( ਸਿੱਖ ਧਰਮ ਦੇ ਇਤਿਹਾਸ ਨੂੰ ਪੜ੍ਹਦਿਆਂ ਬਹੁਤੀ ਵਾਰ ਇਹ ਅਹਿਸਾਸ ਹੁੰਦਾ ਹੈ ਕਿ ਦਸ ਗੁਰੂ ਸਹਿਬਾਨ ਦੇ ਕਾਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਾਂ ਹੁਕਮਨਾਮਿਆਂ ਬਾਰੇ ਅੱਜ ਵੀ ਸਿੱਖ ਮਾਨਸਿਕਤਾ ਭਰਮ ਭੁਲੇਖਿਆਂ ਦਾ ਸ਼ਿਕਾਰ ਬਣਾਈ ਜਾਂਦੀ ਹੈ। ਹਾਲਾਂਕਿ ਸਿੱਖ ਸੰਗਤ ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਉੱਪਰ ਸਵਾਲ ਖੜ੍ਹੇ ਕਰਨ ਵਾਲਿਆਂ ਖ਼ਿਲਾਫ਼ ਕਾਫ਼ੀ ਸਖ਼ਤ ਰਵੱਈਆ ਰੱਖਦੀ ਹੈ ਇਸਦੇ ਬਾਵਜੂਦ ਸਾਡੇ ਸਿੱਖ ਪ੍ਰਚਾਰਕਾਂ ਅਤੇ ਇਤਿਹਾਸਕਾਰਾਂ ਵਲੋਂ ਵੀ ਜਾਣੇ ਅਨਜਾਣੇ ਵਿੱਚ ਕਈ ਅਜਿਹੇ ਸਵਾਲ ਉਠਾਏ ਜਾਂਦੇ ਹਨ ਜੋ ਸਿੱਖ ਸ਼ਰਧਾ ਵਿਚ ਭਰਮ ਦੀਆਂ ਲਹਿਰਾਂ ਪੈਦਾ ਕਰ ਹੀ ਦਿੰਦੇ ਹਨ। 

ਅਜਿਹੇ ਹੀ ਸਵਾਲਾਂ ਦੇ ਮਿਲਣ ਵਾਲੇ ਜਵਾਬ ਕੇਸਰੀ ਵਿਰਾਸਤ ਦੇ ਇਨ੍ਹਾਂ ਕਾਲਮਾਂ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿਸੇ ਸਮੇਂ ਸਿੱਖ ਪ੍ਰਚਾਰ ਦੀ ਸੱਜੀ ਬਾਂਹ ਆਖੇ ਜਾ ਸਕਣ ਵਾਲੇ ਵਸੀਲਿਆਂ ਜਾਂ ਹਵਾਲਿਆਂ ਨੂੰ ਅੱਖੋਂ ਪਰੋਖੇ ਕਰ ਦਿੱਤੇ ਜਾਣ ਕਾਰਨ ਪੰਥ ਵਿੱਚ ਦੁਚਿੱਤੀ ਪੈਦਾ ਕਰ ਜਾਂਦੇ ਹਨ। ਇਸ ਕਾਲਮ ਨੂੰ ਅਸੀਂ ਟੁੱਟੀਆਂ ਬਾਹਵਾਂ ਇਸ ਲਈ ਦਿੱਤਾ ਹੈ ਕਿ ਕਿਸੇ ਕਾਰਨ ਵਸ ਅੱਜ ਉਨ੍ਹਾਂ ਸਬੂਤਾਂ ਨੂੰ ਅੱਖੋਂ ਪਰੋਖੇ ਕੀਤਾ ਜਾਣਾ ਵੱਖਰੀ ਕੌਮ ਦੀ ਘੁੱਟੀ ਦੇ ਸਰੂਰ ਵਿਚ ਸ਼ਾਇਦ ਸਾਨੂੰ ਦਿਖਾਈ ਨਹੀਂ ਦਿੰਦਾ।

ਅੱਜ ਪੇਸ਼ ਹੈ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖ਼ਸ਼ਣ ਬਾਰੇ ਤੱਤਕਾਲੀ ਇਤਿਹਾਸਕ ਸਰੋਤਾਂ ਦੀ ਘਾਟ ਦੱਸ ਕੇ ਉਠਾਏ ਜਾਣ ਵਾਲੇ ਸਵਾਲ ਦਾ ਜਵਾਬ ਦਿੰਦੇ ਸਬੂਤ - ਸੰਪਾਦਕ ਕੇਸਰੀ ਵਿਰਾਸਤ )

 

ਸਿੱਖ ਧਰਮ ਦੇ ਅਣਗੌਲੇ ਸ਼ਹੀਦ, ਇਤਿਹਾਸਕਾਰ ਅਤੇ ਬਾਣੀ ਰਚੇਤਾ ਭੱਟ ਬ੍ਰਾਹਮਣ 

 

ਭੱਟ ਬ੍ਰਾਹਮਣਾਂ ਦਾ ਅਧਿਆਤਮਕ ਪੱਧਰ 'ਤੇ ਗੁਰੂ ਸਾਹਿਬਾਨ ਜੀ ਨਾਲ ਬਹੁਤ ਹੀ ਨੇੜਲਾ ਸੰਬੰਧ ਰਿਹਾ ਹੈ। ਗੁਰੂਘਰ ’ਤੇ ਜਦ ਵੀ ਅਣਸੁਖਾਵੇਂ ਸਮੇਂ ਆਏ ਅਤੇ ਮੁਗਲਾਂ ਦੁਆਰਾ ਹਮਲੇ ਕੀਤੇ ਗਏ ਤਾਂ ਸ਼ਰਧਾਵਾਨ ਭੱਟ ਬ੍ਰਾਹਮਣਾਂ ਨੇ ਕਈ ਲੜਾਈਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਆਪਣੀਆਂ ਜਾਨਾਂ ਤਕ ਨਿਛਾਵਰ ਕਰ ਦਿੱਤੀਆਂ। ਭੱਟ ਜਾਤੀ, ਬ੍ਰਾਹਮਣਾਂ ਦੀ ਇਕ ਵਿਸੇਸ਼ ਸ਼ਾਖ ਹੈ। ਗੁਰੂ ਕਾਲ ਵੇਲੇ ਅਤੇ ਉਸ ਤੋਂ ਪਹਿਲਾਂ ਜੋ ਉਚਕੋਟੀ ਦੇ ਪੁਜਾਰੀ ਬ੍ਰਾਹਮਣ ਸਨ ਉਹ ਇਨ੍ਹਾਂ ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਸ਼੍ਰੇਣੀ ਦੇ -ਬ੍ਰਾਹਮਣ ਸਮਝਦੇ ਸਨ। ਭੱਟ ਬ੍ਰਾਹਮਣ ਵੇਦਾਂ ਦਾ ਗਿਆਨ ਰੱਖਣ ਵਾਲੇ ਵਿਦਵਾਨ ਗਿਆਨਵਾਨ ਲੋਕ ਸਨ। ਇਹ ਆਪਣੇ ਜਜਮਾਨਾਂ ਦੀਆਂ ਬੰਸਾਵਲੀਆਂ ਦਾ ਅਤੇ ਉਨ੍ਹਾਂ ਦੇ ਸਜਰਿਆਂ ਦਾ ਰਿਕਾਰਡ ਰੱਖਣ ਵਿਚ ਬਹੁਤ ਹੀ ਮਾਹਰ ਹੋਇਆ ਕਰਦੇ ਸਨ। ਮੁੱਢ-ਮੁੱਢੀ ਇਨਾਂ ਭੱਟਾਂ ਦਾ ਸੰਬੰਧ ਗੌੜ ਬ੍ਰਾਹਮਣਾਂ ਨਾਲ ਜਾ ਜੁੜਦਾ ਹੈ। ਮੂਲ ਰੂਪ ਵਿਚ ਇਨ੍ਹਾਂ ਦਾ ਮੁੱਖ ਕਿੱਤਾ ਪੁਰੋਹਤੀ (ਪੁਰੋਹਤਪੁਣਾ) ਹੋਇਆ ਕਰਦਾ ਸੀ।

 

ਇਤਿਹਾਸਕ ਸਰੋਤਾਂ ਤੋਂ ਪਤਾ ਚਲਦਾ ਹੈ ਕਿ ਸ਼ੁਰੂ ਵਿਚ ਇਨ੍ਹਾਂ ਭੱਟਾਂ ਦਾ ਵਾਸ ਸਰਸਵਤੀ ਨਦੀ ਦੇ ਕਿਨਾਰੇ ਹੁੰਦਾ ਸੀ। ਇਸ ਕਰਕੇ ਹੀ ਇਨ੍ਹਾਂ ਨੂੰ ਸਰਵਸਤ ਬ੍ਰਾਹਮਣ ਕਿਹਾ ਸੀ। ਜਿਸ ਦਾ ਅਸਲ ਭਾਵ ਵਿਦਵਾਨ ਬ੍ਰਾਹਮਣ ਲਿਆ ਜਾਂਦਾ ਹੈ। ਅੱਜ ਵੀ ਇਨ੍ਹਾਂ ਦਾ ਸੰਗਰੂਰ (ਪੰਜਾਬ), ਕਰਨਾਲ ਤੇ ਹਿਸਾਰ (ਹਰਿਆਣਾ) ਵਿਚ ਵਾਸ ਮੌਜੂਦ ਹੈ। ਜ਼ਿਲ੍ਹਾ ਜੀਂਦ ਦੇ ਨਗਰ ਤਲਾਉਂਡਾ, ਕਰਨਾਲ ਦੇ ਸਰਸਾ, ਅਟੇਲਾ, ਭਾਦਸੋਂ(ਲਾਡਵਾ) ਅਤੇ ਹਿਸਾਰ ਦੇ ਪਿੰਡ ਬਨਭੌਰੀ ਵਿਚ ਕਈ ਭੱਟ ਪਰਿਵਾਰ ਅੱਜ ਵੀ ਰਹਿੰਦੇ ਹਨ।

 

ਪਹਿਲੇ ਸਮਿਆਂ ਵਿਚ ਭੱਟਾਂ ਦਾ ਜੀਵਨ ਵਿਵਹਾਰ ਇਸ ਤਰ੍ਹਾਂ ਦਾ ਦੱਸਿਆ ਗਿਆ ਹੈ ਕਿ ਇਨ੍ਹਾਂ ਦਾ ਮੁੱਖ ਧੰਦਾ ਪੁਰਹੋਤਪੁਣਾ ਸੀ। ਇਨ੍ਹਾਂ ਨੇ ਆਪਣੇ ਆਪਣੇ ਇਲਾਕੇ ਵੰਡੇ ਹੁੰਦੇ ਸਨ। ਉਨ੍ਹਾਂ ਇਲਾਕਿਆਂ ਵਿਚ ਜੋ ਮੁੱਖ ਘਰਾਣੇ ਹੁੰਦੇ ਸਨ, ਉਨ੍ਹਾਂ ਦੀਆਂ ਬੰਸਾਵਲੀਆਂ ਇਨ੍ਹਾਂ ਕੋਲ ਲਿਖੀਆਂ ਹੁੰਦੀਆਂ ਤੇ ਬੰਸਾਵਲੀਆਂ ਵਿਚ ਸਮੇਂ ਦੇ ਨਾਲ ਨਾਲ ਵਾਧਾ ਘਾਟਾ ਕਰਦੇ ਰਹਿੰਦੇ। ਬੰਸਾਵਲੀਆਂ ਦੇ ਵੇਰਵੇ ਇਨ੍ਹਾਂ ਨੂੰ ਜ਼ੁਬਾਨੀ ਯਾਦ ਹੋਇਆ ਕਰਦੇ। ਇਹ ਇਲਾਕੇ ਦੇ ਉਨ੍ਹਾਂ ਵਿਸ਼ੇਸ ਜਜ਼ਮਾਨ ਵਿਅਕਤੀਆਂ ਕੋਲ ਸਾਲ ਛਿਮਾਹੀ ਦਿਨ ਤਿਉਹਾਰ 'ਤੇ ਉਨ੍ਹਾਂ ਦੇ ਦਰਾਂ 'ਤੇ ਜਾਂਦੇ। ਉਹ ਉਨ੍ਹਾਂ ਘਰਾਣਿਆਂ ਵਿਚ ਨਵੇਂ ਬਾਲਕਾਂ ਦਾ ਵੇਰਵਾ ਅਤੇ ਕਾਲਵੱਸ ਹੋਏ ਵਿਅਕਤੀਆਂ ਦਾ ਵੇਰਵਾ ਦਰਜ ਕਰ ਲੈਂਦੇ। ਉਹ ਵਿਸਥਾਰ ਸਹਿਤ ਪਿਤਾ ਦਾ ਨਾਂ, ਦਾਦੇ ਦਾ ਨਾਂ,ਪੜਦਾਦੇ ਦਾ ਨਾਂ ਲਿਖ ਲੈਂਦੇ। ਇਥੋਂ ਤਕ ਕਿ ਦੋਵਾਂ ਹਾਲਤਾਂ ਵਿਚ ਉਹ ਵੰਸ਼, ਗੋਤ, ਮੂੰਹੀ ਆਦਿ ਵੀ ਲਿਖਦੇ। ਜਨਮ ਮਰਨ ਦੀ ਤਿਥੀ ਦੇ ਨਾਲ ਨਾਲ ਉਹ ਥਿੱਤ ਵਾਰ ਮਹੀਨਾ, ਸੰਮਤ ਸਭ ਕੁਝ ਲਿਖ ਲੈਂਦੇ। ਉਨ੍ਹਾਂ ਦੇ ਵੱਡੇ-ਵਡੇਰਿਆਂ ਦੀ ਸਿਫਤ ਸਲਾਹ ਦਾ ਉਚਾਰਨ ਕਰ ਕੇ ਉਨ੍ਹਾਂ ਕੋਲੋਂ ਦਾਨ ਪੂਜਾ ਹਾਸਲ ਕਰਦੇ। ਅਸਲ ਵਿਚ ਆਪਣਾ ਜੀਵਨ ਗੁਜ਼ਰ-ਬਸਰ ਕਰਨ ਦਾ ਇਹ ਹੀ ਉਨ੍ਹਾਂ ਦਾ ਜ਼ਰੀਆ ਸੀ। ਵੱਖ ਵੱਖ ਇਲਾਕੇ ਵੰਡੇ ਹੋਣ ਕਰਕੇ ਇਨ੍ਹਾਂ ਦੀਆਂ ਵਹੀਆਂ ਇਲਾਕਿਆਂ, ਖਾਨਦਾਨਾਂ ਜਾਂ ਪਿੰਡਾਂ ਦੇ ਨਾਮ 'ਤੇ ਹੋਇਆ ਕਰਦੀਆਂ - ਜਿਸ ਤਰ੍ਹਾਂ ਭੱਟ ਵਹੀ ਮੁਲਤਾਨੀ ਸਿੰਧੀ, ਭੱਟ ਵਹੀ ਤਲਾਉਂਢਾ, ਭੱਟ ਵਹੀ ਕਰ ਸਿੰਧੂ, ਭੱਟ ਵਹੀ ਭਾਦਸੋਂ, ਭੱਟ ਵਹੀ ਪੂਰਬੀ ਦੱਖਣੀ ਅਤੇ ਭੱਟ ਵਹੀ ਜਦੋਂ ਬੰਸੀਆਂ ਕੀ।

 

ਇਨ੍ਹਾਂ ਪੁਰੋਹਤ ਭੱਟਾਂ ਦੇ ਜਜਮਾਨ ਜ਼ਿਆਦਾਤਰ ਰਾਜਪੂਤ ਹੁੰਦੇ ਸਨ। ਹੁਣ ਵੀ ਕਈ ਸਥਾਨਾਂ 'ਤੇ ਇਨ੍ਹਾਂ ਪਰਿਵਾਰਾਂ ਦੇ ਕੁਝ ਲੋਕਾਂ ਨੇ ਪੁਰੋਹਤਪੁਣੇ ਦਾ ਕੰਮ ਜਾਰੀ ਰੱਖਿਆ ਹੈ। ਪਰ ਨਵੀਂ ਪੀੜ੍ਹੀ ਦੇ ਭੱਟ ਨੌਜਵਾਨ ਆਪਣੇ ਪਿਤਾ-ਪੁਰਖੀ ਪੇਸ਼ੇ ਨੂੰ ਛੱਡਦੇ ਜਾ ਰਹੇ ਹਨ।ਇਸ ਦਾ ਕਾਰਨ ਇਹ ਹੀ ਵੇਖਣ ਨੂੰ ਮਿਲਦਾ ਹੈ ਕਿ ਪੁਰਾਤਨ ਭੱਟ ਵਹੀਆਂ ਦੀ ਲਿਖਤ ਭਾਸ਼ਾ ਭੱਟਖਰੀ ਸੀ, ਜਿਸ ਕਰਕੇ ਨਵੀਂ ਪੀੜ੍ਹੀ ਉਨ੍ਹਾਂ ਪੁਰਾਤਨ ਵਹੀਆਂ ਨੂੰ ਪੜ੍ਹਨੋ ਅਸਮਰਥ ਜਾਪਦੀ ਹੈ।

 

ਭੱਟ ਬ੍ਰਾਹਮਣ ਅਤੇ ਸਿੱਖ ਧਰਮ

 

ਸਿੱਖ ਇਤਿਹਾਸ ਦੇ ਖੋਜ ਕਾਰਜ ਲਈ ਭੱਟ ਵਹੀਆਂ ਇਕ ਅਮੋਲਕ ਸਮੱਗਰੀ ਸਾਬਤ ਹੋਈ ਹੈ। ਸਿੱਖ ਇਤਿਹਾਸ ਦੀ ਵਧੀਕ ਜਾਣਕਾਰੀ ਹਾਸਲ ਕਰਨ ਵਿਚ ਇਨ੍ਹਾਂ ਦਾ ਮਹੱਤਵਪੂਰਨ ਰੋਲ ਹੈ। ਹੋਰਨਾਂ ਸਰੋਤਾਂ ਤੋਂ ਇਲਾਵਾ ਭੱਟ ਵਹੀਆਂ ਨੂੰ ਇਕ ਭਰੋਸੇਯੋਗ ਸਬੂਤ ਵਜੋਂ ਜਾਣਿਆ ਜਾਂਦਾ ਹੈ।

 

ਭੱਟਾਂ ਦਾ ਸਿੱਖ ਲਹਿਰ ਨਾਲ ਸ਼ੁਰੂਆਤੀ ਸੰਬੰਧ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸਮੇਂ ਨਾਲ ਜੁੜਦਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਅਨੇਕ ਭੱਟ ਜਨ ਸਿੱਖੀ ਵਿਚ ਆ ਗਏ ਸਨ। ਸਿੱਖ-ਧਰਮ ਦੇ ਪੈਰੋਕਾਰ ਬਣ ਕੇ ਵੀ ਇਹ ਭੱਟ ਲੋਕ ਆਪਣੇ ਪੇਸ਼ਾਵਰੀ ਕਿਤੇ ਨੂੰ ਅਪਨਾਉਂਦੇ ਰਹੇ ਅਤੇ ਗੁਰੂ ਸਾਹਿਬਾਨ ਜੀ ਦੀਆਂ ਸਰਗਰਮੀਆਂ, ਘਟਨਾਵਾਂ ਅਤੇ ਜਨਮ-ਮਰਨ ਖੁਸ਼ੀਆਂ-ਗਮੀਆਂ ਦਾ ਰਿਕਾਰਡ ਆਪਣੀਆਂ ਵਹੀਆਂ ਵਿਚ ਦਰਜ ਕਰਦੇ ਰਹੇ। ਪੰਜਵੇਂ ਪਾਤਸ਼ਾਹ ਤੋਂ ਅੱਗੇ ਚੱਲ ਕੇ ਭੱਟਾਂ ਦਾ ਇਹ ਸਿਲਸਿਲਾ ਜਾਰੀ ਰਿਹਾ। ਇਨ੍ਹਾਂ ਦੀਆਂ ਵਹੀਆਂ ਵਿਚੋਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਨਾਲ ਵਾਪਰੀਆਂ ਵੱਡੀਆਂ ਘਟਨਾਵਾਂ ਦੇ ਸੰਮਤ ਅਤੇ ਮਿਤੀਆਂ ਬਾਰੇ ਅਹਿਮ ਟੂਕਾਂ ਮਿਲਦੀਆਂ ਹਨ। ਇਨ੍ਹਾਂ ਵਹੀਆਂ ਵਿਚੋਂ ਸਮਾਂ ਸਥਾਨ ਦੀ ਜਾਣਕਾਰੀ ਦੇ ਨਾਲ ਨਾਲ ਗੁਰੂਘਰ ਨਾਲ ਨੇੜਤਾ ਰੱਖਣ ਵਾਲੇ ਹਰ ਪ੍ਰਮੁੱਖ ਵਿਅਕਤੀ ਦੀ ਬੰਸਾਵਲੀ ਵੀ ਪ੍ਰਾਪਤ ਹੁੰਦੀ ਹੈ।

 

ਭੱਟ ਵਹੀਆਂ ਵਿੱਚੋਂ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ ਸੰਬੰਧੀ, ਪ੍ਰਸਿੱਧ ਸਿੱਖਾਂ ਅਤੇ ਉਨ੍ਹਾਂ ਦੇ ਘਰਾਣਿਆਂ ਸੰਬੰਧੀ ਬਹੁਤ ਲਾਹੇਵੰਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ।ਕਈ ਇਤਿਹਾਸਕ ਸਾਕਿਆਂ ਦਾ ਅੱਖੀਂ ਡਿੱਠਾ ਹਾਲ ਇਨ੍ਹਾਂ ਭੱਟਾਂ ਦੀਆਂ ਵਹੀਆਂ ਵਿਚੋਂ ਨਾਂਵਾਂ ਥਾਂਵਾਂ ਤੇ ਤਿਥੀਆਂ ਸਹਿਤ ਦਰਜ ਕੀਤਾ ਮਿਲਦਾ ਹੈ। ਭੱਟ ਵਹੀਆਂ ਉਸ ਵੇਲੇ ਦੀਆਂ ਸਮਕਾਲੀ ਲਿਖਤਾਂ ਦੇ ਅਧਾਰਤ ਸਮੱਗਰੀ ਨਹੀਂ ਸਗੋਂ ਭੱਟਾਂ ਦੀ ਨਿੱਜੀ ਜਾਣਕਾਰੀ ਉਤੇ ਅਧਾਰਿਤ ਠੋਸ ਲਿਖਤਾਂ ਹਨ। ਭੱਟਾਂ ਦੁਆਰਾ ਆਪਣੇ ਹੱਥੀਂ ਲਿਖੀਆਂ ਹਰ ਪੱਖ ਤੋਂ ਵਿਸ਼ਵਾਸਯੋਗ ਗਵਾਹੀਆਂ ਹਨ, ਭੱਟ ਉਨ੍ਹਾਂ ਦੀ ਉਸਤਤ ਕਰਦੇ ਹੋਏ ਕੁਝ ਅਤਕਥਨੀ ਸ਼ਬਦਾਂ ਦੀ ਵਰਤੋਂ ਜਰੂਰ ਕਰਦੇ ਹੋਣਗੇ ਪਰ ਉਹ ਨਾਂਵਾਂ ਤੇ ਥਾਂਵਾਂ ਦਾ ਵੇਰਵਾ ਗ਼ਲਤ ਨਹੀਂ ਸੀ ਦਿੰਦੇ। ਕਿਉਂਕਿ ਉਹ ਹਰ ਘਟਨਾ ਦਾ ਵੇਰਵਾ ਮੌਕੇ 'ਤੇ ਹੀ ਨੋਟ ਕਰਦੇ ਸਨ। ਭੱਟ ਵਹੀਆਂ ਦੀ ਪੜਤਾਲ ਕਰਨ ਉਪਰੰਤ ਖੋਜਕਾਰਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਦੇ ਅਵਤਾਰ ਧਾਰਨ, ਜੋਤੀ ਜੋਤ ਸਮਾਉਣ ਅਤੇ ਗੁਰਤਾ ਗੱਦੀ ਪ੍ਰਾਪਤ ਕਰਨ ਦੀਆਂ ਤਿਥੀਆਂ ਦਰਜ ਕੀਤੀਆਂ ਹੋਈਆਂ ਮਿਲਦੀਆਂ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਜਨਮ ਅਤੇ ਦੇਹਾਂਤ ਦਾ ਸਮਾਂ ਵੀ ਵਹੀਆਂ ਵਿਚ ਲਿਖਿਆ ਮਿਲਦਾ ਹੈ। ਬਾਬਾ ਸ੍ਰੀ ਚੰਦ ਜੀ, ਬਾਬਾ ਬੁੱਢਾ ਜੀ, ਬਾਬਾ ਪ੍ਰਿਥੀ ਚੰਦ ਤੇ ਭਾਈ ਗੁਰਦਾਸ ਜੀ ਦੇ ਅਕਾਲ ਚਲਾਣੇ ਦੀਆਂ ਤਿਥੀਆਂ ਲਿਖੀਆਂ ਮਿਲਦੀਆਂ ਹਨ ॥ ਇਨਾਂ ਤੋਂ ਇਲਾਵਾ ਬਾਬਾ ਮੇਹਰਬਾਨ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਰਾਮ ਰਾਏ ਆਦਿ ਦੇ ਜਨਮ ਤੇ ਅਕਾਲ ਚਲਾਣੇ ਦੀਆਂ ਤਾਰੀਖਾਂ ਵੀ ਦਰਜ ਹਨ। ਕਈ ਇਤਿਹਾਸਕ ਸਾਕਿਆਂ ਦਾ ਤਿਥੀਆਂ ਸਹਿਤ ਵੇਰਵਾ ਮਿਲਦਾ ਹੈ ਜਿਵੇਂ ਗੁਰੂ ਹਰਿਗੋਬਿੰਦ ਜੀ ਦੇ ਕਲਾਨੌਰ ਜਾਣ ਬਾਰੇ,ਗੁਰੂ ਹਰਿਰਾਇ ਜੀ ਦੇ ਕਸ਼ਮੀਰ ਜਾਣ ਬਾਰੇ ਬਾਬਾ ਰਾਮਰਾਏ ਜੀ ਦੇ ਦਿੱਲੀ ਭੇਜੇ ਜਾਣ ਬਾਰੇ, ਗੁਰੂ ਹਰਿਕ੍ਰਿਸ਼ਨ ਜੀ ਦੇ ਸ਼ਾਹੀ ਦਰਬਾਰ ਵਿੱਚ ਪੁੱਜਣ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸਾਮ ਯਾਤਰਾ ਬਾਰੇ, ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਸਾਜਣਾ ਦਾ ਵੇਰਵਾ ਭੱਟ ਵਹੀਆਂ ਵਿਚ ਮੌਜੂਦ ਹੈ। ਭੱਟ ਵਹੀਆਂ ਵਿਚ ਗੁਰੂ ਹਰਿਗੋਬਿੰਦ ਜੀ ਦੇ ਮੁਗਲਾਂ ਨਾਲ ਹੋਏ ਸਾਰੇ ਯੁੱਧਾਂ ਦਾ ਹਾਲ ਮਿਲਦਾ ਹੈ । ਹੁਣ ਤੱਕ ਪੜ੍ਹੀਆਂ ਗਈਆਂ ਕਈ ਵਹੀਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦਾ ਹਾਲ ਪ੍ਰਾਪਤ ਹੋਇਆ ਹੈ ॥ ਭੱਟਾਂ ਵੱਲੋਂ ਇਨ੍ਹਾਂ ਲੜਾਈਆਂ ਵਿੱਚ ਸ਼ਹੀਦ ਹੋਣ ਵਾਲਿਆਂ ਦੀਆਂ ਸੂਚੀਆਂ ਵੀ ਦਿੱਤੀਆਂ ਗਈਆਂ ਹਨ ।ਸੰਭਵ ਹੈ ਕਿ ਇਨ੍ਹਾਂ ਸੂਚੀਆਂ ਵਿੱਚ ਭੱਟਾਂ ਨੇ ਸਿਰਫ਼ ਆਪਣੇ ਜਜਮਾਨਾਂ ਦੇ ਆਪਣੇ ਸੰਬੰਧੀਆਂ ਦੇ ਅਤੇ ਜਾਂ ਕੁਝ ਪ੍ਰਸਿੱਧ ਸਿੱਖਾਂ ਦੇ ਨਾਮ ਹੀ ਦਿੱਤੇ ਹੋਣ ਹੋਰਨਾਂ ਦਾ ਵੇਰਵਾ ਨਾ ਦਿੱਤਾ ਹੋਵੇ। ਗੁਰੂ ਘਰ ਨਾਲ ਅਤੇ ਪ੍ਰਮੁੱਖ ਸਿੱਖਾਂ ਦੇ ਜੀਵਨ ਨਾਲ ਸਬੰਧਤ ਹੋਰ ਵੀ ਕਈ ਸਾਕੇ ਲਿਖੇ ਗਏ ਮਿਲਦੇ ਹਨ, ਭੱਟਾਂ ਦੁਆਰਾ ਹਰ ਸਾਕੇ ਅਤੇ ਹਰ ਘਟਨਾ ਦਾ ਸਮਾਂ ਅਤੇ ਸਥਾਨ ਦਾ ਪੂਰਾ ਪਰਮਾਣਿਕ ਵੇਰਵਾ ਦਿੱਤਾ ਮਿਲਦਾ ਹੈ।ਅਜਿਹੀਆਂ ਘਟਨਾਵਾਂ ਅਤੇ ਉਨ੍ਹਾਂ ਨਾਲ ਸਬੰਧਤ ਨਾਵਾਂ ਥਾਵਾਂ ਅਤੇ ਚਿੱਠੀਆਂ ਬਾਰੇ ਭੱਟ ਵਹੀਆਂ ਦੇ ਇੰਦਰਾਜ ਪੂਰੀ ਤਰ੍ਹਾਂ ਪ੍ਰਮਾਣਕ ਹਨ ਕਿਉਂਕਿ ਇਹ ਸਮਕਾਲੀ ਲਿਖਤਾਂ ਹਨ ਅਤੇ ਨਿੱਜੀ ਜਾਣਕਾਰੀ ਤੇ ਆਧਾਰਤ ਅੰਕਿਤ ਕੀਤੀਆਂ ਗਈਆਂ ਹਨ। ਸਿੱਖ ਇਤਿਹਾਸ ਨਾਲ ਸਬੰਧਤ ਕਈ ਵਿਵਾਦਾਂ ਬਾਰੇ ਨਿਰਣਾ ਕਰਨ ਵਿੱਚ ਭੱਟ ਵਹੀਆਂ ਬਹੁਮੁੱਲੀ ਸਹਾਇਤਾ ਸਮੱਗਰੀ ਸਾਬਤ ਹੋਈਆਂ ਹਨ। ਭਾਈ ਮਨੀ ਸਿੰਘ ਸ਼ਹੀਦ ਕੌਣ ਸਨ ਇਸ ਬਾਰੇ ਕਈ ਭਰਮ ਭੁਲੇਖੇ ਖੜ੍ਹੇ ਹੋ ਗਏ ਸਨ । ਗਿਆਨੀ ਗਿਆਨ ਸਿੰਘ ਵਰਗਾ ਇਤਿਹਾਸਕਾਰ ਭਾਈ ਮਨੀ ਸਿੰਘ ਨੂੰ ਆਪਣਾ ਬਜ਼ੁਰਗ ਸਿੱਧ ਕਰਨ ਲਈ ਉਨ੍ਹਾਂ ਨੂੰ ਲੌਂਗੋਵਾਲ ਦਾ ਵਸਨੀਕ ਅਤੇ ਦੁੱਲਟ ਜੱਟ ਕਹਿੰਦਾ ਹੋਇਆ ਲਿਖਦਾ

ਰਿਹਾ ॥ਪਰ ਭੱਟ ਵਹੀਆਂ ਨੇ ਸਾਬਤ ਕਰ ਦਿੱਤਾ ਕਿ ਕੀ ਭਾਈ ਮਨੀ ਸਿੰਘ ਨਾ ਹੀ ਦੁੱਲਟ ਜੱਟ ਸੀ ਤੇ ਨਾ ਹੀ ਲੌਂਗੋਵਾਲ ਦਾ ਵਾਸੀ ਅਤੇ ਨਾ ਹੀ ਗਿਆਨੀ ਗਿਆਨ ਸਿੰਘ ਦੇ ਵਡੇਰਿਆਂ ਨਾਲ ਉਨ੍ਹਾਂ ਦਾ ਕੋਈ ਦੂਰ ਨੇੜੇ ਦਾ ਸਬੰਧ ਸੀ।ਭੱਟ ਵਹੀਆਂ ਵਿੱਚੋਂ ਭਾਈ ਸਾਹਿਬ ਦੀਆਂ ਕਈ ਪੀੜ੍ਹੀਆਂ ਦਾ ਵੇਰਵਾ ਮਿਲਦਾ ਹੈ ਕਿਉਂਕਿ ਭਾਈ ਸਾਹਿਬ ਦੇ ਪਿਤਾ ਦਾਦੇ ਪੜਦਾਦੇ ਅਤੇ ਉਸ ਤੋਂ ਵੀ ਉਚੇਚੇ ਵਡੇਰਿਆਂ ਦੇ ਨਾਮ ਭੱਟ ਵਹੀਆਂ ਵਿੱਚ ਇੱਕ ਵਾਰੀ ਨਹੀਂ ਦਸ ਵਾਰੀ ਕਈ ਥਾਵਾਂ ਤੇ ਦੁਹਰਾਏ ਗਏ ਹਨ। ਸਿੱਖ ਇਤਿਹਾਸ ਸੰਬੰਧੀ ਬਹੁਤ ਹੋਰਨਾਂ ਨੇ ਬਿਖੜੇ ਪ੍ਰਸ਼ਨਾਂ ਦਾ ਉੱਤਰ ਵੀ ਭੱਟ ਵਿੱਚੋਂ ਵਿੱਚੋਂ ਪ੍ਰਾਪਤ ਕੀਤਾ ਹੈ।

 

ਕਸ਼ਮੀਰੀ ਪੰਡਤਾਂ ਦੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਉਣ ਵਾਲੀ ਜੋ ਅਨੰਦਪੁਰ ਘਟਨਾ ਵਾਪਰੀ ਸੀ ਉਸ ਬਾਰੇ ਵੀ ਭੱਟ ਵਹੀਆਂ ਦੀ ਮੌਕੇ ਦੀ ਗਵਾਹੀ ਮੌਜੂਦ ਹੈ।

 

‘ਕਿਰਪਾ ਰਾਮ, ਬੇਟਾ ਅਤੂ ਰਾਮ ਕਾ, ਪੋਤਾ ਨਰੈਣ ਦਾਸ ਕਾ, ਪੜਪੋਤਾ ਬ੍ਰਹਮਦਾਸ ਕਾ, ਬੰਸ਼ ਠਾਕਰ ਦਾਸ ਕੀ, ਭਾਰਦਵਾਜੀ ਗੋਤ੍ਰਾ ਸਾਰਸੁੱਤ ਦੱਤ ਬ੍ਰਾਹਮਣ, ਬਾਸੀ ਮਟਨ, ਪਰਗਨਾ ਸ੍ਰੀਨਗਰ, ਦੇਸ਼ ਕਸ਼ਮੀਰ ਖੋੜਸ ਮੁਖੀ ਕਸ਼ਮੀਰ ਬ੍ਰਹਮਨੋ ਕੋ ਸੰਗ ਲੈ ਕੇ ਚੱਕ ਨਾਨਕੀ ਆਇਆ, ਪਰਗਨਾਂ ਕਹਿਲੂਰ ਮੇਂ ਸੰਬਤ ਸਤਰਾਂ ਸੈ ਬੱਤੀਸ ਜੇਠ ਮਾਸੇ ਸੁਦੀ ਇਕਾਦਸ਼ੀ ਕੇ ਦੇਹੋ।ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ ਨੇ ਇੰਨੇ ਧੀਰਜ ਦਈਂ । ਸਾਵਨ ਪ੍ਰਬਿਸ਼ਦੇ ਅੱਠੇ ਕੇ ਦਿਹੋ ਗੁਰੂ ਗੋਬਿੰਦ ਦਾਸ ਜੀ ਕੋ ਗੁਰਗੱਦੀ ਦਾ ਟਿੱਕਾ ਦੇ ਕੇ ਦਿੱਲੀ ਕੀ ਤਰਫ਼ ਜਾਨੇ ਕੀ ਤਿਆਰੀ ਕੀ ।ਖਾਸ ਦੀਵਾਨ ਮਤੀਦਾਸ, ਸਤੀਦਾਸ ਰਸੋਈਆ, ਬੇਟਾ ਹੀਰਾਨੰਦ ਕੇ, ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲਾਓਤ ਆਇਆ।

 

ਖ਼ਾਲਸਾ ਸਾਜਣਾ ਦੀ ਤਰੀਖ਼ ਬਾਰੇ ਵੀ ਭੱਟ ਵਹੀਆਂ ਬਹੁਤ ਸਾਫ਼ ਸਪੱਸ਼ਟ ਚਾਨਣਾ ਪਾਉਂਦੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਦੇ ਮੌਕੇ ਦੀ ਗਵਾਹੀ ਵੀ ਭੱਟ ਵਹੀਆਂ ਚੋਂ ਮਿਲਦੀ ਹੈ ਉਸ ਸਮੇਂ ਕੇਸੋ ਸਿੰਘ ਭੱਟ ਦਾ ਪੁੱਤਰ ਨਰਬਦ ਸਿੰਘ ਭੱਟ ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ ਮੌਜੂਦ ਸੀ। ਉਸ ਨੇ ਆਪਣੇ ਹੱਥੀਂ ਲਿਖੀ ਗਈ ਵਹੀ ਵਿਚ ਇੰਦਰਾਜ ਕੀਤਾ।

 

ਭੱਟ ਵਹੀ ਤਲਾਉਂਡਾ ਪਰਗਨਾ ਜੀਂਦ ਵਿਚ ਲਿਖਿਆ ਮਿਲਦਾ ਹੈ :-

“ਗੁਰੂ ਗੋਬਿੰਦ ਸਿੰਘ ਮਹਲ ਦਸਮਾਂ, ਬੇਟਾ ਗੁਰੂ ਤੇਗ ਬਹਾਦੁਰ ਜੀ ਕਾ, ਪੋਤਾ ਗੁਰੂ ਹਰਿਗੋਬਿੰਦ ਜੀ ਕਾ, ਪੜਪੋਤਾ ਗੁਰੂ ਅਰਜਨ ਜੀ ਕਾ ਬੰਸ ਗੁਰੂ ਰਾਮਦਾਸ ਜੀ ਕੀ ਸੂਰਜ ਬੰਸੀ ਗੋਸਲ ਗੋਤਰਾ ਸੋਢੀ ਖਤਰੀ ਬਾਸੀ ਅਨੰਦਪੁਰ ਪ੍ਰਗਨਾ ਕਹਿਲੂਰ, ਮੁਕਾਮ ਨਦੇੜ, ਤਟ ਗੋਦਾਵਰੀ, ਦੇਸ ਦੱਖਨ, ਸੰਮਤ ਸਤਰਾਂ ਸੈ ਪੈਂਸਠ, ਕਾਰਤਕ ਮਾਸ ਕੀ ਚਉਥ, ਸ਼ੁਕਲਾ ਪਖੇ ਬੁਧਵਾਰ ਕੇ ਦਿਹੁੰ, ਭਾਈ ਦੈਯਾ ਸਿੰਘ ਸੇ ਬਚਨ ਹੂਆ, ਸ੍ਰੀ ਗ੍ਰੰਥ ਸਾਹਿਬ ਲੇ ਆਓ। ਬਚਨ ਪਾਇ ਦੈਆ ਸਿੰਘ ਸ੍ਰੀ ਗ੍ਰੰਥ ਸਾਹਿਬ ਲੇ ਆਏ। ਗੁਰੂ ਜੀ ਨੇ ਪਾਂਚ ਪੈਸੇ ਏਕ ਨਰੀਏਰ ਆਗੇ ਬੇਟਾ ਰਖ ਮਾਥਾ ਟੇਕਾ। ਸਰਬੱਤ ਸੰਗਤ ਸੇ ਕਹਾ - ਮੇਰਾ ਹੁਕਮ ਹੈ, ਮੇਰੀ ਜਗ੍ਹਾ, ਸ੍ਰੀ ਗ੍ਰੰਥ ਜੀ ਕੋ ਜਾਨਨਾ। ਜੋ ਸਿੱਖ ਜਾਨੇਗਾ, ਤਿਸ ਕੀ ਘਾਲ ਥਾਇ ਪਏਗੀ, ਗੁਰੂ ਤਿਸ ਕੀ ਬਹੁੜੀ ਕਰੇਗਾ, ਸਤਿ ਕਰ ਮਾਨਨਾ।” (ਗਰਜਾ ਸਿੰਘ ਪੰਨਾ 203)

 

ਹੋਰ ਅਨੇਕਾਂ ਇਤਿਹਾਸਕ ਮਸਲੇ ਜਿਨ੍ਹਾਂ ਬਾਰੇ ਕਿਸੇ ਸਮਕਾਲੀ ਲਿਖਤ ਵਿੱਚੋਂ ਕੋਈ ਸੰਕੇਤ ਨਹੀਂ ਮਿਲਦਾ ਉਹ ਭੱਟ ਵਹੀਆਂ ਦੇ ਇੰਦਰਾਜਾਂ ਦੇ ਅਧਾਰ 'ਤੇ ਸੁਲਝਾਏ ਜਾ ਰਹੇ ਹਨ। ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਅਤੇ ਸ਼ਹੀਦੀ ਬਾਰੇ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੂਝਾਰ ਸਿੰਘ ਦਾ ਜੰਗ ਤੇ ਸ਼ਹੀਦੀ ਗੁਰੂ ਸਾਹਿਬ ਦੇ ਚਮਕੌਰ ਵਿੱਚੋਂ ਨਿਕਲਣ ਤੇ ਉੱਚ ਦੇ ਪੀਰ ਦੇ ਰੂਪ ਚ ਕਈ ਕਈ ਥਾਵਾਂ 'ਤੇ ਜਾਣ ਬਾਰੇ ਵਿਸਥਾਰ ਸਹਿਤ ਭੱਟ ਵਹੀਆਂ ਚੋਂ ਸਾਫ ਜ਼ਿਕਰ ਮਿਲਦਾ ਹੈ ।

 

ਮਿਸਾਲ ਵਜੋਂ ਖਾਲਸਾ ਪੰਥ ਦੀ ਸਾਜਨਾ ਤੇ ਪੰਜ ਪਿਆਰਿਆਂ ਦਾ ਜ਼ਿਕਰ, ਖੰਡੇ ਬਾਟੇ ਦੀ ਪਹੁਲ ਦੇਣ ਬਾਰੇ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਵਿਖੇ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਜਾਉਣ ਅਤੇ ਉਸ ਨੂੰ ਪੰਜਾਬ ਵੱਲ ਤੋਰਨ ਦੇ ਆਦੇਸ਼ ਬਾਰੇ ਭੱਟ ਵਹੀਆਂ ਚੋਂ ਠੋਸ ਜਾਣਕਾਰੀ ਮਿਲਦੀ ਹੈ, ਜੋ ਕਈ ਭਰਮ ਭੁਲੇਖਿਆਂ ਦਾ ਨਿਖੇੜਾ ਕਰਦੀ ਹੈ। ਛਿੱਬਰ ਬ੍ਰਾਹਮਣ ਘਰਾਣਾ ਤੇ ਦੱਤ ਬ੍ਰਾਹਮਣ ਘਰਾਣਾ ਦੋਨੋਂ ਘਰਾਣਿਆਂ ਦੀ ਗੁਰੂ ਘਰ ਨਾਲ ਬਹੁਤ ਨੇੜਤਾ ਰਹੀ, ਉਨ੍ਹਾਂ ਬਾਰੇ ਵੀ ਭੱਟ ਵਹੀਆਂ ਚੋਂ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ।ਇਸ ਤਰ੍ਹਾਂ ਬ੍ਰਾਹਮਣ ਵਰਗ ਚੋਂ ਭੱਟ ਬ੍ਰਾਹਮਣਾਂ ਦਾ ਸਿੱਖ ਇਤਿਹਾਸ ਵਿਚ ਪਾਏ ਯੋਗਦਾਨ ਦਾ ਅਹਿਮ ਸਥਾਨ ਵੇਖਣ ਨੂੰ ਮਿਲਦਾ ਹੈ।

 

ਇਕ ਅਨੁਮਾਨ ਅਨੁਸਾਰ ਇਹ ਧਾਰਨਾ ਪਾਈ ਜਾਂਦੀ ਹੈ ਕਿ ਭੱਟ ਬ੍ਰਾਹਮਣ ਸੰਨ 1581 ਨੂੰ ਆਪਣੇ ਮੁਖੀ ਭੱਟ ਕਲ੍ਹਸਾਰ ਦੀ ਅਗਵਾਈ ਵਿਚ ਗੁਰੂ ਅਰਜਨ ਦੇਵ ਜੀ ਪਾਸ ਗੋਇੰਦਵਾਲ ਸਾਹਿਬ ਆਏ ਸਨ। ਜਦ ਗੁਰੂ ਸਾਹਿਬ ਦੀ ਦਸਤਾਰਬੰਦੀ ਦੀ ਰਸਮ ਹੋਣੀ ਸੀ ਤਾਂ ਬਹੁਤ ਦੂਰ ਦੂਰ ਥਾਵਾਂ ਤੋਂ ਸਿੱਖ ਸੰਗਤਾਂ ਗੋਇੰਦਵਾਲ ਇਕੱਤਰ ਹੋ ਰਹੀਆਂ ਸਨ। ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਬਾਰੇ ਉਸ ਵੇਲੇ ਜਦ ਭੱਟ ਬ੍ਰਾਹਮਣਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਫੌਰੀ ਗੋਇੰਦਵਾਲ ਇਸ ਰਸਮ ਵਿਚ ਸ਼ਾਮਿਲ ਹੋਣ ਲਈ ਉਥੇ ਆ ਪੁੱਜੇ। ਸੰਗਤਾਂ ਦਾ ਉਤਸ਼ਾਹ ਅਤੇ ਉਨ੍ਹਾਂ ਦੀ ਅਥਾਹ ਸ਼ਰਧਾ ਵੇਖ ਕੇ ਉਨ੍ਹਾਂ ਦੇ ਮਨਾਂ ਵਿਚ ਵੀ ਗੁਰੂ ਘਰ ਦੀ ਸਿਫਤ-ਸਲਾਹ ਤਾਰੀ ਹੋ ਗਈ । ਭੱਟਾਂ ਦੇ ਉਥੇ ਤੁਰੰਤ ਪੁੱਜਣ ਬਾਰੇ ਪੁਸ਼ਟੀ ਉਨ੍ਹਾਂ ਦੁਆਰਾ ਰਚੇ ਸਵੱਈਆਂ ਤੋਂ ਸਪਸ਼ਟ ਹੋ ਜਾਂਦੀ ਹੈ। ਇਤਿਹਾਸਕ ਤੱਥ ਵੀ ਇਹ ਹੀ ਦੱਸਦੇ ਹਨ ਕਿ ਗੁਰੂ ਘਰ ਦੀ ਮਹਿਮਾ ਸੁਣ ਕੇ ਭੱਟ ਬ੍ਰਾਹਮਣ ਪੰਜਾਬ ਦੀ ਇਸ ਨਗਰੀ ਗੋਇੰਦਵਾਲ ਆਏ ਸਨ।ਇਸ ਬਾਰੇ ਖਾਸ ਹਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਭੱਟ ਬਾਣੀ ਤੋਂ ਵੀ ਮਿਲਦਾ ਹੈ। ਸਿੱਖ ਸਰੋਤ ਵੀ ਦਾਅਵੇ ਨਾਲ ਪਰਗਟ ਕਰਦੇ ਹਨ ਕਿ ਭੱਟਾਂ ਦੁਆਰਾ ਜੋ ਸਵੱਈਏ ਰਚੇ ਹਨ ਅਤੇ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਉਹ ਸਾਰੀ ਰਚਨਾ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਕੀਤੀ ਹੈ॥

 

ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ।

ਗਯਉ ਦੁਖ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗੁਰੂ ਸੁਖ ਪਾਯਉ॥ਗੁ.ਗ੍ਰੰ.ਸਾਹਿਬ ਪੰਨਾ 1400॥

 

ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਵਿਚ ਲਿਖਿਆ ਮਿਲਦਾ ਹੈ ਕਿ ਗੁਰੂ ਕਾਲ ਵੇਲੇ ਭੱਟਾਂ ਦੇ ਕੁਝ ਪਰਿਵਾਰ ਜ਼ਿਲ੍ਹਾ ਕਪੂਰਥਲਾ ਦੇ ਨਗਰ ਸੁਲਤਾਨਪੁਰ ਲੋਧੀ ਆ ਵਸੇ ਸਨ। ਭੱਟ ਭਿੱਖਾ ਤੇ ਭੱਟ ਟੋਡਾ ਦੇ ਪਰਿਵਾਰ ਗੁਰੂ ਅਮਰਦਾਸ ਵੇਲੇ ਹੀ ਸਿੱਖੀ ਮੰਡਲ ਵਿਚ ਸ਼ਾਮਲ ਹੋਏ। ਇਸ ਗੱਲ ਦੀ ਇਤਿਹਾਸਕ ਗਵਾਹੀ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੀ ਪਉੜੀ ਇੱਕੀਵੀਂ ਚੋਂ ਮਿਲਦੀ ਹੈ। ਉਸ ਵਿਚ ਭਾਈ ਸਾਹਿਬ ‘ਪੰਜਵੇਂ ਪਾਤਸ਼ਾਹ ਦੇ ਸਿੱਖਾਂ ਬਾਰੇ' ਲਿਖਦੇ ਹੋਏ ਭੱਟਾਂ ਦਾ ਇਸ ਤਰ੍ਹਾਂ ਜ਼ਿਕਰ ਕਰਦੇ ਹਨ:-

 

-ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲੁ ਤਿਸ ਭਾਰਾ-

 

ਇਸ ਵਾਕ ਦੀ ਵਿਆਖਿਆ ਕਰਦਿਆਂ ਪੁਸਤਕ "ਸਿੱਖਾਂ ਦੀ ਭਗਤਮਾਲਾ" ਵਿਚ ਬਾਣੀਕਾਰ ਭੱਟਾਂ ਬਾਰੇ ਲਿਖਿਆ ਹੈ ਕਿ ਸੁਲਤਾਨਪੁਰ ਵਾਸੀ ਭਿੱਖਾ ਤੇ ਟੋਡਾ ਭੱਟ ਤੋਂ ਇਲਾਵਾ ਹੋਰ ਉਥੋਂ ਦੇ ਵਾਸੀ ਸਿੱਖ ਵੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਆਏ ਸਨ। ਉਸ ਵੇਲੇ ਭੱਟਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ- ਜੀ ਅਸੀਂ ਤੀਸਰੀ ਪਾਤਸ਼ਾਹੀ ਵੇਲੇ ਦੇ ਸਿੱਖ ਹੋਏ ਹਾਂ, ਤੇ ਅਸਾਨੂੰ ਬਚਨ ਹੋਇਆ ਸੀ ਕਿ ਤੁਸਾਂ ਧਰਮ ਦੀ ਕਿਰਤ ਕਰ ਕੇ ਸਿੱਖਾਂ ਦੀ ਸੇਵਾ ਕਰਨੀ ਤੇ ਮਨ ਨੀਵਾਂ ਕਰਨਾ ਅਤੇ ਮਿੱਠਾ ਬੋਲਣਾ।

 

ਫਿਰ ਜਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਰਹੇ ਸਨ ਤਾਂ ਬਹੁਤ ਸਾਰੇ ਭੱਟ ਬ੍ਰਾਹਮਣ ਗੁਰੂ ਸਾਹਿਬ ਕੋਲ ਸ੍ਰੀ ਅੰਮ੍ਰਿਤਸਰ ਆਏ। ਉਹ ਚਰਨਾਂ ਵਿਚ ਨਮਸਕਾਰ ਕਰਦੇ ਹੋਏ ਸਾਹਿਬ ਪਾਤਸ਼ਾਹ ਦੀ ਉਸਤਤੀ ਦੇ ਸ਼ਬਦ ਉਚਾਰਦੇ ਕਹਿਣ ਲੱਗੇ-ਹੇ ਦਇਆ ਦੇ ਸਾਗਰ ਗੁਰੂ ਜੀ! ਦੀਨ ਬੰਧੂ ਕਿਰਪਾਲੂ ਜੀ! ਆਪ ਜੀ ਦੇ ਚਰਨਾਂ ਵਿਚ ਨਮਸਕਾਰ ਹੈ। ਹੇ ਗੁਰੂ ਜੀ ! ਬੇਦੀ ਵੰਸ਼ ਵਿਚ ਗੁਰੂ ਨਾਨਕ ਜੀ ਹੋਏ ਜਿਨ੍ਹਾਂ ਨੇ ਮਨੁੱਖਤਾ 'ਤੇ ਦਇਆ ਧਾਰੀ ਤੇ ਕਲਯੁਗ ਵਿਚ ਵਾਹਿਗੁਰੂ ਨਾਮ ਜਪਾਇਆ। ਸਿੱਖ ਪੰਥ ਚਲਾਇਆ। ਫਿਰ ਗੁਰੂ ਅੰਗਦ ਜੀ ਆਏ, ਉਨ੍ਹਾਂ ਅਨੇਕ ਸਿੱਖਾਂ ਦਾ ਉਧਾਰ ਕੀਤਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਿੱਖੀ ਫੈਲਾਈ ਧਰਮ ਦਾ ਪ੍ਰਚਾਰ ਕੀਤਾ। ਚੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਨੇ ਕਲਯੁਗ ਦੇ ਹਨੇਰੇ ਨੂੰ ਦੂਰ ਕਰ ਕੇ ਉਜਾਲਾ ਕੀਤਾ। ਫਿਰ ਆਪ ਜੀ ਗੁਰਤਾਗੱਦੀ 'ਤੇ ਬਿਰਾਜਮਾਨ ਹੋਏ । ਆਪ ਜੀ ਨੂੰ ਨਮਸਕਾਰ ਹੈ ਨਮਸਕਾਰ ਹੈ।

 

ਭਾਈ ਸੰਤੋਖ ਸਿੰਘ ਗੁਰੂ ਪਰਤਾਪ ਸੂਰਜ ਗ੍ਰੰਥ ਵਿਚ ਲਿਖਦੇ ਹਨ ਕਿ ਭੱਟਾਂ ਦੇ ਇਹ ਬੋਲ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ- ਹੇ ਸੋਝੀਵਾਨ ਪੁਰਸ਼ੋ ਦੱਸੋ! ਤੁਸੀਂ ਕਿਸ ਕਾਰਜ ਹਿਤ ਆਪਣੇ ਹਿਰਦੇ ਵਿਚ ਬਖਸ਼ਸ਼ ਪ੍ਰਾਪਤੀ ਦੀ ਇੱਛਾ ਧਾਰੀ ਹੋਈ ਹੈ? ਤੁਸੀਂ ਕਿਥੇ ਰਹਿੰਦੇ ਹੋ ਅਤੇ ਕਿਥੇ ਜਾਣਾ ਹੈ? ਸਾਡੇ ਕੋਲ ਤੁਸੀਂ ਮਨ ਵਿਚ ਕੀ ਧਾਰ ਕੇ ਆਏ ਹੋ?

 

(ਗੁਰੂ ਸਾਹਿਬ) ਬੂਝਤਿ ਭਏ ‘ਕੌਨ ਤੁਮ ਕਾਰਜ ਉਰ ਬਾਂਛਤਿ ਲਿਹੁ ਜਾਚਿ ਭੁਪੀਤ।

ਕਹਾਂ ਬਸਤਿ, ਗਮਨੇ ਅਬ ਕਿਤ ਕੋ,ਹਮ ਵਿਗ ਆਏ ਕਯਾ ਚਿਤ ਚੀਨਿ' ॥ ਰਾਸਤ/ਅਧਿ48/ਅੰਕ28/ਬਾ ਦੀ

 

ਇਹ ਸੁਣ ਕੇ ਭੱਟ ਬ੍ਰਾਹਮਣਾਂ ਦਾ ਮੁੱਖੀ ਭੱਟ ਭਿੱਖਾ ਬੋਲਿਆ -ਹੇ ਗੁਰੂ ਸਾਹਿਬ ਗੁਰੂ ਜੀ ਆਪ ਸਾਡੇ ਗੁਰੂ ਬਣ ਕੇ ਸਾਨੂੰ ਉਪਦੇਸ਼ ਦੇਵੋ ਤੇ ਸਾਨੂੰ ਆਪਣਾ ਸਿੱਖ ਬਣਾ ਲਵੋ। ਸਾਡੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਦੀ ਕਿਰਪਾਲਤਾ ਕਰੋ। ਅਸੀਂ ਕਾਸ਼ੀ ਨਗਰ ਦੇ ਵਾਸੀ ਹਾਂ-।

 

ਖੋਜਤਿ ਫਿਰੇ ਜਗਤ ਮਹਿਂ ਕਿਤ ਕਿਤ ਲੇਨਿ ਸ਼ਾਤਿ ਹਿਤ ਪੰਥ ਵਿਸੇਸ। ਸ਼੍ਰਮਤ ਭਏ ਨਹਿਂ ਪ੍ਰਾਪਤਿ ਹੋਵਾ, ਬਾਸੀ ਹਮ ਕਾਸ਼ੀ ਪੁਰਿ ਦੇਸ॥29॥

 

ਤਦ ਗੁਰੂ ਸਾਹਿਬ ਨੇ ਭੱਟਾਂ ਨੂੰ ਜਸ ਰੂਪੀ ਰਚਨਾ ਕਰਨ ਬਾਰੇ ਆਖਿਆ। ਭੱਟਾਂ ਨੇ ਗੁਰੂ ਸਾਹਿਬ ਅੱਗੇ ਅਰਜ਼ ਰੱਖੀ ਸਾਨੂੰ ਕਾਵਿ ਰਚਨਾ ਕਰਨ ਸਬੰਧੀ ਸ਼ੈਲੀ ਵਿਧੀ ਸਮਝਾਈ ਜਾਵੇ। ਤਦ ਗੁਰੂ ਸਾਹਿਬ ਨੇ ਸ਼ਬਦ ਰਚਨਾ ਕਰਨ ਲਈ ਤਰੀਕਾ-ਏ-ਕਾਰ ਦੱਸਣ ਲਈ ਖੁਦ ਵੀਹ ਸਵੱਈਏ ਲਿਖੇ। ਭੱਟਾਂ ਨੇ ਉਸ ਅਨੁਸਾਰ ਖੁਦ ਰਚਨਾ ਕੀਤੀ । ਗੁਰੂ ਸਾਹਿਬ ਨੇ ਭੱਟਾਂ ਦੇ ਰਚੇ ਹੋਏ ਉਹ 123 ਸਵੱਈਏ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਏ ।ਇਨ੍ਹਾਂ 'ਚੋਂ 10 ਸਵੱਈਏ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਵਿਚ ਸਨ, 10 ਸਵੱਈਏ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ, 22 ਸਵੱਈਏ ਗੁਰੂ ਅਮਰ ਦਾਸ ਜੀ ਦੀ ਉਸਤਤਿ ਵਿਚ, 60 ਸਵੱਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਅਤੇ 21 ਸਵੱਈਏ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਵਿਚ ਉਚਾਰਨ ਕੀਤੇ ਗਏ। 

ਕਵੀ ਭਾਈ ਸੰਤੋਖ ਸਿੰਘ ਅਤੇ ਭਾਈ ਵੀਰ ਸਿੰਘ ਲਿਖਦੇ ਹਨ ਕਿ ਜਿਨ੍ਹਾਂ ਭੱਟਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਹੈ ਉਨ੍ਹਾਂ ਦੀ ਗਿਣਤੀ 17 ਹੈ ।ਪਰ ਪ੍ਰੌਫੈਸਰ ਸਾਹਿਬ ਸਿੰਘ ਨੇ ਭੱਟਾਂ ਦੀ ਇਹ ਗਿਣਤੀ 11 ਦੱਸੀ ਹੈ। ਪਿਆਰਾ ਸਿੰਘ ਪਦਮ ਨੇ ਵੀ ਇਹ ਗਿਣਤੀ 11 ਦਰਸਾਈ ਹੈ ਜੋ ਇਸ ਤਰ੍ਹਾਂ ਹੈ: ਭੱਟ ਕਲਸਹਾਰ ਜੀ, ਭੱਟ ਕੀਰਤ ਜੀ, ਭੱਟ ਜਾਲ੍ਹਪ ਜੀ, ਭੱਟ ਭਿੱਖਾ ਜੀ, ਭੱਟ ਸਲ੍ਹ ਜੀ, ਭੱਟ ਭਲ੍ਹ ਜੀ, ਭੱਟ ਨਲ੍ਹ ਜੀ, ਭੱਟ ਗਯੰਦ (ਪਰਮਾਨੰਦ) ਜੀ, ਭੱਟ ਮਥਰਾ ਜੀ, ਭੱਟ ਬਲ੍ਹ ਜੀ ਤੇ ਭੱਟ ਹਰਿਬੰਸ ਜੀ।

 

ਭੱਟ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਇਸ ਦੀ ਭਗਤਬਾਣੀ ਨਾਲ ਸਿਧਾਂਤਕ ਸਾਂਝ ਮਿਲਦੀ ਹੈ। ਗੁਰਬਾਣੀ ਦਾ ਜੋ ਸ੍ਰੇਸ਼ਟ ਉਦੇਸ਼ ਹੈ, ਭੱਟ ਬਾਣੀ ਉਸੇ ਭਾਵ ਨੂੰ ਪ੍ਰਭਾਸ਼ਿਤ ਕਰਦੀ ਹੈ, ਦਰਸਾਉਂਦੀ ਹੈ।ਭੱਟ ਰਚਨਾਕਾਰ ਨਿਰਗੁਣ ਬ੍ਰਹਮ ਦੇ ਉਪਾਸ਼ਕ ਪਰਗਟ ਹੁੰਦੇ ਹਨ ।ਭੱਟ ਹਰਿਬੰਸ ਦੇ ਰਚੇ ਹੋਏ ਜੋ ਦੋ ਸਵੱਈਏ ਹਨ ਉਨ੍ਹਾਂ 'ਚੋਂ ਗੁਰਬਾਣੀ ਦਾ ਜੋ ਤੱਤਸਾਰ ਹੈ ਸਾਫ ਝਲਕਦਾ ਹੈ:-

 

ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ॥ ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ॥ ਅਜੈ ਚਵਰੁ ਸਿਰਿ ਢੁਲੈ ਨਾਮ ਅੰਮ੍ਰਿਤ ਮੁਖਿ ਲੀਅਉ॥ ਗੁਰ ਅਰਜਨ ਸਿਰਿ ਛਤ ਆਪਿ ਪਰਮੇਸਰਿ ਦੀਅਉ॥

 

(ਗੁ.ਗ੍ਰੰ.ਸਾਹਿਬ, ਅੰਗ 1409 )

 

ਭੱਟ ਬਾਣੀ ਦੀ ਕਾਵਿ ਰਚਨਾ ਸੁੰਦਰ ਤੇ ਬਹੁਤ ਲੈਅ-ਮਈ ਹੈ। ਇਸ ਤੋਂ ਇਲਾਵਾ ਭੱਟਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਕਈ ਪ੍ਰਸੰਗਾਂ ਨੂੰ ਸਰਲ ਤੇ ਸਪਸ਼ਟ ਕਰਨ ਵਿਚ ਸਹਾਈ ਹੁੰਦੀ ਹੈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੱਟਾਂ ਦੀ ਬਾਣੀ ਸ਼ਾਮਿਲ ਹੋਣ ਸਦਕਾ ਭੱਟਾਂ ਦਾ ਸਿੱਖ ਸੰਗਤਾਂ ਵਿਚ ਬਹੁਤ ਹੀ ਆਦਰ-ਮਾਣ ਵਾਲਾ ਸਥਾਨ ਹੈ। ਭੱਟ ਬ੍ਰਾਹਮਣ ਗੁਰੂ ਸਾਹਿਬ ਕੋਲ ਆਏ ਤਾਂ ਉਨ੍ਹਾਂ ਨੇ ਆਪਣੀ ਨਿਮਨ ਪਰਵਿਰਤੀ ਨੂੰ ਤਿਆਗ ਦੇਣਾ ਮਿਥ ਲਿਆ ਸੀ ਤੇ ਅਧਿਆਤਮਕ ਪ੍ਰਾਪਤੀ ਹਾਸਲ ਕਰਨਾ ਦ੍ਰਿੜ ਕਰ ਲਿਆ ਸੀ। ਇਸ ਨਵੇਂ ਮੋੜੇ ਨੇ ਉਨ੍ਹਾਂ ਨੂੰ ਇਕ ਸਦੀਵੀ ਯਾਦਗਾਰ ਜੀਵਨ ਬਖਸ਼ ਦਿੱਤਾ। ਉਚ ਬ੍ਰਾਹਮਣ ਵਰਗ ਜਿਨ੍ਹਾਂ ਨੇ ਭੱਟਾਂ ਨੂੰ ਨਿਮਨ ਬ੍ਰਾਹਮਣ ਜਾਤੀ ਦੀ ਸੰਗਿਆ ਦਿੱਤੀ ਸੀ, ਉਹ ਭੱਟ ਬ੍ਰਾਹਮਣ ਗੁਰੂ ਘਰ ਨਾਲ ਜੁੜ ਕੇ ਉਪਰ ਉਠ ਗਏ ਤੇ ਗੁਰੂ ਸਾਹਿਬਾਨ ਦੇ ਗੁਰ-ਸੇਵਕਾਂ ਵਾਲਾ ਆਦਰਮਈ ਦਰਜਾ ਹਾਸਲ ਕਰ ਗਏ। ਜਿਸ ਤਰ੍ਹਾਂ ਭੱਟ ਬਾਣੀਕਾਰਾਂ ਨੇ ਆਪਣੇ ਮੁੱਖ ਤੋਂ ਗੁਰੁ ਸਾਹਿਬਾਨ ਜੀ ਦੇ ਆਦਰਸ਼ਾਂ ਨੂੰ ਉਭਾਰਿਆ ਹੈ, ਉਨ੍ਹਾਂ ਦੀ ਇਸ ਰਚਨਾ ਨੂੰ ਵਾਚਿਆਂ, ਸਿੱਖ ਸੰਗਤਾਂ ਦੇ ਨਿਜੀ ਜੀਵਨ ਵਿਚ ਗੁਰੂਘਰ ਪ੍ਰਤੀ ਸ਼ਰਧਾ ਵਿਸ਼ਵਾਸ ਹੀ ਨਹੀਂ ਜਾਗਦਾ ਸਗੋਂ ਵਿਵਹਾਰਕ ਕਾਰਜ ਵਿਚ ਵੀ ਲਾਹੇਵੰਦੀ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਗੁਰਬਾਣੀ ਦਾ ਮਰਕਜ਼ ਅਕਾਲ-ਪੁਰਖ ਦੀ ਅਰਾਧਨਾ ਹੈ ਉਸੇ ਤਰਜ਼ 'ਤੇ ਅਤੇ ਉਸੇ ਸੰਕਲਪ ਨੂੰ ਅੱਗੇ ਰੱਖ ਕੇ ਭੱਟਾਂ ਨੇ ਆਪਣੀ ਰਚਨਾ ਵਿਚ ਗੁਰੂ ਸਾਹਿਬਾਨ ਜੀ ਦੀ ਸ਼ਖ਼ਸੀਅਤ ਨੂੰ ਉਭਾਰਿਆ ਹੈ। ਗੁਰਬਾਣੀ ਦੇ ਆਦਰਸ਼ਾਂ ਵਿਚ ਜਿਸ ਤਰ੍ਹਾਂ ਸਰਬੱਤ ਦਾ ਭਲਾ, ਮਾਨਵੀ ਸੇਵਾ ਭਾਵ ਅਤੇ ਤਿਆਗ ਤੇ ਸੱਚ ਪ੍ਰਤੀ ਮਨੁੱਖੀ ਭਾਈਚਾਰੇ ਦੇ ਭਲੇ ਦੇ ਸੰਕਲਪ ਹਨ, ਉਸੇ ਖਿਆਲ ਨਾਲ ਭੱਟਾਂ ਨੇ ਆਪਣੀ ਭੱਟਬਾਣੀ ਵਿਚ ਇਨ੍ਹਾਂ ਪੱਖਾਂ ਨੂੰ ਹੋਰ ਦ੍ਰਿੜ ਕਰਵਾਇਆ ਹੈ। ਇਕ ਤਰ੍ਹਾਂ ਨਾਲ ਭੱਟਬਾਣੀ ਗੁਰਮਤਿ ਦੇ ਸਿਧਾਂਤਾਂ ਦੀ ਅਤੇ ਗੁਰਮਤਿ ਦਰਸ਼ਨ ਦੀ ਵਿਆਖਿਆ ਹੀ ਕਰਦੀ ਜਾਪਦੀ ਹੈ। ਭੱਟਬਾਣੀ ਖਾਸ ਵਿਸਮਾਦੀ ਢੰਗ ਨਾਲ ਗੁਰੂ ਦਰਬਾਰ ਦੀ ਸਿਫਤ-ਸਲਾਹ ਕਰਦੀ ਹੋਈ ਸਾਨੂੰ ਗੁਰੂ ਇਤਿਹਾਸ ਦੀ ਉਚੱਤਾ ਬਾਰੇ ਵਾਕਫ ਕਰਵਾਉਣ ਦਾ ਵੱਡਾ ਯੋਗਦਾਨ ਪਾਉਂਦੀ ਹੈ।

 

ਇਹ ਭੱਟ ਬਾਣੀਕਾਰ ਕਥਨੀ ਤੇ ਜੀਵਨ ਅਮਲ ਵਿਚ ਪੂਰਾ ਉਤਰਨ ਵਾਲੇ ਪੂਰਨ ਪੁਰਸ਼ ਹੋਏ। ਉਹ ਆਪਣਾ ਪੁਰਾਤਨ ਵਿਵਹਾਰਕ ਜੀਵਨ ਬਦਲ ਕੇ ਗੁਰੂ ਆਦਰਸ਼ ਦੇ ਮਾਰਗ ਤੇ ਚੱਲੇ ਅਤੇ ਗੁਰ-ਆਸੇ ਅਨੁਸਾਰ ਆਪਣਾ ਜੀਵਨ ਢਾਲ ਲਿਆ। ਉਨ੍ਹਾਂ, ਆਪਣਾ ਜੀਵਨ ਇਕ ਤਰ੍ਹਾਂ ਬੜੀ ਸ਼ਰਧਾ ਸਹਿਤ ਗੁਰੂਘਰ ਨੂੰ ਸਮਰਪਿਤ ਹੀ ਕਰ ਦਿੱਤਾ ਸੀ। ਜਦ ਗੁਰੂਘਰ ਪਰ ਅਣਸੁਖਾਵਾਂ ਸਮਾਂ ਆਇਆ ਤਾਂ ਉਨਾਂ ਤਨ-ਦੇਹੀ ਸਹਿਤ ਸਾਥ ਦਿੱਤਾ। ਮੁਸ਼ਕਲ ਵਾਲੀ ਘੜੀ ਵੇਲੇ ਜਦ ਗੁਰੂ ਸਾਹਿਬਾਨ ਨਾਲ ਮੁਗਲਾਂ ਦੀਆਂ ਜੰਗਾਂ ਹੋਈਆਂ,ਉਨ੍ਹਾਂ ਨੇ ਹਥਿਆਰ ਚੁੱਕੇ ਤੇ ਡੱਟ ਕੇ ਸੂਰਬੀਰਤਾ ਵਿਖਾਉਂਦਿਆਂ ਸ਼ਹਾਦਤਾਂ ਪਾਈਆਂ।ਇਸ ਤਰਾਂ ਇਹ ਭੱਟ ਬ੍ਰਾਹਮਣ ਵਿਦਵਤਾ ਤੇ ਸਾਹਿਤਕਾਰੀ ਤਕ ਹੀ ਸੀਮਤ ਨਹੀਂ ਰਹੇ ਸਗੋਂ ਗੁਰੂ ਘਰ ਤੇ ਔਖਾ ਸਮਾਂ ਪੈਣ 'ਤੇ ਇਨ੍ਹਾਂ ਹਥਿਆਰ ਵੀ ਚੁੱਕੇ 'ਤੇ ਜਾਨੋ ਬੇਪਰਵਾਹ ਹੋ ਕੇ ਲੜੇ।

 

ਸਿੱਖ ਇਤਿਹਾਸ ਵਿਚ 9 ਭੱਟ ਬ੍ਰਾਹਮਣਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਮੁਗਲ ਕਾਲ ਦੌਰਾਨ ਹੋਈਆਂ ਜੰਗਾਂ ਵਿਚ ਤੇ ਹੋਰ ਸਿੱਖ ਕਤਲੇਆਮ ਵੇਲੇ ਸ਼ਹਾਦਤਾਂ ਦਿੱਤੀਆਂ।

 

1.ਭੱਟ ਮਥਰਾ 2.ਭੱਟ ਕੀਰਤ 3.ਭੱਟ ਕੇਸੋ 4. ਭੱਟ ਹਰੀ 5. ਭੱਟ ਦੇਸਾ 6. ਭੱਟ ਨਰਬਦ 7. ਭੱਟ ਤਾਰਾ. 8. ਭੱਟ ਸੇਵਾ 9. ਭੱਟ ਦੇਵਾ.

 

ਭੱਟ ਭਿੱਖਾ ਜੀ ਜਿਨ੍ਹਾਂ ਦੇ ਸਵੱਈਏ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਇਨ੍ਹਾਂ ਭੱਟਾਂ ਦੇ ਸਿਰਮੌਰ ਸਨ। ਸ਼ਹੀਦ ਹੋਣ ਵਾਲੇ ਇਹ ਨੌਂ ਭੱਟ ਭਾਈ ਭਿੱਖਾ ਜੀ ਦੇ ਪਰਿਵਾਰ ਦੇ ਪੁਸ਼ਤ ਦਰ ਮੈਂਬਰ ਸਨ। ਭੱਟ ਭਿੱਖਾ ਦਾ ਜਨਮ ਭੱਟ ਰਈਆ ਦੇ ਘਰ ਹੋਇਆ ਜਿਸ ਦਾ ਪਿੰਡ ਸੁਲਤਾਨਪੁਰ ਪਰਗਨਾ ਲਾਡਵਾ ਵਿਚ ਪੈਂਦਾ ਜੋ ਅੱਜਕਲ੍ਹ ਜ਼ਿਲ੍ਹਾ ਕੁਰਖੇਤਰ ਹਰਿਆਣਾ ਵਿਚ ਹੈ। ਆਪ ਭੱਟ ਨਰਸੀ ਦੇ ਪੋਤਰੇ ਤੇ ਕੌਸ਼ਿਸ਼ ਗੋਤ ਦੇ ਗੌੜ ਬ੍ਰਾਹਮਣ ਸਨ।

 

ਸ਼ਹੀਦਾਂ ਵਿਚ ਭੱਟ ਮਥਰਾ ਤੇ ਭੱਟ ਕੀਰਤ ਦੋਨੋਂ ਭਿੱਖਾ ਦੇ ਸਪੁੱਤਰ ਸਨ। ਇਨ੍ਹਾਂ ਤੋਂ ਇਲਾਵਾ-ਭੱਟ ਕੇਸੋ, ਭੱਟ ਹਰੀ ਤੇ ਭੱਟ ਦੇਸਾ ਜੋ ਸ਼ਹੀਦ ਹੋਏ, ਇਹ ਤਿੰਨੋਂ ਭੱਟ ਕੀਰਤ ਜੀ ਦੇ ਪੋਤਰੇ ਸਨ।ਅੱਗੇ ਭੱਟ ਕੇਸੋ ਦਾ ਸਪੁੱਤਰ ਭੱਟ ਨਰਬਦ ਸ਼ਹੀਦ ਹੋਇਆ।ਭੱਟ ਤਾਰਾ, ਭੱਟ ਸੇਵਾ, ਭੱਟ ਦੇਵਾ ਇਹ ਤਿੰਨੋਂ ਸ਼ਹੀਦ ਭੱਟ ਹਰੀ ਜੀ ਦੇ ਸਪੁੱਤਰ ਸਨ।

 

ਭੱਟ ਭਿੱਖਾ ਦੀ ਨੌਵੀਂ ਪੀੜ੍ਹੀ ਵਿਚ ਭੱਟ ਸ੍ਵਰੂਪ ਸਿੰਘ (ਸਰੂਪ ਸਿੰਘ ਕੌਸ਼ਿਸ਼) ਤੇ ਭੱਟ ਸੇਵਾ ਸਿੰਘ ਬਹੁਤ ਹੀ ਮਹਾਨ ਲੇਖਕ ਹੋਏ ਜਿਨ੍ਹਾਂ ਨੇ ਦੋ ਬਹੁਤ ਹੀ ਬੇਸ਼ਕੀਮਤੀ ਪੋਥੀਆਂ 1.ਗੁਰੂ ਕੀਆਂ ਸਾਖੀਆਂ (ਵਾਰਤਕ ਰੂਪ) 2. ਸ਼ਹੀਦ ਬਿਲਾਸ ਭਾਈ ਮਨੀ ਸਿੰਘ (ਕਵਿਤਾ ਰੂਪ) ਵਿਚ ਲਿਖੀਆਂ ਜੋ ਸਿੱਖ ਇਤਿਹਾਸ ਲਈ ਦੁਰਲੱਭ ਖਜ਼ਾਨਾ ਸਾਬਤ ਹੋਈਆਂ। (ਪੰਨਾ 89 ਪੁਸਤਕ ਭੱਟਬਾਣੀ)

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੋ ਗਿਆਰਾਂ ਭੱਟਾਂ ਦੇ ਸਵੱਈਏ ਦਰਜ ਹਨ ਉਨ੍ਹਾਂ ਵਿਚ ਭੱਟ ਭਿੱਖਾ ਜੀ ਤੋਂ ਇਲਾਵਾ ਆਪ ਦੇ ਤਿੰਨ ਸਪੁੱਤਰਾਂ ਦੇ ਸਵੱਈਏ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਹਨ ਭੱਟ ਜਾਲਪ, ਭੱਟਮਥਰਾ, ਭੱਟ ਕੀਰਤ।

 

ਲੇਖਕ ਗੱਜਣਵਾਲਾ ਸੁਖਮਿੰਦਰ ਸਿੰਘ 

( ਪੁਸਤਕ ਗੁਰੂ ਘਰ ਦੇ ਬ੍ਰਾਹਮਣ ਸਿੱਖ ਸ਼ਹੀਦ ਵਿੱਚੋਂ)