Support to BLO for SIR is mandatory for this.

 *ਸਾਵਧਾਨ : ਆਉ ਐਸ. ਆਈ. ਆਰ. ਲਈ ਬੀ. ਐਲ. ਓ. ਨੂੰ ਸਹਿਯੋਗ ਦਈਏ ਵਰਨਾ ਖੁੱਸ ਸਕਦੀ ਹੈ ਨਾਗਰਿਕਤਾ !*

 

            *ਕੀ ਹੈ ਐਸ. ਆਈ. ਆਰ. 2003 ਦੀ ਵੋਟਰ ਸੂਚੀ ਦੀ ਕਿਉਂ ਹੈ ਲੋੜ, ਯੂ. ਪੀ. ਚ 2 ਕਰੋੜ 89 ਲੱਖ ਵੋਟਾਂ ਕੱਟੀਆਂ, ਫ਼ਰਜ਼ੀ ਅਤੇ ਵਿਦੇਸ਼ੀ ਵੋਟਰਾਂ ਨੂੰ ਖਦੇੜਣ ਲਈ ਸਰਕਾਰ ਅਤੇ ਚੋਣ ਕਮਿਸ਼ਨ ਦਾ ਸਖ਼ਤ ਰਵੱਈਆ, ਹੁਣ ਹੈ ਪੰਜਾਬ ਦੀ ਵਾਰੀ* 

                 ਪੰਜਾਬ ਅੰਦਰ 1 ਅਪ੍ਰੈਲ 2026 ਤੋਂ ਐਸ. ਆਈ. ਆਰ. ਭਾਵ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਾਂ ਇਹ ਕਹਿ ਲਓ ਕਿ ਵੋਟਰ ਸੂਚੀਆਂ ਦਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਵਾਇਆ ਜਾ ਰਿਹਾ ਹੈ, ਜਿਸ ਤੇ ਸਿਆਸੀ ਪਾਰਟੀਆਂ ਇਕ ਦੂਜੇ ਤੇ ਦੂਸ਼ਣਬਾਜ਼ੀ ਕਰਦੀਆਂ ਹੋਈਆਂ ਰੱਜ ਕੇ ਸਿਆਸਤ ਕਰ ਰਹੀਆ ਹਨ ਪਰ ਵੱਡੀ ਗਿਣਤੀ ਚ ਆਮ ਨਾਗਰਿਕ ਇਸ ਸਭ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਜਿਸ ਦੇ ਸਿੱਟੇ ਵਜੋਂ ਗੁੰਮਰਾਹਕੁੰਨ ਪ੍ਰਚਾਰ ਅਤੇ ਅਫ਼ਵਾਹਾਂ ਦਾ ਦੌਰ ਗਰਮ ਹੋ ਚੁੱਕਾ ਹੈ। ਕਈਆਂ ਵਲੋਂ ਇਹ ਕਹਿੰਦਿਆਂ ਸੁਣਿਆ ਗਿਆ ਕਿ ਐਸ.ਆਈ.ਆਰ. ਬਹਾਨੇ ਸਾਡੀ ਵੋਟ ਕੱਟਣ ਉਪਰੰਤ ਸਾਡੀ ਨਾਗਰਿਕਤਾ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਕਈ ਇਹ ਕਹਿੰਦੇ ਹਨ ਕਿ ਇਹਨਾਂ ਨੇ ਐਸ.ਆਈ.ਆਰ. ਦੇ ਬਹਾਨੇ ਪੰਜਾਬ ਦਾ ਨੁਕਸਾਨ ਕਰਨਾ ਹੈ। ਕਈਆਂ ਦਾ ਇਹ ਮੰਨਣਾ ਹੈ ਕਿ ਸਾਡੇ ਵਲੋਂ ਬੀ.ਐਲ. ਓ. ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਸਾਡੀ ਵੋਟ ਨਾ ਕੱਟੀ ਜਾਵੇ। ਆਓ ਆਪਾਂ ਇਸ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। 

              ਬੀ.ਐਲ.ਓ. ਭਾਵ ਬੂਥ ਲੈਵਲ ਅਫਸਰ ਵਲੋਂ ਹਰ ਘਰ ਵਿੱਚ ਆ ਕੇ ਨਵੀਂਆਂ - ਪੁਰਾਣੀਆਂ ਵੋਟਾਂ ਸੰਬੰਧੀ ਛਾਣਬੀਣ ਕੀਤੀ ਜਾਵੇਗੀ। ਇਹ ਪ੍ਰਕਿਰਿਆ ਦੇਸ਼ ਦੇ ਕਈ ਰਾਜਾਂ ਵਿੱਚ ਹੋ ਵਿੱਚ ਚੁੱਕੀ ਹੈ ਅਤੇ ਕੁੱਝ ਰਾਜਾਂ ਚ ਚੱਲ ਰਹੀ ਹੈ। ਇਸ ਤਰ੍ਹਾਂ ਪੂਰਾ ਦੇਸ਼ ਕਵਰ ਕੀਤਾ ਜਾਵੇਗਾ। ਇਹ ਐਸ. ਆਈ. ਆਰ. ਦੀ ਪ੍ਰਕਿਰਿਆ ਸਾਡੇ ਦੇਸ਼ ਵਿੱਚ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਦੇਸ਼ ਅਜ਼ਾਦ ਹੋਣ ਦੇ ਬਾਅਦ ਕਈ ਵਾਰੀ ਹੋਈ ਹੈ, ਪਿਛਲੀ ਵਾਰ ਐਸ. ਆਈ. ਆਰ. 2003 ਵਿੱਚ ਹੋਈ ਸੀ। 

             ਭਾਵੇਂ ਕਿ ਪੰਜਾਬ ਅੰਦਰ ਐਸ. ਆਈ. ਆਰ. ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਮੈਪਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਫਲਸਰੂਪ ਸਾਹਮਣੇ ਆਇਆ ਹੈ ਕਿ ਕਈ ਵੋਟਰ ਕਿਸੇ ਗ਼ਲਤ ਫਹਿਮੀ ਕਾਰਨ ਦਰਵਾਜ਼ੇ ਹੀ ਨਹੀਂ ਖੋਲ੍ਹ ਰਹੇ ਅਤੇ ਸੂਝਵਾਨ ਵੋਟਰ ਪੂਰਾ ਸਹਿਯੋਗ ਦੇ ਰਹੇ ਹਨ।

             ਇਸ ਵਾਰ ਦੀ ਐਸ. ਆਈ. ਆਰ ਪਹਿਲਾਂ ਨਾਲੋਂ ਭਿੰਨ ਹੈ ਕਿਉਂਕਿ ਪਹਿਲਾਂ ਛਾਣਬੀਣ ਦੋਰਾਨ ਮੌਜੂਦਾ ਵੋਟਰ ਸੂਚੀਆਂ ਨੂੰ ਹੀ ਅੱਗੇ ਅਕਸਟੈਂਡ ਕਰ ਲਿਆ ਜਾਂਦਾ ਸੀ ਪਰ ਇਸ ਵਾਰ ਦੇਸ਼ ਚ ਫ਼ਰਜ਼ੀ ਅਤੇ ਵਿਦੇਸ਼ੀ ਵੋਟਰਾਂ ਨੂੰ ਖਦੇੜਣ ਲਈ ਸਰਕਾਰ ਅਤੇ ਚੋਣ ਕਮਿਸ਼ਨ ਵਲੋਂ ਸਖ਼ਤ ਰਵੱਈਆ ਅਪਣਾਇਆ ਗਿਆ ਹੈ। ਜਿਵੇਂ ਕਿ ਯੂ. ਪੀ. ਵਿੱਚ ਐਸ. ਆਈ. ਆਰ. ਦੋਰਾਨ 2 ਕਰੋੜ 89 ਲੱਖ ਵੋਟਾਂ ਕੱਟੀਆਂ ਗਈਆਂ ਜਿਹਨਾਂ ਚ 46 ਲੱਖ 23 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। 

                    ਇਸ ਵਾਰ ਮੌਜੂਦਾ ਵੋਟਰ ਲਿਸਟ ਵਿੱਚ, ਵੋਟਰ ਦਾ ਨਾਮ ਹੈ ਜਾਂ ਨਹੀਂ ਕੁੱਝ ਫ਼ਰਕ ਨਹੀਂ ਪੈਂਦਾ ਕਿਉਂਕਿ ਇਸ ਵਾਰ ਐਸ. ਆਈ. ਆਰ. ਦੋਰਾਨ 2003 ਦੀ ਵੋਟਰ ਸੂਚੀ ਨੂੰ ਮੂਲ ਅਧਾਰ ਮੰਨਿਆ ਗਿਆ ਹੈ। ਇਸ ਲਈ ਸਾਰੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ 2003 ਵਿੱਚ ਜਿੱਥੇ ਵੀ ਉਹ ਰਹਿੰਦੇ ਸਨ ਭਾਵ 2003 ਦੀ ਵੋਟਰ ਸੂਚੀ ਵਿੱਚ ਜਿੱਥੇ ਵੀ ਉਹਨਾਂ ਦਾ ਨਾਮ ਦਰਜ਼ ਹੈ ਉਹ ਵੋਟਰ ਸੂਚੀ ਆਪਣੇ ਕੋਲ ਰੱਖਣ ਤਾਂ ਕਿ ਬੀ. ਐਲ. ਓ. ਵਲੋਂ ਉਹਨਾਂ ਦੇ ਘਰ ਆਉਣ ਸਮੇਂ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। 

               ਇਸੇ ਤਰ੍ਹਾਂ ਅਗਰ ਬੱਚਿਆਂ ਦੀਆਂ ਵੋਟਾਂ ਭਾਵੇਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਹਨ ਜਾਂ ਨਵੀਆਂ ਬਣਾਉਣੀਆਂ ਹਨ ਤਾਂ ਉਹਨਾਂ ਦੇ ਮਾਪਿਆਂ ਦਾ ਨਾਮ 2003 ਦੀ ਵੋਟਰ ਸੂਚੀ ਵਿੱਚ ਦਰਜ ਹੋਇਆ ਹੋਣਾ ਜਰੂਰੀ ਹੈ ਨਹੀਂ ਤਾਂ ਪੁਰਾਣੀ ਵੋਟ ਕੱਟੀ ਜਾ ਸਕਦੀ ਹੈ ਅਤੇ ਨਵੀਂ ਵੋਟ ਬਣਾਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਸ੍ਰੀ ਬਲਜਿੰਦਰ ਸਿੰਘ ਚੋਣ ਤਹਿਸੀਲਦਾਰ ਕਪੂਰਥਲਾ ਅਤੇ ਹੋਰ ਅਧਿਕਾਰੀਆਂ ਵਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰ ਆਏੇ ਬੀ. ਐਲ. ਓ. ਸਾਹਿਬਾਨਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਆਪਣੀਆਂ ਵੋਟਾਂ ਜਰੂਰ ਬਣਾਉਣ ਅਗਰ ਫਿਰ ਵੀ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਾਡੇ ਦਰਵਾਜ਼ੇ ਤੁਹਾਡੀ ਸੇਵਾ ਲਈ ਸਦਾਂ ਖੁੱਲੇ ਹਨ।

                 ਕਿਸੇ ਦੁਰਘਟਨਾ ਤੋਂ ਡਰਦੇ ਕਈ ਵੋਟਰ ਦਰਵਾਜ਼ੇ ਹੀ ਨਹੀਂ ਖੋਲ੍ਹ ਰਹੇ ਹਨ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬੀ. ਐਲ. ਓ. ਵਾਸਤੇ ਕੋਈ ਖਾਸ ਵਰਦੀ ਜਾਰੀ ਕੀਤੀ ਜਾਵੇ ਜਾਂ ਫਿਰ ਆਪਣਾ ਪਹਿਚਾਣ ਪੱਤਰ ਗਲੇ ਚ ਪਾ ਕੇ ਜਾਣ, ਜਿਸ ਨਾਲ ਵੋਟਰਾਂ ਵਲੋਂ ਅਧਿਕਾਰੀਆਂ ਦੀ ਅਸਾਨੀ ਨਾਲ ਪਹਿਚਾਣ ਕੀਤੀ ਜਾ ਸਕੇ। ਇਸ ਦੇ ਨਾਲ ਹੀ ਅਗਰ ਬੀ.ਐਲ.ਓ. ਵਲੋਂ ਆਪਣੇ ਹਲਕੇ ਦੇ ਵੋਟਰਾਂ ਦਾ ਇੱਕ ਵੱਟਸਐਪ ਗਰੁੱਪ ਬਣਾ ਲਿਆ ਜਾਵੇ ਤਾਂ ਵੀ ਵੋਟਰਾਂ ਨਾਲ ਨੇੜਤਾ ਵੱਧ ਸਕਦੀ ਹੈ। 

               ਇਸ ਵਾਰ ਵੋਟਾਂ ਬਣਾਉਣ ਲਈ ਬੀ.ਐਲ.ਓ. ਸਾਹਿਬ ਦੇ ਮੋਬਾਇਲ ਫੋਨ ਤੇ ਵੋਟਰ ਦੀ ਫੋਟੋ ਲਾਈਵ ਖਿੱਚੀ ਜਾਣੀ ਹੈ। ਅਗਰ 2003 ਦੀ ਵੋਟਰ ਸੂਚੀ ਵਿੱਚ ਵੋਟ ਦਰਜ਼ ਨਾ ਹੋਣ ਕਰਕੇ ਜਾਂ ਕਿਸੇ ਹੋਰ ਵਜਾ ਕਰਕੇ, ਜਿਸ ਕਿਸੇ ਦੀ ਵੋਟ ਨਾ ਬਣੀ ਤਾਂ ਉਸ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਸਕਦਾ ਹੈ, ਜਿਸ ਵਿੱਚ ਲੋੜੀਂਦੇ ਕੁੱਝ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ। ਅਗਰ ਦੂਜੇ ਮੌਕੇ ਵਿੱਚ ਵੀ ਕੋਈ ਵੋਟਰ ਆਪਣੀ ਵੋਟ ਬਣਾਉਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਇਹ ਅਸਫਲਤਾ ਉਹਦੀ ਨਾਗਰਿਕਤਾ ਲਈ ਖ਼ਤਰੇ ਦੀ ਘੰਟੀ ਹੋ ਸਕਦੀ ਹੈ, ਇਸ ਲਈ ਆਓ ਆਪਾਂ ਭਾਰਤੀ ਕਾਨੂੰਨੀ ਘੇਰੇ ਵਿੱਚ ਰਹਿ ਕੇ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਏ,ਆਪਣੇ ਘਰ ਆਏ ਬੀ. ਐਲ. ਓ. ਵਲੋਂ ਮੰਗੇ ਗਏ ਦਸਤਾਵੇਜ਼ ਮੁਹੱਈਆ ਕਰਵਾਈਏ ਅਤੇ ਆਪਣੀ ਵੋਟ ਬਣਾ ਕੇ ਇਮਾਨਦਾਰ ਅਤੇ ਚੰਗੇ ਨਾਗਰਿਕ ਹੋਣ ਦਾ ਸਬੂਤ ਦਈਏ। 

 

          ਡਾ. ਐਚ. ਐਸ. ਬਾਵਾ. 

                           ਚੇਅਰਮੈਨ 

ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ। ਮੋਬਾਈਲ 98 147 27 558