A gift for those who love the Punjabi mother tongue!

 

ਕਾਫੀ ਦੇਰ ਪਹਿਲਾਂ ਵਟਸਐਪ ਤੇ ਘੁੰਮਦੀ ਘੁਮਾਉਂਦੀ ਇਕ ਵੀਡੀਓ ਦੇਖੀ। ਵੀਡੀਓ ਵਿੱਚ ਇਕ ਉੱੱਚਾ ਲੰਮਾ ਸਰਦਾਰ ਬੜੀ ਸ਼ੁੱਧ ਪੰਜਾਬੀ ਵਿੱਚ ਇਕ ਭਾਈ-ਵੰਡ ਤੇ ਕਵਿਤਾ ਪੜ੍ਹ ਰਿਹਾ ਸੀ। ਉਹਦੇ ਉਚਾਰਨ ਉਹਦੀ ਸ਼ੈਲੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਜਦੋਂ ਦੋ ਤਿੰਨ ਵਾਰ ਉਹ ਕਵਿਤਾ ਸੁਣੀ ਤਾਂ ਉਹ ਭਾਈ-ਵੰਡ,, ਸੰਤਾਲੀ ਦੀ ਵੰਡ ਸੀ। ਉਸ ਕਵਿਤਾ ਵਿਚ ਵਰਤੇ ਗਏ ਲਫ਼ਜ਼ ਪੰਜਾਬੀ ਜ਼ੁਬਾਨ ਦਾ ਖਜ਼ਾਨਾ ਜਾਪੇ। ਪਹਿਲਾਂ ਉਹ ਕਵਿਤਾ ਪੜ੍ਹਿਓ 

 

ਕਿੰਨੀ ਸੋਚ ਘੁਮੰਡੀ ਹੋਈ, 

ਦੋ ਭਾਈਆਂ ਵਿੱਚ ਵੰਡੀ ਹੋਈ 

ਮੈਂ-ਮੈਂ, ਤੂੰ-ਤੂੰ ਆਖਣ ਲੱਗੇ

ਇਕ ਦੂਜੇ ਨੂੰ ਆਖਣ ਲੱਗੇ 

ਮੈਨੂੰ ਮਾੜਾ #ਢੱਗਾ ਮਿਲਿਆ 

ਉਹਨੂੰ #ਬੌਲਦ_ਬੱਗਾ ਮਿਲਿਆ, 

ਉਹਨੂੰ ਝੋਟੀ #ਪੰਜ_ਕਲਿਆਣੀ 

ਮੈਨੂੰ #ਤੋਕੜ, #ਫੰਡਰ ,ਕਾਣੀਂ , 

ਮੈਨੂੰ #ਰੰਬਾ_ਖੁੰਢਾ ਦਿੱਤਾ 

ਕਹੀ ਦਿੱਤੀ ਉਹਨੂੰ #ਚੰਡੀ ਹੋਈ 

ਦੋ ਭਾਈਆਂ ਵਿੱਚ ਵੰਡੀ ਹੋਈ 

 

#ਚੁੰਭਾ ਵੰਡਿਆ, #ਗੰਡ ਵੰਡ ਲਈ , 

ਤੇ #ਚੂਰੇ ਦੀ ਪੰਡ ਵੰਡ ਲਈ 

ਪੈਲੀ ਵੰਡ ਲਈ ਪਾਣੀ ਵੰਡਿਆ 

#ਤੋਰੀਆ #ਘਾਣੀ-ਘਾਣੀ ਵੰਡਿਆ 

#ਅਰਲੀਆਂ ਹਲ #ਪੰਜਾਲੀ ਵੰਡੀ 

ਕੜਛੀਆਂ ਕੌਲੀ ਥਾਲੀ ਵੰਡੀ 

ਭਾਈਆਂ ਦੇ ਵਿੱਚ ਵੰਡ ਹੋ ਗਈ 

ਪਰ੍ਹਿਆਂ ਦੇ ਵਿੱਚ ਭੰਡੀ ਹੋਈ 

ਦੋ ਭਾਈਆਂ ਵਿੱਚ ਵੰਡੀ ਹੋਈ 

 

#ਮਹਿਰੂ ਵੰਡਿਆ , #ਗੋਕਾ ਵੰਡਿਆ

#ਤੰਗਲੀ ਮੂਸਲ ਟੋਕਾ ਵੰਡਿਆ

ਰੇਜੇ ਖੇਸ ਚਤ੍ਹਹੀਆਂ ਵੰਡ ਲਏ 

ਗੰਨਾਂ ਜੌਂ ਮਕੀਈਆਂ ਵੰਡ ਲਏ 

ਬੋਲੀ ਬਾਣਾ ਬੋਲ ਵੰਡ ਲਏ 

ਤੂੰਬੀ #ਮੱਟੀਆਂ ਢੋਲ ਵੰਡ ਲਏ 

ਪੁੱਤਾਂ ਹੱਥੀਂ ਆਪ ਹੈ ਖੋਲ੍ਹੀ 

ਬਾਬਿਆਂ ਡੋਰ ਸੀ ਗੰਢੀ ਹੋਈ 

ਦੋ ਭਾਈਆਂ ਵਿੱਚ ਵੰਡੀ ਹੋਈ 

 

ਚੰਗੀ #ਵਹੁਟੀ ਸੌਹਰੇ ਆਈ 

ਭਾਈਆਂ ਦੇ ਵਿੱਚ ਵੰਡੀ ਪਈ

ਏਦੂੰ ਤਾਂ ਇਹ ਛੜੇ ਚੰਗੇ ਸਨ 

ਲੜਦੇ ਨਹੀਂ ਸਨ ਬੜੇ ਚੰਗੇ ਸਨ 

ਹੁਣ ਭਾਈਆਂ ਵਿੱਚ ਪਾਟਕ ਪੈ ਗਿਆ 

ਵੇਹੜੇ ਦੇ ਵਿੱਚ ਫਾਟਕ ਪੈ ਗਿਆ 

ਵੱਖੋ ਵੱਖਰੇ ਰਸਤੇ ਹੋ ਗਏ

ਵੱਖੋ ਵੱਖਰੀ ਡੰਡੀ ਹੋਈ 

ਭਾਈਆਂ ਦੇ ਵਿੱਚ ਵੰਡੀ ਹੋਈ 

 

ਛੋਟੀਆਂ ਗੱਲਾਂ ਮਸਲੇ ਬਣ ਗਏ 

ਮਾਣ ਦੋਵਾਂ ਦੇ ਅਸਲੇ ਬਣ ਗਏ 

ਸਾਂਝ-ਭੜੋਲਿਓਂ ਮੁੱਕੇ ਦਾਣੇ 

ਵਿਲਕਣ ਲੋਕੀ ਭੁੱਖਣ-ਭਾਣੇਂ

ਲਾਂਬੂ ਨਹੀਂ ਕੋਈ ਮੱਠਾ ਕਰਦਾ 

ਹਰ ਇਕ ਦੇਖ ਕੇ ਠੱਠਾ ਕਰਦਾ

ਨਾਨਕ ਅਤੇ ਫਰੀਦ ਦੀ ਧਰਤੀ 

ਕਿਉਂ ਬਾਰੂਦ ਦੀ ਮੰਡੀ ਹੋਈ 

ਭਾਈਆਂ ਦੇ ਵਿੱਚ ਵੰਡੀ ਹੋਈ 

 

ਕਰਮਾਂ ਵਾਲਿਓ, ਧਰਮਾਂ ਵਾਲਿਓ 

ਕਰਮ ਕਮਾਓ, ਸ਼ਰਮ ਕਮਾਓ

ਧਰਮ ਪਾਬੰਦੀਆਂ ਲਾਉਂਦਾ ਨਹੀਂ 

ਭਾਂਬੜ ਕਦੇ ਮਚਾਉਂਦਾ ਨਹੀਂ 

ਇਹ ਨੇ ਸਭ ਚੌਧਰ ਦੇ ਝੇੜੇ 

ਪਿੱਟ ਸਿਆਪਾ ਪਿਆ ਜੋ ਵੇਹੜੇ 

ਸਿਰ ਚੁੱਕਣ ਦਾ ਹੀਆਂ ਨਾ ਕਰਦੀ 

ਖ਼ਲਕਤ ਜ਼ੁਲਮ ਦੀ ਫੰਡੀ ਹੋਈ 

ਭਾਈਆਂ ਦੇ ਵਿੱਚ ਵੰਡੀ ਹੋਈ 

 

ਦੂਰੀਆਂ ਛੱਡੋ ਆਓ ਨੇੜੇ

ਬਿਨ ਪਲੇਥਣ ਹੋਣ ਨਾ ਪੇੜੇ 

ਨਫ਼ਰਤ ਦੇ ਸਿੰਗਾ ਨੂੰ ਦਾਗੋ 

ਪਿਆਰ ਦੀ ਆਓ ਕੱਢੀਏ ਜਾਗੋ 

ਪੰਜਾਬ ਸੋਹਣੇ ਨੂੰ ਖਾਰੇ ਬਹਾਈਏ 

ਆਓ ਨੀ ਸਕੀਓ ਦਹੀਂ ਚੜ੍ਹਾਈਏ 

ਹੋਵੇ ਪਿੰਡ 'ਚ ਮੁੜ ਚੁੰਝ ਚਰਚਾ 

ਸ਼ਾਹਾ ਦੀ ਫਿਰ ਝੰਡੀ ਹੋਈ 

ਸ਼ਾਹਾ ਦੀ ਫਿਰ ਝੰਡੀ ਹੋਈ 

 

ਹੁਣ ਇਸ ਕਵਿਤਾ ਵਿਚ ਵਰਤੇ ਗਏ ਲਫ਼ਜ਼ਾਂ ਵੱਲ ਦੇਖਿਓ 

 

ਢੱਗਾ- ਮਧਰੇ ਕੱਦ ਦਾ ਲਿੱਸਾ ਜਿਹਾ ਬਲਦ 

ਬੱਗਾ ਬੋਲਦ - ਤਕੜਾ ਬਲਦ 

ਪੰਜ ਕਲਿਆਣੀ - ਭਾਗਾਂ ਵਾਲੀ ਮੱਝ

ਤੋਕੜ - ਦੇਰ ਦੀ ਸੂਈ ਮੱਝ 

ਫੰਡਰ - ਦੁੱਧੋਂ ਭੱਜੀ ਮੱਝ 

ਰੰਬਾ - ਘਾਹ ਖੋਤਣ ਤੇ ਗੋਡੀ ਕਰਨ ਲਈ ਵਰਤਿਆ ਜਾਂਦਾ ਸੰਦ

ਖੁੰਢਾ - ਮੁੜਿਆ ਹੋਇਆ 

ਚੰਡੀ ਹੋਈ ਕਹੀ - ਖੇਤੀਬਾੜੀ ਲਈ ਉਪਯੋਗੀ ਤਿੱਖੀ ਕੀਤੀ ਕਹੀ

 

ਚੁੰਭਾ -ਗੁੜ ਪਕਾਉਣ ਵਾਸਤੇ ਧਰਤੀ ਤੇ ਟੋਆ ਪੁੱਟ ਕੇ ਬਣਾਈ ਭੱਠੀ 

ਗੰਡ -ਗੰਨੇ ਦੇ ਰਸ ਨੂੰ ਠੰਡਾ ਕਰਨ ਲਈ ਲਕੜ ਦੀ ਪਰਾਂਤ 

ਚੂਰੇ ਦੀ ਪੰਡ - ਪੀਸੀ ਹੋਈ ਵਸਤੂ 

ਤੋਰੀਆ ਘਾਣੀ - ਤੋਰੀਏ ਦੇ ਬੀਜਾਂ ਨੂੰ ਕੋਹਲੂ ਵਿਚ ਪਾਕੇ ਤੇਲ ਕੱਢਣ ਦੀ ਇਕਾਈ

ਅਰਲੀਆਂ - ਪਸ਼ੂ ਦੀ ਧੌਣ ਜੂਲੇ ਹੇਠੋਂ 

ਬਾਹਰ ਨਿਕਲਣ ਤੋਂ ਬਚਾਉਣ ਲਈ ਲਕੜ ਦਾ ਅੜ੍ਹੋਕਣ 

ਹਲ ਪੰਜਾਲੀ - ਖੇਤੀ ਬਾੜੀ ਦਾ ਸੰਦ ਬਲਦਾਂ ਨਾਲ ਜੋੜਕੇ ਖੇਤ ਵਾਹੁਣ ਦੇ ਕੰਮ ਆਉਂਦਾ ਹੈ 

ਮਹਿਰੂ - ਕੱਟਾ ਕੱਟੀ ਮੱਝ ਝੋਟਾ (ਪਸ਼ੂ)

ਗੋਕਾ - ਗਾਂ ਵੱਛਾ

ਤੰਗਲੀ - ਤੂੜੀ ਕੱਠੀ ਕਰਨ ਵਾਲਾ ਸੰਦ 

ਮੂਸਲ - ਤੂੜੀ ਦਾ ਕੁੱਪ 

ਵਹੁਟੀ - ਆਜ਼ਾਦੀ (ਵੰਡ)

 

      ਹੌਲੀ ਹੌਲੀ ਪਤਾ ਲੱਗਾ ਕਿ ਇਹ ਗੁਰਵਿੰਦਰ ਸਿੰਘ ਜੌਹਲ ਵੱਡੇ ਕਵੀ ਹਨ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਅਧਿਕਾਰੀ ਵੀ ਹਨ। ਉਂਝ ਬਤੌਰ ਕਵੀ ਉਹਨਾਂ ਨੇ ਆਪਣਾ ਤਖੱਲਸ ਚਾਕ (ਗੁਰਵਿੰਦਰ 'ਚਾਕ') ਰਖਿਆ ਐ

         ਹੁਣੇ ਗੁਰਵਿੰਦਰ ਜੌਹਲ ਦਾ ਲਿਖਿਆ ਇਕ ਗੀਤ ਜਗਜੀਤ ਭਿੰਡਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਐ। ਜੌਹਲ ਸਾਹਿਬ ਦੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਪ੍ਰਤੀ ਸੋਚ ਦੇਖਿਓ। ਗੀਤ ਦਾ ਲਿੰਕ ਮੈਂ ਕੁਮੈਂਟ ਬਾਕਸ ਵਿੱਚ ਦੇ ਰਿਹਾ ਹਾਂ 

                      #ਅਸ਼ੋਕ_ਬਾਂਸਲ_ਮਾਨਸਾ

( ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਵਧਾਈਏ ਹੌਂਸਲਾ ਪੰਜਾਬੀ ਮਾਂ ਬੋਲੀ ਦੇ ਸਪੁੱਤਰਾਂ ਦਾ)🙏🙏🙏🙏