੇ ਮੌਜੂਦ ਧਰਮ ਗ੍ਰੰਥਾਂ, ਧਰਮਾਂ ਅਤੇ ਉਹਨਾਂ ਦੀ ਭਗਤੀ ਪ੍ਰਣਾਲੀ ਦੀ ਖੁੱਲ ਕੇ ਨਿੰਦਾ ਕੀਤੀ ਅਤੇ ਗਲਤ ਕਹਿੰਦੇ ਹੋਏ ਅਪਣੇ ਧਰਮ ਨੂੰ ਹੀ ਸਹੀ ਅਤੇ ਪ੍ਰਮਾਤਮਾ ਵੱਲ ਜਾਣ ਦਾ, ਮਿਲਣ ਦਾ ਸਹੀ ਰਸਤਾ ਕਹਿ ਕੇ ਇਹ ਕਿਹਾ, ਕਿ ਸਾਡਾ ਧਰਮ ਹੀ ਮੁਕਤੀ ਦੁਆ ਸਕਦਾ ਹੈ। ਸਵਰਗ ਤੱਕ ਪੁਚਾ ਸਕਦਾ ਹੈ। ਦੂਸਰੇ ਧਰਮ ਇਸ ਤਰ੍ਹਾਂ ਕਰਨ ਦੇ ਸਮਰੱਥ ਨਹੀਂ ਹਨ। ਇਸ ਲਈ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ ਹੈ ਤਾਂ ਜੋ ਜਨਤਾ ਨੂੰ ਸਹੀ ਰਸਤੇ ਤੇ ਚਲਾਇਆ ਜਾ ਸਕੇ।

 

ਇਸ ਦਾ ਸਿੱਧਾ ਸਾਦਾ ਅਰਥ ਹੈ, ਕਿ ਉਹਨਾਂ ਤੋਂ ਪਹਿਲਾਂ ਪਰਮਾਤਮਾ ਨੇ ਨਾ ਕੁਝ ਕੀਤਾ ਹੈ ਅਤੇ ਨਾ ਹੀ ਅੱਗੇ ਨੂੰ ਕੁਝ ਕਰ ਸਕਦਾ ਹੈ। ਸਾਰੀ ਸ੍ਰਿਸਟੀ ਦਾ ਸਿਰਜਨਹਾਰ ਉਹਨਾਂ ਦੇ ਅਧੀਨ ਹੀ ਹੋ ਕੇ ਰਹਿ ਗਿਆ ਹੈ। ਜਰਾ ਸੋਚੋ ਇਹ ਸੰਭਵ ਹੋ ਸਕਦਾ ਹੈ। ਇਸ ਤੋਂ ਉਲਟ ਗੁਰਮਤਿ ਸਾਨੂੰ ਵਾਰ ਵਾਰ ਦ੍ਰਿੜ ਕਰਵਾਉਂਦੀ ਹੈ।

ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ॥

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ॥

 

(: 5 ਅੰਗ 257)

 

ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ ਕਿ ਸਭ ਕੁਝ ਕਰਨ ਵਾਲਾ, ਕਰਵਾਉਣ ਵਾਲਾ ਅਤੇ ਉਸ ਦਾ ਕਾਰਣ ਪੈਦਾ ਕਰਣ ਵਾਲਾ ਸਭ ਇਕ ਹੀ ਪ੍ਰਮਾਤਮਾ ਹੈ। ਬੜੀ ਨਿਮਰਤਾ ਨਾਲ ਆਪਣੇ ਆਪ ਨੂੰ ਅਨਾਥ ਜੰਤ (ਜੀਵ) ਕਹਿੰਦੇ ਹੋਏ ਪੰਜਵੇਂ ਗੁਰੂ ਜੀ ਕਹਿੰਦੇ ਹਨ, ਕਿ ਹੇ ਪਰਮਾਤਮਾ ਤੁਸੀਂ ਹੀ ਮੇਰੇ ਪਾਸੋਂ ਕਰਵਾਉਂਦੇ ਹੋ। ਮੈਂ ਉਹ ਕੁਝ ਹੀ ਕਰਦਾ ਹਾਂ । ਮੈਂ ਆਪ ਕੁਝ ਭੀ ਕਰਨ ਦੇ ਸਮਰੱਥ ਨਹੀਂ ਹਾਂ।

 

ਗੁਰਮਤਿ ਨੇ ਆਪਣੇ ਤੋਂ ਪਹਿਲਾਂ ਹੋ ਚੁਕੇ ਧਰਮਾਂ, ਧਰਮ ਗ੍ਰੰਥਾਂ ਅਤੇ ਉਹਨਾਂ ਦੀਆਂ ਪੂਜਾ ਪ੍ਰਣਾਲੀਆਂ ਨੂੰ ਮਾਨਤਾ ਦਿੰਦਿਆਂ ਹੋਇਆਂ ਠੀਕ ਕਿਹਾ ਹੈ। ਨਿਰਣਾ ਭੀ ਕਰ ਦਿੱਤਾ, ਕਿ ਜਿਹੜਾ ਇਸ ਉਪਰ ਵੀਚਾਰ ਨਹੀਂ ਕਰਦਾ ਉਹ ਝੂਠਾ ਹੈ । ਉਹ ਗ੍ਰੰਥ ਝੂਠੇ ਨਹੀਂ ਹਨ। ਕੇਵਲ ਗੁਰਮਤਿ ਹੀ ਇਕ ਐਸੀ ਵੀਚਾਰਧਾਰਾ ਹੈ ਜਿਹੜੀ ਸਦ ਭਾਵਨਾ ਨਾਲ ਲਬਾ ਲਬ ਭਰਪੂਰ ਹੈ। ਆਮ ਆਦਮੀ ਨੂੰ ਪ੍ਰਮਾਤਮਾ ਵਿਚ ਲੀਨ ਕਰਕੇ ਆਪ ਖੁਦ ਪਰਮਾਤਮਾ ਬਣਨ ਦੀ ਸਿੱਖਿਆ ਦਿੰਦੀ ਹੈ। ਦਿਸ਼ਾ ਦਿਖਾਉਦੀ ਹੈ। ਕਿਉਂਕਿ ਸਾਰਿਆਂ ਦੀਆਂ ਆਤਮਾਵਾਂ ਪ੍ਰਮਾਤਮਾ ਦਾ ਹੀ ਰੂਪ ਹਨ।

 

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਫੁਰਮਾਨ ਹੈ ਕਿ :-

ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥

ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ (ਮ:੫ ਅੰਗ ੬੭੧)

 

ਮੈਂ ਹਰ ਇਕ ਨੂੰ ਆਪਣਾ ਸਖਾ ਮਿੱਤਰ ਬਣਾ ਲਿਆ ਹੈ ਅਤੇ ਮੈਂ ਸਾਰਿਆਂ ਨੂੰ ਸੱਜਣ ਕਰਕੇ ਵੇਖਿਆ ਤੇ ਸੱਜਣ ਹੀ ਬਣ ਗਿਆ ਹਾਂ। ਇਸ ਤਰ੍ਹਾਂ ਮਨ ਦੇ ਰਾਜਾ ਪਰਮਾਤਮਾ ਤੋਂ ਵਿਛੁੜ ਜਾਣ ਦਾ ਵਿਰਹਾ ਦਾ ਜਿਹੜਾ ਅਭਾਸ ਸੀ ਉਹ ਹੁਣ ਦੂਰ ਹੋ ਗਿਆ ਹੈ। ਮੈਂ ਪ੍ਰਭੂ ਵਿਚ ਲੀਨ ਹੋ ਗਿਆ ਹਾਂ । ਪ੍ਰਭੂ ਨਾਲ ਮੇਰਾ ਮਿਲਾਪ ਹੋ ਗਿਆ ਹੈ।

ਜੈਨ ਮੱਤ ਅਤੇ ਬੁੱਧ ਮੱਤ ਤੋਂ ਬਿਨਾਂ ਬਾਕੀ ਸਾਰੇ ਧਰਮ ਹੀ ਪ੍ਰਭੂ ਭਗਤੀ ਦੀ ਗੱਲ ਕਰਦੇ ਹਨ ਅਤੇ ਸੰਸਾਰਿਕ ਜੀਵਨ ਭੋਗਣ ਨਾਲੋਂ ਭਗਤੀ ਕਰਨ ਤੇ ਜਿਆਦਾ ਜੋਰ ਦਿੰਦੇ ਹਨ। ਗੁਰਮਤਿ ਨੇ ਇਕ ਨਵਾਂ ਰਸਤਾ ਦੱਸਿਆ ਹੈ। ਪਹਿਲਾਂ ਆਪਣੀਆਂ ਸਮਾਜਿਕ ਤੇ ਗ੍ਰਹਿਸਥ ਜੀਵਨ ਦੀਆਂ ਲੋੜਾਂ ਪੂਰੀਆਂ ਕਰੋ। ਆਪਣੀਆਂ ਜਿੰਮੇਵਾਰੀਆਂ ਨੂੰ ਪੂਰਣ ਕਰਦੇ ਹੋਏ, ਪ੍ਰਭੂ ਭਗਤੀ ਕਰੋ ਜਿਹੜੀ ਅਸਾਨ ਅਤੇ ਸੰਭਵ ਵੀ ਹੈ।

 

ਤਿੰਨ ਵਡਮੁੱਲੇ ਸਿਧਾਂਤ ਦੱਸੇ:-

 

৭. ਪਹਿਲੇ ਕਿਰਤ ਕਰੋ ਮਤਲਬ ਹੱਕ ਅਤੇ ਮਿਹਨਤ ਨਾਲ ਰੋਜੀ ਰੋਟੀ ਕਮਾਓ।

२. ਦੂਸਰਾ ਸਿਧਾਂਤ ਹੈ ਆਪਣੀ ਕਮਾਈ ਹੋਈ ਰਾਸ਼ੀ ਨੂੰ ਵੰਡ ਕੇ ਖਾਓ। ਅਰਥਾਤ ਆਪਣੀ ਕਮਾਈ ਨੂੰ ਇਕੱਲੇ ਹੀ ਨਾ ਹਜਮ ਕਰ ਜਾਓ ਸਗੋਂ ਦੂਸਰੇ ਜਰੂਰਤ ਮੰਦਾਂ ਵਿਚ ਵੰਡ ਕੇ ਫਿਰ ਖਾਓ।

३. ਤੀਸਰਾ ਸਿਧਾਂਤ ਹੈ ਨਾਮ ਜਪੋ। ਪਰਮੇਸਰ ਨੂੰ ਯਾਦ ਕਰੋ।

 

ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਤੋਂ ਪਹਿਲਾਂ ਸਮਾਜਿਕ ਲੋੜਾਂ ਨੂੰ ਪੂਰਾ ਕਰਨ ਦੀ

ਗੱਲ ਕਹੀ ਗਈ ਹੈ। ਇਸ ਪ੍ਰਤੀ ਗੁਰੂ ਜੀ ਦਾ ਸਪੱਸ਼ਟ ਫੁਰਮਾਨ ਹੈ:-

 

'ਘਾਲਿ ਖਾਇ ਕਿਛੁ ਹਥਹੁ ਦੇਇ॥

 

ਨਾਨਕ ਰਾਹੁ ਪਛਾਣਹਿ ਸੇਇ॥

 

(ਮ:੧ ਅੰਗ ੧੨੪੫)

 

ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਕਿ ਜਿਹੜਾ ਆਦਮੀ ਕੁਝ ਮੇਹਨਤ ਮਜਦੂਰੀ ਕਰਕੇ ਕਮਾ ਕੇ ਖਾਏ, ਫਿਰ ਆਪਣੀ ਕਮਾਈ ਵਿਚੋਂ ਦੂਜਿਆਂ ਨੂੰ ਵੰਡ ਕੇ ਖਾਵਾਵੇ। ਉਹ ਆਦਮੀ ਹੀ ਪਰਮਾਤਮਾ ਦਾ ਰਸਤਾ ਪ੍ਰਾਪਤ ਕਰ ਸਕਦਾ ਹੈ। ਪੂਜਾ ਦੇ ਧਨ ਤੇ ਸਮਾਂ ਪਾਸ ਕਰਨ ਵਾਲੇ ਮੌਜ ਮਸਤੀਆਂ ਕਰਨ ਵਾਲੇ, ਪਰਮਾਤਮਾ ਦਾ ਰਸਤਾ ਖੁਦ ਹੀ ਨਹੀਂ ਪਹਚਾਣ ਸਕਦੇ, ਦੂਜਿਆਂ ਨੂੰ ਕੀ ਦੱਸਣਗੇ।

 

ਇਹ ਹੀ ਕਾਰਣ ਹੈ, ਕਿ ਕੋਈ ਸਿੱਖ ਮੰਗਦਾ ਹੋਇਆ ਨਜਰ ਨਹੀਂ ਆਉਦਾ, ਕਿਉਂਕਿ ਉਹ ਸਮਝਦਾ ਹੈ, ਕਿ ਮੇਹਨਤ ਤੋਂ ਬਿਨ੍ਹਾਂ ਮੰਗ ਕੇ ਖਾਣੇ ਨਾਲ ਉਹ ਸਿੱਖ ਹੀ ਨਹੀਂ ਰਹੇਗਾ ਅਤੇ ਨਾ ਹੀ ਉਸ ਨੂੰ ਪ੍ਰਭੂ ਮਿਲਣ ਦੀ ਸਮਰੱਥਾ ਹੀ ਰਹੇਗੀ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਹਜਰਤ ਬਾਬਾ ਸੇਖ ਫਰੀਦ ਜੀ (੧੧੭੩-੧੨੬੬) ਤੋਂ ਲੈ ਕਰਕੇ ਨੌਵੇਂ ਗੁਰੂ ਤੇਗ ਬਹਾਦਰ ਜੀ (੧੬੨੧-੧੬੭੫) ਦੇ ਵਿਚ ੫੦੦ ਸਾਲ ਵਿਚ ਗੁਜਰੇ ੩੬ ਮਹਾਂਪੁਰਖਾਂ ਦੀਆਂ ਬਾਣੀਆਂ ਦਾ ਸੰਗ੍ਰਹਿ ਹੈ। ਇਹ ਕੇਵਲ ਪਰਮਾਤਮਾ ਵਲੋਂ ਨਾਜਲ ਹੋਈਆਂ ਬਾਣੀਆਂ ਅਤੇ ਉਹਨਾਂ ਦਾ ਅਧਿਆਤਮਕਤਾ ਦਾ ਗਿਆਨ ਹੀ ਨਹੀਂ ਹੈ, ਬਲਕਿ ਸੰਸਾਰ ਦੇ ਵੱਖ ਵੱਖ ਜਗਹ ਅਤੇ ਚੰਗੇ ਬੁਰੇ ਹਾਲਤ ਵਿਚ ਮਨੁੱਖੀ ਸਮਾਜ ਦੀ ਪ੍ਰਯੋਗਸ਼ਾਲਾ ਵਿਚ, ਉਹਨਾਂ ਦੇ ਅਨੁਭਵ ਦਾ ਇਕ ਐਸਾ ਸੰਗ੍ਰਹਿ ਹੈ, ਜਿਹੜਾ ਵੱਡੇ ਤੋਂ ਵੱਡੇ ਗ੍ਰੰਥ ਅਤੇ (ਲਾਇਬ੍ਰੇਰੀਆਂ ਵਿਚ ਭੀ ਨਹੀਂ ਮਿਲ ਸਕਦਾ)।

 

ਇਸ ਵਿਚ ਛੇ ਗੁਰੂ ਸਾਹਿਬਾਨ ਤੋਂ ਬਿਨ੍ਹਾਂ, ੨ ਅਛੂਤ ਸਮਝੇ ਜਾਣ ਵਾਲੇ ਸੰਤ, ੭ ਮੁਸਲਮਾਨ, ੧ ਸਿੱਖ ਅਤੇ ਬਾਕੀ ਹਿੰਦੂਆਂ ਦੇ ਵੱਖ ਵੱਖ ਜਾਤੀਆਂ ਵਿਚ ਜਨਮ ਲੈਣ ਵਾਲੇ ਸੰਤ, ਸਾਰੇ ਇਕ ਆਵਾਜ਼ ਅਤੇ ਇਕ ਰਚਨਾ ਵਿਚ ਇਕੱਠੇ ਮਿਲ ਬੈਠ ਕੇ ਸਾਰੇ ਸੰਸਾਰ ਨੂੰ ਇਕ ਪ੍ਰਮਾਤਮਾ ਅਤੇ ਇਕ ਮਾਨਵ ਜਾਤੀ ਦੇ ਲਈ ਏਕਤਾ ਅਤੇ ਭਾਈਚਾਰੇ ਦਾ ਸੁਨੇਹਾ ਦੇ ਰਹੇ ਹਨ। ਭਾਰਤ ਵਰਸ਼ ਵਿਚ ਬੋਲੀਆਂ ਜਾਣ ਵਾਲੀਆਂ ਵੱਖ ਵੱਖ ਪ੍ਰਾਂਤਾ ਅਤੇ ਬੋਲੀਆਂ ਵਿਚ, ਇਸ ਸਰਲ ਭਾਸ਼ਾ ਵਿਚ ਹੋਰ ਕੋਈ ਸਰਲ ਗ੍ਰੰਥ ਨਹੀਂ ਹੈ। ਇਹ ਹੀ ਨਹੀਂ, ਇਹ ਬਹੁਭਾਸ਼ੀ ਗ੍ਰੰਥ ਨੂੰ, ਇਕ ਆਦਮੀ ਅਸਾਨੀ ਨਾਲ ਪੜ੍ਹਨ ਦੇ ਲਈ ਇਕ ਸਰਲ ਲਿਪੀ ਬਣਾਈ ਗਈ ਹੈ। ਜਿਹੜੀ ਗੁਰਮੁਖੀ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਵਿਚ ਉਹ ਸਾਰੀਆਂ ਭਾਸ਼ਾ ਦੀਆਂ ਬਾਣੀਆਂ ਨੂੰ ਲਿਖਿਆ ਗਿਆ ਹੈ  ਤਾਂ ਕਿ ਹਰ ਆਦਮੀ ਦੀ ਪਹੁੰਚ-ਪਕੜ ਅਤੇ ਪੜਨ ਸਮਝ ਵਿਚ ਆ ਸਕੇ। ਜਿਸ ਵਿਚ ਸਾਰੇ ਅਧਿਆਤਮਕ ਗਿਆਨ ਦੇ ਇਲਾਵਾ ਸੰਸਾਰ ਦੀਆਂ ਸਾਰੀਆਂ ਉਲਝਣਾਂ, ਸਮੱਸਿਆਂਵਾਂ ਅਤੇ ਚੁਣੌਤੀਆਂ ਨਾਲ ਜੂਝਣ ਅਤੇ ਉਹਨਾਂ ਉੱਪਰ ਜਿੱਤ ਪ੍ਰਾਪਤ ਕਰਨ ਦੇ ਤਰੀਕੇ ਦੱਸੇ ਹਨ। ਇਹ ਹੀ ਨਹੀਂ, ਬਲਕਿ ਹਜਾਰਾਂ ਸਾਲਾਂ ਤੋਂ ਦਬਾਏ ਅਤੇ ਕੁਚਲੇ ਜਾਂਦੇ ਰਹੇ ਆਦਮੀ ਨੂੰ ਸਿਰ ਉਠਾ ਕੇ ਅਤੇ ਸਵੈ ਅਭਿਮਾਨ ਨਾਲ ਜੀਊਣ ਦੀ ਪ੍ਰੇਰਣਾ ਦਿੰਦੀ ਹੈ। ਇਕ ਸਵਤੰਤਰ ਮਨੁੱਖ ਦਾ ਨਿਰਮਾਣ ਕਰਦੀ ਹੈ। ਜਿਹੜਾ ਪ੍ਰਮਾਤਮਾ ਦੀ ਸਰਵ ਸ੍ਰੇਸ਼ਟ ਰਚਨਾ ਹੈ। ਉਸ ਵਿਚ ਅਤੇ ਉਸ ਦੇ ਰਚਨਹਾਰ ਪ੍ਰਮਾਤਮਾ ਦੇ ਵਿਚ ਭੀ ਭਿੰਨ, ਭੇਦ, ਫਰਕ ਦੂਰੀਆਂ ਅਤੇ ਦਵੈਤ ਦੇ ਭਾਵ ਅਤੇ ਰਿਸ਼ਤਿਆਂ ਨੂੰ ਖਤਮ ਕਰਕੇ ਦੋਨਾਂ ਨੂੰ ਅਭੰਗ ਅਤੇ ਅਭੇਦ ਬਣਾ ਦਿੰਦਾ ਹੈ। ਇਕ ਆਮ ਆਦਮੀ ਦੇ ਖੁਦ ਪਰਮਾਤਮਾ ਦੀ ਅੰਸ਼ ਹੋਣ ਅਤੇ ਉਸ ਵਿਚ ਲੀਨ ਹੋਣ ਦਾ ਗਿਆਨ ਅਤੇ ਵਿਗਿਆਨ ਸਮਝਾਂਦੀ ਹੈ। ਸਿੱਖੀ ਕੇਵਲ ਕਿਸੇ ਕਿਤਾਬੀ ਗਿਆਨ ਦਾ ਨਾਮ ਨਹੀਂ ਹੈ । ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਅਰੰਭ ਕੀਤੇ ਗਏ ਇਸ ਅਭਿਆਨ ਨੂੰ ਦਸਾਂ ਗੁਰੂ ਸਾਹਿਬਾਨ ਨੇ ੨੩੯ ਸਾਲ ਦੇ ਜੀਵਨ ਵਿਚ ਸਿੱਖ ਤੋਂ ਖਾਲਸਾ ਤੱਕ ਦਾ ਜੀਵਨ ਸਜਾਉਣ ਅਤੇ ਸੰਤ ਰੇਨ ਵਿਚ ਆਪਣੀ ਜੀਵਨੀ ਵਤੀਤ ਕਰ ਦਿੱਤੀ। ਲਗਾਤਾਰ ਵਿਪਰੀਤ ਪਰਸਥਿਤੀਆਂ, ਕੁਰਬਾਨੀਆਂ, ਅਤਿਆਚਾਰਾਂ ਅਤੇ ਜੰਗ ਜੁਲਮ ਦੀਆਂ ਭੱਠੀਆਂ ਦੇ ਵਿਚ ਤਪ ਕਰਕੇ ਸੰਪੂਰਣ ਮਨੁੱਖ ਖਾਲਸਾ ਦੇ ਰੂਪ ਵਿਚ ਸੰਤ ਅਤੇ ਸਿਪਾਹੀ ਬਣਾ ਕੇ ਹੱਥ ਵਿਚ ਸ਼ਾਸਤਰ ਅਤੇ ਸ਼ਸਤਰ ਫੜਾ ਦਿੱਤਾ। ਇਸ ਤਰ੍ਹਾਂ ਉਹ ਕਿਸੇ ਤੋਂ ਭੀ ਜਿੱਤਿਆ ਨਾ ਜਾਵੇ। ਇਹ ਹੀ ਕਾਰਨ ਹੈ, ਕਿ ਸਿਰਾਂ ਦੀ ਕੀਮਤ ਲਾਉਣ ਦੇ ਬਾਵਜੂਦ ਸਾਡੀ ਗਿਣਤੀ ਅਤੇ ਧਰਮ ਵਿਚ ਵਿਸ਼ਵਾਸ ਦਿਨ ਦੂਣੀ ਰਾਤ ਚੌਗੁਣੀ ਉੱਨਤੀ ਕਰ ਰਿਹਾ ਹੈ। ਕਿਉਂਕਿ ਅਸੀਂ ਬਾਣੀ ਨੂੰ ਆਪਣਾ ਅਧਾਰ ਬਣਾਇਆ ਹੋਇਆ ਹੈ। ਬਾਣੀ ਵਿਚ ਪੂਰੀ ਆਸਥਾ ਰੱਖਦੇ ਹਾਂ, ਪਰੰਤੂ ਅੱਜ ਇੰਨਾਂ ਗਿਆਨ ਅਤੇ ਇਤਿਹਾਸ ਦਾ ਅਥਾਹ ਸਾਗਰ ਰੱਖਣ ਦੇ ਬਾਵਜੂਦ ਭੀ ਇਸ ਤੋਂ ਵੰਚਿਤ ਰਹਿਣਾ, ਕੀ ਸਾਡਾ ਆਪਣਾ ਦੋਸ਼ ਅਤੇ ਮੂਰਖਤਾ ਨਹੀਂ ਹੈ?

 

ਸ਼ਬਦ ਸਾਡੇ ਗੁਰੂ ਦਾ ਭੀ ਗੁਰੂ ਸੀ ਅਤੇ ਸਾਡੇ ਸਾਹਮਣੇ ਸਾਡੇ ਹੱਥਾਂ ਵਿਚ ਮੌਜੂਦ ਸ਼ਬਦਾਂ ਦਾ ਸੰਗ੍ਰਹਿ, ਅਥਾਹ ਗਿਆਨ ਦਾ ਭੰਡਾਰ, ਸਾਡਾ ਗੁਰੂ ਰੱਖਣ ਦੇ ਬਾਅਦ ਭੀ ਅਸੀਂ ਖੁਦ ਅਗਿਆਨ ਦੇ ਅੰਧੇਰੇ ਤੋਂ ਬਾਹਰ ਆਉਣਾ ਨਹੀਂ ਚਾਹੁੰਦੇ ਅਤੇ ਨਾ ਹੀ ਆਪਣੇ ਵਿਚ ਘੱਟ ਪੜ੍ਹੇ ਅਤੇ ਕਮ ਨਸੀਬ ਵਾਲੇ ਸਿੱਖ ਭਾਈ ਭੈਣਾਂ ਨੂੰ ਇਸ ਰਸਤੇ ਦਾ ਪਤਾ ਦੱਸਣਾ ਚਾਹੁੰਦੇ ਹਾਂ।

 

ਗੁਰੂ ਜੀ ਦਾ ਬਚਨ ਹੈ, ਕਿ ਉਹ ਸਿੱਖ ਹੈ, ਸਤਿਕਾਰ ਦੇ ਕਾਬਲ ਹੈ, ਜਿਹੜਾ ਆਪ ਗੁਰੂ ਨੂੰ ਸਮਰਪਿਤ ਹੈ, ਗੁਰੂ ਗੁਰੂ ਜਪਦਾ ਹੈ। ਦੂਸਰਿਆਂ ਨੂੰ ਗੁਰੂ ਗੁਰੂ ਜਪਾਂਉਂਦਾ ਹੈ।

 

"ਨਾਨਕ ਧੂੜ ਮੰਗਹਿ ਤਿਸ ਗੁਰ ਸਿੱਖ ਕੀ ਜੋ ਆਪ ਜਪਹਿ ਅਵਰਹਿ ਨਾਮ ਜਪਾਵਹਿ॥" (ਗੁਰਬਾਣੀ)

 

ਅਜੋਕੇ ਸਮੇਂ ਵਿਚ ਬਹੁਤ ਬੜੀ ਘਾਟ ਹੈ। ਸਿੱਖ ਆਪ ਹੀ ਨਾਮ ਨਹੀਂ ਜਪ ਰਿਹਾ ਤੇ ਦੂਜਿਆਂ ਨੂੰ ਕੀ ਨਾਮ ਜਪਾਵੇਗਾ? ਇਹ ਅਧੋਗਤੀ ਹੋ ਰਹੀ ਹੈ ਤੇ ਵਾਦ ਵਿਵਾਦ ਵੱਧ ਰਹੇ ਹਨ। ਗੁਰੂ ਕਿਰਪਾ ਕਰੇ । ਆਪਣੀ ਸ਼ਰਣ ਵਿਚ ਆਪਣੀ ਕਿਰਪਾ ਦੇ ਪਾਤਰ ਬਣਾ ਕੇ ਰੱਖੇ।

ਲੇਖਕ :-  ਸੰਤ ਤੇਜਾ ਸਿੰਘ ਐਮ.ਏ.

(ਪੁਸਤਕ ਚੋਣਵੇਂ ਨਿਰਮਲ ਲੇਖ ਵਿਚੋਂ)