The Global Sikh Council appeals to Prime Minister Modi to immediately open the Kartarpur Sahib crossing.

ਧਾਰਮਿਕ ਯਾਤਰਾ ਨੂੰ ਰਾਜਸੀ ਤਣਾਅ ਦੀ ਭੇਟ ਨਾ ਚੜ੍ਹਾਇਆ ਜਾਵੇ – ਡਾ. ਕੰਵਲਜੀਤ ਕੌਰ

ਚੰਡੀਗੜ੍ਹ, 17 ਜੁਲਾਈ 2025 (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-

 ਆਲਮੀ ਕੌਮੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਜਥੇਬੰਦੀ, ਗਲੋਬਲ ਸਿੱਖ ਕੌਂਸਲ (ਜੀ.ਐੱਸ.ਸੀ.) ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਿਛਲੇ ਲੱਗਭਗ ਇਕ ਮਹੀਨੇ ਤੋਂ ਜਾਰੀ ਜੰਗਬੰਦੀ ਅਤੇ ਆਮ ਹਾਲਾਤ ਅਨੁਕੂਲ ਹੋਣ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਿਆ ਜਾਵੇ ਜੋ ਕਿ ਬੀਤੀ 7 ਮਈ ਨੂੰ ਪਹਲਗਾਮ ਹਮਲੇ ਅਤੇ ਸਰਹੱਦ ’ਤੇ ਪੈਦਾ ਹੋਏ ਤਣਾਅ ਕਾਰਨ ਭਾਰਤ ਵੱਲੋਂ ਬੰਦ ਕਰ ਦਿੱਤਾ ਗਿਆ ਹੈ।
ਅੱਜ ਇੱਥੋਂ ਜਾਰੀ ਬਿਆਨ ਵਿੱਚ ਜੀ.ਐੱਸ.ਸੀ. ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਭਾਰਤ ਵੱਲੋਂ ਇਕਤਰਫ਼ਾ ਤੇ ਅਨਿਸ਼ਚਿਤ ਸਮੇਂ ਲਈ ਯਾਤਰਾ ਰੋਕ ਦੇਣ ’ਤੇ ਗਹਿਰੀ ਚਿੰਤਾ ਪ੍ਰਗਟਾਈ ਹੈ ਜਦਕਿ ਪਾਕਿਸਤਾਨ ਨੇ ਆਪਣੇ ਪਾਸੇ ਦਾ ਲਾਂਘਾ ਖੁੱਲ੍ਹਾ ਰੱਖਿਆ ਹੋਇਆ ਹੈ। ਭਾਰਤ ਸਰਕਾਰ ਵੱਲੋਂ ਇਹ ਕੋਰੀਡੋਰ ਬੰਦ ਰੱਖਣ ਕਾਰਨ ਦੇਸ਼-ਵਿਦੇਸ਼ੋਂ ਹਜ਼ਾਰਾਂ ਸ਼ਰਧਾਲੂ ਇਸ ਪਵਿੱਤਰ ਅਸਥਾਨ ਅਤੇ ਸ੍ਰੀ ਗੁਰੂ ਨਾਨਕ ਜੀ ਦੇ ਅਖੀਰਲੇ ਸਮੇਂ ਦੇ ਤਪਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਦੀਦਾਰੇ ਕਰਨ ਤੋਂ ਵਾਂਝੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਜੀ ਚਿੱਠੀ ਵਿੱਚ ਜੀ.ਐੱਸ.ਸੀ. ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਦੀਨ-ਈਮਾਨ, ਅਮਨ ਅਤੇ ਕੌਮਾਂਤਰੀ ਭਾਈਚਾਰੇ ਦਾ ਇਤਿਹਾਸਕ ਪ੍ਰਤੀਕ ਹੈ। ਉਨਾਂ ਕਿਹਾ ਕਿ ਧਾਰਮਿਕ ਯਾਤਰਾ ਨੂੰ ਕਦੇ ਵੀ ਰਾਜਨੀਤਿਕ ਤਣਾਵਾਂ ਦੀ ਭੇਟ ਨਹੀਂ ਚੜ੍ਹਾਇਆ ਜਾਣਾ ਚਾਹੀਦਾ, ਖਾਸ ਕਰਕੇ ਜਦੋਂ ਦੋਵੇਂ ਮੁਲਕਾਂ ਵਿਚਕਾਰ ਹਾਲਾਤ ਮੁੜ ਆਮ ਵਾਂਗ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ਼ ਇੱਕ ਆਮ ਰਸਤਾ ਨਹੀਂ ਸਗੋਂ ਇਹ ਸੰਸਾਰ ਵਿੱਚ ਵਸਦੀ ਸਿੱਖ ਕੌਮ ਲਈ ਆਤਮਿਕ ਜੀਵਨ-ਰੇਖਾ ਹੈ। ਇਸ ਕਰਕੇ ਹੁਣ ਜਦੋਂ ਵੈਰ-ਵਿਰੋਧ ਠੰਢੇ ਪੈ ਚੁੱਕੇ ਹਨ ਤੇ ਅਮਨ-ਸ਼ਾਂਤੀ ਕਾਇਮ ਹੈ ਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਜਾਣ-ਆਉਣ ਵਾਲੇ ਮਾਰਗ ਨੂੰ ਬੰਦ ਰੱਖਣ ਦਾ ਕੋਈ ਕਾਰਨ ਨਹੀਂ ਬਣਦਾ। ਇੱਥੋਂ ਤੱਕ ਕਿ ਪਾਕਿਸਤਾਨ ਦੀਆਂ ਖੇਡ ਟੀਮਾਂ ਨੂੰ ਵੀ ਭਾਰਤ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਗਲੋਬਲ ਸਿੱਖ ਕੌਂਸਲ ਨੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਕਾਰਵਾਈ ਕਰਕੇ ਇਹ ਸਰਹੱਦ ਪਾਰਲੀ ਯਾਤਰਾ ਸਹੂਲਤ ਮੁੜ ਸ਼ੁਰੂ ਕਰਨ। ਉਨਾਂ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਰਾਜਨੀਤਿਕ ਗਿਣਤੀਆਂ-ਮਿਣਤੀਆਂ ਤੋਂ ਉੱਚਾ ਹੈ। ਇਹ ਲਾਂਘਾ ਧਾਰਮਿਕ ਅਧਿਕਾਰਾਂ ਅਤੇ ਆਤਮਿਕ ਆਜ਼ਾਦੀ ਦਾ ਮੁੱਦਾ ਹੈ। ਇਸ ਨੂੰ ਰਾਜਸੀ ਜਾਂ ਪ੍ਰਸ਼ਾਸਕੀ ਕਾਰਨਾਂ ਕਰਕੇ ਬੰਦ ਰੱਖਣਾ ਨਾਂ-ਇਨਸਾਫ਼ੀ ਹੈ ਅਤੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੀਆਂ ਅੰਤਰੀਵ ਭਾਵਨਾਵਾਂ ਨੂੰ ਗਹਿਰਾ ਝਟਕਾ ਦਿੱਤਾ ਗਿਆ ਹੈ।
ਗਲੋਬਲ ਸਿੱਖ ਕੌਂਸਲ ਦਾ ਕਹਿਣਾ ਹੈ ਕਿ ਇਸ ਲਾਂਘੇ ਨੂੰ ਮੁੜ ਖੋਲ੍ਹਣ ਨਾਲ ਨਾ ਸਿਰਫ਼ ਧਾਰਮਿਕ ਆਜ਼ਾਦੀ ਯਕੀਨੀ ਬਣਾਈ ਜਾ ਸਕੇਗੀ ਸਗੋਂ ਆਪਸੀ ਭਰੋਸੇ ਨੂੰ ਵੀ ਮਜ਼ਬੂਤ ਕਰੇਗੀ ਅਤੇ ਅੰਤਰਰਾਸ਼ਟਰੀ ਅਮਨ-ਚੈਨ ਰੱਖਣ ਨੂੰ ਵੀ ਯਕੀਨੀ ਬਣਾਏਗੀ। ਕੌਂਸਲ ਨੇ ਸਮੂਹ ਸਿੱਖ ਸੰਸਥਾਵਾਂ, ਪੰਜਾਬ ਸਰਕਾਰ, ਸੰਸਦ ਮੈਂਬਰਾਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਕਜੁੱਟ ਹੋ ਕੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਮੁੜ ਖੋਲ੍ਹਣ ਲਈ ਆਵਾਜ਼ ਬੁਲੰਦ ਕਰਨ ਤਾਂ ਜੋ ਸੰਗਤ ਮੁੜ ਇਸ ਪਵਿੱਤਰ ਅਸਥਾਨ ਦੇ ਸੁਖਾਲੇ ਦਰਸ਼ਨ ਕਰ ਸਕੇ।