Shiromani Committee and Kesari Virasat express grief over the demise of Sikh scholar Bhai Harsimran Singh Anandpur
*ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੁੱਖ ਪ੍ਰਗਟ*
ਅੰਮ੍ਰਿਤਸਰ, 27 ਫਰਵਰੀ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਹਰਸਿਮਰਨ ਸਿੰਘ ਨੇ ਸਿੱਖੀ ਪ੍ਰਚਾਰ ਲਈ ਸ਼ਲਾਘਾਯੋਗ ਕਾਰਜ ਕੀਤੇ ਹਨ। ਉਨ੍ਹਾਂ ਵੱਲੋਂ ਜਿਥੇ ਵਿਦਿਆਰਥੀਆਂ ਨੂੰ ਗੁਰਮਤਿ ਦੀ ਸਿੱਖਿਆ ਦਿੱਤੀ ਗਈ, ਉਥੇ ਹੀ ਆਪਣੀਆਂ ਲਿਖਤਾਂ ਰਾਹੀਂ ਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਭਾਈ ਹਰਸਿਮਰਨ ਸਿੰਘ ਦਾ ਅਕਾਲ ਚਲਾਣਾ ਪਰਿਵਾਰ ਅਤੇ ਸਿੱਖ ਸਮਾਜ ਲਈ ਵੱਡਾ ਘਾਟਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਹਰਸਿਮਰਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਉਹ ਵਿਛੜੀ ਰੂਹ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸ ਦੌਰਾਨ ਅਦਾਰਾ ਕੇਸਰੀ ਵਿਰਾਸਤ ਨੇ ਵੀ ਭਾਈ ਹਰਸਿਮਰਨ ਸਿੰਘ ਜੀ ਦੇ ਦੇਹਾਂਤ ਤੇ ਡੂੰਘਾ ਦੁਖ ਪ੍ਰਗਟ ਕੀਤਾ ਹੈ। ਕੇਸਰੀ ਵਿਰਾਸਤ ਦੇ ਸੰਪਾਦਕ ਗੁਰਪ੍ਰੀਤ ਸਿੰਘ ਸੰਧੂ ਨੇ ਭਾਈ ਹਰਸਿਮਰਨ ਸਿੰਘ ਨੂੰ ਸਿੱਖ ਪੰਥ ਦਾ ਗਲੀਲੀਓ ਕਰਾਰ ਦਿੰਦੇ ਹੋਏ ਕਿਹਾ ਕਿ ਕਦੀ ਸਮਾਂ ਕਰਵਟ ਲਵੇਗਾ ਅਤੇ ਸਿੱਖ ਇਤਿਹਾਸ ਭਾਈ ਸਾਹਿਬ ਦੀਆਂ ਰਚਨਾਵਾਂ ਰਾਹੀਂ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਵਿਉਂਤਬੰਦੀ ਕਰੇਗਾ।