Education is a benevolent thought. So why do many intelligent people, after getting an education, prove to be harmful instead of beneficial to the country?
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥
(ਆਸਾ ਮਹਲਾ ੧-੩੫੬)
ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਰਾਗ ਆਸਾ ਅੰਦਰ ਉਚਾਰਣ ਕੀਤਾ ਗਿਆ ਇਹ ਪਾਵਨ ਬਚਨ ਅਕਸਰ ਹੀ ਵਿਦਿਅਕ ਸਥਾਨਾਂ ਅੰਦਰ ਕੰਧਾਂ / ਬੋਰਡਾਂ ਆਦਿ ਅਤੇ ਵਿਦਿਅਕ ਸੈਮੀਨਾਰਾਂ ਵਿਚ ਫਲੈਕਸਾਂ ਆਦਿ ਉਪਰ ਲਿਖਿਆ ਮਿਲਦਾ ਹੈ। ਅਕਸਰ ਹੀ ਅਸੀਂ ਇਹ ਗੁਰਬਾਣੀ ਪ੍ਰਮਾਣ ਵਿਦਿਆ ਨੂੰ ਨਿਰਮਾਣ, ਨਿਮਾਣੀ,ਬੇਚਾਰਗੀ ਦੀ ਹਾਲਤ ਵਾਲੀ (Humble) ਸਮਝਣ ਦੇ ਅਰਥਾਂ ਵਿਚ ਕਰਦੇ ਹਾਂ, ਇਹ ਭੁਲੇਖਾ ਅਸੀਂ 'ਵੀਚਾਰੀ' ਸ਼ਬਦ ਤੋਂ ਖਾਂਦੇ ਹਾਂ। ਜੇ ਇਸ ਰੂਪ ਵਿਚ ਸਮਝਿਆ ਜਾਵੇ ਤਾਂ ਅਸੀਂ ਅਛੋਪਲੇ ਹੀ ਇਸ ਸਬੰਧੀ ਗੁਰੂ ਨਾਨਕ ਸਾਹਿਬ ਨੂੰ ਦੁਨਿਆਵੀ ਵਿਦਿਆ ਦੇ ਹਮਾਇਤੀ ਹੋਣ ਤੋਂ ਪਾਸੇ ਲਿਜਾਣ ਦੇ ਦੋਸ਼ੀ ਬਣਦੇ ਹਾਂ। ਸਿੱਖ ਧਰਮ ਅੰਦਰ ਕਿਤੇ ਵੀ ਦੁਨਿਆਵੀ ਵਿਦਿਆ ਦਾ ਵਿਰੋਧ,ਤ੍ਰਿਸਕਾਰ ਨਹੀਂ ਹੈ, ਸਗੋਂ ਪੂਰਨ ਸਤਿਕਾਰ ਦਿਤਾ ਗਿਆ ਹੈ।
ਸੰਸਾਰ ਅੰਦਰ ਸਹੀ ਰੂਪ ਵਿਚ ਵਿਚਰਣ ਵਾਲੀ ਜੀਵਨ ਜਾਚ ਸਿੱਖਣ ਹਿਤ ਵਿਦਿਆ ਦਾ ਹੋਣਾ ਮਾੜੀ ਗੱਲ ਨਹੀਂ ਪ੍ਰੰਤੂ ਵਿਦਿਆ ਰਾਹੀਂ ਮਿਲਣ ਵਾਲੇ ਗਿਆਨ ਦਾ ਅਹੰਕਾਰ ਕਰ ਲੈਣ ਵਾਲਾ ਮਨੁੱਖ ਪ੍ਰਮੇਸ਼ਰ ਦੇ ਦਰ-ਘਰ ਪ੍ਰਵਾਨ ਨਹੀਂ ਹੋ ਸਕਦਾ। ਗੁਰੂ ਸਾਹਿਬ ਗੁਰਬਾਣੀ ਅੰਦਰ ਇਸ ਪ੍ਰਥਾਇ ਫੁਰਮਾਣ ਕਰਦੇ ਹਨ ਕਿ ਜੋ ਆਖਦਾ ਹੈ ਕਿ ਮੈਂ ਸਭ ਕੁਝ ਜਾਣਦਾ ਹਾਂ, ਉਹ ਮੂਰਖ ਹੈ, ਕਿਉਂ ਕਿ ਵਿਦਿਆ ਦਾ ਕੋਈ ਅੰਤ ਨਹੀਂ, ਖੋਜ ਕਰਨ ਵਾਲਿਆਂ ਨੂੰ ਵਿਦਿਆ ਦੁਆਰਾ ਨਵੇਂ ਤੋਂ ਨਵੇਂ ਗਿਆਨ ਦੇ ਚਮਤਕਾਰਾਂ ਦੀ ਪ੍ਰਾਪਤੀ ਹੁੰਦੀ ਹੈ, ਜੋ ਸਹੀ ਅਰਥਾਂ ਵਿਚ ਵਿਦਵਾਨ ਹੋਵੇ ਉਹ ਅਹੰਕਾਰ ਰਹਿਤ ਹੋ ਜਾਂਦਾ ਹੈ, ਉਸ ਦਾ ਜੀਵਨ ਪਰ-ਉਪਕਾਰੀ ਹੋ ਜਾਂਦਾ ਹੈ। ਸਹੀ ਅਰਥਾਂ ਵਿਚ ਬਣੇ ਵਿਦਵਾਨਾਂ ਨੂੰ 'ਮੈ ਵਿਦਵਾਨ ਹਾਂ' ਕਹਿਣ ਦੀ ਜਾਂ ਸਾਬਤ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਉਹ ਆਪਣੀ ਵਿਦਿਆ ਦੁਆਰਾ ਪ੍ਰਾਪਤ ਗਿਆਨ ਦੇ ਕਾਰਣ ਆਪਣੇ ਆਪ ਪ੍ਰਸਿੱਧ ਹੋ ਕੇ ਸਹੀ ਅਰਥਾਂ ਵਿਚ ਦੁਨੀਆਂ ਅੰਦਰ ਸਤਿਕਾਰ ਪਾਉਂਦੇ ਹਨ-
- ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
(ਆਸਾ ਮਹਲਾ ੧- ੩੫੬)
- ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥
(ਆਸਾ ਮਹਲਾ ੫- ੩੮੨)
- ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
(ਪ੍ਰਭਾਤੀ ਮਹਲਾ १-१३२८)
ਭਾਈ ਕਾਨ੍ਹ ਸਿੰਘ ਨਾਭਾ ਇਸ ਵਿਸ਼ੇ ਉਪਰ ਗੁਰਬਾਣੀ ਅਤੇ ਭਗਤ ਰਤਨਾਵਲੀ ਦੇ ਹਵਾਲੇ ਵਿਚ ਬਹੁਤ ਹੀ ਭਾਵਪੂਰਤ ਵਿਚਾਰ ਦਿੰਦੇ ਹਨ-
- 'ਵਿਦਿਆ ਪਾ ਕੇ ਕਈ ਤੀਖਣ ਬੁਧਿ ਵਾਲੇ ਦੇਸ਼ ਹਿੱਤ ਦੀ ਥਾਂ ਤੇ ਹਾਨੀਕਾਰਕ ਸਾਬਤ ਹੁੰਦੇ ਹਨ, ਅਜਿਹੇ ਕੁਲ-ਘਾਤਕ, ਸ਼ੈਤਾਨ ਵਿਦਵਾਨਾਂ ਨੂੰ ਗੁਰੂ ਸਾਹਿਬ ਸ਼ਿਕਾਰੀ ਦਾ ਸਿਖਾਇਆ ਹੋਇਆ ਮ੍ਰਿਗ, ਪਾਲਤੂ ਬਾਜ਼ ਅਤੇ ਪੇਟ-ਦਾਸੀਏ ਰਾਜਯ ਕਰਮਚਾਰੀ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿਉਂ ਕਿ ਪੜ੍ਹਾਏ ਹੋਏ (ਅਰਥਾਤ ਸਿਖਾਏ ਹੋਏ) ਮ੍ਰਿਗ ਅਤੇ ਬਾਜ਼ ਤਥਾ ਸਵਾਰਥੀ ਕਰਮਚਾਰੀ ਦਾ ਨਾਮ ਭੀ ਪੜਿਆਂ ਵਿਚ ਹੈ ਪਰ ਇਹ ਜਾਤਿ ਭਾਈਆਂ ਨੂੰ ਜਾਤਿ ਵਿਰੋਧੀ ਫਾਹੀ ਵਿਚ ਫਸਾਉਣ ਲਈ ਸਹਾਇਤਾ ਦਿੰਦੇ ਹਨ, ਅਜਿਹੇ ਪੜ੍ਹਿਆਂ ਨੂੰ 'ਅਗੈ ਨਾਹੀ ਥਾਉ' ।'
(ਗੁਰਮਤਿ ਮਾਰਤੰਡ-ਪੰਨਾ ੮੨੭)
- ਹਰਣਾਂ ਬਾਜਾਂ ਤੇ ਸਿਕਦਾਰਾਂ ਏਨਾ ਪੜਿਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥
(ਵਾਰ ਮਲਾਰ-ਮਹਲਾ ੧-੧੨੮੮)
- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥੨੧੬॥
(ਸਲੋਕ ਕਬੀਰ ਜੀ-੧੩੭੬)
-ਜਿਉਂ ਅੰਨਾ ਖੂਹ ਵਿਚ ਡਿੱਗ ਪਵੇ ਤਾਂ ਉਸ ਨੂੰ ਕੋਈ ਕੁਛ ਨਹੀਂ ਆਖਦਾ ਪਰ ਜਿਉਂ ਸੁਜਾਖਾ ਹੱਥ ਵਿਚ ਦੀਪਕ ਲੈ ਕੇ ਖੂਹ ਵਿਚ ਪਾਉਂਦਾ ਹੈ ਤਾਂ ਉਸ ਨੂੰ ਭੰਡੀ ਹੁੰਦੀ ਹੈ, ਤੈਸੇ ਜੋ ਅਣ-ਪੜ੍ਹਿਆ ਹੋਇਆ ਪਾਪ ਕਰਦਾ ਹੈ ਤਾਂ ਉਸਨੂੰ ਭੰਡੀ ਨਹੀਂ ਹੁੰਦੀ, ਜੋ ਪੜ੍ਹਿਆ ਹੋਇਆ ਪਾਪ ਕਰਦਾ ਹੈ ਤਾਂ ਉਸ ਨੂੰ ਸਾਰੇ ਜਗਤ ਦੀ ਭੰਡੀ ਹੁੰਦੀ ਹੈ ਤੇ ਵਾਹਿਗੁਰੂ ਦੇ ਦਰਬਾਰ ਭੀ ਮੂੰਹ ਨਹੀਂ ਦੇ ਸਕਦਾ।'
(ਭਗਤ ਰਤਨਾਵਲੀ-ਗੁਰਮਤਿ ਮਾਰਤੰਡ-ਪੰਨਾ ੮੨੯)
ਗੁਰਬਾਣੀ ਤਾਂ ਸਾਨੂੰ ਗਿਆਨ ਦਿੰਦੀ ਹੈ ਕਿ ਜਨਮ-ਜਾਤੀ ਤੋਂ ਕਿਸੇ ਮਨੁੱਖ ਨੂੰ ਪੰਡਿਤ ਮੰਨ ਲੈਣਾ ਅਗਿਆਨਤਾ ਹੈ, ਇਹ ਪੰਡਿਤ ਦੀ ਉਪਾਧੀ ਦਾ ਸਬੰਧ ਵਿਦਿਆ ਦੁਆਰਾ ਪ੍ਰਾਪਤ ਗਿਆਨ ਨਾਲ ਹੈ-
ਬਿਨੁ ਬਿਦਿਆ ਕਹਾ ਕੋਈ ਪੰਡਿਤ ॥
(ਭੈਰਉ ਮਹਲਾ ੫-੧੧੪੦)
ਕੇਵਲ ਵਿਦਿਆ ਦੁਆਰਾ ਗਿਆਨ ਦੀ ਪ੍ਰਾਪਤੀ ਕਰ ਲੈਣਾ ਹੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੈ, ਸਗੋਂ ਇਸ ਗਿਆਨ ਨੂੰ ਜਿਥੇ ਸਮਾਜਕ,ਪਰਿਵਾਰਕ, ਸੰਸਾਰਕ ਖੇਤਰ ਵਿਚ ਸੁਖਾਲੇ ਜੀਵਨ ਲਈ ਵਰਤਣਾ ਹੈ, ਉਸ ਦੇ ਨਾਲ-ਨਾਲ ਪਰਮਾਰਥ ਦੇ ਮਾਰਗ ਉਪਰ ਕੀਤੇ ਜਾਣ ਵਾਲੇ ਦਾਨ-ਪੁੰਨ, ਭਗਤੀ,ਗੁਰਬਾਣੀ ਸਮਝਣ-ਸਮਝਾਉਣ ਲਈ ਵਰਤਣ ਦੀ ਜ਼ਰੂਰਤ ਹੈ ਕਿਉਂ ਕਿ ਅਕਲ ਵਾਲਿਆਂ ਦਾ ਕੀਤਾ ਹੋਇਆ ਦਾਨ ਹਮੇਸ਼ਾ ਫਲਦਾਇਕ ਹੁੰਦਾ ਹੈ, ਮੂਰਖ ਬਿਰਤੀ ਵਾਲਿਆਂ ਦਾ ਦਾਨ ਮੁਫਤ-ਖੋਰੇ ਲੋਕਾਂ ਉਪਰ ਉਪਕਾਰ ਕਰਨ ਦੀ ਬਜਾਏ ਉਨ੍ਹਾਂ ਦੇ ਨੁਕਸਾਨ ਦਾ ਕਾਰਣ ਬਣ ਜਾਂਦਾ ਹੈ ਅਤੇ ਧਰਮ ਦੇ ਨਾਮ ਉਪਰ ਕੀਤਾ ਹੋਇਆ ਦਾਨ-ਪੁੰਨ ਵਿਅਰਥ ਚਲਾ ਜਾਂਦਾ ਹੈ
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥
(ਵਾਰ ਸਾਰੰਗ-ਸਲੋਕ ਮਹਲਾ ੧ -੧੨੪੫)
ਜਿਹੜੇ ਅਨਪੜ੍ਹ, ਅਧਪੜ੍ਹ, ਅਖੌਤੀ, ਆਪੂੰ ਬਣੇ ਸਾਧ-ਬਾਬੇ ਗੁਰਬਾਣੀ ਫੁਰਮਾਣਾਂ ‘ਪੜਿਆ ਅਣਪੜਿਆ ਪਰਮ ਗਤਿ ਪਾਵੈ' (੧੯੭) 'ਪੜਿਆ ਹੋਵੇ ਗੁਨਹਗਾਰੂ ਤਾ ਓਮੀ ਸਾਧੁ ਨ ਮਾਰੀਐ' (੪੬੯) ' ਪੜਿਆ ਅਤੇ ਓਮੀਆ ਵੀਚਾਰ ਅਗੈ ਵੀਚਾਰੀਐ' (੪੬੯) 'ਕਿਆ ਪੜੀਐ ਕਿਆ ਗੁਨੀਐ ਕਿਆ ਹੋਈ' (੬੫੫) ਆਦਿਕ ਦੀ ਵਰਤੋਂ ਬਿਨਾਂ ਅਰਥ -ਭਾਵ ਵਿਚਾਰੇ, ਆਪਣੇ ਸੁਆਰਥ ਤਹਿਤ, ਆਪਣੀ ਅਨਪੜ੍ਹਤਾ (ਓਮੀ ਪੁਣੇ) ਨੂੰ ਛੁਪਾਉਣ ਲਈ ਕਰਦੇ ਹਨ, ਜਿਹੜੇ ਇਹ ਵੀ ਕਹਿੰਦੇ ਹਨ ਕਿ ਭਗਤ ਕਬੀਰ ਨੇ ਕਿਹੜੀ ਪੀ.ਐਚ.ਡੀ. ਕੀਤੀ ਹੋਈ ਸੀ ? (ਜਦੋਂ ਕਿ ਅਸਲੀਅਤ ਇਹ ਹੈ ਕਿ ਕਬੀਰ ਜੀ ਆਪਣੇ ਸਮੇਂ ਦੇ ਪੀ.ਐਚ.ਡੀ. ਤੋਂ ਘੱਟ ਨਹੀਂ ਸਨ ਅਤੇ ਕਿਸੇ ਵੀ ਤਰਾਂ ਵਿਦਿਆ ਦੇ ਵਿਰੋਧੀ ਨਹੀਂ ਸਨ) ਆਖਦੇ ਹੋਏ ਦੁਨਿਆਵੀ ਵਿਦਿਆ ਦਾ ਵਿਰੋਧ ਕਰਦੇ ਹਨ ਪ੍ਰੰਤੂ ਇਸੇ ਵਿਦਿਆ ਦੁਆਰਾ ਵੱਖ-ਵੱਖ ਵਿਗਿਆਨਕ ਖੋਜਾਂ ਵਿਚੋਂ ਨਿਕਲੀਆਂ ਅਜੋਕੀਆਂ ਸੁਖ-ਸਹੂਲਤਾਂ (ਜੋ ਉਹਨਾਂ ਦੀ ਵਰਤੋਂ ਕਰਨ ਦੇ ਸਮਰੱਥ ਹੋਣ) ਹਵਾਈ ਜਹਾਜ਼, ਵਧੀਆ ਗੱਡੀਆਂ, ਵਧੀਆ ਮੋਬਾਈਲ, ਇੰਟਰਨੈਟ, ਵਟਸਐਪ, ਫੇਸ ਬੁੱਕ, ਟੈਲੀਵੀਜ਼ਨ ਆਦਿ ਦੀ ਵਰਤੋਂ ਕਰਨ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ। ਵਿਦਿਆ ਦਾ ਵਿਰੋਧ ਕਰਨ ਵਾਲੇ, ਕਿਰਤ ਦੇ ਸਿਧਾਂਤ ਤੋਂ ਭਗੌੜੇ, ਵਿਹਲੜ ਸਾਧਾਂ ਨੂੰ ਗੁਰੂ ਨਾਨਕ ਸਾਹਿਬ, ਭਗਤ ਕਬੀਰ ਜੀ ਵਾਂਗ ਪੈਦਲ ਚਲਣਾ ਚਾਹੀਦਾ ਹੈ। ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਦਿਖਾਉਣ ਦੇ ਸਮਰਥਾਵਾਨ ਹੋਣਾ ਚਾਹੀਦਾ ਹੈ।
ਬਾਹਰੀ ਤੌਰ ਤੇ ਵਿਦਿਆ ਦਾ ਵਿਰੋਧ ਕਰਨ ਵਾਲੇ ਬਹੁ-ਗਿਣਤੀ ਸਾਧਾਂ ਨੇ ਜਦੋਂ ਵੇਖਿਆ ਕਿ ਧਰਮ ਦੇ ਨਾਮ ਉਪਰ ਖੋਲ੍ਹੇ ਜਾਣ ਵਾਲੇ ਸਕੂਲ-ਕਾਲਜ ਵਧੀਆ ਬਿਜਨਸ ਹਨ ਤਾਂ ਉਨ੍ਹਾਂ ਨੇ ਝਟ-ਪਟ ਇਧਰ ਮੋੜੇ ਪਾ ਲਏ ਅਤੇ ਗੁਰੂ ਸਾਹਿਬਾਨ ਦੇ ਨਾਮ ਉਪਰ ਐਸੀਆਂ ਸੰਸਥਾਵਾਂ ਖੋਲ੍ਹਣ ਵਿਚ ਕੋਈ ਦੇਰ ਨਾ ਲਾਈ। ਪਰ ਅਜੋਕੇ ਸਮੇਂ ਗੁਰੂ ਸਾਹਿਬਾਨ ਦੇ ਨਾਵਾਂ ਹੇਠ ਚਲ ਰਹੇ ਸਕੂਲਾਂ-ਕਾਲਜਾਂ-ਸੰਸਥਾਵਾਂ ਦੇ ਬੇ-ਲੋੜੇ ਵਧੇ ਹੋਏ ਖਰਚਿਆਂ ਕਾਰਣ ਇਹ ਕੇਵਲ ਮਲਕ ਭਾਗੋ ਦੇ ਬੱਚਿਆਂ ਲਈ ਹੀ ਰਾਖਵੇਂ ਬਣੇ ਹੋਏ ਹਨ, ਭਾਈ ਲਾਲੋ ਦੇ ਬੱਚਿਆਂ ਨੂੰ ਤਾਂ ਸਰਕਾਰੀ ਸਕੂਲਾਂ ਦਾ ਆਸਰਾ ਹੀ ਲੈਣਾ ਪੈਂਦਾ ਹੈ ਅਤੇ ਪਵੇਗਾ। ਆਪਣੇ-ਆਪ ਨੂੰ ਗੁਰੂ ਨਾਨਕ ਦੇ ਪੈਰੋਕਾਰ,ਧਰਮੀ ਅਖਵਾਉਣ ਵਾਲੇ ਇਹ ਪ੍ਰਬੰਧਕ-ਮਾਲਕ ਗੁਰਮਤਿ ਦੇ ਸਿਧਾਂਤ -
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
(ਸਿਰੀਰਾਗ ਮਹਲਾ ੧-੧੫)
ਨੂੰ ਸਮਝਣ ਤੋਂ ਇਨਕਾਰੀ ਹਨ ਕਿ ਜਿਥੇ ਭਾਈ ਲਾਲੋ ਵਰਗਿਆਂ ਦਾ ਸਤਿਕਾਰ ਨਹੀ ਹੋਵੇਗਾ ਉਥੇ ਬਾਬਾ ਨਾਨਕ ਵੀ ਨਹੀਂ ਹੋਵੇਗਾ।
ਗੁਰਮਤਿ ਕਿਸੇ ਵੀ ਤਰਾਂ ਵਿਦਿਆ ਦੁਆਰਾ ਗਿਆਨ ਪ੍ਰਾਪਤ ਕਰਨ ਦਾ ਵਿਰੋਧ ਨਹੀਂ ਕਰਦੀ। ਫਰਕ ਤਾਂ ਸਿਰਫ ਏਨਾ ਹੈ ਕਿ ਪ੍ਰਾਪਤ ਕੀਤੇ ਗਿਆਨ ਨੂੰ ਵਰਤਿਆ ਕਿਵੇਂ, ਕਿਸ ਪਾਸੇ ਜਾ ਰਿਹਾ ਹੈ। ਜੇ ਸਦ-ਉਪਯੋਗ ਹੋਵੇ ਤਾਂ ਲਾਹੇਵੰਦ ਹੈ, ਜੇਕਰ ਦੁਰ-ਉਪਯੋਗ ਹੋਵੇ ਤਾਂ ਉਹੀ ਗਿਆਨ ਨੁਕਸਾਨ-ਦਾਇਕ ਹੋ ਨਿਬੜਦਾ ਹੈ।ਇਸ ਸਬੰਧ ਵਿਚ ਕੁਝ ਕੁ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ-
ਸਦ- ਉਪਯੋਗ v/s ਦੁਰ-ਉਪਯੋਗ
| ਐਟਮ | ਐਨਰਜੀ | ਮਾਰੂ ਬੰਬ (ਹੀਰੋਸ਼ੀਮਾ-ਨਾਗਾਸਕੀ ਦੀ ਤਬਾਹੀ) |
| ਰਾਕਟ | ਸਪੇਸ ਦੀ ਖੋਜ ਲਈ | ਮਿਜ਼ਾਈਲ ਮਾਰਣ, ਵਿਨਾਸ਼ ਲਈ |
| ਇੰਟਰਨੈਟ | ਅਜੋਕੇ ਸਮੇਂ ਗਿਆਨ ਪ੍ਰਾਪਤੀ ਦਾ ਬਿਹਤਰੀਨ ਸੋਮਾ | ਜੀਵਨ ਦੀ ਬਰਬਾਦੀ ਲਈ ਵੀ ਅਗਿਆਨਤਾ ਦਾ ਬਹੁਤ ਵੱਡਾ ਖਜ਼ਾਨਾ |
| ਸੱਪ | ਜ਼ਹਿਰ ਤੋਂ ਜੀਵਨ ਰੱਖਿਅਕ ਦਵਾਈਆਂ | ਜ਼ਹਿਰ ਦੀ ਮਾਰਣ ਲਈ ਵਰਤੋਂ |
| ਹਵਾਈ ਜਹਾਜ਼ | ਸਫ਼ਰ ਦਾ ਸਭ ਤੋਂ ਵਧੀਆ ਆਧੁਨਿਕ ਸਾਧਨ | ਅਮਰੀਕਾ ਦੇ (Twin Tower) ਦੀ ਬਰਬਾਦੀ (ਪੜ੍ਹੇ-ਲਿਖੇ ਲੋਕ ਹੀ ਇਹ ਕੰਮ ਕਰ ਸਕਦੇ ਸਨ) |
ਸਿੱਖ ਮੱਤ ਅਨੁਸਾਰ ਹਰ ਸਿੱਖ ਵੱਲੋਂ ਦੂਜੇ ਸਿੱਖ ਨੂੰ ਗੁਰਸਿਖੀ-ਗੁਰਮੁਖੀ ਸਿਖਣੀ, ਸਿਖਾਉਣੀ ਚਾਹੀਦੀ ਹੈ ਅਤੇ ਹੋਰ ਚੰਗੀ ਵਿਦਿਆ, ਜਿਥੋਂ ਵੀ ਪ੍ਰਾਪਤ ਕੀਤੀ ਜਾ ਸਕੇ, ਪ੍ਰਾਪਤ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ-
ਗੁਰਮੁਖੀ ਅੱਖਰ ਜੇ ਹੈਂ ਭਾਈ। ਸਿੰਘ ਸਿੰਘ ਤੇ ਸੀਖਹੁ ਜਾਈ। ਔਰ ਜੋ ਬਿਦਯਾ ਜਹ ਤਹ ਹੋਈ। ਅਵਰਨ ਤੇ ਵੀ ਲੇਵਹੁ ਸੋਈ।
(ਰਹਿਤ ਨਾਮਾ-ਭਾਈ ਦੇਸਾ ਸਿੰਘ)
ਸਿੱਖ ਮੱਤ ਅਨੁਸਾਰ ਹਰ ਸਿੱਖ ਵਲੋਂ ਦੂਜੇ ਸਿੱਖ ਨੂੰ ਗੁਰਸਿਖ-ਗੁਰਮੁਖੀ ਸਿਖਣੀ-ਸਿਖਾਉਣੀ ਚਾਹੀਦੀ ਹੈ ਅਤੇ ਹੋਰ ਚੰਗੀ ਵਿਦਿਆ, ਜਿਥੋਂ ਵੀ ਪ੍ਰਾਪਤ ਕੀਤੀ ਜਾ ਸਕੇ, ਪ੍ਰਾਪਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ-
ਸ੍ਰੀ ਨਗਰ (ਜੰਮੂ-ਕਸ਼ਮੀਰ) ਦੇ ਸਥਾਨ ਤੇ ਗੁਰੂ ਨਾਨਕ ਸਾਹਿਬ ਦੀ ਜਦੋਂ ਹੰਕਾਰ-ਗ੍ਰਸਤ ਪੰਡਿਤ ਬ੍ਰਹਮ ਦਾਸ ਨਾਲ ਭੇਂਟ ਹੋਈ ਤਾਂ ਸਤਿਗੁਰਾਂ ਨੇ ਉਸ ਨੂੰ ਸਮਝਾਇਆ ਕਿ ਧਰਮ ਪੁਸਤਕਾਂ ਨੂੰ ਪੜ੍ਹਨ-ਸੁਨਣ-ਵਿਚਾਰਣ ਦਾ ਲਾਭ ਤਾਂ ਹੀ ਹੈ ਜੇਕਰ ਮਨ ਵਿਚ ਹੰਕਾਰ ਦੀ ਜਗ੍ਹਾ ਨਿਮਰਤਾ ਆ ਜਾਵੇ। ਜਿਸ ਤਰਾਂ ਉਹ ਧਰਮ ਪੁਸਤਕਾਂ ਦੀ ਵਰਤੋਂ ਹਉਮੈ ਵਧਾਉਣ ਲਈ ਕਰ ਰਿਹਾ ਹੈ ਇਸ ਤਰਾਂ ਦੀ ਵਿਚਾਰ-ਚਰਚਾ ਨਾਲ ਪ੍ਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਹੁੰਦੀ, ਪ੍ਰਮੇਸ਼ਰ ਤਾਂ ਨਿਰਮਾਣਤਾ ਭਰਪੂਰ ਪ੍ਰੇਮਾ-ਭਗਤੀ ਨਾਲ ਹੀ ਪਤੀਜਦਾ ਹੈ, ਕੋਈ ਜਿੰਨੇ ਮਰਜ਼ੀ ਧਰਮ ਗ੍ਰੰਥ, ਪੁਸਤਕਾਂ, ਸਾਰੀ ਜਿੰਦਗੀ ਵਿਚ ਪੜ੍ਹਦਾ ਹੀ ਰਹੇ ਤਾਂ ਵੀ ਜੇ ਧਰਮ ਪੁਸਤਕਾਂ, ਗ੍ਰੰਥਾਂ ਵਿਚੋਂ ਤੱਤ-ਗਿਆਨ ਜੀਵਨ ਦਾ ਹਿਸਾ ਨਹੀ ਬਣਿਆ ਤਾਂ ਸਾਰੀ ਮਿਹਨਤ,ਲਗਾਇਆ ਗਿਆ ਜਿੰਦਗੀ ਭਰ ਦਾ ਸਮਾਂ ਵੀ ਮਾਨੋ ਵਿਅਰਥ ਹੀ ਗਵਾਉਣ ਦੇ ਤੁਲ ਹੈ। ਇਸ ਪ੍ਰਥਾਇ ਗੁਰੂ ਸਾਹਿਬ ਵਲੋਂ ਉਚਾਰਣ ਕੀਤਾ ਗਿਆ ਪਾਵਨ ਸਲੋਕ 'ਆਸਾ ਕੀ ਵਾਰ' ਅੰਦਰ ਦਰਜ ਹੈ।
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
(ਵਾਰ ਆਸਾ-ਸਲੋਕ ਮ:੧-੪੬੭)
ਵਿਸ਼ਾ ਅਧੀਨ ਪਾਵਨ ਪੰਕਤੀ ਨੂੰ ਸਹੀ ਅਰਥਾਂ ਵਿਚ ਸਮਝਣ ਲਈ ਸਾਨੂੰ ਪੂਰੇ ਸ਼ਬਦ ਦੇ ਅਰਥਾਂ ਨੂੰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ। ਪੂਰਾ ਸ਼ਬਦ ਇਸ ਤਰਾਂ ਹੈ
ਆਸਾ ਮਹਲਾ ੧ ਚਉਪਦੇ (੩੫੬)
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥ ਘੁੰਘਰੂ ਵਾਜੈ ਜੇ ਮਨੁ ਲਾਗੈ ॥ ਤਉ ਜਮੁ ਕਹਾ ਕਰੇ ਮੋ ਸਿਉ ਆਗੈ॥ ੧॥ਰਹਾਉ ॥ ਆਸ ਨਿਰਾਸੀ ਤਉ ਸੰਨਿਆਸੀ ॥ ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥ ਦਇਆ ਦਿਗੰਬਰੁ ਦੇਹ ਬੀਚਾਰੀ॥ ਆਪਿ ਮਰੈ ਅਵਰਾ ਨਹ ਮਾਰੀ ॥੩॥ ਏਕੁ ਤੂ ਹੋਰਿ ਵੇਸ ਬਹੁਤੇਰੇ॥ ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥
ਅਰਥ:- ਵਿਦਿਆ ਪ੍ਰਾਪਤ ਕਰਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੇ ਕਿ ਉਹ ਵਿਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ॥੧॥
ਜੇ ਮੇਰਾ ਮਨ ਪ੍ਰਭੂ ਚਰਨਾਂ ਵਿਚ ਜੁੜਣਾ ਸਿੱਖ ਗਿਆ ਹੈ ਤਦੋਂ ਹੀ ਭਗਤੀਆ ਬਣ ਕੇ ਘੁੰਘਰੂ ਵਜਾਣੇ ਸਫਲ ਹਨ। ਫਿਰ ਪਰਲੋਕ ਵਿਚ ਜਮ ਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ ॥੧॥ ਰਹਾਉ ॥
ਜੇ ਸਭ ਮਾਇਕ ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ। ਜੇ ਗ੍ਰਹਿਸਤੀ ਹੁੰਦਿਆਂ ਜੋਗੀ ਵਾਲਾ ਜਤ ਕਾਇਮ ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ ॥੨॥
ਜੇ ਹਿਰਦੇ ਵਿਚ ਦਇਆ ਹੈ, ਜੇ ਸਰੀਰ ਨੂੰ ਵਿਕਾਰਾਂ ਵਲੋਂ ਪਵਿਤ੍ਰ ਰੱਖਣ ਦੀ ਵਿਚਾਰ ਵਾਲਾ ਭੀ ਹੈ ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ) ਹੈ। ਜੋ ਮਨੁੱਖ ਆਪ ਵਿਕਾਰਾਂ ਵਲੋਂ ਮਰਿਆ ਹੋਇਆ ਹੈ ਉਹੀ ਹੈ ਅਸਲ ਅਹਿੰਸਾ-ਵਾਦੀ ਜੋ ਹੋਰਨਾਂ ਨੂੰ ਨਹੀਂ ਮਾਰਦਾ ॥੩॥
ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ ! ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈ। ਨਾਨਕ ਵਿਚਾਰਾ ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ॥੪॥੨੫॥
ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਵਲੋਂ ਇਸ ਪੂਰੇ ਸ਼ਬਦ ਅੰਦਰ ਇਸ ਪੱਖ ਨੂੰ ਬਾਰ-ਬਾਰ ਦਰਸਾਉਣ ਦਾ ਯਤਨ ਕੀਤਾ ਹੈ ਕਿ ਅਸੀਂ ਸਹੀ ਅਰਥਾਂ ਵਿਚ ਗਿਆਨਵਾਨ, ਤੀਰਥਵਾਸੀ, ਭਗਤੀਆ, ਸੰਨਿਆਸੀ, ਗ੍ਰਿਹਸਤੀ, ਦਿਆਲੂ, ਦਿਗੰਬਰ, ਅਹਿੰਸਾਵਾਦੀ ਆਦਿ ਤਾਂ ਹੀ ਬਣ ਸਕਦੇ ਹਾਂ ਜੇਕਰ ਇਨ੍ਹਾਂ ਨਾਲ ਸਬੰਧਿਤ ਸਹੀ ਗੁਣ, ਜੋ ਗੁਰੂ ਪ੍ਰਮੇਸ਼ਰ ਦਰ ਤੇ ਪ੍ਰਵਾਨਿਤ ਕਰਾ ਸਕਣ, ਜੀਵਨ ਅੰਦਰ ਧਾਰਨ ਕਰ ਲਏ ਜਾਣ। ਜਿਵੇਂ ਵਿਸ਼ਾ ਅਧੀਨ ਪਾਵਨ ਫੁਰਮਾਣ ਰਾਹੀਂ ਇਹ ਦਰਸਾਇਆ ਹੈ ਕਿ ਵਿਦਿਆ ਪ੍ਰਾਪਤ ਕਰਕੇ ਮਨੁੱਖ ਅੰਦਰ ਪਰਉਪਕਾਰਤਾ (ਦੂਜਿਆਂ ਦੀ ਨਿਰਸੁਆਰਥ ਹੋ ਕੇ ਬਿਨਾ ਕਿਸੇ ਵਿਤਕਰੇ ਤੋਂ ਸਹਾਇਤਾ) ਵਾਲਾ ਸਦਗੁਣ ਜੀਵਨ ਦਾ ਸਦੀਵੀ ਹਿੱਸਾ ਬਣ ਜਾਣਾ ਚਾਹੀਦਾ ਹੈ।
ਸਾਨੂੰ ਦੁਨਿਆਵੀ, ਪਰਿਵਾਰਕ, ਸਮਾਜਕ,ਅਧਿਆਤਮਕ, ਵਿਦਿਅਕ ਪ੍ਰਾਪਤੀਆਂ ਕਰਨ ਲਈ ਗੁਰੂ ਦੱਸੀ ਜੀਵਨ-ਜੁਗਤ ਅਨੁਸਾਰ ਹਰ ਸਮੇਂ ਯਤਨ ਜ਼ਰੂਰ ਕਰਨੇ ਚਾਹੀਦੇ ਹਨ. ਇਸ ਪਾਸੇ ਤਨ-ਮਨ-ਧਨ ਨਾਲ ਲੱਗੇ ਰਹਿਣ ਦੀ ਲੇਤ ਹੈ ਅਤੇ ਵਿਦਿਆ ਦੁਆਰਾ ਪ੍ਰਾਪਤ ਗਿਆਨ ਦੀ ਮਨੁੱਖਤਾ ਦੇ ਭਲੇ ਹਿਤ ਸਦ ਵਰਤੋਂ ਹੀ ਕਰਨੀ ਚਾਹੀਦੀ ਹੈ। ਪਰ ਗੁਰੂ ਕ੍ਰਿਪਾ ਨਾਲ ਹੋਈਆਂ ਪ੍ਰਾਪਤੀਆਂ ਦਾ ਕਦੀ ਵੀ ਮਾਣ-ਅਹੰਕਾਰ ਨਹੀਂ ਕਰਨਾ ਚਾਹੀਦਾ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਗੁਰੂ ਨਾਨਕ ਸਾਹਿਬ ਦੇ ਇਸ ਪਾਵਨ ਬਚਨ ਨੂੰ ਕੇਵਲ ਪੜਿਆ-ਸੁਣਿਆ ਹੀ ਹੈ, ਸਮਝਿਆ ਕੋਈ ਨਹੀਂ।
ਇਸ ਲੇਖ ਰਾਹੀਂ ਦਿਤਾ ਗਿਆ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿਚ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ' (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।
ਗੁਰਮਤਿ ਸਿਧਾਂਤ- ਸਵੈ ਪੜਚੋਲ
ਅੱਜ ਅਸੀਂ ਸੋਚਦੇ ਹਾਂ ਕਿ ਨਿਤਨੇਮ/ਗੁਰਬਾਣੀ ਪੜਣਾ ਅੰਮ੍ਰਿਤਧਾਰੀਆਂ ਲਈ ਹੀ ਜ਼ਰੂਰੀ ਹੈ, ਪ੍ਰੰਤੂ ਗੁਰਬਾਣੀ ਵਿਚ ਐਸਾ ਕਿਤੇ ਵੀ ਦਰਜ ਨਹੀਂ। ਗੁਰਬਾਣੀ ਹਰ ਪ੍ਰਾਣੀ ਮਾਤਰ ਲਈ ਹੈ, ਹਰੇਕ ਸਿੱਖ-ਗੈਰ ਸਿੱਖ ਇਸ ਨੂੰ ਪੜ੍ਹ-ਸੁਣ-ਸਮਝ- ਵਿਚਾਰ ਕੇ ਆਪਣੇ ਜੀਵਨ ਵਿਚ ਅਪਣਾ ਕੇ ਲਾਭਉਠਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਹਰ ਸਿੱਖ ਉਪਰ ਇਸ ਅੰਦਰ ਦਰਜ ਹੁਕਮ ਲਾਗੂ ਹੋ ਜਾਂਦਾ ਹੈ ।
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ਕਥਾ ਵਾਚਕ/ਲੇਖਕ