ਅਸੀਂ 10 ਗੁਰੂ ਸਾਹਿਬਾਨ ਅਤੇ ਸਦੈਵ ਕਾਲ ਲਈ ਗੁਰਤਾ ਗੱਦੀ ਉਪਰ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਸਿੱਖ ਧਰਮ ਦੀ ਗੁਰਮਤਿ ਵਿਚਾਰਧਾਰਾ - ਗੁਰਮਤਿ ਸਿਧਾਂਤਾਂ ਨੂੰ ਸਮਝਣ ਲਈ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪਾਵਨ ਗੁਰਬਾਣੀ ਅਤੇ ਸਿਧਾਂਤਕ ਸਿੱਖ ਇਤਿਹਾਸ ਦੋ ਮੁੱਖ ਸੋਮੇ ਹਨ। ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਅਤੇ ਕੁਝ ਹੋਰ ਪੰਥ ਪ੍ਰਵਾਣਿਤ ਲਿਖਤਾਂ ਤੋਂ ਵੀ ਸੇਧ ਲਈ ਜਾ ਸਕਦੀ ਹੈ। 10 ਗੁਰੂ ਸਾਹਿਬਾਨ ਨੇ ਜਿਥੇ 1469 ਤੋਂ 1708 ਈਸਵੀ ਤੱਕ ਲਗਾਤਾਰ 239 ਸਾਲ ਦੇ ਲੰਮੇ ਸਮੇਂ ਦੀ ਅਣਥੱਕ/ਲੜੀ ਬੱਧ ਅਮਲੀ (Practical) ਘਾਲਣਾ ਘਾਲ ਕੇ ਸਿੱਖੀ ਨੂੰ ਇਤਿਹਾਸ ਰੂਪ ਵਿੱਚ ਸੰਸਾਰ ਦੇ ਸਾਹਮਣੇ ਰੂਪਮਾਨ ਕੀਤਾ। ਸਿੱਖੀ ਦੇ ਸਦੀਵੀਂ ਮਾਰਗ ਦਰਸ਼ਨ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਗੁਰਬਾਣੀ ਗਿਆਨ ਦੇ ਸਾਗਰ ਦੀ ਰਚਨਾ ਵੀ ਕੀਤੀ ਗਈ।
ਗੁਰੂ ਨਾਨਕ ਸਾਹਿਬ ਜੀ ਵੱਲੋਂ ਸਾਜੇ ਗਏ "ਨਿਰਮਲ ਪੰਥ" ਦੇ ਅਨੁਆਈਆਂ ਲਈ
"ਕਿਰਤ ਕਰਨਾ - ਨਾਮ ਜਪਣਾ - ਵੰਡ ਛਕਣਾ"
ਦੇ ਮੁੱਢਲੇ ਗੁਰਮਤਿ ਸਿਧਾਂਤਾਂ ਨਾਲ ਸਿੱਖੀ ਦੀ ਆਰੰਭਤਾ ਕੀਤੀ। ਜਿਸ ਵਿੱਚ ਬਾਕੀ ਗੁਰੂ ਸਾਹਿਬਾਨ ਵੱਲੋਂ ਆਪੋ ਆਪਣੇ ਸਮੇਂ ਲੋੜੀਂਦਾ ਯੋਗਦਾਨ ਪਾਉਂਦੇ ਹੋਏ ਅੱਗੇ ਵਧਾਇਆ ਗਿਆ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੱਤ ਸਾਰ ਕੱਢਦੇ ਹੋਏ ਗੁਰਮਤਿ ਮਾਰਗ ਦੇ ਪਾਂਧੀਆਂ ਲਈ ਸੰਖੇਪ ਵਿੱਚ ਸਿਧਾਂਤ ਨਿਰਧਾਰਤ ਕੀਤੇ ਗਏ।
"ਪੂਜਾ ਅਕਾਲ ਕੀ - ਪਰਚਾ ਸ਼ਬਦ ਕਾ - ਦੀਦਾਰ ਖਾਲਸੇ ਕਾ - ਆਤਮਾ ਗ੍ਰੰਥ ਵਿੱਚ - ਸਰੀਰ ਪੰਥ ਵਿੱਚ"
ਇਨ੍ਹਾਂ ਗੁਰਮਤਿ ਸਿਧਾਂਤਾਂ ਨਾਲ ਉਸ ਦੀ ਸੰਪੂਰਨਤਾ ਕੀਤੀ। ਭਾਵ ਕਿ ਸਿੱਖਾਂ ਵੱਲੋਂ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ/ ਅਰਾਧਨਾ ਸ਼ਬਦ ਗੁਰੂ ਤੋਂ ਅਗਵਾਈ ਲੈ ਕੇ ਉਸ ਅਨੁਸਾਰ ਕਰਨੀ ਹੈ। ਇਹ ਆਰੰਭਤਾ ਤੋਂ ਸੰਪੂਰਨਤਾ ਦਾ ਇੱਕ ਲੜੀ ਬੱਧ, ਸੂਤਰ ਬੱਧ ਪ੍ਰੋਗਰਾਮ 10 ਗੁਰੂ ਸਾਹਿਬਾਨ ਦੀ ਨਿੱਜੀ ਨਿਗਰਾਨੀ/ਅਗਵਾਈ ਹੇਠ ਮੰਜ਼ਿਲ ਤੱਕ ਪਹੁੰਚਿਆ।
ਗੁਰਮਤਿ ਸਿਧਾਂਤਾਂ ਅਨੁਸਾਰ ਸਿੱਖ ਧਰਮ ਵਿੱਚ
"ਸ਼ਬਦ ਗੁਰੂ - ਬਾਣੀ ਗੁਰੂ - ਸ਼ਬਦ ਗੁਰ ਪੀਰਾ"
ਮੰਨਿਆ ਗਿਆ ਹੈ, ਪਰ ਕਿਸੇ ਸਰੀਰ ਨੂੰ ਗੁਰੂ ਰੂਪ ਵਿੱਚ ਕਦੀ ਵੀ ਪ੍ਰਵਾਨ ਨਹੀਂ ਕੀਤਾ ਗਿਆ। ਜੇਕਰ ਐਸਾ ਮੰਨ ਲਿਆ ਜਾਵੇ ਤਾਂ
"ਭਾਈ ਲਹਿਣਾ ਜੀ - ਗੁਰੂ ਅੰਗਦ ਸਾਹਿਬ, ਬਾਬਾ ਅਮਰਦਾਸ ਜੀ - ਗੁਰੂ ਅਮਰਦਾਸ ਜੀ, ਭਾਈ ਜੇਠਾ ਜੀ - ਗੁਰੂ ਰਾਮਦਾਸ ਜੀ"
ਆਦਿ ਦੇ ਸਰੀਰ ਤਾਂ ਉਹੀ ਰਹੇ, ਪਰ ਅਸੀਂ ਇਨ੍ਹਾਂ ਨੂੰ ਗੁਰੂ ਰੂਪ ਵਿੱਚ ਮਾਨਤਾ ਉਦੋਂ ਹੀ ਦਿੰਦੇ ਹਾਂ ਜਦੋਂ ਅਕਾਲ ਪੁਰਖ ਵੱਲੋਂ ਗੁਰੂ ਨਾਨਕ ਸਾਹਿਬ ਜੀ ਰਾਹੀਂ ਬਖਸ਼ਿਸ਼ ਗੁਰੂ ਜੋਤਿ ਦੇ ਮਾਲਕ ਬਣਦੇ ਹਨ। ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਣ ਤੋਂ ਪਹਿਲਾਂ ਇਹ ਸਾਰੇ ਸਤਿਕਾਰਤ ਸਿੱਖ ਰੂਪ ਵਿੱਚ ਤਾਂ ਪ੍ਰਵਾਨ ਕੀਤੇ ਜਾ ਸਕਦੇ ਹਨ, ਗੁਰੂ ਰੂਪ ਵਿੱਚ ਕਦਾਚਿੱਤ ਨਹੀਂ।
ਪ੍ਰਥਮ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪ ਉਚਾਰਨ ਕੀਤੀ ਗਈ ਪਾਵਨ ਗੁਰਬਾਣੀ ਅਤੇ ਵੱਖ-ਵੱਖ ਥਾਵਾਂ ਤੋਂ ਭਗਤ ਸਾਹਿਬਾਨ ਵੱਲੋਂ ਉਚਾਰਨ ਕੀਤੀ ਗਈ ਪਾਵਨ ਗੁਰਬਾਣੀ ਨੂੰ ਪੋਥੀਆਂ ਦੇ ਰੂਪ ਵਿੱਚ ਸੰਭਾਲ ਕੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਦੇ ਨਾਲ ਸਪੁਰਦਗੀ ਕੀਤੀ ਗਈ। ਦੂਜੇ-ਤੀਜੇ-ਚੌਥੇ ਗੁਰੂ ਸਾਹਿਬਾਨ ਨੇ ਇਸ ਗੁਰਬਾਣੀ ਦੇ ਖਜ਼ਾਨੇ ਵਿੱਚ ਆਪਣੇ ਵੱਲੋਂ ਹੋਰ ਵਾਧਾ ਕਰਦੇ ਹੋਏ ਗੁਰਤਾ ਗੱਦੀ ਦੇ ਨਾਲ ਸਪੁਰਦਗੀ ਕੀਤੀ ਗਈ। ਇਸ ਤਰ੍ਹਾਂ ਗੁਰਬਾਣੀ ਦਾ ਪ੍ਰਮਾਣੀਕ ਖਜ਼ਾਨਾ ਸ੍ਰੀ ਗੁਰੂ ਅਰਜਨ ਸਾਹਿਬ ਤੱਕ ਪਹੁੰਚ ਗਿਆ।
ਗੁਰਤਾ ਗੱਦੀ ਦੇ ਨਾਲ ਪ੍ਰਾਪਤ ਪਾਵਨ ਗੁਰਬਾਣੀ ਦੀ ਇਸ ਅਮੋਲਕ ਦਾਤ ਵਿੱਚ ਆਪਣੀ ਉਚਾਰਨ ਕੀਤੀ, 11 ਭੱਟ ਸਾਹਿਬਾਨ ਅਤੇ 3 ਗੁਰਸਿੱਖਾਂ ਵੱਲੋਂ ਉਚਾਰਨ ਕੀਤੀਆਂ ਗਈਆਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਰਾਹੀਂ ਇਕੱਤਰ ਹੋਏ ਬਾ-ਕਮਾਲ ਖ਼ਜ਼ਾਨੇ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਗੁਰੂ ਰੂਪ ਵਿੱਚ ਅਕਾਲ ਪੁਰਖ ਵੱਲੋਂ ਬਖਸ਼ਿਸ਼ ਗੁਰਬਾਣੀ ਦੀ ਸੰਪਾਦਨਾ ਦੇ ਮਹਾਨ ਕਾਰਜ ਨੂੰ ਆਪਣੀ ਸੁਯੋਗ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਰਾਹੀਂ ਮੁਕੰਮਲ ਕਰਦੇ ਹੋਏ "ਆਦਿ ਬੀੜ" ਦਾ ਸੰਕਲਣ ਕਰਕੇ 1604 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੂਰੇ ਸ਼ਾਹੀ ਜਾਹੋ ਜਲਾਲ ਅਤੇ ਪੂਰੇ ਅਦਬ ਸਤਿਕਾਰ ਨਾਲ ਪਹਿਲੀ ਵਾਰ ਪ੍ਰਕਾਸ਼ ਕੀਤਾ।
ਇਸ ਦਿਨ ਦੇ ਸਾਰੇ ਮਹਾਨ ਕਾਰਜ ਦੀ ਸਮਾਪਤੀ ਉਪਰੰਤ ਕੁਝ ਸਿੱਖਾਂ ਵੱਲੋਂ ਆਪਣੇ ਮਨ ਦੇ ਅੰਦਰ ਉੱਠ ਰਹੇ ਪ੍ਰਸ਼ਨ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸਨਮੁੱਖ ਰੱਖਿਆ ਗਿਆ -
"ਸਤਿਗੁਰੂ ਜੀ! ਆਪ ਜੀ ਦੇ ਸਰੀਰਕ ਰੂਪ ਵਿੱਚ ਸੰਸਾਰ ਤੇ ਮੌਜੂਦ ਹੁੰਦਿਆਂ ਆਦਿ ਗ੍ਰੰਥ ਦੀ ਸੰਪਾਦਨਾ ਅਤੇ ਪ੍ਰਕਾਸ਼ ਕਰਨ ਦੀ ਲੋੜ ਕੀ ਹੈ ?"
ਸਿੱਖਾਂ ਵੱਲੋਂ ਪੁੱਛੇ ਗਏ ਪ੍ਰਸ਼ਨ ਦਾ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਬੜਾ ਸਟੀਕ ਉੱਤਰ ਦਿੱਤਾ ਗਿਆ -
"ਸਿੱਖੋ ! ਨਾਸ਼ਵਾਨ ਸਰੀਰਾਂ ਨਾਲ ਜੁੜੋਗੇ ਤਾਂ ਵਿਛੜ ਜਾਉਗੇ, ਸਰੀਰਾਂ ਦੇ ਸਾਥ ਹਮੇਸ਼ਾਂ ਨਹੀਂ ਨਿਭਿਆ ਕਰਦੇ, ਅਸੀਂ ਇਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ, ਬਾਕੀ ਇਲਾਕਿਆਂ ਦੀ ਸੰਗਤ ਸਾਡਾ ਸਰੀਰਕ ਦੀਦਾਰ ਨਹੀਂ ਕਰ ਸਕਦੀ ਕਿਉਂਕਿ ਇੱਕ ਸਰੀਰ ਇੱਕ ਸਮੇਂ ਕੇਵਲ ਇੱਕ ਸਥਾਨ ਤੇ ਹੀ ਰਹਿ ਸਕਦਾ ਹੈ। ਗੁਰੂ ਤਾਂ ਉਹ ਚਾਹੀਦਾ ਹੈ ਜਿਹੜਾ ਹਰ ਸਮੇਂ ਹਰੇਕ ਸਿੱਖ ਦੇ ਨਾਲ ਮੌਜੂਦ ਰਹਿ ਸਕੇ।"
ਸਾਨੂੰ ਸਾਰਿਆਂ ਨੂੰ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਰਾਗ ਆਸਾ ਵਿੱਚ ਉਚਾਰਨ ਕੀਤੇ ਗਏ ਪਾਵਨ ਬਚਨਾਂ ਨੂੰ ਹਮੇਸ਼ਾਂ ਯਾਦ ਰੱਖਣ ਦੀ ਲੋੜ ਹੈ -
"ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।। ਸਿਮਰਿ ਸਿਮਰਿ ਤਿਸੁ ਸਦਾ ਸਮਾਲੇ।।"
(394)
ਦਾਸ ਦਾ ਦ੍ਰਿੜ ਵਿਸ਼ਵਾਸ ਹੈ ਕਿ ਜੇਕਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਦਿੱਤਾ ਗਿਆ ਉਪਰੋਕਤ ਜਵਾਬ ਹਰੇਕ ਸਿੱਖ ਦੇ ਮਨ ਵਿੱਚ ਪੂਰੀ ਤਰ੍ਹਾਂ ਨਾਲ ਪੱਲੇ ਬੱਝ ਜਾਵੇ ਤਾਂ ਸਾਡੇ ਆਲੇ ਦੁਆਲੇ ਪਾਖੰਡੀਆਂ ਵੱਲੋਂ ਪ੍ਰਚਲਿਤ ਬਾਬਾਵਾਦ, ਡੇਰਾਵਾਦ,ਦੇਹਧਾਰੀ ਗੁਰੂ ਡੰਮ ਆਦਿ ਦਾ ਸਾਡੇ ਸਿੱਖ ਸਮਾਜ ਵਿਚੋਂ ਪੂਰੀ ਤਰ੍ਹਾਂ ਨਾਲ ਖਾਤਮਾ ਹੋ ਸਕਦਾ ਹੈ।..
(ਚਲਦਾ...2)
*ਜ਼ਰੂਰੀ ਨੋਟ - ਸਨਿਮਰ ਬੇਨਤੀ ਹੈ ਕਿ "ਪ੍ਰਗਟ ਗੁਰਾਂ ਕੀ ਦੇਹ...." ਦੇ ਸਿਰਲੇਖ ਹੇਠ ਇਸ ਲੇਖ ਲੜੀ ਦੇ ਲਿਖੇ ਜਾਣ ਵਾਲੇ ਸਾਰੇ ਭਾਗ ਜ਼ਰੂਰ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਕਿਉਂ ਕਿ ਉਸ ਉਪਰੰਤ ਹੀ ਅਸੀਂ ਗੁਰਮਤਿ ਅਨੁਸਾਰ ਸਹੀ ਨਿਰਣੇ ਤੇ ਪਹੁੰਚਣ ਦੇ ਸਮਰੱਥ ਬਣ ਸਕਾਂਗੇ ਜੀ।*
*ਸੁਖਜੀਤ ਸਿੰਘ ਕਪੂਰਥਲਾ*
*98720-76876*
*********************
*ਨੋਟ -- ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*