ਸ਼੍ਰੋਮਣੀ ਕਮੇਟੀ ਤੋਂ ਕਈ ਸਾਲ ਪਹਿਲਾਂ ਹੋ ਗਈ ਸੀ ਸਿੱਖੀ ਦੇ ਬਾਕਾਇਦਾ ਪ੍ਰਚਾਰ ਲਈ ਇਸ ਧਾਰਮਿਕ ਜੱਥੇਬੰਦੀ ਦੀ ਸਥਾਪਨਾ
This religious organization was established many years before the Shiromani Gurdwara Parbandhak Committee for the regular propagation of Sikhism.
ਗੁਰਪ੍ਰੀਤ ਸਿੰਘ ਸੰਧੂ
ਅੱਜ ਹਰ ਆਮ ਆਦਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਇਕਲੌਤੀ ਨੁਮਾਇੰਦਾ ਸੰਸਥਾ ਵਜੋਂ ਜਾਣਦਾ ਹੈ। ਪਰ ਇੱਕ ਹੋਰ ਅਜਿਹੀ ਸਿੱਖ ਧਾਰਮਿਕ ਸੰਸਥਾ ਵੀ ਮੌਜੂਦ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਕਈ ਸਾਲ ਪਹਿਲਾਂ ਹੋਂਦ ਵਿੱਚ ਆ ਗਈ ਸੀ।
ਏਨਾ ਹੀ ਨਹੀਂ ਸਿੱਖੀ ਪ੍ਰਚਾਰ ਨੂੰ ਮੌਜੂਦਾ ਦੌਰ ਤੱਕ ਸਾਬਤ ਕਦਮੀਂ ਪਹੁੰਚਾਉਣ ਵਿੱਚ ਇਸ ਸੰਸਥਾ ਨਾਲ ਜੁੜੇ ਮਹਾਂਪੁਰਖਾਂ ਅਤੇ ਵਿਦਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੁਣ ਤੱਕ ਸਿੱਖੀ ਦੀ ਅਧਿਆਤਮਕ ਅਤੇ ਸਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਵਿਚ ਲੱਗੀ ਹੋਈ ਨਿਰਮਲ ਸੰਪ੍ਰਦਾਇ ਦੀ।
ਪ੍ਰਸਿੱਧ ਵਿਦਵਾਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਵਲੋਂ ਲਿਖੀ ਅਤੇ ਗਿਆਨੀ ਕੌਰ ਸਿੰਘ ਕੋਠਾਗੁਰੂ ਵਲੋਂ ਸੰਪਾਦਿਤ ਪੁਸਤਕ ਨਿਰਮਲ ਪੰਥ ਦਾ ਸੰਖੇਪ ਇਤਿਹਾਸ ਅਨੁਸਾਰ ਨਿਰਮਲੇ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਸਤਿਗੁਰੂਆਂ ਦੀ ਸੇਵਾ ਵਿਚ ਹਾਜ਼ਰ ਰਹੇ। ਸਤਿਗੁਰੂਆਂ ਦੇ ਉਪਦੇਸ਼ ਹਿਰਦੇ ਵਿਚ ਧਾਰਨ ਕੀਤੇ ਅਤੇ ਕ੍ਰਿਆਤਮਿਕ ਰੂਪ ਵਿਚ ਕਮਾਉਂਦੇ ਰਹੇ। ਨਾਮ ਸਿਮਰਨ, ਬ੍ਰਹਮ ਚਿੰਤਨ ਕਰਦੇ ਰਹੇ। ਸੰਸਾਰ ਦੇ ਪਦਾਰਥਾਂ ਨਾਲ ਕਦੀ ਲਗਾਉ ਰੱਖਣ ਦਾ ਸੰਕਲਪ ਨਹੀਂ ਕੀਤਾ। ਕੇਵਲ ਵਿਦਿਆ ਅਧਿਐਨ ਕਰਨਾ ਅਤੇ ਕਰਵਾਉਣਾ, ਨਾਮ ਜਪਣਾ ਅਤੇ ਜਪਾਉਣਾ ਸਾਰੇ ਮਹਾਂਪੁਰਖਾਂ ਦਾ ਕੰਮ ਸੀ। ਡੇਰੇ ਬਣਾਉਣੇ, ਧਨ-ਪਦਾਰਥ ਸੰਗ੍ਰਹਿ ਕਰਨਾ, ਜ਼ਮੀਨਾਂ-ਜਾਗੀਰਾਂ ਦੀ ਪ੍ਰਾਪਤੀ ਵਾਸਤੇ ਕਦੀ ਸੋਚਿਆਂ-ਵਿਚਾਰਿਆਂ ਵੀ ਨਹੀਂ ਸੀ। ਵੀਤਰਾਗ ਵਿਰਕਤ ਮਹਾਤਮਾ ਤੀਰਥਾਂ ਅਤੇ ਕੁੰਭ ਮੇਲਿਆਂ ਤੇ ਜਾਂਦੇ ਤਾਂ ਜਿੱਥੇ-ਜਿੱਥੇ ਮਨ ਕਰਦਾ ਠਹਿਰ ਜਾਂਦੇ ਸਨ । ਛੇਤਰਾਂ ਵਿਚੋਂ ਭੋਜਨ ਲੈਕੇ ਛਕ ਲੈਂਦੇ ਸਨ। ਨਿਰਮਲੇ ਸੰਤਾਂ ਦਾ ਪੁਰਾਤਨ ਤੀਰਥਾਂ (ਹਰਿਦਵਾਰ, ਨਾਸਿਕ, ਪ੍ਰਯਾਗਰਾਜ, ਉਜੈਨ, ਕੁਰੂਕਸ਼ੇਤਰ) ਉਪਰ ਆਪਣਾ ਕੋਈ ਆਸ਼ਰਮ ਨਹੀਂ ਸੀ। ਇਸ ਵਾਸਤੇ ਇਨ੍ਹਾਂ ਤੀਰਥਾਂ ਉਪਰ ਸਮੇਂ ਦੇ ਪਰਿਵਰਤਨ ਨਾਲ ਡੇਰੇ ਵੀ ਕਾਇਮ ਕਰਨੇ ਪਏ ਅਤੇ ਨਿਰਮਲ ਪੰਚਾਇਤੀ ਅਖਾੜਾ ਵੀ ਸਥਾਪਿਤ ਕਰਨਾ ਪਿਆ।
ਸਮੇਂ ਅਨੁਸਾਰ ਸਾਰੇ ਭੇਖਾਂ ਵਿਚੋਂ ਸਮਦ੍ਰਿਸ਼ਟੀ ਵਾਲੀ ਭਾਵਨਾ ਖਤਮ ਹੋਣ ਲੱਗੀ। ਦਿਨੋ-ਦਿਨ ਨਫ਼ਰਤ, ਈਰਖਾ, ਦਵੈਸ਼ ਵਧਣ ਲੱਗੀ। ਇਸ ਵਾਸਤੇ ਹੋਰ ਭੇਖਾਂ ਦੇ ਸਾਧੂ ਨਿਰਮਲੇ ਵਿਰਕਤ ਮਹਾਂਪੁਰਖਾਂ ਨਾਲ ਈਰਖਾ ਕਰਨ ਲੱਗੇ, ਕੁ-ਵਾਕ ਬੋਲਣ ਲੱਗੇ । ਇੱਥੋਂ ਤੱਕ ਕਿ ਜਦੋਂ ਕੋਈ ਨਿਰਮਲਾ ਸੰਤ ਇਨ੍ਹਾਂ ਦੇ ਆਸ਼ਰਮ ਵਿਚ ਭੋਜਨ ਪਾਉਣ ਜਾਂਦਾ ਤਾਂ ਉਂਗਲਾਂ ਦੀ ਕੈਂਚੀ ਬਣਾਕੇ ਕਹਿੰਦੇ, 'ਚੋਟੀ ਦਿਉ, ਰੋਟੀ ਲਉ।' ਅਜੇਹੇ ਅਪਮਾਨ ਜਨਕ ਸ਼ਬਦ ਸੁਬਹ-ਸ਼ਾਮ ਸੁਣਨੇ ਪੈਂਦੇ ਸਨ। ਇਸ ਵਾਸਤੇ ਨਿਰਮਲੇ ਸੰਤਾਂ ਦਾ ਸਵੈਮਾਣ ਵੀ ਜਾਗ ਪਿਆ।
ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ:
ਦਸਮ ਗੁਰੂ ਕੇ ਜੇ ਸਿਖ ਸਾਧੂ। ਤਹਾਂ ਬਿਹੰਗਮ ਜਾਤ ਅਬਾਧੂ।
ਪੈਸਾ ਪਾਸ ਨ ਜੋਊ ਰਖੈ ਹੈਂ। ਅਕਸਰ ਭੋਜਨ ਪਾਯੋ ਚੈਹੈਂ ॥੧੪੫॥ ਝੰਡੇ ਖੜ੍ਹੇ ਕਰਤ ਹੈਂ ਜਾਈ। ਸਾਧ ਉਦਾਸੀ ਔਰ ਗੁਸਾਂਈ।
ਲੰਗਰ ਭੀ ਦੇਵਤ ਬਡ ਵੈਹੈਂ। ਨਿਜ ਨਿਜ ਭੇਖਨ ਤਈਂ ਸਭੈ ਹੈਂ ॥੧੪੬॥
ਸਿੰਘ ਨਾਮ ਵਾਰੇ ਜਬਿ ਗੁਨ ਕੈ। ਭੋਜਨ ਪਾਵਨ ਚੈਹੈਂ ਉਨ ਕੈ।
ਕੈਂਚੀ ਅੱਗਿਉਂ ਸੋਊ ਦਿਖੈ ਹੈਂ। ਮੂੰਡ ਮੁੰਡਾਓ ਖਾਓ ਕੈਹੈਂ ॥੧੪੭॥ ਤਾਨ੍ਹੇ ਔਰ ਅਧਿਕਧਾ ਦੇ ਕੈ। ਬੇ-ਸਿਦਕੀ ਸਿੰਘਾਂ ਭੁਚਲੈ ਕੈ।
ਮੂੰਡ ਮੁੰਡਿ ਨਿਜ ਸਾਧੁ ਬਨੈ ਹੈ। ਇਹੁ ਘਾਟਾ ਸਿੰਘਨ ਮੈਂ ਪੈਹੈ ॥੧੪੮॥
(ਸ੍ਰੀ ਗੁਰ ਪੰਥ ਪ੍ਰਕਾਸ਼ ਪੰਨਾ ੨੮੦੩-੦੪ ਸੰ. ਸਿੰਘ ਸਾਹਿਬ ਗਿ. ਕ੍ਰਿਪਾਲ ਸਿੰਘ)
ਇਸ ਵਾਸਤੇ ਸ੍ਰੀ ਅੰਮ੍ਰਿਤਸਰ, ਤਰਨ ਤਾਰਨ, ਕੁਰੂਕਸ਼ੇਤਰ, ਹਰਿਦਵਾਰ, ਰਿਸ਼ੀਕੇਸ਼, ਪ੍ਰਯਾਗ (ਝੂਸੀ), ਕਾਸ਼ੀ ਆਦਿਕ ਤੀਰਥਾਂ ’ਚ ਆਸ਼ਰਮ, ਡੇਰੇ, ਮੱਠ ਕਾਇਮ ਕਰਨੇ ਆਰੰਭ ਕਰ ਦਿੱਤੇ ਸਨ । ਸਵੈਮਾਣ ਨਾਲ ਤੀਰਥਾਂ ਦੀ ਯਾਤਾ, ਕੁੰਭ-ਮੇਲੇ ਕਰਨ ਵਾਸਤੇ ਪਹਿਲੀ ਇਕੱਤ੍ਰਤਾ ਤਾਂ ਸੰਮਤ 1816 ਬਿ: (1749 ਈ:) ਵਿਚ ਹੋ ਗਈ ਸੀ । ਇਸ ਤੋਂ ਮਗਰੋਂ ਸੰਮਤ 1822 ਬਿ: (1765 ਈ:) ਦੀ ਅਰਧ ਕੁੰਭੀ (ਹਰਿਦਵਾਰ) ਉਤੇ, ਫਿਰ 1828 ਬਿ: (1771 ਈ:) ਹਰਿਦਵਾਰ ਦੇ ਕੁੰਭ ਮੇਲੇ 'ਤੇ ਨਿਰਮਲੇ ਵਿਰਕਤਾਂ ਦੀਆਂ ਇਕੱਤ੍ਰਤਾਵਾਂ ਹੋਈਆਂ। ਇਨ੍ਹਾਂ ਜੋੜ-ਮੇਲਿਆਂ 'ਤੇ ਕਦੇ ਕਿਤੇ, ਕਦੇ ਕਿਤੇ, ਸਭਾ ਲਗਦੀਆਂ ਰਹੀਆਂ ਪਰ ਕੋਈ ਪੱਕਾ ਥਾਉਂ ਨਹੀਂ ਸੀ । ਇਨ੍ਹਾਂ ਸਭਾਵਾਂ ਦੇ ਲੱਗਣ ਨਾਲ ਇਹ ਪਤਾ ਲੱਗ ਗਿਆ ਕਿ ਸਭਾਵਾਂ ਕਰਨ ਵਿਚ ਕਿੰਨਾ ਲਾਭ ਹੈ। ਜੇਕਰ ਪੱਕਾ ਸਥਾਨ ਹੋਵੇ ਤਾਂ ਕਿੰਨਾ ਸੁਖ ਆਰਾਮ ਹੋਵੇ। ਇਸ ਵਾਸਤੇ ਹਰਿਦਵਾਰ ਵਿਚ ਇੱਕ ਵਿਸ਼ੇਸ਼ ਇਕੱਠ ਬੁਲਾਇਆ ਗਿਆ ਕਿ ਨਿਰਮਲ ਭੇਖ ਦੇ ਸਾਧੂਆਂ, ਗੁਰਸਿੱਖਾਂ ਦੀ ਰਿਹਾਇਸ਼, ਲੰਗਰ ਦਾ ਕੋਈ ਯੋਗ ਪ੍ਰਬੰਧ ਕੀਤਾ ਜਾਵੇ। ਇਕੱਠ ਵਿਚ ਸਾਰੇ ਦੇਸ਼ ਦੇ ਮਹੰਤ, ਸੰਤ, ਵਿਦਵਾਨ, ਮੁਖੀ ਨਿਰਮਲੇ ਮਹਾਂਪੁਰਖ ਇਕੱਤਰ ਹੋਏ।ਸੰਮਤ 1912 ਬਿ. (1855 ਈ:) ਵਿਚ ਹਰਿਦਵਾਰ ਦਾ ਕੁੰਭ ਆ ਗਿਆ ਜਿਸ ਤੇ ਨਿਰਮਲ ਭੇਖ ਦੇ ਮਹਾਂਪੁਰਖ ਉਤਸ਼ਾਹ ਨਾਲ ਪੁੱਜੇ ਸਪਤਸਰੋਵਰ ਛਾਉਣੀ ਕਾਇਮ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਉੱਚਾ ਮੰਚ ਬਣਾਇਆ ਗਿਆ। ਕੇਸਰੀ ਨਿਸ਼ਾਨ ਖੜ੍ਹਾ ਕੀਤਾ ਗਿਆ। ਲੰਗਰ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਇਸ ਕੁੰਭ ਮੇਲੇ 'ਤੇ ਸਾਰੇ ਭੇਖ ਦੇ ਵੀਤਰਾਗ ਵਿਰਕਤ ਮਹਾਤਮਾ, ਮਹੰਤ, ਸੰਤ, ਪੰਡਿਤ, ਵਿਦਵਾਨ, ਧੂਮ-ਧਾਮ ਨਾਲ ਪੁੱਜੇ ਸਨ ਜਿਨ੍ਹਾਂ ਵਿਚ ਸ੍ਰੀਮਾਨ ਸੰਤ ਬਾਬਾ ਮਹਿਤਾਬ ਸਿੰਘ ਜੀ ਵਿਰਕਤ, ਸੰਤ ਤਾਰਾ ਸਿੰਘ ਜੀ, ਮਹੰਤ ਨਿਹਾਲ ਸਿੰਘ ਜੀ, ਸੰਤ ਬਹਾਲ ਸਿੰਘ ਜੀ, ਸੰਤ ਸੌਣ ਸਿੰਘ ਜੀ, ਠਾਕਰ ਦਿਆਲ ਸਿੰਘ ਜੀ ਅੰਮ੍ਰਿਤਸਰ, ਮਹੰਤ ਗਾਂਧਾ ਸਿੰਘ ਜੀ ਬਰਨਾਲਾ, ਮਹੰਤ ਬੂਟਾ ਸਿੰਘ ਜੀ ਖੁੱਡਾ, ਪੰਡਿਤ ਸ਼ਾਮ ਸਿੰਘ ਜੀ ਮੰਗਵਾਲ, ਮਹੰਤ ਹੀਰਾ ਸਿੰਘ ਜੀ ਠੀਕਰੀਵਾਲੇ, ਮਹੰਤ ਨਾਰਾਇਣ ਸਿੰਘ ਜੀ ਸੇਖਵਾਂ, ਸੰਤ ਗੁਲਾਬ ਸਿੰਘ ਜੀ, ਮਹੰਤ ਸਾਧੂ ਸਿੰਘ ਜੀ, ਮਹੰਤ ਮੱਲ ਸਿੰਘ ਜੀ ਪੰਡੋਰੀ, ਮਹੰਤ ਸਰਦੂਲ ਸਿੰਘ ਜੀ ਭੰਗਾਣੇਵਾਲੇ, ਸੰਤ ਅਛਰਾ ਸਿੰਘ ਜੀ ਲਾਹੌਰ ਆਦਿਕ ਇਕੱਤਰ ਹੋਏ।
ਇੱਕ ਦਿਨ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਬਣਾਉਣ ਅਤੇ 'ਸ੍ਰੀ ਮਹੰਤ' ਕਾਇਮ ਕਰਨ ਵਾਸਤੇ ਵਿਸ਼ੇਸ਼ ਇਕੱਤਰਤਾ ਦਾ ਸਮਾਂ ਨਿਯਤ ਕੀਤਾ ਗਿਆ। ਨਿਯਤ ਦਿਨ 'ਤੇ ਦੇਸ਼ ਭਰ ਦੇ ਮੁਖੀ ਮਹੰਤ, ਸੰਤ, ਵਿਦਵਾਨ, ਵਿਰਕਤ ਇਕੱਤਰ ਹੋਏ। ਨਿਰਮਲ ਪੰਚਾਇਤੀ ਅਖਾੜੇ ਦੀ ਸਥਾਪਨਾ ਦਾ, ਸ੍ਰੀ ਮਹੰਤ ਦੀ ਚੋਣ ਦਾ, ਧਵੱਜਾ/ਕੇਸਰੀ ਨਿਸ਼ਾਨ ਖੜ੍ਹਾ ਕਰਨ ਦਾ ਅਤੇ ਪ੍ਰਵੇਸ਼ ਸ਼ਾਹੀ ਦਾ ਦਿਨ ਨਿਯਤ ਕਰਕੇ ਇਸ ਸ਼ੁਭ ਇਤਿਹਾਸਕ ਕਾਰਜ ਦੀ ਸਫਲਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠ ਰੱਖਿਆ ਗਿਆ । ਅਖੰਡਪਾਠ ਦੀ ਸਮਾਪਤੀ ਦੀ ਅਰਦਾਸ ਠਾਕੁਰ ਦਿਆਲ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ ਕੀਤੀ। ਮਹਾਂਵਾਕ ਮਹੰਤ ਹੀਰਾ ਸਿੰਘ ਜੀ ਠੀਕਰੀ ਵਾਲਿਆਂ ਨੇ ਲਿਆ। ਕਾਫੀ ਸੋਚ ਵਿਚਾਰ ਤੋਂ ਉਪਰੰਤ ਵਿਰਕਤ ਸ਼ਿਰੋਮਣੀ, ਸ੍ਰੀ 108 ਸੰਤ ਬਾਬਾ ਮਹਿਤਾਬ ਸਿੰਘ ਜੀ ਦਾ ਨਾਉਂ 'ਸ੍ਰੀ ਮਹੰਤ' ਲਈ ਬੋਲਿਆ ਗਿਆ । ਬਸ! ਨਾਮ ਬੋਲਣ ਦੀ ਦੇਰ ਸੀ, ਪਰਵਾਨਗੀ ਵਿਚ 'ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨੇ ਅਤੇ ਨਗਾਰਿਆਂ/ਰਣਸਿੰਘਿਆਂ ਦੀ ਘਨਘੋਰ ਨੇ ਆਕਾਸ਼ ਗੁੰਜਾ ਦਿੱਤਾ। ਬਾਬਾ ਜੀ ਨੇ ਖੜ੍ਹੇ ਹੋ ਕੇ ਨਿਮ੍ਰਤਾ ਨਾਲ ਸਰਬੱਤ ਨੂੰ ਚੁੱਪ ਕਰਾਇਆ। ਫਿਰ ਹੱਥ ਜੋੜਕੇ ਸੁਨਿਮਰ ਪ੍ਰਾਰਥਨਾ ਕੀਤੀ ਕਿ ਇਹ ਪਦਵੀ ਕਿਸੇ ਹੋਰ ਯੋਗ ਮਹਾਂ ਪੁਰਖ ਨੂੰ ਦਿੱਤੀ ਜਾਵੇ ਪਰ ਭੇਖ ਭਗਵਾਨ ਦੇ ਦੋਬਾਰਾ ਕਹਿਣ 'ਤੇ ਆਪ ਜੀ ਨੇ ਸਿਰ ਝੁਕਾ ਦਿੱਤਾ। ਇੱਕ ਸੁੰਦਰ ਸਿੰਘਾਸਨ ਸਜਾਕੇ ਆਪ ਜੀ ਨੂੰ ਉੱਪਰ ਬਿਠਾ ਦਿੱਤਾ ਗਿਆ। ਨਿਰਮਲ ਪੰਥ ਵੱਲੋਂ 'ਸ੍ਰੀ ਮਹੰਤ' ਦੀ ਪੱਗ ਦਿੱਤੀ ਗਈ। ਸਾਰੇ ਸੰਤਾਂ, ਮਹੰਤਾਂ, ਵਿਦਵਾਨਾਂ, ਵਿਰਕਤਾਂ ਨੇ ਸ੍ਰੀ ਮਹੰਤ ਜੀ ਨੂੰ ਨਮਸ਼ਕਾਰਾਂ ਕੀਤੀਆਂ ਅਤੇ ਪੂਜਾ ਕੀਤੀ ।'
ਅਖਾੜੇ ਦਾ ਨਾਉਂ 'ਸ੍ਰੀ ਨਿਰਮਲ ਪੰਚਾਇਤੀ ਅਖਾੜਾ' ਰੱਖਿਆ ਗਿਆ। ਕਨਖਲ ਵਿਚ ਕਾਰਆਲਯ(ਦਫ਼ਤਰ) ਬਣਾਇਆ ਗਿਆ ਅਤੇ 'ਮਰਯਾਦਾ ਪਤ੍ਰ' ਲਿਖਿਆ ਗਿਆ। ਨਿਯਮ ਇਹ ਬਣਾਇਆ ਗਿਆ ਕਿ ਸਾਰੇ ਕੁੰਭ ਮੇਲਿਆਂ ਤੋਂ ਇਲਾਵਾ ਕੁਰੂਕਸ਼ੇਤਰ, ਫਲਗੂ, ਪਹੋਵਾ, ਅੰਮ੍ਰਿਤਸਰ, ਆਨੰਦਪੁਰ, ਮੁਕਤਿਸਰ, ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤੀਰਥਾਂ ਤੇ ਗੁਰੂ ਨਾਨਕ ਦੇ ਮੱਤ ਦਾ ਪ੍ਰਚਾਰ ਕਰਨਾ, ਨਾਨਕ ਪੰਥੀ ਅਤੇ ਗੁਰਸਿੱਖਾਂ ਵਾਸਤੇ ਰਿਹਾਇਸ਼/ਲੰਗਰ ਦਾ ਪ੍ਰਬੰਧ ਕਰਨਾ ਆਦਿਕ ਅਖਾੜੇ ਦਾ ਮੁੱਖ ਉਦੇਸ਼ ਹੋਵੇਗਾ। ਇਸ ਖੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ (ਦੂਸਰਾ ਇੱਕ ਹੋਰ) ਅਖੰਡਪਾਠ ਕੀਤਾ ਗਿਆ ਅਤੇ ਖਟ ਦਰਸ਼ਨ ਸਾਧੂ ਸਮਾਜ ਨੂੰ ਪੱਕਾ ਭੰਡਾਰਾ ਦਿੱਤਾ ਗਿਆ। ਖਟ ਦਰਸ਼ਨ ਸਾਧੂ ਸਮਾਜ ਵੱਲੋਂ ਵਿਧੀਵਤ ਸ੍ਰੀ ਨਿਰਮਲ ਪੰਚਾਇਤੀ ਅਖਾੜੇ ਨੂੰ ਮਾਨਤਾ ਦਿੱਤੀ ਗਈ ।੧
ਸ੍ਰੀ ਨਿਰਮਲ ਪੰਚਾਇਤੀ ਅਖਾੜਾ ਕਾਇਮ ਹੋ ਗਿਆ ਪਰ ਅਖਾੜੇ ਕੋਲ ਆਰਥਿਕ ਸਾਧਨ ਕੋਈ ਨਹੀਂ ਸੀ । ਕੋਈ ਮਕਾਨ ਨਹੀਂ ਸੀ, ਅਖਾੜਿਆਂ ਵਾਲੀ ਸੰਪਤੀ ਨਹੀਂ ਸੀ ਪਰ ਏਹ ਸੰਯੋਗ ਦੀ ਗੱਲ ਹੈ ਕਿ ਉਸ ਵੇਲੇ ਤਿੰਨ ਰਿਆਸਤਾਂ (ਪਟਿਆਲਾ, ਨਾਭਾ, ਜੀਂਦ) ਦੇ ਮਹਾਰਾਜੇ ਧਾਰਮਿਕ ਵਿਚਾਰਾਂ ਵਾਲੇ ਅਤੇ ਸਿੱਖੀ ਪਿਆਰ ਵਾਲੇ ਸਨ ਜੋ ਬਾਬਾ ਮਹਿਤਾਬ ਸਿੰਘ ਜੀ ਦੇ ਸ਼ਰਧਾਲੂ ਸਨ । ਤਿੰਨਾਂ ਮਹਾਰਾਜਿਆਂ ਨੇ ਸੱਦਾ ਪੱਤਰ ਦੇ ਕੇ ਆਪਣੀਆਂ-ਆਪਣੀਆਂ ਰਾਜਧਾਨੀਆਂ ਵਿਚ ਸ੍ਰੀ ਮਹੰਤ ਜੀ ਨੂੰ ਬੁਲਾ ਕੇ ਸਦ ਉਪਦੇਸ਼ ਪ੍ਰਾਪਤ ਕੀਤਾ। ਇਸ ਸਮੇਂ ਬਾਬਾ ਮਹਿਤਾਬ ਸਿੰਘ ਜੀ ਤਿੰਨਾਂ ਮਹਾਰਾਜਿਆਂ ਉੱਪਰ ਅਲੌਕਿਕ ਪ੍ਰਭਾਵ ਛੱਡ ਗਏ। ਇਨ੍ਹਾਂ ਦਿਨਾਂ ਵਿਚ ਤਿੰਨਾਂ ਮਹਾਰਾਜਿਆਂ ਦੀ ਭਵਾਨੀਗੜ੍ਹ ਵਿਚ ਮੀਟਿੰਗ ਹੋਈ, ਪ੍ਰਸੰਗ ਵੱਸ ਬਾਬਾ ਮਹਿਤਾਬ ਸਿੰਘ ਜੀ ਦਾ ਜ਼ਿਕਰ ਵੀ ਚੱਲਿਆ ਅਤੇ ਇਹ ਵੀ ਪਾਸ ਹੋਇਆ ਕਿ ਬਾਬਾ ਜੀ ਦੀ ਸੰਸਥਾ ਨੂੰ ਨਿੱਗਰ ਦਾਨ ਦੇ ਕੇ ਸਦੀਵੀ ਸੇਵਾ ਕੀਤੀ ਜਾਵੇ। ਨਾਲ ਹੀ ਮਹਾਰਾਜਾ ਨਰਿੰਦਰ ਸਿੰਘ ਜੀ ਪਟਿਆਲਾਪਤੀ ਨੂੰ ਸਾਰੇ ਅਧਿਕਾਰ ਦਿੱਤੇ ਗਏ ਕਿ ਉਹ ਪਟਿਆਲੇ ਬਾਬਾ ਜੀ ਨੂੰ ਬੁਲਾ ਕੇ ਜੋ ਫੈਸਲਾ ਕਰਨਗੇ ਦੋਨ੍ਹਾਂ ਮਹਾਰਾਜਿਆਂ (ਮਹਾਰਾਜਾ ਭਰਪੂਰ ਸਿੰਘ ਜੀ ਨਾਭਾ, ਮਹਾਰਾਜਾ ਸਰੂਪ ਸਿੰਘ ਜੀ ਜੀਂਦ) ਨੂੰ ਪਰਵਾਨ ਹੋਵੇਗਾ।
ਮਤੇ ਅਨੁਸਾਰ ਸ੍ਰੀ ਮਹੰਤ ਜੀ ਨੂੰ ਪੱਤ੍ਰਕਾ ਭੇਜੀ ਗਈ ਜਿਸ ਅਨੁਸਾਰ ਸ੍ਰੀ ਮਹੰਤ ਜੀ ਪਟਿਆਲੇ ਪਹੁੰਚ ਗਏ। ਮਹਾਰਾਜਿਆਂ ਅਤੇ ਸ੍ਰੀ ਮਹੰਤ ਜੀ ਦੇ ਵਿਚਾਰ ਅਨੁਸਾਰ ਨਵਾਂ ਮਰਯਾਦਾ ਪੱਤਰ ਲਿਖਿਆ ਗਿਆ। ਦਾਦਸੀ ਗੁਰੂਵਾਰ ਸੰਨ 1862 ਈ. ਦਾ ਦਿਨ ਨਿਯਤ ਕੀਤਾ ਗਿਆ। ਦੇਸ਼ ਦੇ ਸਭ ਸੰਤ, ਮਹੰਤ ਪਟਿਆਲੇ ਬੁਲਾਏ ਗਏ। ਇਸੀ ਤਰ੍ਹਾਂ ਨਾਭਾ, ਜੀਂਦ, ਫਰੀਦਕੋਟ, ਛਛਰੌਲੀ, ਮਲੌਦ, ਭਦੌੜ ਦੇ ਰਹਈਸ਼ ਬੁਲਾਏ ਗਏ। ਧਰਮ ਧੂਜਾ ਹਵੇਲੀ ਪਟਿਆਲੇ ਵਿਚ ਅਖਾੜੇ ਦੀ ਸ਼ਾਖਾ ਕਾਇਮ ਕੀਤੀ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਗਿਆ ਅਤੇ ਹੇਠ ਲਿਖੀ ਕਾਰਵਾਈ ਹੋਈ।
ਇਸ ਸਮੇਂ ਮਹਾਰਾਜਾ ਨਰਿੰਦਰ ਸਿੰਘ ਜੀ ਨੇ 82,000/- (ਬਿਆਸੀ ਹਜ਼ਾਰ ਰੁਪਏ) ਨਕਦ, ਭੈਣੀ ਅਤੇ ਝੰਡੀ ਦੋ ਪਿੰਡਾਂ ਦੀ 100/- ਰੁਪਏ ਦੀ ਸਾਲਾਨਾ ਮੁਆਫੀ ਆਪਣੀ ਵੱਲੋਂ ਅਰਦਾਸ ਕਰਵਾਈ।
ਮਹਾਰਾਜਾ ਭਰਪੂਰ ਸਿੰਘ ਜੀ ਨਾਭਾ ਵੱਲੋਂ 16,000/- (ਸੋਲ੍ਹਾਂ ਹਜ਼ਾਰ ਰੁਪਏ) ਨਕਦ ਅਤੇ ਹਰੀਕੇ ਪਿੰਡ ਦੀ 575/- ਰੁਪਏ ਦੀ ਮੁਆਫੀ ਪ੍ਰਦਾਨ ਕੀਤੀ ਗਈ।
ਮਹਾਰਾਜਾ ਸਰੂਪ ਸਿੰਘ ਜੀ ਜੀਂਦ ਵੱਲੋਂ 20,000/- (ਵੀਹ ਹਜ਼ਾਰ ਰੁਪਏ) ਨਕਦ, ਬਲਮਗੜ੍ਹ ਅਤੇ ਮੰਡਲਾਂਵਾਲਾ ਦੋ ਪਿੰਡਾਂ ਦੀ 1300/- ਰੁਪਏ ਦੀ ਮੁਆਫੀ ਦਿੱਤੀ ਗਈ।
ਮਹਾਰਾਜਾ ਵਜ਼ੀਰ ਸਿੰਘ ਜੀ ਫਰੀਦਕੋਟ ਸਟੇਟ ਵੱਲੋਂ 500/- (ਪੰਜ ਸੌ ਰੁਪਏ) ਦੀ ਸਾਲਾਨਾ ਆਮਦਨੀ ਵਾਲਾ ਪਿੰਡ ਚੰਬੇਲੀ ਅਰਦਾਸ ਕਰਵਾਇਆ ਗਿਆ।
ਸਰਦਾਰ ਲਹਿਣਾ ਸਿੰਘ ਜੀ ਕਲਸੀਆਂ ਸਟੇਟ ਨੇ 200/- ਰੁਪਏ ਵਾਰਸ਼ਿਕ ਦਾ ਅਰਦਾਸਾ ਕਰਵਾਇਆ। ਇਸੀ ਤਰ੍ਹਾਂ ਭਦੌੜ, ਮਲੌਦ, ਖਮਾਣੋ ਆਦਿਕ ਸਰਦਾਰਾਂ ਨੇ ਦਾਨ ਦੇ ਅਰਦਾਸੇ ਕਰਵਾਏ।
ਇਸ ਸਮੇਂ ਹੀ ਦੇਸ਼ ਪ੍ਰਦੇਸ਼ ਵਿਚ ਨਾਮਬਾਣੀ, ਗੁਰਮਤਿ ਅਤੇ ਧਰਮ ਪ੍ਰਚਾਰ ਵਾਸਤੇ ਇੱਕ ਹੋਰ ਚੱਕਰਵਰਤੀ ਵਹੀਰ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਮ 'ਰੰਮਤ ਪੰਚਾਇਤੀ ਅਖਾੜਾ ਨਿਰਮਲਾ' ਰੱਖਿਆ ਗਿਆ। ਯਾਤ੍ਰਾ, ਭਾਰ ਬਰਦਾਰੀ ਵਾਸਤੇ ਛੇ ਊਠ, ਪੰਜ ਘੋੜੇ, ਤੰਬੂ/ਕੈਨਾਤਾਂ, ਲੰਗਰ ਦੇ ਬਰਤਨ ਆਦਿਕ ਸਾਮਾਨ ਦੇਣਾ ਨਿਯਤ ਹੋਇਆ। ਰੰਮਤ ਅਖਾੜੇ ਦੇ ਚਾਰ ਮੁਖੀਏ ਮਹੰਤ ਨਿਯਤ ਕੀਤੇ ਗਏ।