Jalandhar submerged in half an hour of rain, Manjit Singh Titu surrounds the corporation
ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):—
ਬੀਤੀ ਸ਼ਾਮ ਨੂੰ ਪਈ ਕੇਵਲ ਅੱਧੇ ਘੰਟੇ ਦੀ ਬਾਰਿਸ਼ ਨੇ ਜਲੰਧਰ ਸ਼ਹਿਰ ਵਿੱਚ ਸੀਵਰੇਜ ਅਤੇ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਕਈ ਥਾਵਾਂ ‘ਤੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਅਤੇ ਦੁਕਾਨਾਂ ਤੱਕ ਪਹੁੰਚ ਗਿਆ, ਜਿਸ ਨਾਲ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਵੀ ਝੱਲਣਾ ਪਿਆ।
ਇਸ ਮਾਮਲੇ ‘ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਕੌਂਸਲਰ ਤੇ ਵਿਰੋਧੀਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਮਿਉਂਸੀਪਲ ਕਾਰਪੋਰੇਸ਼ਨ ਦੇ ਪ੍ਰਬੰਧਾਂ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਨਿਗਮ ਵੱਲੋਂ ਹਰ ਸਾਲ ਸੀਵਰੇਜ ਸਫ਼ਾਈ, ਵਾਧੂ ਕਰਮਚਾਰੀਆਂ ਦੀ ਤਾਇਨਾਤੀ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਮਸ਼ੀਨਾਂ ਖਰੀਦਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇੱਕ ਛੋਟੀ ਜਿਹੀ ਬਾਰਿਸ਼ ਨੇ ਇਨ੍ਹਾਂ ਸਾਰੇ ਦਾਅਵਿਆਂ ਦੀ ਹਕੀਕਤ ਲੋਕਾਂ ਸਾਹਮਣੇ ਰੱਖ ਦਿੱਤੀ ਹੈ।
ਐਡਵੋਕੇਟ ਅਮਿਤ ਸਿੰਘ ਸੰਧਾ ਨੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਵੈਸਟ ਹਲਕੇ ਨੂੰ 3-4 ਛੋਟੀਆਂ ਕਿਸ਼ਤੀਆਂ ਦਿੱਤੀਆਂ ਜਾਣ ਜਿਸ ਨਾਲ ਇਸ ਮੌਨਸੂਨ ਵਿਚ ਜੀਵਨ ਸੌਖਾ ਹੋ ਸਕੇ ਤੇ ਕੀਤੇ ਆਣਾ ਜਾਣਾ ਵੀ ਆਸਾਨ ਰਹੇ ।
ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਜਦੋਂ ਹਾਲੇ ਮਾਨਸੂਨ ਦੀ ਸ਼ੁਰੂਆਤ ਵੀ ਨਹੀਂ ਹੋਈ ਅਤੇ ਸ਼ਹਿਰ ਦਾ ਇਹ ਹਾਲ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਬਰਸਾਤ ਦੌਰਾਨ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰਾਂ ਨੂੰ 3-3 ਸੀਵਰਮੈਨ ਤਾਇਨਾਤ ਕੀਤੇ ਗਏ ਹਨ। ਜੇਕਰ ਇਹ ਸੱਚ ਹੈ ਤਾਂ ਇਹ ਗੰਭੀਰ ਜਾਂਚ ਦਾ ਵਿਸ਼ਾ ਹੈ ਕਿ ਜਦੋਂ ਸ਼ਹਿਰ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਿਹਾ ਸੀ, ਉਸ ਵੇਲੇ ਇਹ ਕਰਮਚਾਰੀ ਕਿੱਥੇ ਸਨ।
ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਤੁਰੰਤ ਜੰਗੀ ਪੱਧਰ ‘ਤੇ ਸਫ਼ਾਈ ਕਰਵਾਈ ਜਾਵੇ, ਸੀਵਰੇਜ ਸਫ਼ਾਈ ਲਈ ਖਰੀਦੀਆਂ ਮਸ਼ੀਨਾਂ ਦੀ ਮੌਜੂਦਾ ਸਥਿਤੀ ਅਤੇ ਖ਼ਰਚੇ ਦਾ ਵੇਰਵਾ ਜਨਤਕ ਕੀਤਾ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਕਾਰਵਾਈ ਕੀਤੀ ਜਾਵੇ।
ਮਨਜੀਤ ਸਿੰਘ ਟੀਟੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਮਾਨਸੂਨ ਦੌਰਾਨ ਜਲੰਧਰ ਦੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ ਅਤੇ ਲੋਕ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋਣਗੇ।
ਇਸ ਮੌਕੇ ਐਡਵੋਕੇਟ ਅਮਿਤ ਸਿੰਘ ਸੰਧਾ , ਕ੍ਰਿਸ਼ਨ ਮੀਨੀਆ,ਸਰਤਾਜ ਸਿੰਘ, ਪ੍ਰਭਾਕਰ, ਸੁਰਿੰਦਰ ਸ਼ਰਮਾ, ਪੰਕਜ ਬਾਬਾ ਮੌਜੂਦ ਸਨ