Accident occurred due to falling string at Gurdwara Shaheed Ganj Sahib, two female devotees lost their lives
ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ, ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਸਹਾਇਤਾ ਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਕੀਤਾ ਐਲਾਨ
ਅੰਮ੍ਰਿਤਸਰ, 24 ਮਈ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰੀ ਦੁਖਦਾਈ ਘਟਨਾ 'ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਇਸ ਘਟਨਾ ਵਿਚ ਜਾਨ ਗਵਾਉਣ ਵਾਲੀਆਂ ਦੋ ਬੀਬੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਇਸ ਹਾਦਸੇ ਵਿਚ ਜ਼ਖ਼ਮੀ ਹੋਈਆਂ ਸੰਗਤਾਂ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚ ਕੇ ਹਾਲ ਜਾਣਿਆ ਉਥੇ ਉਨ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਘਟਨਾ ਬਾਰੇ ਜਾਣਕਾਰੀ ਵੀ ਲਈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮੰਦਭਾਗੀ ਘਟਨਾ ਵਿਚ ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 2-2 ਲੱਖ ਰੁਪਏ ਸਹਾਇਤਾ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਜ਼ਖ਼ਮੀਆਂ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹਰ ਐਤਵਾਰ ਵੱਡੀ ਗਿਣਤੀ ਵਿਚ ਸੰਗਤਾਂ ਪੁੱਜਦੀਆਂ ਹਨ। ਸੰਗਤਾਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਇਸ ਅਸਥਾਨ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸੇਵਾਵਾਂ ਚਲ ਰਹੀਆਂ ਹਨ। ਇਮਾਰਤ ਦੇ ਲੈਂਟਰ ਲਈ ਹੋਈ ਸਟਰਿੰਗ ਤੋਂ ਹਵਾ ਦੇ ਤੇਜ਼ ਬੁੱਲੇ ਨਾਲ ਕੁਝ ਪਲੇਟਾਂ ਥੱਲੇ ਬੈਠੀਆਂ ਸੰਗਤਾਂ ਤੇ ਡਿੱਗਣ ਨਾਲ ਇਹ ਘਟਨਾ ਵਾਪਰੀ ਹੈ।
ਉਨ੍ਹਾਂ ਅਕਾਲ ਚਲਾਣਾ ਕਰਨ ਵਾਲੀਆਂ ਬੀਬੀਆਂ ਨਮਿਤ ਕਰਤਾ ਪੁਰਖੁ ਅੱਗੇ ਅਰਦਾਸ ਕੀਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਇਸ ਘਟਨਾ ਤੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਹੈ। ਬਾਬਾ ਭੂਰੀਵਾਲਿਆਂ ਨੇ ਮਨੁੱਖੀ ਹਮਦਰਦੀ ਵਜੋਂ ਅਕਾਲ ਚਲਾਣਾ ਕਰਨ ਵਾਲੀਆਂ ਬੀਬੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਸੇ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡੀਨ ਡਾ. ਏ ਪੀ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਮਾਹਰ ਡਾਕਟਰ ਜ਼ਖਮੀਆਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇਲਾਜ ਵਿਚ ਕਿਸੇ ਤਰ੍ਹਾਂ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ. ਸਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੇਜ਼ਰ ਸਿੰਘ, ਈਐਨਟੀ ਸਰਜਨ ਡਾ ਜਸਕਰਨ ਸਿੰਘ, ਐਕਸੀਅਨ ਸ. ਸੁਖਜਿੰਦਰ ਸਿੰਘ, ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸ. ਜਤਿੰਦਰਪਾਲ ਸਿੰਘ ਸਮੇਤ ਹੋਰ ਹਾਜ਼ਰ ਸਨ।