Kesari ePaper Header
ਕਰਮ
ਕਰਮ

Karma

 

ਕਰਮ ਫਿਲਾਸਫੀ ਅਨੁਸਾਰ ਜੀਵ ਆਪਣੇ ਕੀਤੇ ਕਰਮਾਂ ਨੂੰ ਭੋਗਦਾ ਹੈ। ਇਹ ਸਰੀਰ ਜੀਵ ਦਾ (ਕਰਮਾ ਸੰਦੜਾ ਖੇਤ) ਮੰਨਿਆ ਹੈ। ਜੀਵ ਦੇ ਚੰਗੇ ਮੰਦੇ ਕੀਤੇ। ਕਰਮ ਜੀਵ ਨੂੰ ਪੁਨਰ ਜਨਮ ਦੇਣ ਵਿਚ ਪਰਪੱਕ ਹੁੰਦੇ ਹਨ। ਜੀਵ ਆਪਣੇ ਕੀਤੇ ਕਰਮ ਭੋਗਦਾ ਹੈ, ਹੋਰ ਕਿਸੇ ਨੂੰ ਦੋਸ਼ ਨਹੀਂ ਹੈ।

 

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥

 

(੪੩੩ -ਰਾਗ ਆਸਾ ਮ: ੫)

 

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥

 

(ਬਾਰਹਮਾਹਾ ਸਫਾ ੧੩੫- ਮ: ੫)

 

ਜੀਵ ਪਰਮੇਸ਼ਰ ਨੂੰ ਭੁਲਕੇ ਜਿਹੜੇ ਦੁਨੀਆਂ ਦੇ ਦੂਸਰੇ ਮਾਇਆ ਦੇ ਲਾਲਚ ਵਿਚ ਕਰਮ ਕਰਦਾ ਹੈ ਉਹ ਸਾਰੇ ਦੁੱਖ ਰੂਪ ਹੀ ਹਨ। ਸ਼ਾਸ਼ਤਰ ਵੀ ਕਹਿੰਦਾ ਹੈ ਕਿ

 

ਆਵਸ ਮੇਵ ਭੁਗਤਬਿਅੰ ਕਰਮ ਸ਼ੁਭਾ ਸ਼ੁਭੰ ਕ੍ਰਿਤੰ ॥

 

ਸ਼ੁਭ ਤੇ ਅਸ਼ੁਭ ਕੀਤੇ ਕਰਮ ਜੀਵ ਨੂੰ ਭੋਗਣੇ ਪੈਂਦੇ ਹਨ। ਕੀਤੇ ਕਰਮ ਭੋਗੇ ਤੋਂ ਬਿਨਾ ਖਤਮ ਨਹੀਂ ਹੁੰਦੇ । “ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ” ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਕਿ, “ਹੇ ਪਭੂ ! ਅਸੀ ਤੇਰੇ ਤੋਂ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹੋਏ ਹਾਂ। ਮਰਣ ਜੰਮਣ ਦੇ ਚੱਕਰ ਵਿਚ ਫਸੇ ਹੋਏ ਹਾਂ, ਇਸ ਲਈ ਕਿਰਪਾ ਕਰਕੇ ਬਖਸ ਲੇਹੁ ਜੀ। ”

 

1. ਗੁਰੂ ਜੀ ਕਹਿੰਦੇ ਹਨ ਕਿ-

 

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ .

 

(੧੩੩ ਬਾਰਹਮਾਹਾ ਮਾਝ ਮ:੫)

 

2. ਰਵਿਦਾਸ ਜੀ ਕਹਿੰਦੇ ਹਨ -

 

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ ॥

 

3. ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥

 

(੬੯੪ -ਧਨਾਸਰੀ ਭਗਤ ਰਵਿਦਾਸ ਜੀ)

 

4. ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥

 

( ੧੧੦੪ ਰਾਗ ਮਾਰੂ ਕਬੀਰ ਜੀ )

 

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥

 

ਦੁਕ੍ਰਿਤ ਸੁਕ੍ਰਿਤ ਥਾਰੋ ਕਰਮੁ ਰੀ॥ (ਅੰਗ ੬੩੫ ਭਗਤ ਤ੍ਰਿਲੋਚਨ ਜੀ )

 

ਕਰਮ ਦੋ ਪ੍ਰਕਾਰ ਦਾ ਹੈ।

 

1. ਵਿਹਿਤ ਕਰਮ - ਜਿਸ ਕਰਮ ਨੂੰ ਕਰਨ ਵਾਸਤੇ ਬੇਦ, ਰਿਸ਼ੀ, ਮੁਨੀ, ਸੰਤ ਤੇ ਭਗਤ, ਲੋਕਾਂ ਨੂੰ ਹਰ ਵਕਤ ਪ੍ਰੇਰਦੇ ਹਨ। ਜਿਨਾਂ ਦੇ ਕਰਨ ਦਾ, ਬੇਦ ਨੇ ਵਿਧਾਨ ਕੀਤਾ ਹੈ। ਜਿਵੇਂ - ਸਚ ਬੋਲਣਾ, ਸਬਰ, ਸੰਤੋਖ, ਧਰਮ, ਦਇਆ, ਸੁਚ, ਸੰਜਮ, ਸਿਮਰਨ, ਯੱਗ, ਪੁੰਨ, ਤੀਰਥ, ਬ੍ਰਤ, ਨੇਮ ਆਦਿ।

 

2. ਅਵਿਹਿਤ ਕਰਮ - ਇਹ ਉਹ ਕਰਮ ਹਨ, ਜਿਹਨਾਂ ਨੂੰ ਵੇਦ, ਰਿਸ਼ੀ, ਮੁਨੀ ਕਰਨ ਦੀ ਮਨਾਹੀ ਕਰਦੇ ਹਨ।

 

ਜਿਵੇਂ - ਚੋਰੀ, ਝੂਠ, ਠੱਗੀ, ਕ੍ਰੋਧ, ਲੋਭ, ਈਰਖਾ, ਨਿੰਦਿਆ, ਬਖੀਲੀ, ਬੁਰਾਈ ਆਦਿ।

 

ਵਿਹਿਤ ਕਰਮ ਚਾਰ ਪ੍ਰਕਾਰ ਦੇ ਹਨ।

 

1. ਨਿੱਤਯ ਕਰਮ - ਜਿਹੜਾ ਹਰ ਰੋਜ ਕਰਨਾ ਬਣਦਾ ਹੈ। ਜਿਸਦੇ ਕਰਨੇ ਦਾ ਪਾਪ ਵੀ ਨਹੀਂ ਹੈ, ਪੁੰਨ ਵੀ ਨਹੀਂ ਹੈ। ਜਿਵੇਂ-ਇਸ਼ਨਾਨ ਕਰਨਾ, ਦਾਤਣ ਕਰਨੀ, ਸਾਫ ਵਸਤਰ ਪਹਿਨਣੇ, ਫੂਲ ਚੜਾਉਣੇ ਆਦਿ।

 

2. ਨਮਿੱਤਯ ਕਰਮ - ਜਿਹੜਾ ਕਰਮ ਕਿਸੇ ਨਮਿੱਤ ਨੂੰ ਲੈ ਕੇ ਕੀਤਾ ਜਾਵੇ। ਜਿਵੇਂ - ਇੱਕ ਸਨਿਆਸੀ ਭੁਲੇਖੇ ਨਾਲ (ਧੰਨ) ਦਰਬ ਨੂੰ ਛੂਹ ਲਵੇ, ਤਾਂ ਉਹ ਤਿੰਨ ਦਿਨਾਂ ਦਾ ਉਪਵਾਸ ਕਰੇ। (ਵਰਤ ਰੱਖੇ)

 

3. ਕਾਮਯ ਕਰਮ - ਇਹ ਕਰਮ ਜੀਵਨ ਵਿਚ ਜੀਵ ਫਲ ਦੀ ਪ੍ਰਾਪਤੀ ਲਈ ਕਰਦਾ ਹੈ। ਧਰਮ, ਅਰਥ, ਕਾਮ ਮੋਖਸ਼ ਦੀ ਪ੍ਰਾਪਤੀ ਲਈ ਕੀਤਾ ਕਰਮ ਹੀ ਕਾਮਯ ਕਰਮ ਹੈ।

 

4. ਪ੍ਰਾਯਸ਼ਚਿੱਤ ਕਰਮ - ਕੀਤੇ ਹੋਏ ਬੁਰੇ ਕਰਮਾਂ ਦੇ ਫਲ ਦੀ ਨਵਿਰਤੀ ਲਈ ਪ੍ਰਾਯਸ਼ਚਿੱਤ ਕਰਮ ਕਰਨ ਦਾ ਵਿਧਾਨ ਹੈ। ਗਊ ਹੱਤਿਆ ਲਈ ਗੰਗਾ ਇਸ਼ਨਾਨ ਤੇ ਕੁਰੂਕਸ਼ੇਤਰ ਤੇ ਪਿਹੋਵੇ ਪਿੰਡ ਦਾਨ ਆਦਿ ਤਰਪਣ ਕਰਨਾ ਹੀ ਪ੍ਰਾਸ਼ਚਿੱਤ ਕਰਮ ਹੈ।

 

ਪ੍ਰਾਸ਼ਚਿੱਤ ਕਰਮ ਵੀ ਦੋ ਪ੍ਰਕਾਰ ਦਾ ਹੈ। 1. ਸਾਧਾਰਨ ਪ੍ਰਾਸ਼ਚਿੱਤ

 

2. ਅਸਾਧਾਰਨ

 

ਪ੍ਰਾਸ਼ਚਿੱਤ ਕਰਮ।

 

ਸੰਨਿਆਸੀ ਦੇ ਦ੍ਰਬ ਨੂੰ ਹੱਥ ਲਗਾਉਣ ਦੀ ਨਵਿਰਤੀ ਸਾਧਾਰਨ ਪ੍ਰਾਸਚਿੱਤ ਕਰਮ ਕਹਾਉਦੀ ਹੈ। ਤੇ ਗਊ ਹੱਤਿਆ ਨਮਿੱਤ ਕੀਤਾ ਪ੍ਰਾਸ਼ਚਿੱਤ ਅਸਾਧਾਰਨ ਪ੍ਰਾਸ਼ਚਿੱਤ ਕਰਮ ਕਹਾਉਂਦਾ ਹੈ।

 

ਵਿਹਿਤ ਕਰਮ ਵਿਚ ਹੀ ਸਕਾਮ ਤੇ ਨਿਸ਼ਕਾਮ ਕਰਮ ਹਨ।

 

ਸਕਾਮ ਕਰਮ - ਕਾਮਨਾ ਸਹਿਤ ਭਾਵ ਫਲ ਦੀ ਇੱਛਾ ਦੀ ਪ੍ਰਾਪਤੀ ਲਈ ਕੀਤਾ ਕਰਮ ਸਕਾਮ ਕਰਮ ਹੈ। ਜਿਵੇਂ - ਪੁੱਤਰ ਪ੍ਰਾਪਤੀ ਲਈ ਪੁਤ੍ਰੇਸ਼ਟ ਯੱਗ ਤੇ ਖਿਆਤੀ ਵਧਾਉਣ ਲਈ ਅਸ਼ਮੇਧ ਯੱਗ ਆਦਿ, ਜੰਗ ਦੀ ਜਿੱਤ ਲਈ ਯੱਗ ਆਦਿ ਕਰਨਾ। ਨਿਸ਼ਕਾਮ ਕਰਮ- ਜਿਸ ਕਰਮ ਦੇ ਕਰਨ ਸਮੇਂ ਮਨ ਵਿਚ ਕੋਈ ਇੱਛਾ ਨ ਹੋਵੇ। ਫਲ ਦੀ ਇੱਛਾ ਨ ਹੋਵੇ ਉਸ ਨੂੰ ਨਿਸ਼ਕਾਮ ਕਰਮ ਕਹਿੰਦੇ ਹਨ। ਨਿਸ਼ਕਾਮ ਕਰਮ ਕਰਨ ਦਾ ਫਲ ਬਹੁਤ ਹੀ ਵੱਡਾ ਹੈ। ਮਨ, ਤਨ, ਗੁਰੂ ਨੂੰ ਸਮਰਪਿਤ ਕਰ ਦੇਣਾ। ਉਸ ਦੇ ਸਾਰੇ ਹੀ ਕਾਰਜ ਰਾਸ ਹੋ ਜਾਂਦੇ ਹਨ। ਇਥੋਂ ਤੱਕ ਪ੍ਰਭੂ ਪ੍ਰਾਪਤੀ ਵੀ ਹੋ ਜਾਂਦੀ ਹੈ।

 

ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥

 

(੨੮੬ -ਗਉੜੀ ਸੁਖਮਨੀ ਮ:੫)

 

ਨਿਸ਼ਕਾਮ ਕਰਮ ਦੀ ਮਹੱਤਤਾ ਗੁਰਬਾਣੀ ਵਿਚ ਬਹੁਤ ਜਿਆਦਾ ਵਰਣਨ ਕੀਤੀ ਹੈ। ਗੁਰੂ ਸਾਹਿਬਾਨ ਦਾ ਸਿਧਾਂਤ ਵੀ ਇਹ ਹੀ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਲਹਿਣਾ ਜੀ ਨੇ ਨਿਸ਼ਕਾਮ ਸੇਵਾ ਕੀਤੀ ਤੇ ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਬਣੇ ਤੇ ਉਨਾਂ ਦਾ ਸਰੂਪ ਹੀ ਹੋ। ਨਿਬੜੇ। ਦੂਸਰੇ ਸਰੂਪ ਗੁਰੂ ਅੰਗਦ ਦੇਵ ਜੀ ਦੀ, ਸ੍ਰੀ ਗੁਰੂ ਅਮਰਦਾਸ ਜੀ ਨੇ ਨਿਸ਼ਕਾਮ ਸੇਵਾ ਕੀਤੀ ਤਾਂ ਉਨ੍ਹਾਂ ਨੂੰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਤੇ ਨਿਆਸਰਿਆਂ ਦੇ ਆਸਰੇ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਦਾ ਸਰੂਪ ਪਰਾਪਤ ਹੋ ਗਿਆ। ਸੂਬਾ ਲਾਹੌਰ ਵਲੋਂ ਆਇਆ ਨਵਾਬੀ ਦਾ ਖਿਤਾਬ, ਨਿਸ਼ਕਾਮ ਸੇਵਾ ਕਰਨ ਵਾਲੇ ਭਾਈ ਕਪੂਰ ਸਿੰਘ ਜੀ ਦੇ ਹਿੱਸੇ ਆਇਆ। ਸਿੱਖ ਗੁਰੂ ਤੇ ਗੁਰੂ ਹੀ ਸਿੱਖ ਦਾ ਸਿਧਾਂਤ ਚਲਦਾ ਰਿਹਾ।

 

ਦੂਜੇ ਭਾਈ ਗੁਰਦਾਸ ਜੀ-

 

“ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ॥ "

 

(ਵਾਰ ੪੨-ਦੂਜਾ ਭਾਈ ਗੁਰਦਾਸ) ਸਕਾਮ ਕਰਮ - ਜਿਸ ਕਰਮ ਨੂੰ ਕਰਨ ਪਿੱਛੋਂ ਫਲ਼ ਦੀ ਇੱਛਾ ਹੋਵੇ ਉਹ ਸਕਾਮ ਕਰਮ ਕਹਾਉਂਦਾ ਹੈ। ਨਿਸ਼ਕਾਮ ਕਰਮ ਤੇ ਸਕਾਮ ਕਰਮ ਫਲ ਦੋਨੋ ਹੀ ਦਿੰਦੇ ਹਨ।

 

ਨਿਸ਼ਕਾਮ ਕਰਮ ਕਰਨ ਪਿੱਛੋਂ ਫਲ ਦੀ ਇੱਛਾ ਕਰਮ ਕਰਤਾ ਨੂੰ ਭਾਵੇ ਨਾਂ ਹੋਵੇ ਪਰ ਫਿਰ ਵੀ ਉਸ ਨੂੰ ਸ਼੍ਰੇਸ਼ਟਤਾ ਤੇ ਉਚ ਪਦਵੀ ਪਰਾਪਤ ਹੋ ਜਾਂਦੀ ਹੈ । ਮੁਕਤੀ ਲੋਕ ਜਸ ਆਦਿ ਮਿਲ ਜਾਂਦੇ ਹਨ। ਜਿਹਾ ਉਪਰਲੇ ਪ੍ਰਮਾਣਾ ਤੋਂ ਸਿੱਧ ਹੈ। ਸਕਾਮ ਕਰਮ ਦਾ ਫਲ ਮਿਲਣ ਤੋਂ ਬਾਅਦ ਕਰਮ ਨਸ਼ਟ ਹੋ ਜਾਂਦਾ ਹੈ । ਇਸੇ ਤਰਾਂ ਨਿੱਤ ਕਰਮ ਤੇ ਨਮਿੱਤ ਕਰਮ ਦੋਹਾਂ ਦਾ ਫਲ ਸਵਰਗ ਹੈ। ਜਿਹੜਾ ਜੀਵ ਇਹ ਦੋਨੋਂ ਕਰਮ ਕਰਦਾ ਹੈ। ਉਹ ਵੀ ਉਤਮ ਲੋਕ ਪਰਾਪਤ ਕਰ ਲੈਂਦਾ ਹੈ। ਫਿਰ ਜਨਮ ਦਾ ਅਭਾਵ ਨਹੀਂ। ਜੇਕਰ ਇਹ ਕਿਹਾ ਜਾਵੇ ਕਿ ਇਨਾਂ ਦੋਹਾਂ ਦਾ ਫਲ ਨਹੀਂ ਹੈ ਤਾਂ ਫਿਰ ਬੇਦ ਜਿਹੜਾ ਇਹ ਕਰਮ ਕਰਨ ਲਈ ਕਹਿੰਦਾ ਹੈ। ਉਹ ਨਿਸਫਲ ਹੋ ਜਾਵੇਗਾ ਨਿੱਤ ਤੇ ਨਮਿੱਤ ਕਰਮ ਦੋਨੋਂ ਹੀ ਫਲ ਦੇ ਦੇਣ ਵਾਲੇ ਹਨ। ਨਿੱਤ ਤੇ ਨਮਿੱਤ ਕਰਮ ਕਰਨੇ ਤੇ ਸਵਰਗ ਰੂਪੀ ਫਲ ਪ੍ਰਾਪਤ ਹੁੰਦਾ ਹੈ।

 

ਕਰਮ ਰੂਪੀ ਬੀਜ ਤੋਂ ਦੋ ਫਲ ਉਤਪੱਨ ਹੁੰਦੇ ਹਨ।

 

1. ਵਾਸਨਾ 2. ਅਦ੍ਰਿਸ਼ਟ ।

 

ਜਿਵੇਂ ਸ਼ੁਭ ਕਰਮ ਕਰਨ ਕਰਕੇ ਸ਼ੁਭ ਭਾਵਨਾ ਧਰਮ ਰੂਪੀ ਬੀਜ ਪੈਦਾ ਹੁੰਦਾ ਹੈ। ਅਸ਼ੁਭ ਕਰਮ ਕਰਨੇ ਨਾਲ ਅਸ਼ੁਭ ਭਾਵਨਾ ਅਧਰਮ ਰੂਪੀ ਬੀਜ ਪੈਦਾ ਹੁੰਦਾ ਹੈ। ਸ਼ੁੱਭਕਰਮ ਕਰਨ ਤੇ ਸ਼ੁੱਭ ਵਾਸਨਾ ਨਾਲ ਧਰਮ ਪੈਦਾ ਹੋਵੇਗਾ। ਧਰਮ ਦਾ ਫਲ਼ ਸੁੱਖ ਹੈ ਤੇ ਅਧਰਮ ਦਾ ਫਲ ਦੁੱਖ ਹੈ। “ਅਦ੍ਰਿਸ਼ਟ” ਇਸ ਤਰਾਂ ਵਾਸਨਾ ਤੋਂ ਅਦ੍ਰਿਸ਼ਟ ਰੂਪੀ ਬੀਜ ਪੈਦਾ ਹੁੰਦਾ ਹੈ। ਸ਼ਾਸ਼ਤਰ ਦਾ ਨਿਰਣਾ ਹੈ ਕਿ ਵਾਸਨਾ ਰੂਪੀ ਅੰਕੁਰ ਦਾ ਫਲ ਉਪਾਅ ਕਰਨ ਤੇ ਖਤਮ (ਨਸ਼ਟ) ਹੋ ਜਾਂਦਾ ਹੈ ਪਰ ਅਦ੍ਰਿਸ਼ਟ ਰੂਪੀ ਬੀਜ ਦੀ ਉਤਪੱਤੀ ਕਿਸੇ ਤਰਾਂ ਵੀ ਨਾਸ ਨਹੀਂ ਹੁੰਦੀ।

 

ਇਸੇ ਤਰ੍ਹਾਂ ਅਸ਼ੁਭ ਕਰਮ ਤੋਂ ਪੈਦਾ ਹੋਇਆ, ਅਸ਼ੁਭ ਭਾਵਨਾ ਰੂਪੀ ਅੰਕੁਰ ਦਾ ਸਤਸੰਗ ਕਰਨ ਤੇ ਨਾਸ ਹੋ ਜਾਂਦਾ ਹੈ ਅਤੇ ਸ਼ੁੱਭ ਕਰਮ ਤੋਂ ਪੈਦਾ ਹੋਈ ਸ਼ੁੱਭ ਭਾਵਨਾ ਦਾ ਨਾਸ, ਕੁਸੰਗਤ ਕਰਨ ਨਾਲ ਹੁੰਦਾ ਹੈ। ਫਲ ਦਿੱਤੇ ਤੋਂ ਬਿਨਾਂ ਕਰਮ ਦੀ ਨਵਿਰਤੀ ਨਹੀਂ ਬਣਦੀ। ਅਗਿਆਨੀ ਪੁਰਖ ਨੂੰ ਕਰਮ ਦੇ ਫਲ਼ ਭੋਗਣ ਤੋਂ ਬਿਨਾਂ ਕਰਮ ਫਲ਼ ਦੀ ਨਵਿਰਤੀ ਨਹੀਂ ਬਣਦੀ। ਗਿਆਨਵਾਨ ਪੁਰਖ ਨੂੰ ਕੀਤੇ ਕਰਮ ਦਾ ਫਲ ਭੋਗਣ ਤੋਂ ਬਿਨਾਂ ਹੀ ਨਵਿਰਤੀ ਬਣਦੀ ਹੈ ਕਿਉਂਕਿ ਕਰਮ, ਕਰਤਾ ਤੇ ਫਲ ਪਰਮਾਰਥ ਵਿਚ ਤਾਂ ਹੈ ਨਹੀਂ, ਪ੍ਰੰਤੂ ਕੇਵਲ ਅਵਿਦਿਆ ਵਿਚ ਕਲਪਿਤ ਹੈ, ਮੈਂ ਕਰਮ ਕਰਦਾ ਹਾਂ ਤੇ ਮੈਂ ਹੀ ਕਰਮ ਫਲ ਦਾ ਭੋਗਤਾ ਬਣਦਾ ਹਾਂ। ਗਿਆਨਵਾਨ ਕਰਮ ਕਰਦਾ ਹੋਇਆ ਵੀ ਨਿਹਕਰਮੀ ਹੈ।

 

ਕਾਹੂ ਫਲ ਕੀ ਇਛਾ ਨਹੀ ਬਾਛੈ ॥

 

ਕੇਵਲ ਭਗਤਿ ਕੀਰਤਨ ਸੰਗਿ ਰਾਚੈ॥

 

(੨੭੪ - ਸੁਖਮਨੀ ਮ:੫ )

 

ਅਵਿਦਿਆ ਵਿਚ ਕਲਪਿਤ ਕਰਮ ਭੀ ਗਿਆਨ ਹੋਣ ਤੇ ਨਾਸ਼ ਹੋ ਜਾਂਦਾ ਹੈ ਉਦਾਹਰਣ ਵਜੋਂ ਜਿਸ ਤਰਾਂ ਗੂੜੀ ਨੀਦ ਦੇ ਸੁਪਨੇ ਵਿਚ ਪ੍ਰਤੀਤ ਹੋਣ ਵਾਲੇ ਪਦਾਰਥਾਂ ਦਾ ਨੀਂਦ ਦੀ ਨਵਿਰਤੀ ਸੁਪਨੇ ਦੀ ਸਮਾਪਤੀ ਤੇ ਜਾਗਰਤ ਅਵਸਥਾ ਦੀ ਪਰਾਪਤੀ ਸਮੇਂ ਅਭਾਵ ਹੋ ਜਾਂਦਾ ਹੈ। ਇਸੇ ਤਰਾਂ ਅਵਿਦਿਆ ਰੂਪੀ ਨੀਂਦ ਵਿਚ ਪਰਤੀਤ ਹੋਣ ਵਾਲਾ ਕਰਮ ਕਰਤਾ ਫਲ ਉਸਦਾ ਭੀ ਗਿਆਨ ਦਸ਼ਾ ਰੂਪੀ ਜਾਗਰਤ ਵਿਖੇ ਅਵਿਦਿਆ ਦੀ ਨਵਿਰਤੀ ਤੋਂ ਅਭਾਵ ਹੋ ਜਾਂਦਾ ਹੈ। ਪ੍ਰੰਤੂ ਗਿਆਨ ਹੋਏ ਤੋਂ ਬਿਨਾਂ ਅਭਾਵ ਨਹੀਂ ਹੁੰਦਾ। ਜੇਕਰ ਇਹ ਕਿਹਾ ਜਾਵੇ, ਕਿ ਕਰਮ ਦੇ ਫਲ ਦੀ ਇਛਾ ਦੁੱਖ ਹੈ। ਤਾਂ ਦੁੱਖ ਦੀ ਇੱਛਾ ਕਿਸੇ ਨੂੰ ਭੀ ਨਹੀਂ ਹੈ। ਇਸ ਲਈ ਗਿਆਨ ਤੋਂ ਬਿਨਾਂ ਕਰਮ ਦੇ ਫਲ ਦਾ ਅਭਾਵ ਨਹੀਂ ਹੁੰਦਾ।

 

ਕਰਮ ਭਾਵੇਂ ਇੱਛਾ ਦੇ ਰਹਿਤ ਹੋਵੇ ਜਾਂ ਇਛਾ ਸਹਿਤ ਹੋਵੇ ਉਸਦਾ ਫਲ ਮਿਲੇਗਾ ਹੀ, ਜਿਵੇਂ ਮਨੁੱਖ ਮਾਤਰ ਦਾ ਕਤਲ ਜਾਣ ਬੁੱਝ ਕੇ ਕੀਤਾ ਹੋਵੇ ਜਾਂ ਅਨਜਾਣੇ ਵਿਚ ਕੀਤਾ ਹੋਵੇ। ਕਤਲ ਦੋਨੋ ਤਰਾਂ ਹੀ ਕਾਨੂੰਨੀ ਤੌਰ ਤੇ ਜੁਰਮ ਹੈ। ਇੱਛਾ ਰਹਿਤ ਕਰਮ ਕਰਨੇ ਨਾਲ ਜਗਿਆਸੂ ਦੇ ਅੰਤਹਕਰਣ ਦੀ ਸ਼ੁੱਧੀ ਹੁੰਦੀ ਹੈ। ਇੱਛਾ ਸਹਿਤ ਜਿਹੜਾ ਕਰਮ ਕੀਤਾ ਹੋਵੇ ਉਸ ਦਾ ਫਲ ਭੋਗੇ ਤੇ ਨਾਸ਼ ਹੋਵੇਗਾ ।

 

ਜੇ ਇੱਛਾ ਰਹਿਤ ਕਰਮ ਕਰਨੇ ਤੇ ਅੰਤਹਕਰਣ ਸ਼ੁੱਧ ਹੋ ਕੇ ਬੇਦ ਵਾਕ ਸਰਵਣ ਕਰਨੇ ਤੇ ਗਿਆਨ ਹੋ ਜਾਵੇ ਤਾਂ ਉਸਨੂੰ ਕਰਮ ਫਲ ਨਹੀਂ ਹੋਵੇਗਾ। ਇੱਛਾ ਰਹਿਤ ਕੀਤੇ ਕਰਮ ਦਾ ਫਲ਼ ਤਾਂ ਨਾਸ਼ ਨਹੀਂ ਹੋਵੇਗਾ। ਜਿਹੜਾ ਇਹ ਕਿਹਾ ਗਿਆ ਹੈ । ਕਿ ਪ੍ਰਾਸ਼ਚਿਤ ਕਰਮ ਕਰਨ ਨਾਲ ਪੂਰਵ ਜਨਮ ਦੇ ਅਸ਼ੁਭ ਕਰਮਾਂ ਦਾ ਫਲ ਨਸ਼ਟ ਹੋ। ਜਾਵੇ ਹੈ। ਉਹ ਜਨਮਾਂ- ਜਨਮਾਂਤਰਾਂ ਦੇ ਪਾਪ ਕਰਮ ਦਾ ਫਲ ਪਰਮੇਸ਼ਰ ਦਾ ਨਾਮ ਤੇ ਗੰਗਾ ਆਦਿ ਇਸ਼ਨਾਨ ਕਰਨੇ ਕਰਕੇ ਉਤਰ ਜਾਂਦੇ ਹਨ। ਉਹ ਭੀ ਅਸਲ ਵਿਚ ਸਰਵ ਪਾਪਾਂ ਦੇ ਫਲ ਦਾ ਨਾਸਕ ਗਿਆਨ ਹੀ ਹੈ। ਸੰਪੂਰਣ ਵਿਚਾਰ ਸਪੱਸ਼ਟ ਕਰਦੀ ਹੈ ਕਿ ਕਾਮਯ ਕਰਮ ਤੇ ਨਖਿੱਧ ਕਰਮਾਂ ਨੂੰ ਤਿਆਗ ਕੇ ਜਗਿਆਸੂ ਸ਼ੁੱਭ ਕਰਮ ਕਰੇ ਤੀਰਥ ਇਸ਼ਨਾਨ ਤੇ ਪ੍ਰੇਮੇਸ਼ਰ ਦਾ ਨਾਮ ਸਿਮਰਨ ਕਰੇ

 

“ ਸਰਵ ਰੋਗ ਕਉ ਅਉਖਧ ਨਾਮਿ "

 

(२०४ - ਸੁਖਮਨੀ : ५)

 

ਜਿਵੇਂ ਉਪਰ ਦੀ ਉਦਾਹਰਣ ਵਿਚ ਸੁਪਨੇ ਦੇ ਪਦਾਰਥਾਂ ਦਾ ਜਾਗ੍ਰਤ ਅਵਸਥਾ ਤੋਂ ਬਿਨਾਂ ਅਭਾਵ ਨਹੀਂ ਹੁੰਦਾ, ਇਸੇ ਤਰਾਂ ਬੰਧ ਭੀ ਮਿਥਿਆ ਹਨ ਪਰ ਉਨ੍ਹਾਂ ਦੀ ਨਵਿਰਤੀ ਗਿਆਨ ਰੂਪੀ ਜਾਗ੍ਰਤ ਤੋਂ ਬਿਨਾਂ ਨਹੀਂ ਹੋ ਸਕਦੀ। ਨਿੱਜ ਸਰੂਪ ਦਾ ਗਿਆਨ ਸਾਰਿਆਂ ਤੋਂ ਉੱਤਮ ਹੈ।

ਸੰਤ ਤੇਜਾ ਸਿੰਘ ਐਮਏ ਰਚਿਤ ਪੁਸਤਕ ਚੋਣਵੇਂ ਨਿਰਮਲ ਲੇਖ ਵਿੱਚੋਂ