Kesari ePaper Header

ਪੰਜਾਬ ਨਾ ਹਿੰਦੂ ਨਾ ਮੁਸਲਮਾਨ

ਪੰਜਾਬ ਨਾ ਹਿੰਦੂ ਨਾ ਮੁਸਲਮਾਨ

Punjab is neither Hindu nor Muslim.

 

ਪੰਜਾਬ ਦੀ ਧਰਤੀ, ਪੰਜਾਬ ਦੇ ਸਭਿਆਚਾਰ ਵਿਚੋਂ 10 ਗੁਰੂ ਸਾਹਿਬਾਨ ‌‌ਨੂੰ ਕਿਸੇ ਰੂਪ ਵਿੱਚ ਕਦੇ ਵੀ ਮਨਫੀ ਨਹੀਂ ਕੀਤਾ ਜਾ ਸਕਦਾ ਹੈ। ਇਸੇ ਲਈ ਤਾਂ ਪੰਜਾਬੀ ਭਾਸ਼ਾ ਦਾ ਅਲਬੇਲਾ ਕਵੀ *ਪ੍ਰੋਫੈਸਰ ਪੂਰਨ ਸਿੰਘ* ਆਪਣੀ ਕਲਮ ਤੋਂ ਲਿਖਦਾ ਹੈ -

 

*"ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ।"*

 

ਪੰਜ ਦਰਿਆਵਾਂ ਦੇ ਪਾਣੀਆਂ ਦੀ ਧਰਤੀ ਪੰਜਾਬ ਦੇ ਚੱਪੇ ਚੱਪੇ ਨੂੰ 10 ਗੁਰੂ ਸਾਹਿਬਾਨ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ। ਇਥੇ ਗੁਰੂ ਸਾਹਿਬਾਨ ਨੇ ਧਰਮ ਨੂੰ ਪ੍ਰੈਕਟੀਕਲ ਰੂਪ ਵਿੱਚ ਜਿਊ ਕੇ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਨਿਵੇਕਲਾ ਅਤੇ ਵਿਲੱਖਣ ਸਿਧਾਂਤ ਪੇਸ਼ ਕੀਤਾ।

 

ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਨੂੰ ਮੱਕੇ ਕਾਬੇ ਦੀ ਯਾਤਰਾ ਦੌਰਾਨ ਉਥੋਂ ਦੇ ਕਾਜ਼ੀਆਂ, ਮੌਲਾਣਿਆਂ , ਹਾਜ਼ੀਆਂ ਵੱਲੋਂ ਪ੍ਰਸ਼ਨ ਕੀਤਾ ਗਿਆ ਕਿ ਤੁਸੀਂ ਕੌਣ ਹੋ, ਅਤੇ ਕਿਸ ਧਰਮ ਨਾਲ ਸਬੰਧ ਰੱਖਦੇ ਹੋ ? ਤਾਂ ਸਤਿਗੁਰੂ ਜੀ ਨੇ ਜੋ ਬਾ-ਕਮਾਲ ਉੱਤਰ ਦਿੱਤਾ, ਉਸ ਨੂੰ ਇੱਕ ਕਵੀ ਨੇ ਕਲਮਬੱਧ ਕੀਤਾ ਹੈ -

 

*" ਹਿੰਦੂ ਕਹੂੰ ਤੋ ਮਾਰੋ, ਮੁਸਲਮਾਨ ਮੈਂ ਨਾਹੀਂ । ਪਾਂਚ ਤੱਤ ਕਾ ਪੁਤਲਾ, ਨਾਨਕ ਮੇਰਾ ਨਾਉਂ।"*

 

ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਹੋਰ ਸਵਾਲ ਕੀਤਾ ਕਿ ਜਿਹੜੀ ਧਾਰਮਿਕ ਕਿਤਾਬ (ਗੁਰਬਾਣੀ ਦੀਆਂ ਪੋਥੀਆਂ) ਤੁਹਾਡੇ ਕੋਲ ਹੈ ਇਸਨੂੰ ਖੋਲ੍ਹ ਕੇ ਦੱਸੋ ਕਿ *ਹਿੰਦੂ ਵੱਡਾ ਹੁੰਦਾ ਹੈ ਕਿ ਮੁਸਲਮਾਨ ?* ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ਭਾਵਪੂਰਤ ਜਵਾਬ ਦਿੱਤਾ, ਜੋ *ਭਾਈ ਗੁਰਦਾਸ ਜੀ* ਵੱਲੋਂ ਪਹਿਲੀ ਵਾਰ ਦੀ ਪਉੜੀ ਨੰਬਰ 33 ਵਿੱਚ ਦਰਜ ਕੀਤਾ ਗਿਆ ਹੈ -

 

*ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ।। ਬਾਬਾ ਆਖੇ ਹਾਜੀਆਂ ਸ਼ੁਭਿ ਅਮਲਾਂ ਬਾਝਹੁ ਦੋਨੋ ਰੋਈ ।। ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ ।।*

 

ਭਾਵ ਕਿ - ਸਵਾਲ ਕਰਨ ਵਾਲੇ ਮਾਤਾ ਪਿਤਾ ਦੇ ਰਾਹੀਂ ਮਿਲਣ ਵਾਲੀ ਜਨਮ ਜਾਤ ਅਤੇ ਧਰਮ ਦੇ ਆਧਾਰ ਤੇ ਪੁੱਛਦੇ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਵੱਲੋਂ ਆਪਣੇ ਜੀਵਨ ਕਾਲ ਵਿੱਚ ਕੀਤੇ ਜਾਂਦੇ ਕਰਮਾਂ ਦੇ ਆਧਾਰ ਤੇ ਜਵਾਬ ਦਿੱਤਾ ਕਿ ਪਾਰਬ੍ਰਹਮ ਪਰਮੇਸ਼ਰ ਦੇ ਦਰ ਤੇ ਕੇਵਲ ਹਿੰਦੂ, ਮੁਸਲਮਾਨ (ਸਿੱਖ,ਇਸਾਈ, ਪਾਰਸੀ, ਬੋਧੀ, ਜੈਨੀ ਆਦਿ) ਹੋਣ ਕਾਰਨ ਕਿਸੇ ਨੂੰ ਵੀ ਕੋਈ ਥਾਂ ਨਹੀਂ ਮਿਲਣੀ, ਸਗੋਂ ਉਸ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਕੀਤੇ ਗਏ ਚੰਗੇ- ਮੰਦੇ ਕਰਮਾਂ ਅਨੁਸਾਰ ਫੈਸਲਾ ਕੀਤਾ ਜਾਣਾ ਹੈ। 

 

ਇਸ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ *ਰਾਗ ਪ੍ਰਭਾਤੀ* ਅੰਦਰ *ਗੁਰੂ ਨਾਨਕ ਸਾਹਿਬ ਜੀ* ਵੱਲੋਂ ਉਚਾਰਨ ਕੀਤੇ ਗਏ ਪਾਵਨ ਗੁਰਬਾਣੀ ਬਚਨ ਸਾਡੀ ਅਗਵਾਈ ਕਰਦੇ ਹਨ -

 

*"ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ।। ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।।"* (1330)

 

10 ਗੁਰੂ ਸਾਹਿਬਾਨ ਜਿਥੇ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨਾਲ ਆਪ ਜੁੜੇ ਹੋਏ ਸਨ , ਉਥੇ ਹੋਰ ਅਭਿਲਾਖੀਆਂ ਨੂੰ ਵੀ ਜੋੜਦੇ ਹਨ।

 

ਦੂਜੇ ਪਾਸੇ ਸਤਿਗੁਰੂ ਸਾਹਿਬਾਨ ਧਾਰਮਿਕ, ਰਾਜਨੀਤਕ, ਸਮਾਜਿਕ, ਪਰਿਵਾਰਕ ਜੀਵਨ ਦੇ ਵੀ ਧਾਰਨੀ ਹੋਣ ਕਰਕੇ ਪ੍ਰਮਾਤਮਾ ਵੱਲੋਂ ਦਿੱਤੇ ਗਏ ਅਧਿਆਤਮਕ ਗਿਆਨ ਨੂੰ ਸਮੁੱਚੀ ਮਾਨਵਤਾ ਦੇ ਉਧਾਰ ਲਈ ਬਿਨਾ ਕਿਸੇ ਵਿਤਕਰੇ ਤੋਂ ਵੰਡਦੇ ਹਨ। ਅਧਿਆਤਮਕ ਗਿਆਨ ਭਰਪੂਰ ਜੀਵਨ ਦੇ ਨਾਲ ਨਾਲ ਸਮਾਜਿਕ ,ਪ੍ਰਵਾਰਿਕ ਜੀਵਨ ਨੂੰ ਸਫਲਤਾ ਨਾਲ ਕਿਵੇਂ ਜੀਵਿਆ ਜਾ ਸਕਦਾ ਹੈ, ਨੂੰ ਪ੍ਰੈਕਟੀਕਲ ਰੂਪ ਵਿੱਚ ਕਰ ਕੇ ਵਿਖਾਇਆ ਗਿਆ ਹੈ।

 

ਇਸੇ ਪੱਖ ਨੂੰ ਹੋਰ ਉਜਾਗਰ ਕਰਦੇ ਹੋਏ ਪੰਚਮ ਗੁਰਦੇਵ *ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ - ਰਾਗ ਭੈਰਉ* ਅੰਦਰ ਬਖਸ਼ਿਸ਼ ਕਰਦੇ ਹਨ -

 

*1)' ਨਾ ਹਮ ਹਿੰਦੂ ਨਾ ਮੁਸਲਮਾਨ।।*

*ਅਲਹ ਰਾਮ ਕੇ ਪਿੰਡੁ ਪਰਾਨ।।* (1136)

 

"*2) ਹਮਰਾ ਝਗਰਾ ਰਹਾ ਨਾ ਕੋਊ।।*

   *ਪੰਡਿਤ ਮੁਲਾਂ ਛਾਡੇ ਦੋਊ।।੧।। ਰਹਾਉ।।"*

*"ਪੰਡਿਤ ਮੁਲਾਂ ਜੋ ਲਿਖ ਦੀਆ।।*

*ਛਾਡਿ ਚਲੇ ਹਮ ਕਛੂ ਨਾ ਲੀਆ।।੪।।"*

(1158)

 

ਯਾਦ ਰੱਖੀਏ ਕਿ ਕੁਝ ਫਿਰਕੂ, ਜਨੂੰਨੀ ਕਿਸਮ ਦੇ ਲੋਕਾਂ ਵੱਲੋਂ ਪੰਜਾਬ ਵਿੱਚ ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰ ਕੇ ਪੰਜਾਬੀਆਂ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਕਈ ਤਰ੍ਹਾਂ ਦੇ ਬਿਖੇੜ੍ਹੇ ਕਰਦੇ ਹੋਏ ਆਪਣੇ ਸਵਾਰਥ ਸਿੱਧ ਕਰਦੇ ਹਨ , ਜੋ ਅਤਿ ਨਿੰਦਣਯੋਗ ਵਰਤਾਰਾ ਹੈ। ਪੰਜਾਬ ਦੇ ਨਿਵਾਸੀਆਂ ਨੂੰ ਇਹ ਗੱਲ ਪੱਕੇ ਤੌਰ ਤੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ - * ਪੰਜਾਬ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਇਸਾਈਆਂ, ਪਾਰਸੀਆਂ, ਬੋਧੀਆਂ, ਜੈਨੀਆਂ ਆਦਿ ਦਾ ਨਹੀਂ ਹੈ। ਸਗੋਂ 

 

*" ਪੰਜਾਬ ਇੱਥੇ ਪੂਰੀ ਤਰ੍ਹਾਂ ਨਾਲ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਹਰ ਹਾਲਾਤ ਅੰਦਰ ਕਾਇਮ ਰੱਖਣ ਵਾਲੇ, ਪੰਜਾਬੀ ਨੂੰ ਪਿਆਰ ਕਰਨ ਵਾਲੇ ਸਮੁੱਚੇ ਪੰਜਾਬੀਆਂ ਦਾ ਹੈ।"*

 

ਆਉ ! ਆਪਾਂ ਸਾਰੇ ਹੀ ਉਪਰੋਕਤ ਦਿੱਤੇ ਗਏ ਵਿਚਾਰਾਂ ਨੂੰ ਪੱਲੇ ਬੰਨ੍ਹਦੇ ਹੋਏ ਸੁਚੇਤ ਹੋਈਏ ਅਤੇ ਸਹੀ ਅਰਥਾਂ ਵਿੱਚ ਗੁਰਬਾਣੀ ਅਨੁਸਾਰੀ ਗਿਆਨਵਾਨ ਹੋ ਕੇ ਸ਼ੁਭ ਕਰਮਾਂ ਦੇ ਧਾਰਨੀ ਬਣੀਏ ਤਾਂ ਜੋ ਸਾਡੇ ਆਲੇ ਦੁਆਲੇ ਫਿਰਦੇ ਜਨੂੰਨੀ ਲੋਕ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਨ ਲਈ ਮਨੁੱਖਤਾ ਅੰਦਰ ਵੰਡੀਆਂ ਪਾਉਣ ਵਿੱਚ ਕਾਮਯਾਬ ਨਾ ਹੋ ਸਕਣ। ਇੱਕ ਪੰਜਾਬੀ ਗੀਤ ਦੇ ਬੜੇ ਪਿਆਰੇ ਬੋਲ ਹਨ -

 

*ਉਥੇ ਕਰਮਾਂ ਤੇ ਹੋਣੇ ਨੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ।*

 

ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।

 

 

ਸੁਖਜੀਤ ਸਿੰਘ ਕਪੂਰਥਲਾ 

98720-76876

********************

*ਨੋਟ -- ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*