ਗ੍ਰੰਥੀ ਸਿੰਘਾਂ ਦੇ ਫਰਜ਼ ਅਤੇ ਦਰਪੇਸ਼ ਚੁਣੌਤੀਆਂ
ਗੁਰਪ੍ਰੀਤ ਸਿੰਘ ਸੰਧੂ
ਗ੍ਰੰਥੀ ਸਿੰਘ ਦਾ ਕਰਤੱਵ ਹੈ ਕਿ ਗੁਰੂ ਨਾਨਕ ਸਾਹਿਬ ਤੇ ਟੇਕ ਰੱਖਣੀ ਤੇ ਰਖਾਉਣੀ, ਉਸ ਗੁਰੂ ਨਾਨਕ ਤੇ ਜਿਹੜਾ ਮਾਤਾ ਤ੍ਰਿਪਤਾ ਦੇ ਘਰ ਨਨਕਾਣੇ ਆਇਆ ਸੀ, ਜਿਸ ਨੇ ਉਦਾਸੀਆਂ ਕੀਤੀਆਂ ਸਨ, ਜਿਸਨੇ ਮੱਕਾ ਫੇਰਿਆ ਸੀ, ਕੌੜੇ ਰੀਠੇ ਮਿੱਠੇ ਕੀਤੇ ਸਨ, ਸੁੱਕੇ ਪਿੱਪਲ ਹਰੇ ਕੀਤੇ ਸਨ, ਵਲੀ ਕੰਧਾਰੀ ਦਾ ਹੰਕਾਰ ਭੰਨਿਆ ਸੀ।
ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਦਾ ਰੁੱਖਾ ਮਿੱਸਾ ਪ੍ਰਵਾਨ ਕੀਤਾ ਸੀ, ਜਿਸਨੇ ਨਾਨਕ ਝੀਰੇ ਪਾਣੀ ਕੱਢਿਆ ਸੀ, ਜਿਸਨੇ ਪੈਦਲ ਪ੍ਰਿਥਵੀ ਦਾ ਚੱਕਰ ਲਾਇਆ ਸੀ ਤੇ ਜਿਸ ਨੂੰ ਦਰਗਾਹੀ ਬਾਣੀ ਉੱਤਰੀ ਸੀ । ਉਸ ਨਾਨਕ ਨੂੰ ਆਪ ਵੀ ਨਹੀਂ ਭੁਲਾਉਣਾ ਤੇ ਦੂਜਿਆਂ ਨੂੰ ਵੀ ਨਾ ਭੁੱਲਣ ਦੀ ਬੇਨਤੀ ਕਰਨੀ।
ਬਾਕੀ ਸਾਰੇ ਗੁਰਸਿੱਖ ਭਾਈ ਭਾਈ। ਕੋਈ ਵੱਡਾ ਭਾਈ ਕੋਈ ਛੋਟਾ ਭਾਈ । ਬਾਬਾ ਬੁੱਢਾ ਜੀ ਵਾਂਗ ਸਭ ਭਾਈ ਭਾਈ। ਭਾਵੇਂ ਆਨੰਦ ਹੋਵੇ ਭਾਵੇਂ ਮੌਤ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਲੈਣੀ । ਇਹ ਸਿੱਖੀ ਦਾ ਬੂਟਾ ਬਾਬੇ ਨਾਨਕ ਨੇ ਲਾਇਆ ਹੈ. ਇਹ ਸੁੱਕੇ ਨਾ, ਇਸ ਨੂੰ ਹਰਿਆ ਭਰਿਆ ਰੱਖਣ ਵਿੱਚ ਯੋਗਦਾਨ ਪਾਉ।
ਗ੍ਰੰਥੀ ਸਿੰਘਾਂ ਬਾਰੇ ਇਕ ਹੋਰ ਨੁਕਤੇ ਤੋਂ ਵੀ ਵੀਚਾਰ ਕਰਨੀ ਬਣਦੀ ਹੈ। ਸਿਵਾਇ ਇਕ ਦੋ ਮਿਸ਼ਨਰੀ ਕਾਲਜਾਂ ਦੇ, ਗ੍ਰੰਥੀ ਸਿੰਘਾਂ ਦੀ ਸਰਬਾਂਗੀ ਸਿੱਖਿਆ ਜਾਂ ਟ੍ਰੇਨਿੰਗ ਲਈ ਕੋਈ ਸੰਸਥਾ ਨਹੀਂ ਹੈ। ਸ਼੍ਰੋਮਣੀ ਕਮੇਟੀ ਕੋਲ ਵਸੀਲੇ ਹਨ, ਉਸਨੇ ਇਸ ਪਾਸੇ ਕੋਈ ਮਾਅਰਕੇ ਵਾਲਾ ਕਾਰਜ ਨਹੀਂ ਕੀਤਾ। ਇਕ ਸੰਸਥਾ, ਇਕ ਸਲੇਬਸ, ਇਕ ਟ੍ਰੇਨਿੰਗ, ਜਿਥੋਂ ਸਿਧਾਂਤ 'ਚ ਪਰਪੱਕ ਹੋ ਕੇ ਗ੍ਰੰਥੀ ਸਿੰਘ ਤਿਆਰ ਹੋਣ, ਹੋਣੀ ਚਾਹੀਦੀ ਹੈ।
ਜਿਹੜੇ ਗ੍ਰੰਥੀ ਸਿੰਘ ਪਹਿਲਾਂ ਹੀ ਗੁਰਦੁਆਰਿਆਂ ਵਿੱਚ ਸੇਵਾ ਨਿਭਾਅ ਰਹੇ ਹਨ ਉਹਨਾਂ ਵਾਸਤੇ ਵੀ ਟ੍ਰੇਨਿੰਗ ਕੈਂਪ ਲਗਾਉਣੇ ਚਾਹੀਦੇ ਹਨ। ਇਹ ਸੇਵਾ ਦੌਰਾਨ ਸਿਖਲਾਈ (In service Training) ਸਭ ਲਈ ਲਾਜ਼ਮੀ ਹੋਵੇ। ਕੋਈ ਐਸੀ ਸੰਸਥਾ ਇਹ ਬੀੜਾ ਚੁੱਕੇ, ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣੀ ਚਾਹੀਦੀ ਹੈ। ਇਹਨਾਂ ਕੈਂਪਾਂ ਵਿੱਚ ਗ੍ਰੰਥੀ ਸਿੰਘ ਦੇ ਫਰਜ਼ਾਂ ਦੀ ਜਾਣਕਾਰੀ, ਸਿੱਖੀ ਸਿਧਾਂਤਾਂ ਦੀ ਸਹੀ ਵਿਆਖਿਆ, ਸਿੱਖ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਜੀਵਨੀਆਂ ਦੇ ਨਾਲ-ਨਾਲ ਅਜੋਕੇ ਸਮੇਂ ਵਿੱਚ ਸਿੱਖ ਧਰਮ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਸਮੂਹਿਕ ਯਤਨਾਂ ਰਾਹੀਂ ਹੱਲ ਕਰਨ ਦੀ ਸਾਂਝੀ ਰਣਨੀਤੀ ਤਿਆਰ ਹੋਵੇ। ਇਹਨਾਂ ਕੈਂਪਾਂ ਵਿੱਚ ਸਿੱਖ ਵਿਦਵਾਨਾਂ, ਧਰਮ ਪ੍ਰੇਮੀਆਂ ਅਤੇ ਗੁਰਸਿੱਖਾਂ ਦੀ ਅਗਵਾਈ ਲਈ ਜਾਵੇ)
ਇਕ ਹੋਰ ਵੀ ਨੁਕਤਾ ਹੈ, ਉਹ ਹੈ ਪੈਰਵਾਈ ਕਰਨਾ (Follow up) ਏਨੇ ਵੱਡੇ ਵੱਡੇ ਕੀਰਤਨ ਦਰਬਾਰ ਹੋ ਰਹੇ ਹਨ, ਕਥਾਵਾਚਕ ਰੋਜ਼ ਕਥਾ ਕਰ ਰਹੇ ਹਨ। ਪਰ ਸਥਿਤੀ ਪਹਿਲਾਂ ਨਾਲੋਂ ਵੀ ਖ਼ਰਾਬ ਹੁੰਦੀ ਜਾ ਰਹੀ ਹੈ, ਕਿਉਂ? ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਇਕ ਕਾਰਨ ਇਹ ਵੀ ਹੈ ਕਿ ਬਾਅਦ ਵਿੱਚ ਪੈਰਵਾਈ ਨਹੀਂ ਹੁੰਦੀ। ਤੁਸੀਂ ਕਿਸੇ ਨੂੰ ਚਾਰ ਘੰਟੇ ਕੀਰਤਨ ਸੁਣਾ ਦਿਉ, ਦੋ ਦਿਨ ਕਥਾ ਸੁਣਾ ਦਿਉ, ਫਿਰ ਸਾਰਾ ਸਾਲ ਉਸ ਵੱਲ ਫੇਰਾ ਹੀ ਨਾ ਮਾਰੋ ਤਾਂ ਕਿਹੋ ਜਿਹਾ ਪ੍ਰਭਾਵ ਬਣੇਗਾ ? ਤਸੱਲੀਬਖ਼ਸ਼ ਨਤੀਜੇ ਨਹੀਂ ਨਿਕਲਣਗੇ। ਦੋ ਦਿਨ ਕੀਰਤਨ, ਕਥਾ ਤੇ ਫਿਰ ਸਾਲ ਭਰ ਸ਼ਰਾਬ, ਗੰਦੇ-ਗਾਣੇ, ਨਿੰਦਿਆ ਤੇ ਝਗੜੇ। ਜੇ ਕੋਈ ਕਿਸਾਨ ਆਪਣੀ ਫਸਲ ਨੂੰ ਚਾਰ ਦਿਨ ਪਾਣੀ ਨਾਲ ਚੰਗਾ ਡੋਬਾ ਦੇਵੇ ਪਰ ਫਿਰ 176 ਦਿਨ ਉਸ ਵੱਲ ਫੇਰਾ ਹੀ ਨਾ ਮਾਰੇ ਤਾਂ ਕੀ ਫਸਲ ਹੋਵੇਗੀ ? ਐਸੀ ਹੀ ਹਾਲਤ ਇਹਨਾਂ ਗੁਰਮਤਿ ਸਮਾਗਮਾਂ ਦੀ ਹੈ। ਜਦ ਤਕ ਲਗਾਤਾਰ ਸੰਪਰਕ ਨਹੀਂ ਹੁੰਦਾ। ਲੋਕਾਂ ਨੂੰ ਸੱਚ ਨਾਲ ਜੋੜਿਆ ਨਹੀਂ ਜਾ ਸਕਦਾ। ਧਰਮ ਤੋਂ ਬੇਮੁੱਖਾਂ ਲਈ ਚਾਹੇ ਉਹ ਨਸ਼ੇੜੀ ਹਨ, ਕੁਰੱਪਟ ਹਨ, ਮਲ ਭਖ਼ ਖਾਂਦੇ ਹਨ, ਫੈਸ਼ਨ ਅਤੇ ਗੰਦੇ ਗਾਣਿਆਂ ਦੇ ਪੱਟੇ ਹਨ, ਸਭ ਨੂੰ ਇਕ ਦਿਨ ਵਿੱਚ ਸਹੀ ਮਾਰਗ ਤੇ ਨਹੀਂ ਲਿਆਂਦਾ ਜਾ ਸਕਦਾ। ਲਗਾਤਾਰ ਪੈਰਵਾਈ (Follow up) ਦੀ ਲੋੜ ਹੈ। ਅਤੇ ਇਹ ਕੰਮ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਅਤੇ ਪਰਉਪਕਾਰੀ ਗੁਰਸਿੱਖ ਜਿਉੜੇ ਹੀ ਕਰ ਸਕਦੇ ਹਨ, ਹੋਰ ਕੋਈ ਨਹੀਂ ਕਰ ਸਕਦਾ। ਇੰਜ ਹੀ ਇਹਨਾਂ ਗ੍ਰੰਥੀ ਸਿੰਘਾਂ ਨੂੰ ਸਿੱਖਿਅਤ ਕਰਨ ਵਾਲੀ ਸੰਸਥਾ ਵੀ ਇਹਨਾਂ ਨਾਲ ਸੰਪਰਕ ਵਿੱਚ ਰਹੇ ਅਤੇ ਇਹਨਾਂ ਤੋਂ ਆਲੇ-ਦੁਆਲੇ ਦੀ ਹਾਲਾਤ ਪੁੱਛਦੀ ਰਹੇ।
ਹਰੇਕ ਗੁਰਦੁਆਰੇ ਵਿੱਚ ਦੋ-ਚਾਰ ਕਿਲੋ ਆਟਾ, ਨਾਲ ਥੋੜ੍ਹੀ ਦਾਲ ਸਬਜ਼ੀ ਲੰਗਰ ਵਜੋਂ ਰੋਜ਼ ਪੱਕੇ । ਕੋਈ ਵੀ ਲੋੜਵੰਦ, ਫੇਰੀਵਾਲਾ, ਰਾਹਗੀਰ, ਬੀਮਾਰ ਇਹ ਲੰਗਰ ਛਕੇ । ਜਿਸ ਬੰਦੇ ਨੂੰ ਅੱਜ ਦਿਹਾੜੀ ਨਹੀਂ ਮਿਲੀ, ਉਹ ਗੁਰੂ ਘਰ ਤੋਂ ਪ੍ਰਸ਼ਾਦਾ ਛਕੇ, ਭੁੱਖਾ ਨਾ ਸੌਂਵੇ। ਸਾਡਾ ਗਵਾਂਢੀ ਭੁੱਖਾ ਸੁੱਤਾ ਹੋਵੇ ਤੇ ਅਸੀਂ ਪਕਵਾਨ ਖਾਈਏ । ਇਹ ਕਾਹਦੀ ਸਿੱਖੀ ਐ? ਪਿੰਡ 'ਚ ਕੋਈ ਭੁੱਖਾ ਨਾ ਸੌਂਵੇ । ਪੰਗਤ ਦਾ ਸਿਧਾਂਤ ਧਰਮ ਦੇ ਪ੍ਰਚਾਰ ਲਈ ਵੱਡਾ ਸਾਧਨ ਹੈ। ਪਰਿਵਾਰਾਂ ਵਿਚ ਖੁਸ਼ੀ ਅਤੇ ਗ਼ਮੀ ਵਾਲੇ ਦਿਨ ਜਿਵੇਂ ਜਨਮ-ਦਿਨ, ਆਨੰਦ ਕਾਰਜ ਜਾਂ ਮੌਤ ਆਦਿ ਸਭ ਗੁਰਦੁਆਰੇ ਵਿਚ ਇਕੱਠ ਕੀਤੇ ਜਾਣ। ਇਸ ਤਰ੍ਹਾਂ ਭਾਈਚਾਰਾ ਪੱਕਾ ਹੋਵੇਗਾ, ਧਰਮ ਵਿੱਚ ਦ੍ਰਿੜ੍ਹਤਾ ਆਵੇਗੀ, ਫਜ਼ੂਲ ਖ਼ਰਚੇ ਤੋਂ ਬਚਾਂਗੇ ।
ਗੁਰਦੁਆਰੇ ਦੀ ਗੋਲਕ ਬਾਰੇ ਵੀ ਵਿਚਾਰ ਕਰਨੀ ਬਣਦੀ ਹੈ। ਗੁਰੂ ਦੀ ਗੋਲਕ ਗਰੀਬ ਦਾ ਮੂੰਹ। ਗੁਰਦੁਆਰੇ ਦੀ ਗੋਲਕ 'ਚੋਂ ਕਿੰਨੇ ਲੋਕਾਂ ਦੇ ਮੂੰਹ ਅੰਨ ਪੈਂਦਾ ਹੈ ? ਗਰੀਬ ਵਿਧਵਾਵਾਂ, ਬੀਮਾਰਾਂ, ਬਜ਼ੁਰਗਾਂ ਦੀ ਕਿੰਨੀ ਕੁ ਸਹਾਇਤਾ ਗੋਲਕ 'ਚੋਂ ਹੁੰਦੀ ਹੈ ? ਕੀ ਅਸਾਂ ਕਦੇ ਸੋਚਿਆ ਹੈ ? ਗੋਲਕਾਂ 'ਚੋਂ ਬਿਲਡਿੰਗਾਂ ਨਾ ਬਣਾਉ, ਤਨਖ਼ਾਹ ਤੇ ਲੰਗਰ ਆਦਿ ਵੀ ਨਹੀਂ, ਇਹ ਸਭ ਦਸਵੰਧ 'ਚੋਂ ਕਰੋ। ਲੋਕਾਂ ਨੂੰ ਦਸਵੰਧ ਦੇਣ ਦੀ ਆਦਤ ਪਾਉ। ਗੋਲਕ ਵਿਚੋਂ ਬਗੈਰ ਕਿਸੇ ਭੇਦ-ਭਾਵ ਦੇ ਗਰੀਬਾਂ-ਲੋੜਵੰਦਾਂ ਦੀ ਮਦਦ ਕਰੋ। ਗਰੀਬ ਵਿਧਵਾਵਾਂ ਨੂੰ ਰਾਸ਼ਨ, ਗਰੀਬ ਬੱਚਿਆਂ ਦੀਆਂ ਫੀਸਾਂ ਤੇ ਵਰਦੀਆਂ, ਕਿਸੇ ਬੀਮਾਰ ਲਈ ਦਵਾ ਦਾਰੂ, ਕਿਸੇ ਗਰੀਬ ਦੀ ਧੀ ਦੇ ਆਨੰਦ ਕਾਰਜ ਲਈ ਮਦਦ, ਆਦਿ ਐਸੇ ਕੰਮ ਗੋਲਕ 'ਚੋਂ ਕੀਤੇ ਜਾਣ। ਕਈ ਗੁਰਦੁਆਰਿਆਂ ਵਿੱਚ ਕਾਫੀ ਚੜਾਵਾ ਹੁੰਦਾ ਹੈ, ਪੈਸੇ ਜਮਾਂ ਹੁੰਦੇ ਹਨ, ਫਿਰ ਪ੍ਰਧਾਨਗੀ ਲਈ ਕਲੇਸ਼ ਉੱਠਦੇ ਹਨ। ਕਲੇਸ਼ ਕਾਹਦੇ, ਸਿਰਫ਼ ਗੋਲਕ ਦੇ । ਬਹੁਤ ਘੱਟ ਝਗੜੇ ਸਿਧਾਂਤਾਂ ਤੋਂ ਹੁੰਦੇ ਹਨ। ਉਹਨਾਂ ਗੁਰਦੁਆਰਿਆਂ ਵਿੱਚ ਝਗੜੇ ਵਧੇਰੇ ਹੁੰਦੇ ਹਨ ਜਿਥੇ ਮਾਇਆ ਬਹੁਤੀ ਆਉਂਦੀ ਹੈ। ਜਿੱਥੇ ਆਈ ਚਲਾਈ ਹੈ, ਉਥੇ ਨਹੀਂ। ਜਮਾਂ ਨਾ ਕਰੋ, ਮਾਇਆ ਨਾਲ-ਨਾਲ ਵਰਤੀਂਦੀ ਰਹੇ ਤਾਂ ਚੰਗਾ ਹੈ।
ਗੁਰੂ ਅਮਰਦਾਸ ਜੀ ਰਾਤ ਦੇ ਲੰਗਰ ਤੋਂ ਬਾਅਦ ਬਚਿਆ ਹੋਇਆ ਲੰਗਰ ਬਿਆਸ ਦਰਿਆ 'ਚ ਮੱਛੀਆਂ ਨੂੰ ਪਾ ਕੇ ਭਾਂਡੇ ਮੂਧੇ ਮਾਰ ਦਿੰਦੇ ਸਨ। ਜਿਸਨੇ ਪੈਦਾ ਕੀਤਾ ਹੈ ਆਪੇ ਸਵੇਰ ਨੂੰ ਦੇਵੇਗਾ:-
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ (ਅੰਗ ੯੫੫)
ਗੁਰਦੁਆਰਾ ਪ੍ਰਬੰਧ ਬਾਰੇ ਵੀ ਵਿਚਾਰ ਕਰਨੀ ਬਣਦੀ ਹੈ। ਪ੍ਰਬੰਧਕ ਜੇ ਤਾਂ ਸੇਵਾਦਾਰ ਬਣਕੇ ਸੇਵਾ ਕਰਨ ਤਾਂ ਫਿਰ ਪਰਲੋਕ ਸੁਹੇਲਾ ਬਣਾਉਣ ਵਾਲਾ ਉੱਦਮ ਹੈ। ਪਰ ਬਹੁਤ ਵਾਰੀ ਇੰਜ ਨਹੀਂ ਹੁੰਦਾ। ਕਈ ਪ੍ਰਬੰਧਕ ਆਪਣੇ ਆਪ ਨੂੰ ਮਾਲਕ ਅਤੇ ਗ੍ਰੰਥੀ ਸਿੰਘਾਂ ਨੂੰ ਮੁਲਾਜ਼ਮ ਜਾਂ ਨੌਕਰ ਸਮਝਦੇ ਹਨ। ਉਹ ਆਸ ਕਰਦੇ ਹਨ ਕਿ ਗ੍ਰੰਥੀ ਸਾਡੀ ਮਰਜ਼ੀ ਮੁਤਾਬਿਕ ਕੰਮ ਕਰਨ। ਇਕ ਗੁਰਦੁਆਰੇ ਵਿੱਚ ਇਕ ਗ੍ਰੰਥੀ ਸਿੰਘ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਕਿ ਉਸਨੇ ਪ੍ਰਧਾਨ ਜੀ ਦੇ ਘਰ ਹੋਏ ਅਖੰਡ ਪਾਠ ਤੋਂ ਬਾਅਦ ਆਇਆ ਹੁਕਮ ਪ੍ਰਧਾਨ ਜੀ ਦੀ ਮਰਜ਼ੀ ਦਾ ਕਿਉਂ ਨਹੀਂ ਲਿਆ। ਹੁਣ ਵਧੇਰੇ ਗ੍ਰੰਥੀ ਪਹਿਲਾਂ ਹੀ ਉਸ ਥਾਂ ਤੇ ਅੰਗ ਪ੍ਰਕਾਸ਼ ਕਰ ਲੈਂਦੇ ਹਨ, ਜਿਸ ਤਰ੍ਹਾਂ ਦਾ ਸਮਾਗਮ ਹੋਵੇ। ਮੌਤ ਹੈ ਤਾਂ ਉਸ ਤਰ੍ਹਾਂ ਦੇ ਸਬਦ ਦਾ ਜੇ ਖ਼ੁਸ਼ੀ ਹੈ ਤਾਂ ਉਸ ਤਰ੍ਹਾਂ ਦੇ ਸ਼ਬਦ ਦਾ। ਮਰਿਯਾਦਾ ਨਹੀਂ ਵੇਖਣੀ, ਜ਼ਮੀਰ ਨਹੀਂ ਵੇਖਣੀ, ਲੋਕਾਂ ਨੂੰ ਖ਼ੁਸ਼ ਕਰਨਾ ਹੈ। ਪ੍ਰਬੰਧਕ ਚਾਹੁੰਦੇ ਹਨ ਕਿ ਸਾਨੂੰ ਆਉਂਦਿਆਂ ਨੂੰ ਗ੍ਰੰਥੀ ਸਿੰਘ ਫ਼ਤਹਿ ਬੁਲਾਏ। ਅਸੀਂ ਨਾ ਬੁਲਾਈਏ। ਸਾਨੂੰ ਸੇਵਾ ਪੁੱਛਣ ਤੇ ਸਾਡੀ ਗ਼ਲਤੀ ਨੂੰ ਅਣਡਿੱਠ ਕਰ ਦੇਣ । ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਪ੍ਰਬੰਧਕਾਂ ਵਿਚੋਂ ਕਈ ਤਾਂ ਪੰਜ ਬਾਣੀਆਂ ਦਾ ਨਿੱਤਨੇਮ ਵੀ ਨਹੀਂ ਕਰਦੇ।
ਕਈਆਂ ਨੇ ਪਾਹੁਲ ਵੀ ਨਹੀਂ ਛਕੀ ਹੁੰਦੀ, ਨਸ਼ਾ ਪੀ ਲੈਂਦੇ ਹਨ:-
ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥ ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥
(ਅੰਹ ११२४)
ਕਈਆਂ ਨੂੰ ਹੋਰ ਐਬ ਚੰਬੜੇ ਹੁੰਦੇ ਹਨ। ਕਈ ਥਾਂਵਾਂ 'ਤੇ ਐਸਾ ਵੀ ਹੋਇਆ ਕਿ ਪ੍ਰਬੰਧਕ ਕਿਸੇ ਹੋਰ ਬਾਬੇ ਦਾ ਚੇਲਾ ਹੈ। ਉਸਨੇ ਉਸ ਬਾਬੇ ਜਾਂ ਮਹਾਰਾਜ ਜੀ ਤੋਂ ਨਾਮ ਲਿਆ ਹੁੰਦਾ ਹੈ। ਕਈ ਵਾਰ ਸੰਗਤਾਂ ਨੂੰ ਵੀ ਉਸ ਬਾਬੇ ਕੋਲ ਜਾਣ ਲਈ ਪ੍ਰੇਰਦੇ ਹਨ। ਕਬਰਾਂ 'ਤੇ ਦੀਵੇ ਜਗਾਉਂਦੇ, ਵਰਤ ਰੱਖਦੇ, ਗਹਿਣੇ ਪਾਉਂਦੇ, ਸ਼ਰਾਧ ਕਰਦੇ ਅਤੇ ਟੂਣੇ-ਟਮਾਣੇ ਵਾਲੇ ਬਾਬੇ ਕੋਲ ਜਾਂਦੇ ਹਨ। ਉਂਜ ਪ੍ਰਧਾਨ ਗੁਰਦੁਆਰੇ ਦੇ ਹੁੰਦੇ ਹਨ। ਪ੍ਰਬੰਧਕ ਸੱਜਣ ਬੜੀ ਉੱਚੀ-ਸੁੱਚੀ ਗੁਰਮਤਿ ਰਹਿਣੀ ਦੇ ਮਾਲਕ ਹੋਣੇ ਚਾਹੀਦੇ ਹਨ । ਜਿੰਨਾ ਚਿਰ ਗੁਰਦੁਆਰੇ ਸੇਵਾ ਕਰੇ, 'ਝਾੜੂ ਬਰਦਾਰ ਬਣ ਕੇ ਰਹੇ, ਜਥੇਦਾਰ ਬਣਕੇ ਨਹੀਂ, ਨਿਉਂ ਕੇ ਰਹੇ । ਆਕੜ ਕੇ ਰਹੇਗਾ ਤਾਂ ਕੀ ਖੱਟੇਗਾ ? ਕੀ ਲੈ ਕੇ ਜਾਏਗਾ ? ਟੁੱਟੀ ਜਿਹੀ ਪ੍ਰਧਾਨਗੀ ਲੈ ਕੇ ਆਕੜਦਾ ਹੈ। ਕਾਹਦੀ ਆਕੜ? ਕਾਹਦੀ ਪ੍ਰਧਾਨਗੀ ? ਆਪਣੀ ਵਡਿਆਈ ਨਹੀਂ ਕਰਾਉਣੀ। ਵਡਿਆਈ ਸਿਰਫ਼ ਗੁਰੂ ਦੀ:-
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ॥ ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥ (ਅੰਗ ૧૨૮૦)
ਜੇ ਗੁਰੂ ਦੀ ਵਡਿਆਈ ਕਰੇਗਾ ਤਾਂ ਇਸਦਾ ਮਾਣ-ਤਾਣ ਆਪਣੇ ਆਪ ਵਧੇਗਾ। ਗੁਰੂ ਬਖ਼ਸ਼ੇਗਾ :-
ਜਿਨ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥ (ਅੰਗ ४५०)
ਸਿੱਖਾ, ਗੁਰੂ ਨੂੰ ਵਡਿਆਉਣਾ ਸਿੱਖ । ਉਹ ਸਭ ਭੰਡਾਰਿਆਂ ਦਾ ਮਾਲਕ ਹੈ। ਬਖ਼ਸ਼ਿਸ਼ਾਂ ਦਾ ਮਾਲਕ ਹੈ:-
ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥
(ਅੰਗ ४१६)
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ (ਅੰਗ ४०३)
ਜੇ ਅੰਦਰ ਹਉਮੈ ਆਉਂਦੀ ਦਿਸਦੀ ਹੈ ਤਾਂ ਜੋੜਿਆਂ ਦੀ ਸੇਵਾ ਕਰੇ, ਜੂਠੇ ਭਾਂਡੇ ਮਾਂਜੇ, ਝਾੜੂ ਦੇਵੇ, ਤੇ ਸਭ ਤੋਂ ਪਿੱਛੇ ਖਲੋ ਕੇ ਕੀਰਤਨ ਸੁਣੇ । ਸੁਆਰਥ ਲਈ ਸੇਵਾ ਨਾ ਕਰੇ :-
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ (ਅੰਗ २८६)
ਗੁਰਦੁਆਰਿਆਂ ਵਿੱਚ ਪੰਚਾਇਤ (ਅਤੇ ਸ਼ਹਿਰਾਂ ਵਿਚ ਮੁਹੱਲਾ ਕਮੇਟੀ) ਉਸਾਰੂ ਰੋਲ ਅਦਾ ਕਰੇ। ਨਾ ਗ੍ਰੰਥੀ ਨੂੰ ਨੌਕਰ ਚਾਕਰ ਸਮਝੇ ਅਤੇ ਨਾ ਹੀ ਸਿਆਸਤ ਨੂੰ ਗੁਰਦੁਆਰੇ ਵਿੱਚ ਲਿਆਵੇ। ਗ੍ਰੰਥੀ ਸਿੰਘ ਨੂੰ ਵੀ ਚਾਹੀਦਾ ਹੈ ਕਿ ਧੜੇਬਾਜੀ ਤੋਂ ਉੱਪਰ ਰਹੇ। ਜੇ ਹੋ ਸਕਦਾ ਹੋਵੇ ਤਾਂ ਧੜੇ ਮੁਕਾਉਣ ਦਾ ਯਤਨ ਕਰੇ। ਇਕ ਧੜਾ ਬਣਾਏ। ਕਿਹੜਾ ? 'ਹਰਿ ਕਾ ਧੜਾ' । ਬਾਕੀ ਧੜੇ ਝੂਠੇ ।
ਪਰ ਜੇ ਸਰਪੰਚ ਆਪ ਨਸ਼ੇ ਪੀਂਦਾ ਹੋਵੇ, ਲੋਕਾਂ ਨੂੰ ਸ਼ਰਾਬ ਪਿਆ ਕੇ, ਨਸ਼ੇ ਵਰਤਾ ਕੇ, ਪੈਸੇ ਵੰਡ ਕੇ ਸਰਪੰਚ ਬਣਿਆ ਹੋਵੇ ਤਾਂ ਕਿੰਜ ਹਟਾਏਗਾ। ਸ਼ਰਾਬ ਜਾਂ ਨਸ਼ੇ ਦੇਣ ਵਾਲਾ ਕੋਈ ਵੀ ਹੋਵੇ ਉਹ ਤੁਹਾਡਾ ਮਿੱਤਰ ਨਹੀਂ ਹੋ ਸਕਦਾ। ਉਹ ਤਾਂ ਸਗੋਂ ਅੱਗ ਲਾ ਰਿਹੈ । ਚੰਗਾ, ਰੱਬ ਦੇ ਭੈਅ ਵਾਲਾ ਬੰਦਾ ਸਰਪੰਚ ਜਾਂ ਗੁਰਦੁਆਰੇ ਦਾ ਪ੍ਰਧਾਨ ਬਣਾਉ। ਅਸੀਂ ਚਾਹੁੰਦੇ ਹਾਂ ਕਿ ਸਰਬਸੰਮਤੀ ਨਾਲ ਪੰਚ-ਪ੍ਰਧਾਨੀ ਪ੍ਰਣਾਲੀ ਰਾਹੀਂ ਗੁਰਦੁਆਰਾ ਕਮੇਟੀ ਬਣੇ । ਪੰਜ ਗੁਰਮੁਖ ਸੱਜਣ ਅੱਗੇ ਆਉਣ। ਸਾਂਝੇ ਤੌਰ 'ਤੇ ਪ੍ਰਬੰਧ ਚਲਾਉਣ। ਇਕ ਇਕ ਸਾਲ ਲਈ ਇਕ ਨੂੰ ਮੁਖੀ ਸੇਵਾਦਾਰ ਬਣਾ ਲਿਆ ਜਾਵੇ। ਅਗਲੇ ਸਾਲ ਦੂਜਾ ਬਣੇ।
ਹਰ ਖਰਚੇ ਦਾ ਹਿਸਾਬ-ਕਿਤਾਬ ਲੋਕਾਂ ਨੂੰ ਦੱਸਣ । ਲੀਡਰਾਂ ਵੱਲ ਵੇਖਣ ਦੀ ਬਜਾਏ ਸਾਂਝੇ ਕੰਮ ਆਪ ਕਰਨ। ਪਿੰਡ ਦੇ ਲੋਕ ਉਹਨਾਂ ਦੀ ਹਉਮੈ ਦਾ ਧਿਆਨ ਰੱਖਣ। ਹਉਮੈ ਬੜੀ ਸੂਖਮ ਹੁੰਦੀ ਹੈ। ਬਦੋ ਬਦੀ ਅੰਦਰ ਆ ਵੜਦੀ ਹੈ। ਜੇਕਰ ਇੰਜ ਲਗਦੈ ਤਾਂ ਉਸ ਨੂੰ ਤਾੜਨਾ ਕਰੋ। ਜੇ ਫਿਰ ਵੀ ਨਹੀਂ ਸੰਭਲ ਰਿਹੈ ਤਾਂ ਦੂਸਰਾ ਮੁੱਖ ਸੇਵਾਦਾਰ ਬਣਾ ਲਉ। ਸਰਬਸੰਮਤੀ ਨਾਲ ਬਣਾਉ।