The Tradition of Dialogue Should Be Strengthened, Not Weakened: Prof. Sarchand Singh Khiala

 

ਅੰਮ੍ਰਿਤਸਰ, 02 ਅਗਸਤ 2025 (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-

 

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਦੀ ਉਹ ਮਹਾਨ ਪਰੰਪਰਾ ਸਥਾਪਤ ਕੀਤੀ, ਜਿਸ ਵਿੱਚ ਹਰ ਧਰਮ, ਹਰ ਵਿਚਾਰ ਅਤੇ ਹਰ ਵਿਅਕਤੀ ਨਾਲ ਖੁੱਲ੍ਹੇ ਮਨ ਨਾਲ ਗੱਲਬਾਤ ਕਰਨ ਦੀ ਪ੍ਰੇਰਨਾ ਹੈ। ਦੁਖ ਦੀ ਗੱਲ ਹੈ ਕਿ ਅੱਜ ਅਸੀਂ ਇਸ ਪਰੰਪਰਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਸਾਡੀ ਸੋਚ ਸੰਕੀਰਨਤਾ ਦੇ ਜਾਲ ਵਿੱਚ ਫਸਦੀ ਜਾ ਰਹੀ ਹੈ।

 

ਹਾਲ ਹੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਵੱਲੋਂ ਅੰਮ੍ਰਿਤਾ ਯੂਨੀਵਰਸਿਟੀ ਕੋਚੀ ਕੇਰਲਾ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਨੂੰ ਲੈ ਕੇ ਜੋ ਵਿਵਾਦ ਖੜ੍ਹਿਆ ਹੈ, ਉਸ ਬਾਰੇ ਪ੍ਰੋ. ਖਿਆਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਤੱਥਾਂ ਦੀ ਬਜਾਏ ਗਲਤਫ਼ਹਮੀਆਂ ਨੂੰ ਅਹਿਮੀਅਤ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਸੇਵਾ ਨਿਯਮਾਂ ਲਈ ਬਣਾਈ ਕਮੇਟੀ ਤੋਂ ਹਟਾਉਣਾ ਇਕ ਪੱਖੀ ਕਦਮ ਦਿੱਸਦਾ ਹੈ।

 

ਪ੍ਰੋ. ਖਿਆਲਾ ਨੇ ਸਪਸ਼ਟ ਕੀਤਾ ਕਿ ਡਾ. ਕਰਮਜੀਤ ਸਿੰਘ ਨੇ ਉਸ ਸਮਾਗਮ ਵਿੱਚ ਨਾ ਤਾਂ ਸਿੱਖ ਸਿਧਾਂਤਾਂ ਦੇ ਵਿਰੁੱਧ ਕੋਈ ਗੱਲ ਕੀਤੀ, ਨਾ ਹੀ ਸਿੱਖੀ ਦੇ ਅਸੂਲਾਂ ਨਾਲ ਟਕਰਾਉਣ ਵਾਲੀ ਕੋਈ ਪੋਜ਼ੀਸ਼ਨ ਲਈ। ਉਨ੍ਹਾਂ ਨੇ ਸਿਰਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਉਹਨਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ, ਜੋ ਪੰਜਾਬੀ ਭਾਸ਼ਾ, ਸਿੱਖ ਚੇਤਨਾ ਅਤੇ ਵਾਤਾਵਰਣ ਜਾਗਰੂਕਤਾ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਵਿਦਵਾਨ ਦੀ ਸਿਰਫ ਕਿਸੇ ਸਮਾਗਮ ਵਿੱਚ ਹਾਜ਼ਰੀ ਦੇ ਆਧਾਰ ’ਤੇ ਆਲੋਚਨਾ ਗਲਤ ਹੈ।

 

ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸੰਵਾਦ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਪ੍ਰੇਰਨਾ ਦਿੰਦੀ ਹੈ। ਸੰਵਾਦ ਦਾ ਮਤਲਬ ਸਹਿਮਤੀ ਨਹੀਂ, ਸਗੋਂ ਆਪਣੇ ਵਿਚਾਰਾਂ ਨੂੰ ਸਪਸ਼ਟ ਤੌਰ ’ਤੇ ਪੇਸ਼ ਕਰਨਾ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੈ। ਅਜਿਹੇ ਹਾਲਾਤਾਂ ਵਿੱਚ ਕਿਸੇ ਵਿਦਵਾਨ ਨੂੰ ਨਿਸ਼ਾਨਾ ਬਣਾਉਣਾ ਸਾਡੀ ਸੋਚ ਦੀ ਸੰਕੀਰਨਤਾ ਨੂੰ ਦਰਸਾਉਂਦਾ ਹੈ।

 

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਡਾ. ਕਰਮਜੀਤ ਸਿੰਘ ਵਰਗੇ ਵਿਦਵਾਨਾਂ ਦਾ ਸਤਿਕਾਰ ਕਰੇ, ਜੋ ਸਿੱਖੀ ਦੇ ਅਸੂਲਾਂ ਅਤੇ ਪੰਜਾਬੀ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹਨ।