The June 84 massacre left deep scars on Sikh minds.

 

ਚੰਡੀਗੜ੍ਹ 6 ਜੂਨ (ਗੁਰਪ੍ਰੀਤ ਸਿੰਘ ਸੰਧੂ):-

ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28-ਏ, ਚੰਡੀਗੜ੍ਹ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜੂਨ 84 ਦੇ ਸਾਕੇ ਦੀ 42 ਵੀਂ ਬਰਸੀ ਮੌਕੇ ਇਕ ਸੈਮੀਨਾਰ ਕਰਵਾਇਆ ਗਿਆ।

 “ਜੂਨ 84 ਦੇ ਸਾਕੇ ਦਾ ਸਿੱਖ ਸਿਆਸਤ ’ਤੇ ਪ੍ਰਭਾਵ’ਦੇ‌ ਵਿਸ਼ੇ ਤੇ ਕਰਵਾਏ ਗਏ ਇਸ ਸੈਮੀਨਾਰ ਵਿਚ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਸੈਮੀਨਾਰ ਦੀ ਸੰਖੇਪ ਰੂਪ ਰੇਖਾ ਸਾਝੀ ਕੀਤੀ।

ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਆਲ ਇੰਡੀਆ ਰੇਡੀਓ ਦੇ ਸਾਬਕਾ ਮੁਲਾਜ਼ਮ ਪ੍ਰੀਤਮ ਸਿੰਘ ਰੂਪਾਲ ਨੇ ਕਿਹਾ ਕਿ ਜੂਨ 84 ਮੌਕੇ ਮੈਂ ਨਵੀਂ ਨਵੀਂ ਪੱਤਰਕਾਰੀ ਦੀ ਸ਼ੁਰੂਆਤ ਕੀਤੀ ਸੀ, ਉਸ ਦੌਰਾਨ ਆਮ ਲੋਕਾਂ ਉਪਰ ਜੋ ਜ਼ੁਲਮ ਹੋਏ ਹਨ, ਉਹ ਭੁੱਲ ਨਹੀਂ ਸਕਦੇ। ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਪਹਿਲਾਂ ਵਾਲੀ ਨਹੀਂ ਰਹੀ। 

 ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਜੂਨ 84 ਦੇ ਸਾਕੇ ਮੌਕੇ ਮੈਂ ਸ੍ਰੀ ਅੰਮ੍ਰਿਤਸਰ ਵਿੱਚ ਹੀ ਸੀ, ਉੱਥੋਂ ਹੀ ਯੂ.ਐਨ.ਓ ਖਬਰ ਏਜੰਸੀ ਲਈ ਰਿਪੋਰਟਿੰਗ ਕਰ ਰਿਹਾ ਸੀ।

 ਉਹਨਾਂ ਕਿਹਾ ਕਿ ਸਰਕਾਰ ਨੇ ਆਮ ਸ਼ਰਧਾਲੂਆਂ ਨੂੰ ਬਾਹਰ ਕੱਢਣ ਤੋਂ ਬਗੈਰ ਹੀ ਕਰਫਿਊ ਲਗਾ ਦਿੱਤਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਬੱਚੇ ਵੀ ਅੰਦਰ ਰਹਿ ਗਏ। ਜੋ ਨਿਰਦੋਸ਼ ਮਾਰੇ ਗਏ।

ਉਹਨਾਂ ਕਿਹਾ ਕਿ ਇਸ ਸਾਕੇ ਤੋਂ ਬਾਦ ਪੰਜਾਬ ਦੀ ਸਿਆਸਤ ਵਿੱਚ ਫੈਸਲਾਕੁਨ ਮੋੜ ਆਉਦਾ ਹੈ। 

 ਇਸ ਮੌਕੇ ’ਤੇ ਉੱਘੇ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਦੀ ਦੋ ਭਾਗਾਂ ਵਿੱਚ ਛਪੀ ਪੁਸਤਕ “ਕਿੱਥੇ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੋ ਦਹਾਕਿਆਂ ਬਾਅਦ ਵੀ ਤਲਾਸ਼ ਜਾਰੀ” ਰਿਲੀਜ਼ ਕੀਤੀ ਗਈ।

ਪੁਸਤਕ ਬਾਰੇ ਜਾਣਕਾਰੀ ਦਿੰਦਿਆ ਸ. ਰਾਹੀ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੁੰਮਸ਼ੁਦਗੀ ਅਜੇ ਵੀ ਰਹੱਸ ਬਣੀ ਹੋਈ ਹੈ।

ਸੀ.ਬੀ.ਆਈ ਹਾਈ ਕੋਰਟ ਵਿੱਚ ਕਹਿ ਚੁੱਕੀ ਹੈ ਕਿ ਅਸੀਂ ਸਾਰਾ ਸਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੇ ਹਾਂ, ਸ਼੍ਰੋਮਣੀ ਕਮੇਟੀ ਇਸ ਸਬੰਧੀ ਤਿੰਨ ਕਮੇਟੀਆਂ ਬਣਾ ਚੁੱਕੀ ਹੈ ਪਰ ਅੱਜ ਤੱਕ ਲਾਇਬ੍ਰੇਰੀ ਦੀ ਕੋਈ ਉੱਘ ਸੁੱਘ ਨਹੀਂ ਮਿਲ ਰਹੀ। 

 ਬਾਪੂ ਜੁਗਰਾਜ ਸਿੰਘ ਟਰੱਸਟ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਕਿਹਾ ਕਿ ਫੌਜ ਦੀਆਂ ਤਿੰਨ ਬਟਾਲੀਅਨਾਂ ਵਿੱਚ ਬਗਾਵਤ ਹੋਈ ਸੀ।

ਸਰਕਾਰ ਕਹਿ ਰਹੀ ਸੀ ਕਿ ਪੰਜ ਸੌ ਸਿਪਾਹੀ ਬਾਗੀ ਹੋਏ ਸਨ। ਪਰ ਜਦ ਅਸੀਂ ਉਹਨਾਂ ਨੂੰ ਸਹਾਇਤਾ ਵੰਡਣੀ ਸ਼ੁਰੂ ਕੀਤੀ ਤਾਂ ਉਹਨਾਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਉਪਰ ਚਲੀ ਗਈ।

 ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਬੋਲਦਿਆਂ ਕਿਹਾ ਕਿ ਜੂਨ 84 ਦੇ ਸਾਕੇ ਦੀਆਂ ਜੜ੍ਹਾਂ ਬੜੀਆ ਡੂੰਘੀਆਂ ਸਨ।

ਉਹਨਾਂ ਕਿਹਾ ਕਿ ਬਿਪਰਵਾਦ ਤੇ ਗੁਰੂ ਨਾਨਕ ਦੇ ਰਾਹ ਦੀ ਟੱਕਰ ਹਮੇਸ਼ਾ ਤੋਂ ਚੱਲਦੀ ਆਈ ਹੈ। ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿੱਚ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਦਾਖਲ ਵੀ ਨਹੀਂ ਹੋਣ ਦਿੱਤਾ ਜਾਂਦਾ ਸੀ।

ਉਹਨਾਂ ਕਿਹਾ ਕਿ ਸਿੱਖਾਂ ਦੀ ਪ੍ਰਤੀਨਿਧ ਅਖਵਾਉਣ ਵਾਲੀ ਪਾਰਟੀ ਇਸ ਸਾਕੇ ਨੂੰ ਵਿਖਾ ਕੇ 25 ਸਾਲ ਰਾਜ ਕਰਦੀ ਰਹੀ ਹੈ। ਪਰ ਅਜੇ ਵੀ ਇਸ ਸਾਕੇ ਦੀ ਡੂੰਘਾਈ ਵਿੱਚ ਜਾ ਕੇ ਪਰਖ ਪੜਚੋਲ ਨਹੀਂ ਹੋਈ।

 ਇਸ ਮੌਕੇ ਡਾ. ਸੁਖਜਿੰਦਰ ਕੌਰ, ਕਰਨਲ ਗੁਰਦੀਪ ਸਿੰਘ, ਅਮਰਜੀਤ ਸਿੰਘ, ਸ਼ੀਤਲ ਸਿੰਘ, ਮਹਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਤਿੰਨ ਪੁਸਤਕਾਂ, ਪ੍ਰਿੰਸੀਪਲ ਗੰਗਾ ਸਿੰਘ ਦੀ ਸ੍ਰੀ ਜਪੁਜੀ ਸਾਹਿਬ ਦੀ ਵਿਆਖਿਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ‘ਸ਼ਿਰਸਟੀ ਦੀ ਚਾਦਰ’ ਤੇ ਕੀਰਤਨ ਨਾਲ ਸਬੰਧਤ ‘ਗਾਵਣੀ’ ਵੀ ਰਿਲੀਜ਼ ਕੀਤੀਆਂ। ਜਿੰਨਾਂ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਪ੍ਰਕਾਸ਼ਤ ਕੀਤਾ ਹੈ।