Important revelations about the author of Gur Pratap Suraj Granth, the great poet Bhai Santokh Singh - 1

                                                                  ਮਹਾਂਕਵੀ ਭਾਈ ਸੰਤੋਖ ਸਿੰਘ

ਹਰਿਆਣਾ ਸਰਕਾਰ ਨੇ ਸਿੱਖ ਇਤਿਹਾਸ ਦੇ ਮਹਾਨ ਲੇਖਕ, ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਦੇ ਨਾਂ ਤੇ ਇਕ ਸਹਾਇਤਕ ਪੁਰਸਕਾਰ ਬਹੁਤ ਪਹਿਲਾਂ ਆਰੰਭ ਕਰ ਦਿੱਤਾ ਸੀ। ਇਹ ਪੁਰਸਕਾਰ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੇ ਹਰਿਆਣਾ ਪ੍ਰਾਂਤ ਦੇ ਇੱਕ ਲੇਖਕ ਨੂੰ ਹਰ ਸਾਲ ਦਿੱਤਾ ਜਾਂਦਾ ਸੀ। ਜਿਸ ਸਾਲ ਤੋਂ ਮੈਨੂੰ ਇਸ ਅਕਾਦਮੀ ਦੀ ਡਾਇਰੈਕਟਰ ਵਜੋਂ ਸੇਵਾ ਕਰਨ ਦਾ ਮਾਣ ਸਰਕਾਰ ਨੇ ਬਖਸ਼ਿਆ ਤਾਂ ਅੰਤਰ ਆਤਮਾ ਵਿੱਚੋਂ ਇੱਕ ਪੀੜ ਜਿਹੀ ਪੈਦਾ ਹੋਈ ਕਿ ਉਹ ਵਿਦਵਾਨ ਜਿਸ ਸੰਬੰਧੀ ਸਾਹਿਤ ਰਸੀਏ ਇਹ ਕਹਿੰਦੇ ਹਨ ਕਿ ਜੋ ਪ੍ਰਸਿੱਧੀ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਨੂੰ ਤਲਵਾਰ ਦਾ ਧੰਨੀ ਹੋਣ ਕਰਕੇ ਮਿਲੀ, ਉਸੇ ਪੱਧਰ ਦੀ ਪ੍ਰਸਿੱਧੀ ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਕਲਮ ਦਾ ਧਨੀ ਹੋਣ ਕਰਕੇ ਪ੍ਰਾਪਤ ਹੋਈ। ਉਨ੍ਹਾਂ ਦੇ ਨਾਂ ਤੇ ਇੱਕੀ ਹਜ਼ਾਰ ਰੁਪਏ ਦਾ ਪੁਰਸਕਾਰ ਉਹਨਾਂ ਦੇ ਪਦ ਤੁੱਲ ਨਹੀਂ ਹੈ। ਇਸ ਦੀ ਰਾਸ਼ੀ ਵਿੱਚ ਵਾਧਾ ਕਰਨ ਲਈ ਸਿੱਖਿਆ ਮੰਤਰੀ ਜੀ ਰਾਹੀਂ ਮੁੱਖ ਮੰਤਰੀ ਜੀ ਨੂੰ ਬੇਨਤੀ ਭੇਜੀ ਗਈ ਅਤੇ ਮੇਰੀ ਮੰਗ ਪ੍ਰਵਾਨ ਹੋ ਗਈ। ਇਸ ਪੁਰਸਕਾਰ ਦੀ ਰਾਸ਼ੀ 1 ਲੱਖ ਰੁਪਏ ਕਰ ਦਿੱਤੀ ਗਈ।

ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਮਹਾਂਪੁਰਖ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਪਰ ਇਹਨਾਂ ਦੀ ਸਾਹਿਤ ਅਤੇ ਗੁਰਮੱਤ ਸੇਵਾ ਨੂੰ ਜੋ ਵੀ ਸਨਮਾਨ ਮਿਲਿਆ ਉਹ ਕੈਥਲ ਨਰੇਸ਼ ਵਲੋਂ ਮਿਲਿਆ। ਆਪ ਜੀ ਨੂੰ ਮਹਾਂਕਵੀ ਦਾ ਪੱਦ ਪ੍ਰਾਪਤ ਹੋਇਆ। ਆਪ ਜੀ ਦੀ ਸਾਹਿਤਕ ਕਿਰਤ ਨਾਲ ਅਸੀਂ ਸਾਹਿਤ ਰਸੀਆਂ ਨੂੰ ਜੋੜਨ ਲਈ ਹਰ ਸਾਲ ਸਮਾਗਮ ਕਰਦੇ ਹਾਂ ਪਰ ਉਸ ਵਿੱਚ ਪੇਸ਼ ਕੀਤੇ ਜਾਂਦੇ ਵਿਚਾਰ ਇੱਕ ਸੀਮਿਤ ਘੇਰੇ ਵਿੱਚ ਰਹਿ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰਖਦਿਆਂ ਅਸੀਂ ਇਹ ਨਿਰਣਾ ਕੀਤਾ ਹੈ ਕਿ ਇਸ ਮਹਾਨ ਵਿਦਵਾਨ ਦੀ ਜੀਵਨੀ ਅਤੇ ਰਚਨਾ ਸੰਬੰਧੀ ਇੱਕ ਸੰਖੇਪ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇ। ਭਾਈ ਸਾਹਿਬ ਵਲੋਂ ਰਚੀਆਂ ਪੋਥੀਆਂ ਦੀ ਕਥਾ ਤਾਂ ਬਹੁਤ ਲੋਕ ਕਰਦੇ ਹਨ ਪਰ ਉਹਨਾਂ ਦੇ ਸੰਬੰਧ ਵਿੱਚ ਜਾਣਕਾਰੀ ਦੀ ਘਾਟ ਹੈ। ਇਸ ਉਦੇਸ਼ ਲਈ ਮੈਂ ਇੱਕ ਵਿਦਵਾਨ ਮਿੱਤਰ ਤਰਸੇਮ ਜੀ ਨੂੰ ਬੇਨਤੀ ਕੀਤੀ ਉਹਨਾਂ ਦਾ ਭਾਈ ਸੰਤੋਖ ਸਿੰਘ ਜੀ ਉੱਪਰ ਚੰਗ ਕੰਮ ਹੈ। ਉਨ੍ਹਾਂ ਮੇਰੀ ਬੇਨਤੀ ਪ੍ਰਵਾਨ ਕਰਕੇ ਇਹ ਪੁਸਤਕ ਤਿਆਰ ਕਰ ਦਿੱਤੀ ਹੈ।

ਮੈਂ ਇਸ ਗੱਲ ਦੇ ਵਿਸਥਾਰ ਵਿੱਚ ਨਹੀਂ ਜਾਵਾਂਗਾ ਕਿ ਭਾਈ ਸਾਹਿਬ ਦੀ ਸਾਹਿਤਕ ਸੋਚ ਅਤੇ ਸਾਧਨਾ ਕਿਸ ਪੱਧਰ ਦੀ ਸੀ। ਇਸ ਦਾ ਵਿਸਥਾਰ ਲੇਖਕ ਨੇ ਇਸ ਪੁਸਤਕ ਵਿਚ ਭਲੀਭਾਂਤ ਕਰ ਦਿੱਤਾ ਹੈ। ਭਾਈ ਸਾਹਿਬ ਜੀ ਦੀ ਜੀਵਨੀ, ਉਨ੍ਹਾਂ ਦੀ ਯੋਗਤਾ, ਸਾਧਨਾ, ਲੇਖਣੀ ਅਤੇ ਉਨ੍ਹਾਂ ਨੂੰ ਮਿਲੀ ਮਾਨਤਾ ਸੰਬੰਧੀ ਪੁਸਤਕ ਵਿਚ ਵਧੀਆ ਚਰਚਾ ਕੀਤੀ ਗਈ ਹੈ। ਭਾਈ ਸਾਹਿਬ ਜੀ ਦੀ ਕਵਿਤਾ ਦੇ ਨਮੂਨੇ ਵੀ ਇਸ ਪੁਸਤਕ ਵਿਚ ਦਿੱਤੇ ਗਏ ਹਨ।

ਮੈਨੂੰ ਆਸ ਹੈ ਅੱਜ ਦੀ ਪੀੜ੍ਹੀ ਜੋ ਆਪਣੇ ਮੂਲ ਵਿਰਸੇ ਨਾਲੋਂ ਟੁੱਟ ਰਹੀ ਹੈ ਅਤੇ ਬੇਮੁੱਖ ਹੋ ਰਹੀ ਹੈ ਉਨਾਂ ਦੇ ਮਾਰਗ ਦਰਸ਼ਨ ਲਈ ਇਹ ਸਾਡਾ ਉਪਰਾਲਾ ਲਾਹੇਵਦ ਸਿੱਧ ਹੋਵੇਗਾ। ਇਸ ਨੂੰ ਪਾਠਕ ਅਤੇ ਰਸੀਏ ਕਿਵੇਂ ਲੈਂਦੇ ਹਨ ਇਸ ਹੁੰਗਾਰੇ ਦੀ ਉਡੀਕ ਕਰਾਂਗਾ।

ਸੀ. ਆਰ. ਮੌਦਗਿਲ, ਮੁੱਖ ਸੰਪਾਦਕ
ਡਾਇਰੈਕਟਰ
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ

-------------------------------------------


                                                                                              ਦੋ ਸ਼ਬਦ

ਮਹਾਂਕਵੀ ਭਾਈ ਸੰਤੋਖ ਸਿੰਘ ਨੇ 'ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਰਕੇ ਸਿੱਖ ਇਤਿਹਾਸ ਨੂੰ ਜੀਵੰਤ ਹੀ ਨਹੀਂ ਕੀਤਾ, ਬਲਕਿ ਨਵੇਂ ਪੂਰਨੇ ਵੀ ਪਾਏ ਨੇ । ਇੱਕੋ ਵਿਦਵਾਨ ਵੱਲ਼ੇ ਏਨਾ ਵੱਡਾ ਕੰਮ ਕਰਨਾ ਅਪਣੇ ਆਪ 'ਚ ਇੱਕ ਠੋਸ ਉਦਾਹਰਣ ਹੈ । ਇਸ ਗ੍ਰੰਥ ਨੂੰ ਹਰ ਪੱਖੋਂ ਮੁਕੰਮਲ ਆਖਿਆ ਜਾ ਸਕਦਾ ਹੈ । ਏਨੇ ਵੱਡੇ ਵਿਦਵਾਨ ਬਾਰੇ ਗੱਲ ਕਰਨੀ ਸੂਰਜ ਨੂੰ ਦੀਵਾ ਦਿਖਾਉਣ ਤੁੱਲ ਹੈ ।

ਮਹਾਂਕਵੀ ਸੰਤੋਖ ਸਿੰਘ ਬਾਰੇ ਵਿਦਵਾਨਾਂ ਨੇ ਕਾਫੀ ਕੰਮ ਕੀਤਾ ਹੈ । ਮਹਾਂਕਵੀ ਭਾਈ ਸੰਤੋਖ ਸਿੰਘ ਜੀ ਬਾਰੇ ਜੋ ਕੰਮ ਸ੍ਰੀ ਜੈ ਭਗਵਾਨ ਗੋਇਲ ਨੇ ਕੀਤਾ ਹੈ, ਉਹ ਬਾਕਮਾਲ ਹੈ । ਉਹਨਾਂ ਦੀ ਪੁਸਤਕ ਹੈ, 'ਭਾਈ ਸੰਤੋਖ ਸਿੰਘ ਜੀਵਨ ਤੇ ਰਚਨਾ', 'ਗੁਰਪ੍ਰਤਾਪ ਸੂਰਜ ਗ੍ਰੰਥਾਵਲੀ ਦੀ ਪ੍ਰਸਤਾਵਨਾ' (ਭਾਈ ਵੀਰ ਸਿੰਘ), 'ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥਾਵਲੀ ਦੀ ਅਨੁਕ੍ਰਮਣਿਕਾ' (ਸੰਪਾਦਿਕਾ: ਡਾ. ਰੁਪਿੰਦਰ ਕੌਰ ਕਾਹਲੋਂ), 'ਮਹਾਂਕਵੀ ਸੰਤੋਖ ਸਿੰਘ' (ਪ੍ਰੋ. ਪਿਆਰਾ ਸਿੰਘ ਪਦਮ), 'ਮਹਾਨ ਕੋਸ਼' (ਭਾਈ ਕਾਹਨ ਸਿੰਘ ਨਾਭਾ) ਆਦਿ ਪੁਸਤਕਾਂ 'ਚੋਂ ਮੈਂਨੂੰ ਬੜੀ ਮਦਦ ਮਿਲੀ । ਮੈਂ ਏਨਾ ਪੁਸਤਕਾਂ ਦੇ ਰਚਣਹਾਰਿਆਂ, ਸੰਪਾਦਕਾਂ ਅਤੇ ਪਬਲਿਸ਼ਰਾਂ ਦਾ ਧੰਨਵਾਦੀ ਹਾਂ ।

ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਪਟਿਆਲੇ ਪ੍ਰੋ. ਪ੍ਰੀਤਮ ਸਿੰਘ ਦੀ ਨਿੱਜੀ ਲਾਇਬਰੇਰੀ ਦੇ ਵਿੱਚ ਮਹਾਂਕਵੀ ਸੰਤੋਖ ਸਿੰਘ ਦੀਆਂ ਕ੍ਰਿਤਾਂ ਦੀ ਹੱਥ ਲਿਖਤ ਮੌਜੂਦ ਹੈ ।

ਮਹਾਂਕਵੀ ਭਾਈ ਸੰਤੋਖ ਸਿੰਘ ਭਾਵੇਂ ਹਿੰਦੀ ਦੇ ਕਵੀ ਸਨ, ਪਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਦੇ ਨਿਰਦੇਸ਼ਕ ਸ੍ਰੀ ਸੀ.ਆਰ. ਮੋਦਗਿਲ ਦੇ ਯਤਨਾਂ ਸਦਕਾ ਭਾਈ ਸੰਤੋਖ ਸਿੰਘ ਬਾਰੇ ਪੰਜਾਬੀ ਦੇ ਵਿੱਚ ਵੀ ਚੰਗਾ ਕੰਮ ਹੋਇਆ ਹੈ ਅਤੇ ਹੋ ਰਿਹਾ ਹੈ । ਮੈਂ ਸ੍ਰੀ ਸੀ.ਆਰ.ਮੋਦਗਿਲ ਦਾ ਧੰਨਵਾਦੀ ਹਾਂ, ਉਹਨਾਂ ਮੈਂਨੂੰ ਇਹ ਕਾਰਜ ਸੌਂਪਿਆ । ਇਸ ਪੁਸਤਕ ਦੌਰਾਨ ਜਿੱਥੇ ਮੈਨੂੰ ਆਨੰਦ ਅਨੁਭੂਤੀ ਹੋਈ, ਉਥੇ ਗਿਆਨ ਦੀ ਵੀ ਪ੍ਰਾਪਤੀ ਹੋਈ ।- ਤਰਸੇਮ


  • -

                                                        ਮਹਾਂਕਵੀ ਸੰਤੋਖ ਸਿੰਘ

(ਅਕਤੂਬਰ 2006 ਨੂੰ ਕੈਥਲ ਵਿਖੇ ਹਰਿਆਣਾ ਪੰਜਾਬੀ ਸਹਿਤ ਅਕਾਦਮੀ ਪੰਚਕੂਲਾ ਵੱਲੋਂ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਜਨਮ-ਦਿਵਸ ਸਬੰਧੀ ਕਰਵਾਏ ਸਾਹਿਤਕ ਸਮਾਗਮ ਵਿੱਚ ਪੜ੍ਹਿਆ ਗਿਆ ਪੇਪਰ ।)

ਜਿਸ ਤਰ੍ਹਾਂ ਸਾਹਿਤ ਸਮਾਜ ਅਤੇ ਸਮੇਂ ਦਾ ਦਰਪਣ ਹੁੰਦਾ ਹੈ, ਉਸੇ ਤਰ੍ਹਾਂ ਸਾਹਿਤਕਾਰ ਉਸ ਦਰਪਣ ਨੂੰ ਦਿਖਾਉਣ ਵਾਲਾ ਹੁੰਦਾ ਹੈ ਅਤੇ ਸਮੇਂ/ਸਮਾਜ/ਸਭਿਆਚਾਰ ਦਾ ਬਹੁਮੁੱਲਾ ਖਜ਼ਾਨਾ ਹੁੰਦਾ ਹੈ । ਇਹ ਕਿਸੇ ਵੀ ਕੌਮ/ਦੇਸ਼ ਦੀ ਧਰੋਹਰ ਹੁੰਦੇ ਨੇ । ਕਿਹਾ ਜਾਂਦਾ ਹੈ ਕਿ ਇਹ ਤਿੰਨ ਕਾਲਾਂ ਦਾ ਕਰਤਾ ਹੁੰਦਾ ਹੈ । ਉਹ ਬੀਤੇ ਨੂੰ ਵੀ ਚਿੱਤਰਦਾ ਹੈ ਅਤੇ ਵਰਤਮਾਨ ਅਤੇ ਭਵਿੱਖ ਬਾਰੇ ਸੋਚਦਾ ਹੈ ।

ਪ੍ਰੋ.ਪਿਆਰਾ ਸਿੰਘ ਪਦਮ ਦਾ ਕਥਨ ਹੈ ਕਿ, “ਹਿੰਦੂ ਕੌਮ ਆਪਣੇ 'ਵਿਕਰਮਾਦਿੱਤਾਂ' ਅਤੇ 'ਚੰਦਰਗੁਪਤਾਂ’ ਆਸਰੇ ਨਹੀਂ ਜਿਊਂਦੀ । ਇਸਨੂੰ ਅਸਲੀ ਜੀਵਨ ਬੂਟੀ ਬਖਸ਼ਣ ਵਾਲੇ ਵੇਦ ਵਿਆਸ ਅਤੇ ਤੁਲਸੀ ਦਾਸ ਹਨ । ‘ਕਾਲੀਦਾਸਾਂ' ਅਤੇ ‘ਟੈਗੋਰਾਂ' ਦੀ ਅਮਰ ਕੀਰਤੀ ਦੇ ਝੰਡੇ ਅੱਜ ਤੱਕ ਲਹਿਰਾ ਰਹੇ ਹਨ, ਜਦੋਂਕਿ ਉਨ੍ਹਾਂ ਜ਼ਮਾਨਿਆਂ ਦੇ ਰਾਜ ਝੰਡੇ ਉਤਾਰ ਦਿੱਤੇ ਗਏ ਹਨ । ਇਸੇ ਤਰ੍ਹਾਂ ਮੁਸਲਮਾਨਾਂ ਦੀ ਸ਼ਾਨ ਗੌਰੀਆਂ, ਤੁਗਲਕਾਂ, ਪਠਾਣਾਂ ਅਤੇ ਮੁਗਲ ਬਾਦਸ਼ਾਹਾਂ ਨਾਲ ਨਹੀਂ ਸਗੋਂ ਕੌਮ ਵਿੱਚ ਰੂਹ ਫੂਕਣ ਵਾਲੇ ਅਮਾਮ ਗੱਜ਼ਾਲੀ, ਰਿਆਜ਼ੀ, ਮੌਲਾਨਾ ਰੂਮੀ ਇਕਬਾਲ ਅਤੇ ਅੱਬੁਕਲਾਮ ਆਜ਼ਾਦ ਵਰਗੇ ਆਲਮਾਂ ਕਰਕੇ ਹੈ । ਇਹ ਅਜਿਹੀ ਸੰਪੱਤੀ ਹੈ ਜੋ ਕਿਸੇ ਤਰ੍ਹਾਂ ਵਟਾਈ ਨਹੀਂ ਜਾ ਸਕਦੀ । ਅੰਗ੍ਰੇਜ਼ ਆਪਣਾ ਬਾਦਸ਼ਾਹੀ ਤਾਜ਼ ਵੇਚ ਸਕਦੇ ਹਨ, ਪਰ ਉਹ ਸ਼ੈਕਸਪੀਅਰ ਤੇ ਬਰਨਾਰਡਸ਼ਾਅ ਦੇਣ ਨੂੰ ਤਿਆਰ ਨਹੀਂ । ਜਰਮਨੀ ਕੌਮ ਗਿੱਟੇ, ਸ਼ਿਲਰ ਅਤੇ ਨਿਤਸ਼ੇ ਤੋਂ ਬਲਿਹਾਰੀ ਜਾਂਦੀ ਹੈ । ਯੂਨਾਨੀ ਸੁਕਰਾਤ ਅਤੇ ਪਲੈਟੋ ਦਾ ਨਾਂ ਲੈ ਕੇ ਆਪਣਾ ਸਿਰ ਉੱਚਾ ਕਰ ਲੈਂਦੇ ਹਨ। ਰੂਸੀ ਲੋਕ ਤਲਾਸਤਾਇ ਅਤੇ ਗੋਰਕੀ ਨੂੰ ਰੱਬ ਵਾਂਗ ਯਾਦ ਕਰਦੇ ਹਨ । ਅਮਰੀਕਾ ਜਿਹਾ ਧਨੀ ਦੇਸ਼ ਆਪਣੇ ਕਾਰਖਾਨੇਦਾਰ ਸੇਠਾਂ ਕਰਕੇ ਨਹੀਂ ਸਗੋਂ ਐਮਰਸਨ ਅਤੇ ਵਾਲਟ ਵਿਟਮੈਨ ਆਦਿ ਕਰਕੇ ਹੀ ਸੰਸਾਰ-ਕਤਾਰ ਵਿੱਚ ਕੋਈ ਆਦਰ ਰੱਖਦਾ ਹੈ । ਵਿਦਵਾਨ ਦਾ ਸ਼ਿੰਗਾਰ ਕੇਵਲ ਉਸ ਦੀ ਵਿਦਵਤਾ ਹੁੰਦੀ ਹੈ, ਪਰ ਉਹ ਆਪ ਸਾਰੇ ਸੰਸਾਰ ਦਾ ਸ਼ਿੰਗਾਰ ਹੁੰਦਾ ਹੈ ।”

ਸਿੱਖ ਧਰਮ ਅੰਦਰ ਵੀ ਵਿਦਵਾਨਾਂ ਦੀ ਮਹੱਤਤਾ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਧਰਮ ਦੀਆਂ ਬੁਲੰਦੀਆਂ ਨੂੰ ਚਾਰ-ਚੰਨ ਲਾਏ । ਅਜਿਹੇ ਵਿਦਵਾਨ ਰਹਿੰਦੀ ਦੁਨੀਆਂ ਤੱਕ ਯਾਦ ਰੱਖੇ ਜਾਣਗੇ । ਅਜਿਹੇ ਵਿਦਵਾਨਾਂ 'ਚੋਂ ਮਹਾਂਕਵੀ ਭਾਈ ਸੰਤੋਖ ਸਿੰਘ ਦਾ ਨਾਂ ਬੜੇ ਅਦਬ-ਸਤਿਕਾਰ ਨਾਲ ਲਿਆ ਜਾਂਦਾ ਹੈ । ਉਹ ਕਵੀ ਸਨ, ਇਤਿਹਾਸਕਾਰ ਸਨ, ਗੁਰਮਤਿ ਗਿਆਨੀ ਸੀ, ਬਹੁਤ ਭਾਸ਼ਾਵਾਂ ਦੇ ਜਾਣੂ ਸਨ, ਅਤੇ ਵੱਡੀ ਗੱਲ ਉਹ ਸਮਾਜ 'ਚ ਵਿਚਰਦਿਆਂ ਹਰ ਸ਼ੈਅ ਨੂੰ ਨੀਝ ਨਾਲ ਦੇਖਦੇ ਸਨ । ‘ਗਰਬ ਗੰਜਨੀ' ਜੋ ਜਪੁਜੀ ਸਾਹਿਬ ਦਾ ਟੀਕਾ ਹੈ, ਭਾਵੇਂ ਉਹ ਕੈਥਲ ਰਹਿੰਦਿਆਂ ਉਥੋਂ ਦੇ ਰਾਜਾ ਉਦੈ ਸਿੰਘ ਦੀ ਪ੍ਰੇਰਣਾ ਨਾਲ ਲਿਖਿਆ, ਪਰ ਇਹ ਮਹਾਂਕਵੀ ਸੰਤੋਖ ਸਿੰਘ ਦੀ ਤਰਕਸ਼ੀਲ ਅਤੇ ਘੋਖਵੀਂ ਦ੍ਰਿਸ਼ਟੀ ਦਾ ਨਮੂਨਾ ਹੈ । ਏਨ੍ਹਾਂ ਤੋਂ ਪਹਿਲਾਂ ਆਨੰਦਘਨ ਵੱਲੋਂ ਲਿਖਿਆ ਟੀਕਾ ਜਪੁਜੀ ਸਾਹਿਬ ਮਿਲਦਾ ਹੈ । ਜਿਸ ਵਿੱਚ ਗੁਰਮਤਿ ਦੇ ਉਲਟ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਸਨ, ਜਿਵੇਂ ਗੁਰੂ ਜੀ ਦੇ ਛੇ ਗੁਰੂ ਸਨ । ਉਸ ਦੀ ਲਿਖਣ ਸ਼ੈਲੀ 'ਚੋਂ ਹੰਕਾਰ ਦੀ ਬੂ ਆਉਂਦੀ ਸੀ। ਆਪਣੀ ਕ੍ਰਿਤ 'ਚ ਜਿੱਥੇ ਕਿਤੇ ਨਵੀਂ ਗੱਲ ਕਰਦਾ, ਉਹ ਉਸ ਨੂੰ ਦੂਜੇ ਟੀਕਾਕਾਰਾਂ ਦੇ ‘ਮੁੱਖ ਤੇ ਚਪੇਟਿਕਾ' ਦੱਸਦਾ ਅਤੇ ਦੂਜੇ ਵਿਦਵਾਨਾਂ ਨੂੰ 'ਅੜਬੰਗੀ' ਪਦ ਨਾਲ ਯਾਦ ਕਰਦਾ ।

ਅੜਬੰਗੀ ਤੇ ਢੇਰ ਦੀਸਤ ਹੈ ਯਾ ਪੰਥ ਮੋ ॥ ਕਰਹਿ ਏਰ ਅਰ ਫੇਰ ਸਬਦ ਅਰਥ ਬੂਝਹਿ ਨਹੀਂ ॥
ਸ਼ਬਦ ਅਰਥ ਹੈ ਸਾਰ ਅੜਬੰਗੀ ਨਹੀਂ ਕਾਮ ਕ੍ਰੋਧ ਤਾਂ ਤੇ ਕਹੋ ਵਿਚਾਰ ਪ੍ਰਸ਼ਨ ਜਾਲੇ ਗੁਰ ਬਚਨ ਲੇ ॥

ਦੋਹਰਾ: ਸੂਝ ਬੂਝ ਯਾ ਤੇ ਪਰੇ ਪ੍ਰਸ਼ਨ ਜਾਲ ਹੈ ਸਾਰ ਅੜਬੰਗੀ ਕੇ ਦਮਨ ਕੋ ਡਰੋ ਤਿਹਸਿਰ ਭਾਰ ॥

ਸੋਰਠਾ: ਨਿਜ ਮਾਤ ਕੋ ਨਿਰਧਾਰ ਗੁਰੂ ਨਾਨਕ ਖਟ ਗੁਰ ਕਹੇ ਤਾ ਕੋ ਕਹੇ ਵਿਚਾਰ ਦੁਰਜਨ ਮੁੱਖ ਚਪਟੇਕਾ । (ਆਨੰਦਘਨ)

"ਅਲੰਕਾਰਯੁਤ ਟੀਕਾ ਰਚੀਏ । ਨਿਰਨੈ ਅਰਥ ਕਰਹੁ ਮਤ ਖਚੀਏ ।15।

ਹੋਤ ਅਸ਼ਕਾ ਯਾ ਮਹਿ ਜੇਤੀ ਬੁਧਿ ਬਲ ਕਰਹੁ ਹਰਹੂ ਅਬ ਤੇਤੀ ।

ਸੁਨ ਕਰ ਬਚਨ ਨਿਪਤ ਕੋ ਨੀਕਾ ਕਵੀ ਨੈ ਰੁਚਿਰ ਰਚਓ ਜਪ ਟੀਕਾ ।16। (ਗਰਬ ਗੰਜਨੀ)

ਭਾਈ ਸੰਤੋਖ ਸਿੰਘ ਨੇ ਅਨੰਦਘਨ ਦਾ ਹੰਕਾਰ ਤੋੜਨ ਵਾਸਤੇ ਸ਼੍ਰੀ ਜਪੁਜੀ ਸਾਹਿਬ ਦਾ ਅਲੰਕਾਰਕ ਟੀਕਾ ਲਿਖਿਆ । ਓਅੰਕਾਰ ਦੇ ਅਰਥ ਦਸਦਿਆਂ ਆਪ ਨੇ ਲਿਖਿਆ :

ਏਕੋ ਹੈ: ਏਕੇ ਕੇ ਕਕਾਰ ਤੇ ਓਕਾਰ ਨਿਕਾਸਯੋ । ਹੈ ਕੇ ਬੀਚ ਤੇ ਅਕਾਰ ਸਵਰ, ਅਰ ਮਕਰ ਕੀ ਜੋ ਬਨੀ ਬਿੰਦੀ ਸੋ ਦੋਉ ਨਿਕਾਸੇ :ਤੀਨ ਅੱਖਰ ਹੋਤ ਭਏ, ਉਜਰ ਅਜਰ ਅਕਾਰ ਤੀਨੋਂ ਅਛਰੋਂ ਤੇ ਓਮ-ਬਨਯੋ । ਸੋ ਇਕ ਓਮਕਾਰ ਅਰਥ ਭਯੋ । ਯਾਂ ਤੇ ਗੁਰੂ ਜੀ ਨੇ ਬੇਦ ਦੀ ਸੁਤਿ ਰਾਖੀ ਹੈ, ਨਹੀਂ ਤੋਂ ਬੇਦ ਭੀ ਤਿਨ ਕੇ ਹੀ ਸੁਵਾਸ ਰੂਪ ਥੇ । ਤਿਨੋ ਸੇ ਬਿਰੋਧ ਜੇ ਕਹਤੇ ਬਾਕੀ, ਤੋ ਅਪਨੇ ਮਤ ਮੇ ਬਿਰੋਧ ਪਰਤੋ । ਯਾ ਤੇ ਮੋਈ ਬਾਨੀ ਮੇ ਕਹਯੋ ਹੈ ਜੋ ਪੂਰਬ ਬੇਦ ਮੇ ਆਪ ਬਰਨਨ ਕਰਯੋ ਹੈ । (ਗਰਬ ਗੰਜਨੀ)

ਇਸ ਗ੍ਰੰਥ ਦੀ ਸ਼ੁਰੂਆਤ ਵੀ ਹੋਰ ਕ੍ਰਿਤਾਂ ਵਾਂਗ 'ੴ ਸਤਿਗੁਰ ਪ੍ਰਸਾਦਿ' ਨਾਲ ਹੀ ਹੋਈ ਹੈ । ਟੀਕਾ ਕਰਨ ਤੋਂ ਪਹਿਲਾਂ 'ਅਕਾਲ ਪੁਰਖ' ਤੋਂ ਲੈ ਕੇ 'ਦਸ ਗੁਰੂਆਂ' ਦੇ ਮੰਗਲਾਚਰਣ ਹਨ । ਇਸ ਟੀਕੇ ਵਿੱਚ ਵਿਸ਼ੇ ਦੀ ਸਹਿਜਤਾ ਲਈ 'ਰਾਮਾਇਣ', 'ਮਹਾਭਾਰਤ' ਅਤੇ 'ਪੁਰਾਣਾਂ' ਦੇ ਹਵਾਲੇ ਨਾਲ ਗੱਲ ਨੂੰ ਸਪੱਸ਼ਟ ਕੀਤਾ ਗਿਆ । ਡਾ. ਜੈ ਭਗਵਾਨ ਗੋਇਲ ਅਨੁਸਾਰ, “ਮੈਂ ਸਮਝਦਾ ਹਾਂ ਇਹ ਹਿੰਦੀ ਦੀ ਅਜਿਹੀ ਪਹਿਲੀ ਆਲੋਚਨਾਤਮਕ ਪੁਸਤਕ ਹੈ ਜਿਸ ਰਚਨਾ ਦੀ ਦਾਰਸ਼ਨਿਕ ਹਵਾਲਿਆਂ ਦੁਆਰਾ ਵਿਆਖਿਆ ਕੀਤੀ ਗਈ ਹੈ ਅਤੇ ਭਾਵ, ਭਾਸ਼ਾ, ਸ਼ਬਦ-ਸ਼ਕਤੀ, ਗੁਣ, ਦੋਸ਼, ਅਲੰਕਾਰ ਆਦਿ ਦੀ ਦ੍ਰਿਸ਼ਟੀ ਤੋਂ ਉਸਦੀ ਕਾਵਿ-ਕਲਾ ਦੀ ਸਮੀਖਿਆ ਕੀਤੀ ਗਈ ਹੈ । ਇਸ ਸਬੰਧ 'ਚ ਖੁਦ ਕਵੀ ਦਾ ਵੀ ਕਹਿਣਾ ਹੈ ਕਿ 'ਜਪੁਜੀ' ਦੀਆਂ ਸਾਰੀਆਂ ਤੁਕਾਂ ਦੇ ਵਿਅੰਗ (ਵਿਅੰਜਨਾ), ਲਕਸ਼ਣਾਂ, ਧੁਨੀ, ਅਲੰਕਾਰ ਆਦਿ ਦੀ ਪ੍ਰੀਖਿਆ ਕਰਕੇ ਇਹ ਟੀਕਾ ਲਿਖਿਆ ਹੈ :

ਵਯੰਗ ਲਛਣਾਂ ਬਹੁਰ ਧੁਨਿ ਨੀਕੇ ਦੇਉਂ ਦਿਖਾਈ ॥ ਅਲੰਕਾਰ ਸਭ ਤੁਕਨਿ ਕੋ ਲਿਖਯੋ ਪਰਖਿ ਬਨਾਈ ॥21॥

ਭਾਈ ਸੰਤੋਖ ਸਿੰਘ ਹੋਰਾਂ ਭਾਸ਼ਾਵਾਂ ਦੇ ਨਾਲ-ਨਾਲ ਸੰਸਕ੍ਰਿਤ ਭਾਸ਼ਾ ਦੇ ਵੀ ਚੰਗੇ ਜਾਣੂ ਸਨ । 'ਨਾਮ ਕੋਸ਼' ਅਤੇ 'ਬਾਲਮੀਕ ਰਾਮਾਇਣ' ਆਦਿ ਗ੍ਰੰਥ ਇਸ ਦੀਆਂ ਸੁੰਦਰ ਉਦਾਹਰਣਾਂ ਹਨ । ‘ਗਰਬ ਗੰਜਨੀ' ਵੀ ਇਸ ਤਰ੍ਹਾਂ ਦੀ ਉਦਾਹਰਣ ਕਹੀ ਜਾ ਸਕਦੀ ਹੈ । 'ਨਾਮ ਕੋਸ਼' ਵਿੱਚ ਇਕ ਵਸਤੂ ਦੇ ਜਿੰਨੇ ਵੀ ਸਮਾਨਾਰਥੀ ਨਾਂ ਹਨ, ਉਨ੍ਹਾਂ ਨੂੰ ਇੱਕ ਤੋਂ ਵੱਧ ਛੰਦਾਂ ਵਿੱਚ ਪੇਸ਼ ਕੀਤਾ ਗਿਆ ਹੈ । ਭਾਈ ਸੰਤੋਖ ਸਿੰਘ ਦਾ ਮਕਸਦ ਸ਼ਾਇਦ ਸ਼ਬਦ-ਭੰਡਾਰ ਵਿੱਚ ਵਾਧਾ ਕਰਨਾ ਸੀ । ਇਸ ਪੱਖੋਂ ਇਹ ਪੁਸਤਕ ਮਹੱਤਵਪੂਰਨ ਹੈ ।

'ਮਹਾਂਭਾਰਤ' ਅਤੇ 'ਰਾਮਾਇਣ' ਬਾਰੇ ਕੌਣ ਨਹੀਂ ਜਾਣਦਾ ਹੈ । ਮੀਡੀਆ ਨੇ ਏਨਾ ਦੇ ਨਾਟਕੀ ਰੂਪ ਘਰ-ਘਰ ਪਹੁੰਚਾ ਦਿੱਤੇ ਹਨ । ਹਰ ਕੋਈ ਮਹਾਂਭਾਰਤ ਅਤੇ ਰਾਮਾਇਣ ਕਥਾ ਬਾਰੇ ਬਾਖੂਬੀ ਜਾਣ ਗਿਆ ਹੈ । ਫੇਰ 'ਰਾਮਲੀਲਾ' ਦਾ ਪ੍ਰਸੰਗ ਵੀ ਭੁਲਾਇਆ ਨਹੀਂ ਜਾ ਸਕਦਾ । ਮਹਾਂਕਵੀ ਸੰਤੋਖ ਸਿੰਘ ਨੇ ਬ੍ਰਜ ਭਾਸ਼ਾ ਤੋਂ 'ਬਾਲਮੀਕੀ ਰਾਮਾਇਣ' ਨੂੰ ਗੁਰਮੁਖੀ ਲਿਪੀ ਵਿੱਚ ਅਨੁਵਾਦ ਕਰਕੇ ਪੰਜਾਬ ਦੇ ਲੋਕਾਂ ਵਿੱਚ ਇਸ ਗ੍ਰੰਥ ਦੀ ਮਹੱਤਤਾ ਨੂੰ ਵਧਾਇਆ ਹੈ । ਇਸ ਗ੍ਰੰਥ ਵਿੱਚ 7 ਕਾਂਡ ਅਤੇ 651 ਸਰਗ ਹਨ । ਇਸ ਗ੍ਰੰਥ ਦੀ ਸ਼ੁਰੂਆਤ ਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਹੋਰਾਂ ਗ੍ਰੰਥਾਂ ਵਾਂਗ 'ੴ ਸਤਿਗੁਰ ਪ੍ਰਸਾਦਿ' ਅਤੇ ਸਰਸਵਤੀ ਦੀ ਵੰਦਨਾ ਨਾਲ ਕੀਤੀ ਹੈ । ਇਸ ਵਿੱਚ ਆਪਣੇ ਇਸ਼ਟ ਗੁਰੂ ਨਾਨਕ ਦੇਵ ਅਤੇ ਹੋਰ ਸਿੱਖ ਗੁਰੂਆਂ ਦੀ ਵੰਦਨਾ ਤੇ ਸ਼੍ਰੀ ਰਾਮ ਕਥਾ ਦਾ ਉਲੇਖ ਮਿਲਦਾ ਹੈ । ਰਾਮਾਇਣ ਦਾ ਟੀਕਾ ਚੇਤਰ 1891 ਬਿ./1834 ਈ. ਵਿੱਚ ਸਮਾਪਤ ਹੋਇਆ। ਇਸ ਸਾਹਿਤਕ ਕਿਰਤ ਤੋਂ ਖੁਸ਼ ਹੋ ਕੇ ਰਾਜੇ ਨੇ ਭਾਈ ਸੰਤੋਖ ਸਿੰਘ ਨੂੰ ਮੋਰਥਲੀ ਪਿੰਡ ਇਨਾਮ 'ਚ ਦਿੱਤਾ। ਭਾਈ ਸੰਤੋਖ ਸਿੰਘ ਲੰਕਾ ਕਾਂਡ 'ਚ ਗ੍ਰੰਥ ਦੇ ਰਚਨ ਬਾਰੇ ਲਿਖਦੇ ਹਨ।

"ਇਕ ਇਕ ਦਿਨ ਮਹਿ ਸਰਗ ਇਕ ਕਰਯੋ ਛੰਦਨ ਮਾਹਿਂ, ਯਾਂਤੇ ਬਨਯੋ ਸ਼ਿਤਾਬ ਬਹੁ, ਬਿਤੇ ਬਰਖ਼ ਦੋਇ ਨਾਂਹਿ ॥14॥
ਸੁੰਦਰ ਸਾਦਰ ਗ੍ਰੰਥ ਬਨਿਓ, ਪਦ ਗੁੰਥਤ ਨੌ ਰਸ ਰੀਤ ਭਲੀ, ਰਾਮ ਕਥਾ ਗੁਨ ਗਾਮਾਭਿਰਾਮ, ਮਹਾਮਤਿ ਧਾਮ ਅਨੰਦ ਫਲੀ, ਰੰਜਨ ਹੈ ਭ੍ਰਮ ਭੰਜੁਨ ਹੈ, ਗਮ ਭੰਜਨ ਹੈ ਪ੍ਰਦ ਗਯਾਨ ਬਲੀ, ਕੈਥਲ-ਨਾਥ ਪ੍ਰਸੰਨ ਭਯੋ ਪਠਿ, ਗ੍ਰਾਮ ਦਯੋ ਤਬ ਮੋਰਥਲੀ ॥15॥ (ਬਾਲਮੀਕੀ ਰਾਮਾਇਣ, ਲੰਕਾ ਕਾਂਡ, ਸਰਗ-131)

ਮਹਾਂਕਵੀ ਸੰਤੋਖ ਸਿੰਘ ਨੇ ਜਿੱਥੇ ਇਸ ਗ੍ਰੰਥ ਦਾ ਅਨੁਵਾਦ ਸੌਖੀ ਭਾਸ਼ਾ 'ਚ ਕੀਤਾ, ਉਥੇ ਇਸ ਗ੍ਰੰਥ ਦੇ ਮਹੱਤਵ ਨੂੰ ਵੀ ਵਧਾਇਆ । ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਅਨੁਵਾਦ ਬਹੁਤ ਹੀ ਔਖੀ ਕਲਾ ਹੈ । ਇਸ ਵਿੱਚ ਲੇਖਕ ਨੂੰ ਰਚਨਾ ਦੇ ਮੂਲ ਪ੍ਰਭਾਵ ਦੇ ਨਾਲ-ਨਾਲ ਉਸ ਦੀ ਲੈਅ ਅਤੇ ਸੁਹਜ ਨੂੰ ਬਰਕਰਾਰ ਰੱਖਣਾ ਹੁੰਦਾ ਹੈ । ਸੋ ਭਾਈ ਸੰਤੋਖ ਸਿੰਘ ਇਸ ਕਲਾ ਦੇ ਵਿਸ਼ੇਸ਼ੱਗ ਜਾਪਦੇ ਹਨ । ਇਸ ਗ੍ਰੰਥ ਦੀਆ ਹੱਥ ਲਿਖਤਾਂ ਦੇ ਪ੍ਰੋ. ਪ੍ਰੀਤਮ ਸਿੰਘ (ਪਟਿਆਲਾ) ਕੋਲ ਹੋਣ ਦੀ ਵੀ ਜਾਣਕਾਰੀ ਮਿਲਦੀ ਹੈ ।

ਮਹਾਂਕਵੀ ਸੰਤੋਖ ਸਿੰਘ ਰਚਨਾ ਦਾ ਟੀਕਾ ਕਰਨ 'ਚ ਮਾਹਿਰ ਜਾਪਦੇ ਹਨ । 'ਗਰਬ ਗੰਜਨੀ' ਤੋਂ ਬਾਅਦ ਉਨ੍ਹਾਂ 'ਆਤਮ ਪੁਰਾਣ' ਨਾਮਕ ਗ੍ਰੰਥ ਦਾ ਟੀਕਾ ਕੀਤਾ । 'ਆਤਮ ਪੁਰਾਣ' ਸੰਸਕ੍ਰਿਤ ਦਾ ਗ੍ਰੰਥ ਹੈ ਅਤੇ ਇਕ ਪ੍ਰਕਾਰ ਨਾਲ ਉਪਨਿਸ਼ਦਾਂ ਦਾ ਸੰਗ੍ਰਹਿ ਹੈ ਅਤੇ ਵੇਦਾਂਤ ਦਾ ਮੂਲਕ ਗ੍ਰੰਥ ਹੈ । ਇਹ ਗ੍ਰੰਥ ਰਾਮਾਇਣ ਦੇ ਟੀਕੇ ਤੋਂ ਬਾਅਦ ਸੰਮਤ 1891 ਬਿ./1834 ਈ. ਦੇ ਨੇੜੇ-ਤੇੜੇ ਲਿਖਿਆ ਗਿਆ । ਇਹ ਗ੍ਰੰਥ ਅੱਜਕੱਲ੍ਹ ਦੁਰਲਭ ਹੈ ।

'ਗੁਰ ਨਾਨਕ ਪ੍ਰਕਾਸ਼' ਅਤੇ 'ਗੁਰ ਪ੍ਰਤਾਪ ਸੂਰਜ' ਮਹਾਂਕਵੀ ਸੰਤੋਖ ਸਿੰਘ ਦੀਆ ਅਤਿ ਮਹੱਤਵਪੂਰਨ ਕ੍ਰਿਤਾਂ ਹਨ ਜਿਨ੍ਹਾਂ ਨੂੰ ਅਸੀਂ ਅਮਰ ਕ੍ਰਿਤਾਂ ਵੀ ਕਹਿ ਸਕਦੇ ਹਾਂ । ਇਨ੍ਹਾਂ ਦੋਹਾਂ ਗ੍ਰੰਥਾਂ ਵਿੱਚ ਵਿਸ਼ੇ ਪੱਖੋਂ ਕਾਫ਼ੀ ਸਮਾਨਤਾ ਮੰਨੀ ਜਾਂਦੀ ਹੈ । ਦੋਹਾਂ ਵਿੱਚ ਹੀ ਭਗਤੀ ਦੀ ਭਾਵਨਾ ਨੂੰ ਮੁੱਖ ਰੱਖਿਆ ਗਿਆ । 'ਗੁਰ ਨਾਨਕ ਪ੍ਰਕਾਸ਼' ਭਾਈ ਸਾਹਿਬ ਨੇ ਬੂੜੀਆ ਰਹਿੰਦਿਆਂ ਕੱਤਕ ਪੂਰਨਮਾਸ਼ੀ 1880 ਈ. ਨੂੰ ਸੰਪੂਰਨ ਕੀਤਾ । ਇਸ ਗ੍ਰੰਥ ਦੀ ਪੂਰਵਾਰਧ ਅਤੇ ਉਤਰਾਰਧ ਦੋ ਹਿੱਸਿਆਂ 'ਚ ਵੰਡ ਕੀਤੀ ਗਈ ਹੈ । ਪੂਰਵਾਰਧ ਵਿੱਚ 73 ਅਤੇ ਉਤਰਾਰਧ ਵਿੱਚ 57 ਅਧਿਆਇ ਹਨ । ਕੁੱਲ ਛੰਦ ਸੰਖਿਆ 9700 ਹੈ। ਇਸ ਵਿੱਚ ਭਾਈ ਸਾਹਿਬ ਆਪਣੇ ਇਸ਼ਟ ਗੁਰੂ ਨਾਨਕ ਦੇਵ ਤੋਂ ਇਲਾਵਾ ਦੂਜੇ ਨੌ ਗੁਰੂਆਂ, ਆਪਣੇ ਗੁਰੂ ਸੰਤ ਸਿੰਘ, ਸਰਸਵਤੀ ਅਤੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਪ੍ਰਹਿਲਾਦ, ਧਰੂ, ਹਰਨਾਕਸ਼ ਅਤੇ ਭਗਤ-ਰਿਸ਼ੀ ਮੁਨੀਆਂ ਦੀ ਅਰਾਧਨਾ ਕੀਤੀ ਗਈ ਹੈ। ਮਹਾਂਕਵੀ ਆਪਣੀਆਂ ਹੋਰ ਰਚਨਾਵਾਂ ਵਾਂਗ ਇਸ ਦਾ ਆਰੰਭ 'ੴ ਸਤਿਗੁਰ ਪ੍ਰਸਾਦਿ' ਨਾਲ ਕਰਦੇ ਹਨ।

ਏਨ੍ਹਾਂ ਦੋਹਾਂ ਗ੍ਰੰਥਾਂ ਵਿੱਚ ਗੁਰੂਆਂ ਦੀ ਚਰਿਤਰਗਤ ਵਿਸ਼ੇਸ਼ਤਾ ਦੀ ਮਹਿਮਾ ਦਾ ਗਾਨ ਕੀਤਾ ਗਿਆ ਹੈ । ਭਾਈ ਸੰਤੋਖ ਸਿੰਘ ਸ਼ਾਸਤਰਾਂ ਦੇ ਗਿਆਤਾ ਹਨ ਅਤੇ ਭਾਰਤੀ ਸੰਸਕ੍ਰਿਤੀ, ਇਤਿਹਾਸ, ਪੁਰਾਣ ਅਤੇ ਫਲਸਫੇ ਆਦਿ ਦਾ ਉਨਾਂ ਵਿਸ਼ਾਲ ਅਧਿਐਨ ਕੀਤਾ ਲਗਦਾ ਹੈ । ਕਿਉਂਕਿ ਅਜਿਹੀ ਵਿਦਵਤਾ ਦੀ ਝਲਕ ਉਨ੍ਹਾਂ ਦੇ ਦੋਹਾਂ ਗ੍ਰੰਥਾਂ ਵਿੱਚੋਂ ਪੈਂਦੀ ਹੈ । ਭਾਈ ਸਾਹਿਬ ਨੂੰ ਗੁਰਮਤਿ ਅਤੇ ਧਰਮ ਨਾਲ ਕਿੰਨਾ ਲਗਾਓ ਸੀ । ਏਨ੍ਹਾਂ ਗ੍ਰੰਥਾਂ ਵਿੱਚੋਂ ਉਨ੍ਹਾਂ ਦੀ ਲਗਨ ਨੂੰ ਥਾਂ ਪੁਰ ਥਾਂ ਦੇਖਿਆ ਜਾ ਸਕਦਾ ਹੈ । ਭਾਈ ਸਾਹਿਬ ਨੇ ਇਸ ਵਿੱਚ ਸ਼੍ਰੀ ਗੁਰੂ ਨਾਨਕ ਦੇ ਜੀਵਨ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ । ਅਤੇ ਨਾਲ ਹੋਰ ਪੌਰਾਣਕ ਕਥਾਵਾਂ ਦਾ ਵੀ ਵਰਣਨ ਮਿਲਦਾ ਹੈ । ਰਚਨਾ ਵਿੱਚ ਕਿਤੇ-ਕਿਤੇ ਭਾਈ ਸੰਤੋਖ ਸਿੰਘ ਨੇ ਬੜਾ ਹੀ ਵਧੀਆ ਮਨੋਵਿਗਿਆਨਕ ਚਰਿੱਤਰ ਚਿੱਤਰਣ ਕੀਤਾ ਹੈ । ਇਸ ਗ੍ਰੰਥ ਵਿੱਚ ਲੇਖਕ ਕਈ ਪ੍ਰਸ਼ਨ ਉਠਾਉਂਦਾ ਹੈ ਜਿਵੇਂ ਅਸਲੀ ਗਿਆਨ-ਧਿਆਨੀ ਕੌਣ ਹੈ ?, ਅਸਲੀ ਯੋਗ ਕੀ ਹੈ ?, ਸੁਖਦਾਇਕ ਘਰ, ਗਤੀ ਅਤੇ ਮਾਰਗ ਕੀ ਹੈ?, ਅਸਲ ਮਾਤਾ-ਪਿਤਾ ਕੌਣ ਹਨ?, ਬੁੱਧੀ ਉਜਵਲ ਕਿਵੇਂ ਹੁੰਦੀ ਹੈ ? ਆਦਿ ਪ੍ਰਸ਼ਨਾਂ ਦੇ ਉੱਤਰ ਗੁਰੂ ਜੀ ਦਿੰਦੇ ਦਿਖਾਏ ਹਨ ।

ਜਿਵੇਂ ਤੁਲਸੀ ਦਾਸ ਸ਼੍ਰੀ ਰਾਮ ਦੇ ਬਚਪਨ ਬਾਰੇ ਜਾਣਕਾਰੀ ਦਿੰਦੇ ਹਨ। ਸੂਰਦਾਸ ਸ਼੍ਰੀ ਕ੍ਰਿਸ਼ਨ ਦੀ ਬਾਲ-ਲੀਲਾ ਬਾਰੇ ਬੜੇ ਢੰਗ ਨਾਲ ਜਾਣਕਾਰੀ ਪੇਸ਼ ਕਰਦੇ ਹਨ । ਉਸੇ ਤਰ੍ਹਾਂ ਭਾਈ ਸਾਹਿਬ ਨੇ ਵੀ ਸ਼੍ਰੀ ਗੁਰੂ ਨਾਨਕ ਦੇ ਬਚਪਨ ਨੂੰ ਬੜੀ ਖੂਬਸੂਰਤੀ ਅਤੇ ਭਿੰਨ ਉਪਮਾਵਾਂ/ਅਲੰਕਾਰਾਂ ਨਾਲ ਸਜਾ ਕੇ ਪੇਸ਼ ਕੀਤਾ ਹੈ । ਸੂਰਦਾਸ ਦੀ ਬਾਲ-ਛਵੀ (ਸੂਰ-ਸਾਗਰ) ਦੀ ਉਦਾਹਰਣ

ਸੋਭਿਤ ਕਰ ਨਵਨੀਤ ਲਿਏ ਘੁਟੁਰਨਿ ਚਲਤ ਰੇਨੂ-ਤਨ-ਮੰਡਤ, ਮੁਖ ਦਧਿ ਲੇਪ ਕਿਏ ।

ਚਾਰੂ ਕਪੋਲ ਲੋਲ ਲੋਚਨ, ਗੋਰੋਚਨ ਤਿਲਕ ਦਿਏ ।

ਲਟ-ਲਟਕਨਿ ਮਨੁ ਮੱਤ ਮੱਧੂਮ-ਗਨ, ਮਾਦਕ ਮਧੁਹਿਂ ਪਿਏ ।

ਕਠੁਲ ਕੰਠ, ਬ੍ਰਜ ਕੇਹਰਿ ਨਖ, ਰਾਜਤ ਰੁਚਿਰ ਹਿਏ ।

ਧੰਨਯ ਸੂਰ ਏਕੌ ਪਲ ਇਹਿਂ ਸੁਖ, ਕਾ ਸਤ ਕਲਪ ਜਿਏਂ । (ਸੂਰਦਾਸ-ਬਾਲ-ਛਵੀ)

ਮਹਾਂਕਵੀ ਸੰਤੋਖ ਸਿੰਘ ਜੀ ਇਸੇ ਤਰ੍ਹਾਂ ਹੀ ਕਹਿੰਦੇ ਹਨ :

ਲੋਚਨ ਅਮਲ ਕਮਲ ਚਲ ਜੈਸੇ ਨਾਸਾ ਤਿਲ ਪ੍ਰਸੂਨ ਨਹਿ ਵੈਸੇ ।13॥

ਬਨੀ ਬਾਜਨੀ ਕਿੰਕਨੀ-ਚਾਰੀ ਕਟਿ ਮਹਿ ਪਾਣੀ ਅਤਿ ਛਬਿ ਚਾਰੀ ॥4॥
ਕਰ ਮਹਿ ਕਟ ਪਦ ਨੂਪਰ ਸੋਹੇ ਜੋ ਦੇਖੇ ਤਿਸ ਕੋ ਮਨ ਮੋਹੈਂ
ਦੁਇ ਦੁਇ ਦਮਨ ਅਧਰ ਦੁਤਿ ਹੋਤੀ ਸੰਪੁਟ ਬਿਦਮ ਜਿਉਂ ਜੁਗ ਮੋਤੀ 11511 (ਪੂਰਵਾਰਧ-5)

ਇੱਥੇ ਨਾਨਕ ਦੀਆਂ ਸੁੰਦਰ ਅੱਖਾਂ, ਨੱਕ, ਘੁੰਗਰੂ, ਦੰਦ, ਸੁਰਮਾ, ਤੋਤਲੇ ਬੋਲ, ਤੜਾਗੀ, ਮਿੱਟੀ-ਘੱਟੇ ਨਾਲ ਲਿਬੜਿਆ ਸਰੀਰ ਆਦਿ ਦੀ ਸੁੰਦਰ ਝਾਕੀ ਪੇਸ਼ ਕੀਤੀ ਹੈ ।

ਭਾਈ ਸੰਤੋਖ ਸਿੰਘ ਦੀ ਇਹ ਖੂਬੀ ਹੈ ਕਿ ਉਹ ਦ੍ਰਿਸ਼ ਨੂੰ ਇਸ ਤਰ੍ਹਾਂ ਸਾਕਾਰ ਕਰਦੇ ਹਨ ਜਿਵੇਂ ਉਹ ਖੁਦ ਗੁਰੂ ਨਾਨਕ ਦੇ ਸਮਕਾਲੀ ਹੋਣ । ਇਸ ਵਿੱਚ ਪ੍ਰਕਿਰਤੀ ਚਿਤਰਣ ਵੀ ਕਮਾਲ ਦਾ ਹੈ ਅਤੇ ਉਨ੍ਹਾਂ ਵਿੱਚ ਕੁਦਰਤ ਨਾਲ ਪ੍ਰੇਮ ਦੀ ਭਾਵਨਾ ਉਜਾਗਰ ਹੁੰਦੀ ਹੈ ।

ਭਾਈ ਸਾਹਿਬ ਵਿੱਚ ਕਾਵਿ-ਕਲਾ ਦੇਖਦਿਆਂ ਹੀ ਬਣਦੀ ਹੈ । ਉਹਨਾਂ ਨੂੰ ਜਿੱਥੇ ਅਲੰਕਾਰਾਂ, ਛੰਦਾਂ ਬਾਰੇ ਪੂਰਨ ਗਿਆਨ ਹੈ, ਉਨ੍ਹਾਂ ਦਾ ਭਾਸ਼ਾ 'ਤੇ ਵੀ ਪੂਰਨ ਅਧਿਕਾਰ ਹੈ । ਇਹ ਗੱਲ ਦੋਵੇਂ ਗ੍ਰੰਥਾਂ ਵਿੱਚੋਂ ਪ੍ਰਮਾਣਿਤ ਹੋ ਜਾਂਦੀ ਹੈ । ਗੁਰੂ ਨਾਨਕ ਪ੍ਰਕਾਸ਼ ਬ੍ਰਜ ਭਾਸ਼ਾ 'ਚ ਲਿਖਿਆ ਹੋਇਆ ਗ੍ਰੰਥ ਹੈ। ਛੰਦਾਂ/ਅਲੰਕਾਰਾਂ ਦਾ ਪ੍ਰਯੋਗ ਉਨ੍ਹਾਂ ਪ੍ਰਸੰਗਾਂ ਅਨੁਸਾਰ ਢੁਕਵਾਂ ਕੀਤਾ ਹੈ । ਉਹਨਾਂ ਨੇ ਭਾਸ਼ਾ ਦੀ ਵਰਤੋਂ ਪ੍ਰਸੰਗ, ਪਾਤਰ ਅਤੇ ਸਥਿਤੀਆਂ ਅਨੁਸਾਰ ਕੀਤੀ ਹੈ । ਇਹ ਭਾਈ ਸਾਹਿਬ ਦੀ ਪਹਿਲੀ ਰਚਨਾ ਸੀ । ਅਕਸਰ ਮੁੱਢਲੀਆਂ ਰਚਨਾਵਾਂ ਵਿੱਚ ਘਾਟ ਹੀ ਰਹਿ ਜਾਂਦੀ ਹੈ । ਇਸ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਸ ਸਰਲਤਾ ਅਤੇ ਕਲਾਤਮਿਕਤਾ ਦੀ ਘਾਟ ਝਲਕਦੀ ਹੈ । ਪਰ ਜਿਸ ਤਰ੍ਹਾਂ ਇਹ ਵੱਡੇ ਵਿਸ਼ੇ ਨੂੰ ਏਨੀ ਖੂਬਸੂਰਤੀ ਨਾਲ ਨਿਭਾਇਆ ਗਿਆ ਹੈ ਇਹ ਭਾਈ ਸਾਹਿਬ ਦੀ ਪ੍ਰਾਪਤੀ ਹੈ ।

ਜਦ ਭਾਈ ਸਾਹਿਬ ਨੇ 'ਗੁਰਪ੍ਰਤਾਪ ਸੂਰਜ' ਦੀ ਰਚਨਾ ਕੀਤੀ ਉਨ੍ਹਾਂ ਦੀ ਕਾਵਿ-ਕਲਾ ਸ਼ਿਖਰਾਂ ਨੂੰ ਛੋਹ ਰਹੀ ਸੀ ਅਤੇ ਇਹ ਭਾਈ ਸਾਹਿਬ ਦੀ ਆਖਰੀ ਰਚਨਾ ਸੀ । ਇਸ ਮਹਾਨ ਗ੍ਰੰਥ ਨੂੰ ਰਚਣਾ ਦਾ ਕੰਮ 1892ਬਿ.1835 ਈ. ਵਿੱਚ ਸ਼ੁਰੂ ਹੋਇਆ । ਇਸ ਨੂੰ ਲਿਖਣ ਲਈ ਕਵੀ ਨੌਂ-ਦਸ ਵਰ੍ਹੇ ਬੜੀ ਸਖ਼ਤ ਮਿਹਨਤ ਕਰਨੀ ਪਈ । ਇਹ ਗ੍ਰੰਥ ਬਿ. 1900/1843 ਈ. ਦੇ ਵਿੱਚ ਸੰਪੰਨ ਹੋਇਆ । ਇਹ ਇੱਕ ਵੱਡ ਆਕਾਰੀ ਰਚਨਾ ਹੈ । ਇਸ ਵਿੱਚ 20 ਅਧਿਆਇ, 1151 ਅੰਸੂ (ਕਿਰਣਾਂ) ਅਤੇ 51829 ਛੰਦ ਹਨ । ਇਸ ਨੂੰ 'ਸੂਰਜ ਪ੍ਰਕਾਸ਼) ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸ ਵਿੱਚ ਸਵਿਸਤਾਰ ਨੌ ਗੁਰੂਆਂ ਦੀ ਜੀਵਨ-ਕਥਾ ਦਾ ਬਿਆਨ ਕੀਤਾ ਗਿਆ ਹੈ । ਸ਼ਾਇਦ ਏਨਾ ਵੱਡਾ ਗ੍ਰੰਥ ਕਿਸੇ ਇਕੱਲੇ ਕਵੀ ਦਾ ਨਹੀਂ ਮਿਲਦਾ । ਕਿਉਂਕਿ ਇਸ ਦਾ ਨਾਂ 'ਗੁਰਪ੍ਰਤਾਪ ਸੂਰਜ' ਹੈ, ਇਸ ਲਈ ਇਸ ਨੂੰ 12 ਰਾਗਾਂ, ਛੇ ਰੁੱਤਾਂ ਅਤੇ ਦੋ ਐਨਾ ਅਰਥਾਤ ਕੁੱਲ ਵੀਹ ਵੱਡੇ ਭਾਗਾਂ 'ਚ ਵੰਡਿਆ ਗਿਆ ਹੈ ਅਤੇ ਅਧਿਆਇ ਨੂੰ ਅੰਸ਼ੂ (ਕਿਰਣ) ਦਾ ਨਾਂ ਦਿੱਤਾ ਗਿਆ ਹੈ । ਇਸ ਤਰ੍ਹਾਂ ਇਸ ਮਹਾਨ ਰਚਨਾ ਦੇ 1150 ਅਧਿਆਏ ਹਨ । 'ਗੁਰਪ੍ਰਤਾਪ ਸੂਰਜ' ਬਾਰੇ ਮਹਾਂਕਵੀ ਖੁਦ ਦੱਸਦੇ ਹਨ :

ਸੂਰਜ ਗੁਰ ਪ੍ਰਤਾਪ ਤੇ, ਬਰਨੀ ਦਾਦਸ ਰਾਸਿ, ਅਸ਼ਟ ਸਾਚ ਪਾਤਸ਼ਾਹ ਕੇ, ਬਰਨੋ ਬਰ ਗੁਣਰਾਸ (15) ਦਛਣਾਇਨੇ ਉਤਰਾਇਨੇ, ਅਯਨ ਬਨੈਂਗੇ ਦੋਇ ਬਰਤਤ ਰਿਤੁ ਜੋ ਖਸ਼ਟ ਸ਼ੁਭ, ਤਿਨ ਪਰ ਬਰਨਨ ਹੋਇਅ (16) ਪ੍ਰਥਮ ਕਹੀ ਕਵਿਤਾ ਰੁਚਿਰ, ਸ਼੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਉਤਰਾਰਧ ਇਸ, ਬਰ ਬਰਨੇ ਗੁਨ ਰਾਗ (17) ਅਬ ਕਲਗੀਧਰ ਦੀ ਕਥਾ, ਖਸ਼ਟ ਰੁਤਨ ਪਰ ਹੋਇ ਗੁਰਪ੍ਤਾਪ ਸੂਰਜ ਭਯੋ, ਯਾ ਤੇ ਸਭ ਗਤਿ ਜੋਇ (18)

ਜਿਵੇਂ ਕਿ ਉਪਰੋਕਤ ਦੱਸਿਆ ਗਿਆ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਚਰਿੱਤਰ ਗਾਥਾ ਨੂੰ ਵਿਸਥਾਰ ਸਹਿਤ ਦੱਸਿਆ ਗਿਆ ਹੈ । ਸਿੱਖ ਧਰਮ ਵਿੱਚੋਂ ਏਨ੍ਹਾਂ ਦਾ ਨਾਂ ਬੜੀ ਸ਼ਰਧਾਪੂਰਵਕ ਲਿਆ ਜਾਂਦਾ ਹੈ। ਏਨ੍ਹਾਂ ਦੀ ਧਰਮ ਪ੍ਰਤੀ ਕੁਰਬਾਨੀਆਂ ਨੂੰ ਕੌਣ ਭੁਲਾ ਸਕਦਾ ਹੈ । 'ਸੂਰਜ ਪ੍ਰਕਾਸ਼' ਕਿਉਂਕਿ ਇਤਿਹਾਸਕ ਕਥਾ ਦਾ ਵਰਣਨ ਹੈ । ਇਸ ਤੋਂ ਲਗਦਾ ਹੈ ਕਿ ਮਹਾਂਕਵੀ ਜੀ ਕਿੰਨੇ ਕੁਸ਼ਲ ਇਤਿਹਾਸਕਾਰ ਸਨ । ਉਨ੍ਹਾਂ ਨੇ ਘਟਨਾਵਾਂ/ਪ੍ਰਸਥਿਤੀਆਂ ਰਾਹੀਂ ਇਤਿਹਾਸ ਨੂੰ ਜੀਵੰਤ ਕੀਤਾ ਹੈ । ਪ੍ਰੋ.ਪਿਆਰਾ ਸਿੰਘ ਪਦਮ ਵੀ ਸ਼ਾਇਦ ਮੇਰੀ ਗੱਲ ਨੂੰ ਹੀ ਪ੍ਰਮਾਣਿਤ ਕਰ ਰਹੇ ਹਨ । ਉਹ ਕਹਿੰਦੇ ਹਨ ਕਿ, "ਭਾਈ ਸੰਤੋਖ ਸਿੰਘ ਜੀ ਦੀ ਕਾਵਿ-ਖੂਬੀਆਂ ਭਰਪੂਰ ਇਤਿਹਾਸਕ ਮਹਾਨ ਰਚਨਾ ਨੂੰ ਕੋਈ ਨਹੀਂ ਪਹੁੰਚਦਾ, ਨਾ ਕੋਈ ਪੁਰਾਣਾ ਇਤਿਹਾਸਕਾਰ ਤੇ ਨਾ ਹੀ ਨਵਾਂ । ਮੰਨਣਾ ਪੈਂਦਾ ਹੈ ਕਿ ਸਿੱਖ ਇਤਿਹਾਸਕਾਰ ਜੋ ਦੀ ਕਤਾਰ ਵਿੱਚ ਭਾਈ ਸੰਤੋਖ ਸਿੰਘ ਦਾ ਦਰਜਾ ਸ਼ਿਰੋਮਣੀ ਹੈ । ਜੇ ਅੱਜ 'ਸੂਰਜ ਪ੍ਰਕਾਸ਼' ਨੂੰ ਠੱਪ ਦੇਈਏ ਤਾਂ ਗੁਰੂਆਂ ਦਾ ਇਤਿਹਾਸ ਦੱਸਣ ਵਾਲੀ ਕੋਈ ਵੀ ਪੁਸਤਕ ਨਹੀਂ ਰਹਿ ਜਾਂਦੀ । ਵਰਤਮਾਨ ਖੋਜੀਆਂ ਲਈ ਇਹ ਗ੍ਰੰਥ ਮੂਲ ਸੋਮੇ ਦਾ ਕੰਮ ਦੇ ਰਿਹਾ ਹੈ । ਮਿਸਟਰ ਮੈਕਾਲਿਫ ਨੇ ਇਸੇ ਆਧਾਰ 'ਤੇ ਹੀ ਆਪਣਾ ਇਤਿਹਾਸਿਕ ਗ੍ਰੰਥ 'ਸਿੱਖ ਰਿਲੀਜ਼ਨ' ਲਿਖਿਆ ਸੀ।"

ਭਾਈ ਸਾਹਿਬ ਦੀਆਂ ਰਚਨਾਵਾਂ 'ਚੋਂ ਸਮਕਾਲੀ ਪ੍ਰਸਥਿਤੀਆਂ ਉਜਾਗਰ ਹੁੰਦੀਆਂ ਹਨ । ਗ੍ਰੰਥ ਵਿੱਚ ਦੱਸਿਆ ਗਿਆ ਕਿ ਰਾਜੇ (ਕੈਥਲ) ਦੇ ਮਰਨ ਬਾਅਦ ਕੈਥਲ ਵਿੱਚ ਕਿਵੇਂ ਅੱਫੜਾ-ਦੱਫੜੀ ਅਤੇ ਲੁੱਟ-ਖਸੁੱਟ ਹੋਈ। ਦੇਖੋ ਮਹਾਂਕਵੀ ਜੀ ਕੀ ਕਹਿੰਦੇ ਹਨ :

ਪਰੀ ਲੂਟ ਕਪਿਥਲ ਵਿਖੇ ਮਿਲੇ ਚੋਰ ਬਟ ਮਾਰ ॥

ਆਪੇ-ਆਪ ਕੋ ਭਜ ਚਲੇ ਤਜਿ ਪੁਰਿ ਸਭ ਇਕ ਬਾਰ ॥36॥

ਸਿੰਘ ਫਿਰੰਗੀ ਗਹਿ ਲਏ ਕੈਦ ਕਰੇ ਵਥ ਛੀਨਿ ॥ ਸੰਤਨਿ ਕੇ ਅਸਥਾਨ ਭੀ ਲੂਟਿ ਕੂਟਿ ਭੈ ਚੀਨਿ ॥37॥ (ਐਨ 2, ਅੰਸ਼ੂ 36)

ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਨ ਵਿਦਵਾਨ ਦੇ ਨਾਲ-ਨਾਲ ਮਹਾਨ ਯੋਧਾ ਵੀ ਸਨ । ਉਹਨਾਂ ਨੇ ਲੋਕਾਂ ਵਿੱਚ ਜਾਗਰੁਕਤਾ ਦਾ ਜਾਗ ਲਾਇਆ ਅਤੇ ਉਨ੍ਹਾਂ ਨੇ ਨਵੀਂ ਦਿਸ਼ਾ ਪ੍ਰਦਾਨ ਕੀਤੀ ।

ਡਾ. ਜੈ ਭਗਵਾਨ ਗੋਇਲ ਦਾ ਕਥਨ ਹੈ ਕਿ 'ਗੁਰੂਆਂ' ਨੇ ਮੁਗ਼ਲਾਂ ਦੇ ਅਤਿਆਚਾਰਾਂ ਤੋਂ ਦੱਬੀ ਅਤੇ ਲਤਾੜੀ ਹੋਈ ਭਾਰਤੀ ਜਨਤਾ ਵਿੱਚ ਇਕ ਨਵੀਂ ਸਭਿਆਚਾਰਕ, ਸਮਾਜਕ ਅਤੇ ਰਾਜਨੀਤਿਕ ਚੇਤਨਾ ਜਾਗਰਤ ਕੀਤੀ ਸੀ । ਅਪਰਾਧ, ਅਨਿਆ, ਅਨੀਤੀ ਅਤੇ ਅਤਿਆਚਾਰ ਵਿਰੁੱਧ ਲੜਨ ਦੀ ਭਾਵਨਾ ਅਤੇ ਸਾਹਸ ਪੈਦਾ ਕੀਤਾ ਸੀ । ‘ਗੁਰਪ੍ਰਤਾਪ ਸੂਰਜ' ਵਿੱਚ ਇਸ ਨਵੀਂ ਚੇਤਨਾ ਨੂੰ ਵਿਸ਼ੇਸ਼ ਰੂਪ ਵਿੱਚ ਵਰਨਣ ਕੀਤਾ ਗਿਆ ਹੈ । ਇਸ ਗ੍ਰੰਥ ਵਿੱਚ ਯੁਗ ਦਾ ਹੀ ਯਥਾਰਥ ਚਿਤਰਣ ਨਹੀਂ ਕੀਤਾ ਗਿਆ ਬਲਕਿ ਜਨਤਾ ਦੀਆਂ ਨਿਰਾਸ਼ ਇੱਛਾਵਾਂ ਅਤੇ ਉਹਨਾਂ ਦੀ ਉਭਰਦੀ ਹੋਈ ਚੇਤਨਾ ਨੂੰ ਵੀ ਬਿਆਨ ਕੀਤਾ ਹੈ ।"
'ਗੁਰਪ੍ਰਤਾਪ ਸੂਰਜ' ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਅਲੰਕਾਰ/ਛੰਦ/ਬਿੰਬ ਵਰਤੇ ਹਨ । ਇਸ ਵਿੱਚ 51829 ਛੰਦਾਂ ਵਿੱਚ ਕੋਈ 40,000 ਦੇ ਕਰੀਬ ਦੋਹਾ-ਚੋਪਾਈ ਹੋਣਗੇ । ਏਨਾਂ ਨਾਲ ਰਚਨਾ ਦੀ ਖੂਬਸੂਰਤੀ ਵਧੀ । ਕਵੀ ਨੇ ਏਨਾ ਅਲੰਕਾਰਾਂ ਦੀ ਸਾਰਥਕ ਅਤੇ ਯਥਾਯੋਗ ਵਰਤੋਂ ਕੀਤੀ ਹੈ । ਦੇਖੋ ਉਲੇਖ ਅਲੰਕਾਰ ਦੀ ਇੱਕ ਖੂਬਸੂਰਤ ਉਦਾਹਰਣ:

ਸਭ ਬਿਲੋਕਹਿ ਕਾਲ ਸਮ ਜਾਨਹਿ ਲੇ ਪ੍ਰਾਨਾ ।

ਦੇਵ ਤਰੋਵਰ ਕੇ ਪ੍ਰਖਹਿ ਜਾਮ ਕਾਮਨ ਵਾਨਾ । 31।

ਗਯਾਨੀ ਲਖਹਿਂ ਪ੍ਰਮਾਤਮਾ ਵਾਂਛਤ ਤਨ ਧਾਰਾ ਨਿਸ਼ਚੇ ਭਗਤਨਿ ਉ ਰਿਦੇ ਬਿਸ਼ਨੂੰ ਅਵਤਾਰਾ ਸ੍ਰੀ ਨਾਨਕ ਕੋ ਤਨ ਦਸਮ ਸਿਖਨ ਮਨ ਜਾਨਾ ਪਜਾ ਲਖਹਿਂ ਰਾਜਾ ਮਹਾ ਪਾਲਹਿ ਵਿਧਿ ਨਾਨਾ

(ਗੁਰ ਪ੍ਰਕਾਸ਼ ਸੂਰਜ ਰਿਤੂ 2, 35)

ਭਾਸ਼ਾ ਤਾਂ ਮੂਲ ਵਿੱਚ ਬ੍ਰਜ ਹੀ ਹੈ ਪਰ ਨਾਲ ਹੀ ਸੰਸਕ੍ਰਿਤ, ਫਾਰਸੀ, ਅਰਬੀ, ਪੰਜਾਬੀ, ਲਹਿੰਦੀ ਆਦਿ ਦੇ ਵੀ ਅਨੇਕ ਸ਼ਬਦ ਦੋਹਾਂ ਗ੍ਰੰਥਾਂ 'ਚ ਆਏ ਹਨ । ਇਸ ਤੋਂ ਲਗਦੈ ਕਿ ਕਵੀ ਨੂੰ ਭਾਸ਼ਾ ਦੀ ਸ਼ਕਤੀ ਬਾਰੇ ਪੂਰਨ ਗਿਆਨ मी ।

ਕਿਹਾ ਜਾ ਸਕਦਾ ਮਹਾਂਕਵੀ ਭਾਈ ਸੰਤੋਖ ਸਿੰਘ ਇੱਕ ਯੁੱਗ ਵਰਤਕ ਕਵੀ ਸਨ । ਜਿਨ੍ਹਾਂ ਨੂੰ ਭਾਸ਼ਾ ਦੀਆਂ ਬਾਰੀਕੀਆਂ ਅਤੇ ਛੰਦ ਕਲਾ ਦਾ ਭਰਪੂਰ ਗਿਆਨ ਸੀ । ਏਨ੍ਹਾਂ ਦੇ ਦੁਆਰਾ ਰਚੇ ਗ੍ਰੰਥ, ਜਿੱਥੇ ਸਿੱਖ ਗੁਰੂਆਂ ਦੀ ਚਰਿੱਤਰ ਕਥਾ ਦਾ ਗੁਣਗਾਣ ਕਰਦੇ ਹਨ, ਉਥੇ ਆਮ ਲੋਕਾਂ ਨੂੰ ਨਵੀਂ ਚੇਤਨਾ ਨਾਲ ਭਰਪੂਰ ਕਰਦੇ ਹਨ । ਇਸ ਲਈ ਮਹਾਂਕਵੀ ਭਾਈ ਸੰਤੋਖ ਸਿੰਘ ਦੀਆ ਕ੍ਰਿਤਾਂ ਸਮਾਜ ਵਿੱਚ ਸਰਵੋਤਮ ਦਰਜਾ ਰੱਖਦੀਆਂ ਹਨ ।

ਜਾਰੀ ਹੈ.....