ਜਲੰਧਰ ਸਿੱਖ ਯੂਥ ਕਾਫਲੇ ਦੇ ਨੌਜਵਾਨਾਂ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਐਸਜੀਪੀਸੀ ਵੱਲੋਂ ਸਨਮਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਦਾ ਲਿਆ ਪ੍ਰਣ
Jalandhar Sikh Youth Kafala youth honored by SGPC at Sri Darbar Sahib, take pledge to uphold the principles of Sri Akal Takht Sahib
ਅੰਮ੍ਰਿਤਸਰ/ਜਲੰਧਰ, 23 ਜੁਲਾਈ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):
ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਜਲੰਧਰ ਦੀ ਨਵੀਂ ਦਾਣਾ ਮੰਡੀ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਗੁਰਮਤ ਸਮਾਗਮ ਦੀ ਸਫ਼ਲਤਾ ਉਪਰੰਤ ਜਲੰਧਰ ਸਿੱਖ ਯੂਥ ਕਾਫਲੇ ਦੇ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਨੌਜਵਾਨਾਂ ਨੂੰ ਧਾਰਮਿਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ।
ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਗੁਰਸਿੱਖੀ, ਗੁਰ ਇਤਿਹਾਸ ਅਤੇ ਪੰਥਕ ਪਰੰਪਰਾਵਾਂ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਪਰੰਪਰਾ, ਮਰਯਾਦਾ ਅਤੇ ਸਿਧਾਂਤਾਂ ਨੂੰ ਸਮਝਣ ਅਤੇ ਸੰਸਾਰ ਭਰ ਵਿੱਚ ਉਨ੍ਹਾਂ ਦੀ ਰੱਖਿਆ ਲਈ ਹਮੇਸ਼ਾ ਤਤਪਰ ਰਹਿਣ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਜਲੰਧਰ ਸਿੱਖ ਯੂਥ ਕਾਫਲੇ ਦੇ ਨੌਜਵਾਨਾਂ ਨੇ ਵੀ ਸੰਕਲਪ ਪ੍ਰਗਟ ਕੀਤਾ ਕਿ ਉਹ ਜਲੰਧਰ ਸ਼ਹਿਰ ਸਮੇਤ ਸਮੂਹ ਪੰਜਾਬ ਵਿੱਚ ਧਾਰਮਿਕ, ਸਮਾਜਿਕ ਅਤੇ ਗੁਰਮਤ ਪ੍ਰਚਾਰ ਨਾਲ ਸੰਬੰਧਤ ਸੇਵਾਵਾਂ ਨੂੰ ਹੋਰ ਵੱਡੇ ਪੱਧਰ 'ਤੇ ਅੱਗੇ ਵਧਾਉਣਗੇ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਦੇ ਧੁਰੇ ਨਾਲ ਜੋੜਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਦਾ ਪ੍ਰਣ ਵੀ ਲਿਆ।
ਨੌਜਵਾਨਾਂ ਨੇ ਇਸ ਸਨਮਾਨ ਲਈ ਜਥੇਦਾਰ ਕੁਲਵੰਤ ਸਿੰਘ ਮੰਨਣ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਉਹ ਪੰਥਕ ਅਤੇ ਧਾਰਮਿਕ ਕਾਰਜਾਂ ਵਿੱਚ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।
ਇਸ ਮੌਕੇ ਸਿੱਖ ਚੜ੍ਹਦੀ ਕਲਾ ਫਰੰਟ ਦੇ ਸੀਨੀਅਰ ਮੈਂਬਰ ਰਣਜੀਤ ਸਿੰਘ ਰਾਣਾ, ਜਸਕਰਨ ਸਿੰਘ, ਜਸਪ੍ਰੀਤ ਸਿੰਘ ਮੱਕੜ, ਸਿਮਰਨਜੀਤ ਸਿੰਘ ਚੱਡਾ, ਜਸਕਰਨ ਸਿੰਘ ਨੀਲਾ ਮਹਿਲ, ਨਵਲਜੀਤ ਸਿੰਘ ਚੀਮਾ, ਰਮਿੰਦਰ ਸਿੰਘ ਕਾਲੜਾ, ਰਣਵੀਰ ਸਿੰਘ ਰਠੌਰ, ਹਰਮਨਜੋਤ ਸਿੰਘ ਬਠਲਾ, ਗੋਬਿੰਦਪ੍ਰੀਤ ਸਿੰਘ, ਚੰਦਨ ਗਾਂਧੀ, ਗੁਰਪ੍ਰੀਤ ਸਿੰਘ ਬਜਾਜ, ਜਸਕਰਨ ਸਿੰਘ ਉਬਰਾਏ, ਹਰਜੋਤ ਸਿੰਘ, ਨਵਲਪ੍ਰੀਤ ਸਿੰਘ, ਪ੍ਰਭਜੀਤ ਸਿੰਘ ਬਿੱਲਾ, ਹਰਮਨਪ੍ਰੀਤ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਗੁਰਕਮਲਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।