ਧਮਤਾਨ ਸਾਹਿਬ ਵਿਖੇ ਹੋਲੇ- ਮਹੱਲੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ

04 Mar 2026 | 28 Views

ਧਮਤਾਨ ਸਾਹਿਬ ਵਿਖੇ ਹੋਲੇ- ਮਹੱਲੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ

Sikh martial arts competitions held at Dhamtan Sahib on the occasion of Hola-Mohalla

 

 

ਸੰਗਤਾਂ ਲਈ ਦਸਤਾਰਾਂ ਦਾ ਲੰਗਰ ਤੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ

 

ਧਮਤਾਨ ਸਾਹਿਬ (ਖਨੌਰੀ), 4 ਮਾਰਚ, 2026 ( ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):

ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕਰਕੇ ਇੰਨਾਂ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਟੋਹਾਣਾ ਹਲਕੇ ਤੋਂ ਮੈਂਬਰ ਭਾਈ ਬਲਵਿੰਦਰ ਸਿੰਘ ਖਾਲਸਾ, ਐਡਵੋਕੇਟ ਸ. ਹਰਜੀਤ ਸਿੰਘ ਗਰੇਵਾਲ, ਪ੍ਰਧਾਨ, ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਚੇਅਰਮੈਨ, ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਅਕੈਡਮੀ (ਇਸਮਾ), ਸ. ਸੁਖਚੈਨ ਸਿੰਘ ਕਲਸਾਣੀ, ਜਨਰਲ ਸਕੱਤਰ, ਹਰਿਆਣਵੀ ਗੱਤਕਾ ਐਸੋਸੀਏਸ਼ਨ, ਸ. ਦਿਲਦੀਪ ਸਿੰਘ, ਮੀਤ ਪ੍ਰਧਾਨ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ, ਸ. ਹਰਸਿਮਰਨ ਸਿੰਘ, ਕੋਆਰਡੀਨੇਟਰ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਸ. ਸ਼ੈਰੀ ਸਿੰਘ, ਕੋਆਰਡੀਨੇਟਰ, ਗੱਤਕਾ ਐਸੋਸੀਏਸ਼ਨ ਆਫ ਪੰਜਾਬ, ਸ. ਪਰਦੀਪ ਸਿੰਘ, ਨੈਸ਼ਨਲ ਗੱਤਕਾ ਕੋਚ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੀ ਹਾਜ਼ਰ ਸਨ। 

ਭਾਈ ਬਲਵਿੰਦਰ ਸਿੰਘ ਖਾਲਸਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਹੋਲੇ-ਮਹੱਲੇ ਦਾ ਪਵਿੱਤਰ ਦਿਹਾੜਾ ਵੱਡੀ ਪੱਧਰ ਉਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਸਿੱਖ ਵਿਰਾਸਤੀ ਯੁੱਧ ਕਲਾ ਦੀ ਪ੍ਰਦਰਸ਼ਨੀ ਅਤੇ ਕੇਸਰੀ ਦਸਤਾਰਾਂ ਸਜਾਉਣ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਤਾਂ ਜੋ ਇਸ ਇਲਾਕੇ ਵਿੱਚ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਭਿਆਚਾਰ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਸਰੀਰਕ ਤੰਦਰੁਸਤੀ, ਸਵੈ-ਰੱਖਿਆ, ਅਨੁਸ਼ਾਸਨ, ਟੀਮ ਭਾਵਨਾ ਪੈਦਾ ਕਰਨਾ ਅਤੇ ਗੱਤਕੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣਾ ਹੈ। ਇਸ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਮੁਫਤ ਮੈਡੀਕਲ ਸਹੂਲਤ ਕੈਂਪ ਅਤੇ ਡਾਕਟਰੀ ਜਾਂਚ ਕੈਂਪ ਵੀ ਲਗਾਇਆ ਜਾਂਦਾ ਹੈ। 

ਐਡਵੋਕੇਟ ਸ. ਹਰਜੀਤ ਸਿੰਘ ਗਰੇਵਾਲ ਨੇ ਇਸ ਇਤਿਹਾਸਿਕ ਅਸਥਾਨ ਉਤੇ ਸਿੱਖ ਯੁੱਧ ਕਲਾ ਦੇ ਪ੍ਰਦਰਸ਼ਨ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਗੱਤਕਈ ਸਿੰਘਾਂ ਦੇ ਦੰਦ ਜੋੜ ਕੇ ਰੱਖ ਦੇਣ ਵਾਲੇ ਕਰਤੱਵ ਬੜੇ ਗਹੁ ਨਾਲ ਵੇਖੇ। ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਗੱਤਕੇ ਦੀ ਇਤਿਹਾਸਕ ਖੇਡ ਨੂੰ ਕੌਮੀ ਪੱਧਰ ਉੱਤੇ ਵੱਡੀਆਂ ਪ੍ਰਾਪਤੀਆਂ ਹਾਸਲ ਹੋਈਆਂ ਹਨ ਅਤੇ ਹੁਣ ਇਹ ਖੇਡ ਦੇਸ਼ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਸ਼ੁਮਾਰ ਹੋ ਚੁੱਕੀ ਹੈ ਅਤੇ ਅੱਗੋਂ ਇਸ ਖੇਡ ਦਾ ਵਿਸ਼ਵ ਪੱਧਰ ਉੱਤੇ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਇਸ ਖੇਡ ਨੂੰ ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਅਤੇ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਕੇ ਦੀਆਂ ਖਾਪ ਪੰਚਾਇਤਾਂ ਦੇ ਪ੍ਰਧਾਨ ਸ਼ਾਮਲ ਹੋਏ ਜਿਨ੍ਹਾਂ ਵਿੱਚ ਨੈਣ ਖਾਪ ਪੰਚਾਇਤ ਵੱਲੋਂ ਚੌਧਰੀ ਰਣਧੀਰ ਸਿੰਘ, ਢੁੱਲ ਖਾਪ ਪੰਚਾਇਤ ਵੱਲੋਂ ਮਨੋਜ ਦੂਜਣ ਅਤੇ ਹੋਰ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਮੋਹਤਬਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਹਰਿਆਣਾ ਗੁਰਦੁਆਰਾ ਕਮੇਟੀ ਦੇ ਆਗੂਆਂ ਤੇ ਪ੍ਰਬੰਧਕਾਂ ਵੱਲੋਂ ਗੱਤਕਾ ਟੀਮਾਂ ਨੂੰ ਨਗਦ ਇਨਾਮਾਂ ਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।

Categories: SIKH PANTH RELARED NEWS ਸਿੱਖ ਸੰਸਥਾਵਾਂ/ ਸੇਵਾਵਾਂ

Tags: KESARI VIRASAT

Published on: 04 Mar 2026

Gurpreet Singh Sandhu
+91 9592669498
📣 Share this post

Latest News

View all