The sect of scholars that emerged from Guru Gobind Singh's desire to make Sikhs teachers of the Pandits
ਨਿਰਮਲ ਭੇਖ ਵਿਦਵਾਨਾਂ ਦੀ ਸੰਪ੍ਰਦਾਇ ਹੈ। ਇਸ ਸੰਪ੍ਰਦਾਇ ਦਾ ਸਾਹਿਤ/ਇਤਿਹਾਸ ਵਿਚ ਪਾਇਆ ਯੋਗਦਾਨ ਗੌਰਵਸ਼ਾਲੀ ਹੈ। ਇਸ ਸੰਪ੍ਰਦਾਇ ਨੇ ਜਨ ਸਾਧਾਰਣ ਨੂੰ ਗਿਆਨ ਦੇ ਦੀਪਕ ਨਾਲ ਵਿਵੇਕ-ਬੁੱਧੀ ਦਾ ਪ੍ਰਕਾਸ਼ ਬਖਸ਼ਿਆ ਹੈ। ਵਿਸ਼ਵ ਦੇ ਕੋਨੇ-ਕੋਨੇ ਵਿਚ ਗੁਰਮਤਿ/ਗੁਰਬਾਣੀ ਦਾ ਪ੍ਰਵਾਹ ਚਲਾਇਆ ਅਤੇ ਮਨੁੱਖਤਾ ਨੂੰ ਸਦ-ਮਾਰਗ ਪਾਇਆ ਹੈ। ਅੰਧ ਵਿਸ਼ਵਾਸ਼/ਅਗਿਆਨਤਾ ਦੇ ਹਨੇਰੇ ਵਿਚੋਂ ਕੱਢਕੇ 'ਧਰਮ' ਅਤੇ 'ਸਤਿ' ਤੋਂ ਜਾਣੂ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਸਤਿਗੁਰੂਆਂ ਦੇ ਸਿਧਾਂਤ ਤੋਂ ਜਾਣੂ ਕਰਵਾ ਕੇ ਗੁਰਬਾਣੀ ਦਾ ਉਪਦੇਸ਼ ਪ੍ਰਾਣੀ ਮਾਤ੍ਰ ਦੇ ਹਿਰਦੇ ਵਿਚ ਵਸਾਇਆ ਹੈ। ਸਤਿਗੁਰੂਆਂ ਦਾ ਸਾਜਿਆ ਨਿਵਾਜਿਆ ਨਿਰਮਲ ਭੇਖ ਪੰਜ ਸਦੀਆਂ ਤੋਂ ਜਨ-ਸਾਧਾਰਣ ਨੂੰ ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ , ਗੁਰਬਾਣੀ ਅਤੇ ਸਿਧਾਂਤ ਨਾਲ ਜੋੜਦਾ ਆ ਰਿਹਾ ਹੈ।
ਨਿਰਮਲ ਭੇਖ ਦੇ ਵਿਦਵਾਨ ਨਿਰਮਲ ਪੰਥ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਇਆ ਮੰਨਦੇ ਹਨ ਅਤੇ ਹੇਠ ਲਿਖੇ ਪ੍ਰਮਾਣ ਦੁਆਰਾ ਸਿੱਧ ਕਰਨ ਦਾ ਯਤਨ ਕਰਦੇ ਹਨ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ॥ (ਭਾ. ਗੁ. ਵਾਰਾਂ 1/45/4)
ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ॥ (ਅੰਗ 1409)
ਪਰ ਇਤਿਹਾਸ ਦੇ ਖੋਜੀ ਵਿਦਵਾਨ ਨਿਰਮਲ ਪੰਥ ਦੀ ਆਰੰਭਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਨਦੇ ਹਨ। ਇਸ ਭੇਖ ਨੂੰ ਪ੍ਰਸਿੱਧਤਾ ਵੀ ਦਸਮ ਗੁਰੂ ਜੀ ਦੇ ਸਮੇਂ ਵਿਚ ਹੀ ਮਿਲੀ ਹੈ। ਗੁਰਮਤਿ ਵਿਸ਼ਵਾਸ਼ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ 'ਨਾਨਕ' ਦੀ ਪਹਿਲੀ ਜੋਤਿ ਸਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ 'ਨਾਨਕ' ਦੀ ਦਸਵੀਂ ਜੋਤਿ ਸਨ । ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤਿ ਗੁਰੂ ਗੋਬਿੰਦ ਸਿੰਘ ਜੀ ਸਰਬ ਕਲਾ ਅਵਤਾਰ ਸਨ ਜਿੰਨ੍ਹਾ ਨੇ ਹਿੰਦੂ ਧਰਮ ਦੀ ਰੱਖਿਆ, ਭਾਰਤੀ ਸੰਸਕ੍ਰਿਤੀ, ਸਭਿਆਚਾਰ ਦੀ ਰੱਖਿਆ ਦਾ ਉਪਦੇਸ਼ ਦਿੱਤਾ। ਆਪ ਇਸ ਕਾਰਜ ਦੀ ਪੂਰਤੀ ਵਾਸਤੇ ਮਨ, ਬਾਣੀ, ਕਰਮ ਕਰਕੇ ਦ੍ਰਿੜ੍ਹ ਹੋ ਗਏ। ਭਾਰਤੀਆਂ ਵਿਚ ਜੋ ਕਾਇਰਤਾ/ਨਿਪੁੰਸਕਤਾ ਘਰ ਕਰ ਚੁੱਕੀ ਸੀ, ਉਸ ਨੂੰ ਖ਼ਤਮ ਕਰਨ ਦਾ ਨਿਰਣੈ ਕਰਕੇ ਦੇਸ਼ ਦੀ ਜਨ-ਸਾਧਾਰਣ ਜਨਤਾ ਵਿਚ ਸਵੈ ਵਿਸ਼ਵਾਸ਼, ਸਵੈ ਮਾਣ , ਦ੍ਰਿੜ੍ਹਤਾ ਅਤੇ ਆਤਮ ਬਲ ਭਰਨ ਲੱਗੇ।
ਭਾਰਤੀਆਂ ਵਿਚ ਮੁੜ ਅਣਖ਼-ਗ਼ੈਰਤ ਪੈਦਾ ਕਰਨ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ। ਇਸੇ ਕਾਰਜ ਨੂੰ ਅੱਗੇ ਤੋਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਚ ਸ਼ਾਸਤਰ ਅਤੇ ਸ਼ਸਤਰ ਦਾ ਏਕੀਕਰਨ ਕੀਤਾ। ਆਪ ਸ੍ਵਯੰ ਔਜ ਪੂਰਨ ਬਾਣੀ ਦਾ ਉਚਾਰਨ ਕਰਦੇ ਸਨ । ਆਪ ਜੀ ਦੇ ਦਰਬਾਰ ਵਿਚ ਬ੍ਰਜ ਭਾਸ਼ਾ, ਹਿੰਦੀ, ਪੰਜਾਬੀ, ਫ਼ਾਰਸੀ ਅਤੇ ਅਰਬੀ ਦੇ ਵਿਦਵਾਨ, ਮੌਜੂਦ ਸਨ। ਪਰ ਆਪ ਪੁਰਾਤਨ ਭਾਰਤੀ ਦਰਸ਼ਨ, ਸਾਹਿਤ, ਕਾਵ, ਇਤਿਹਾਸ ਦੇ ਅਧਿਐਨ ਵਾਸਤੇ ਸੰਸਕ੍ਰਿਤ ਦਾ ਪੜ੍ਹਨਾ ਜ਼ਰੂਰੀ ਸਮਝਦੇ ਸਨ।
ਗੁਰੂ ਜੀ ਦੇ ਦਰਬਾਰ ਵਿਚ ਪੰਡਿਤ ਰਘੁਨਾਥ ਸੰਸਕ੍ਰਿਤ ਗ੍ਰੰਥਾਂ ਦੀ ਕਥਾ ਕਰਦਾ ਸੀ । ਸਤਿਗੁਰੂ ਜੀ ਨੇ ਪੰਡਿਤ ਜੀ ਨੂੰ ਕਿਹਾ ਕਿ ਉਹ ਸਿੱਖਾਂ ਨੂੰ ਸੰਸਕ੍ਰਿਤ ਵੀ ਪੜ੍ਹਾਇਆ ਕਰਨ, ਪਰ ਪੰਡਿਤ ਜੀ ਨੇ ਸਿੱਖਾਂ ਨੂੰ ਵਿੱਦਿਆ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਿੱਖ ਨੀਵੀਂ ਜਾਤੀ (ਸ਼ੁਦਾਂ) ਵਿਚੋਂ ਹਨ। ਬ੍ਰਾਹਮਣ ਨਹੀਂ ਹਨ ਅਤੇ ਨਾ ਹੀ ਕਸ਼ਤ੍ਰੀ ਹਨ। ਇਸ ਵਾਸਤੇ ਸਿੱਖ, ਦੇਵਭਾਸ਼ਾ (ਵੇਦ) ਬਾਣੀ ਪੜ੍ਹਨ ਦੇ ਯੋਗ ਨਹੀਂ ਹਨ।
ਸਤਿਗੁਰੂ ਜੀ ਨੇ ਪੰਡਿਤ ਰਘੂਨਾਥ ਦੀ ਇਹ ਨਿਰਾਰਥ ਤਰਕ ਸੁਣਕੇ ਫ਼ੁਰਮਾਇਆ, “ਪੰਡਿਤ ਜੀ! ਜਿਨ੍ਹਾਂ ਨੂੰ ਤੁਸੀਂ ਸ਼ੂਦ ਕਹਿੰਦੇ ਹੋ, ਇਨ੍ਹਾਂ ਸਿੱਖਾਂ ਦੇ ਚਰਨਾਂ ਵਿਚ ਬੈਠ ਕੇ ਵੱਡੇ-ਵੱਡੇ ਬ੍ਰਾਹਮਣ ਵੇਦ, ਸ਼ਾਸਤ੍ਰ ਆਦਿ 14 ਤਰ੍ਹਾਂ ਦੀ ਵਿੱਦਿਆ ਪੜ੍ਹਨਗੇ । ਇਹ ਸਿੱਖ ਬ੍ਰਾਹਮਣਾਂ ਦੇ ਵਿਦਿਆ ਗੁਰੂ ਹੋਣਗੇ ।”
ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ :
"ਬੋਲੇ ਗੁਰੁ ਸੁਨਿ ਦੂਜ ਕੀ ਬਾਨੀ । ਹੇ ਦੂਜ ਮਹਾਂ ਮੂਢ ਅਭਿਮਾਨੀ ॥੩੭॥ ਜੋ ਬਿਦਿਆ ਪਢਿ ਤੂੰ ਗਰਬੈ ਹੈਂ । ਮਮ ਸਿੱਖਨ ਕੋ ਸ਼ੂਦਰ ਕੈਹੈਂ॥ ਇਨ ਹੀ ਮੇਰੇ ਸਿੱਖਨ ਤੈ ਲਖਿ । ਬਿਯਾ ਬੇਦ ਪਢੈਗੇ ਦੂਜ ਦਖ ॥੩੮॥ ਨਿਗਮਾਗਮ ਲੌ ਚੌਦਸ ਬਿਦਯਾ। ਮੈਂ ਨਿਜ ਪੰਥੋਂ ਦਈ ਪ੍ਰਸਿੱਧਯ੍॥ ਜਿਨ ਕੋ ਤੂੰ ਸ਼ੂਦਰ ਬਤਰੈਹੈਂ । ਬਿਦ੍ਯਾ-ਗੁਰੂ ਦਿੱਜਨ ਇਹੁ ਥੈਹੈਂ ॥੩੯॥” (ਸ੍ਰੀ ਗੁਰੂ ਪੰਥ ਪ੍ਰਕਾਸ਼ ਪੰਨਾ ੨੭੮੭)