ਅਮ੍ਰਿਤਸਰ ਦਾ ਬਿਜ਼ਨਸ ਹੱਬ, ਸਫਾਈਆਂ ਤੇ ਸਟ੍ਰੀਟ ਲਾਈਟਾਂ ਦੇ ਪ੍ਰਬੰਧ ਬੁਰੀ ਤਰ੍ਹਾਂ ਨਾਕਾਮ

17 Feb 2026 | 53 Views

ਅਮ੍ਰਿਤਸਰ ਦਾ ਬਿਜ਼ਨਸ ਹੱਬ, ਸਫਾਈਆਂ ਤੇ ਸਟ੍ਰੀਟ ਲਾਈਟਾਂ ਦੇ ਪ੍ਰਬੰਧ ਬੁਰੀ ਤਰ੍ਹਾਂ ਨਾਕਾਮ

Amritsar's 'business hub', cleanliness and street lighting arrangements completely failed

 

 

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ

ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਪੋਸ਼ ਇਲਾਕੇ ਅਤੇ ਪ੍ਰਮੁੱਖ ਬਿਜ਼ਨੈੱਸ ਹੱਬ ਵਜੋਂ ਜਾਣੇ ਜਾਂਦੇ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ (ਡੀ. ਐੱਸ. ਸੀ.) ’ਚ ਅਜੇ ਵੀ ਬੇਤਰਤੀਬੀਆਂ ਦਾ ਅੰਬਾਰ ਲੱਗਾ ਹੋਇਆ ਹੈ। ਮੁੱਢਲੀਆਂ ਸਹੂਲਤਾਂ ਦੀ ਘਾਟ ਦੇ ਬਾਵਜੂਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ। ਜਾਣਕਾਰੀ ਅਨੁਸਾਰ ਕੰਪਲੈਕਸ ਦੀ ਐਸੋਸੀਏਸ਼ਨ ਵੱਲੋਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਹਨ। ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਡੀ. ਐੱਸ. ਸੀ. ’ਚ ਸੁਰੱਖਿਆ ਦੇ ਨਾਂ ’ਤੇ ਕੁਝ ਨਹੀਂ ਹੈ। ਇੱਥੇ ਪ੍ਰਸਿੱਧ ਕੰਪਨੀਆਂ ਅਤੇ ਕਈ ਵਪਾਰਕ ਦਫ਼ਤਰ ਸਥਿਤ ਹਨ, ਜਿੱਥੇ ਹਰ ਰੋਜ਼ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ। ਇਸ ਦੇ ਬਾਵਜੂਦ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ਿਆਂ ’ਤੇ ਕੋਈ ਪੱਕੀ ਸੁਰੱਖਿਆ ਤਾਇਨਾਤ ਨਹੀਂ ਕੀਤੀ ਗਈ। ਇਲਾਕੇ ’ਚ ਆਏ ਦਿਨ ਵਾਹਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਈ ਲੋਕਾਂ ਵੱਲੋਂ ਥਾਣਾ ਰਣਜੀਤ ਐਵੇਨਿਊ ’ਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਪੁਲਸ ਵੱਲੋਂ ਸਿਰਫ਼ ਕਦੇ-ਕਦੇ ਪੀ. ਸੀ. ਆਰ. ਦੀ ਗਸ਼ਤ ਕੀਤੀ ਜਾਂਦੀ ਹੈ। ਕੁਝ ਸਮੇਂ ਬਾਅਦ ਹਾਲਾਤ ਫਿਰ ਪਹਿਲਾਂ ਵਰਗੇ ਹੀ ਹੋ ਜਾਂਦੇ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਵਾਹਨ ਚੋਰੀਆਂ ਕਾਰਨ ਇਹ ਖੇਤਰ ਹੁਣ ‘ਵਾਹਨ ਚੋਰਾਂ ਦੀ ਸ਼ਰਨਸਥਲੀ’ ਵਜੋਂ ਜਾਣਿਆ ਜਾਣ ਲੱਗ ਪਿਆ ਹੈ। ਦੱਸਣਯੋਗ ਹੈ ਕਿ ਰਣਜੀਤ ਐਵੇਨਿਊ ਖੇਤਰ ਦੋਪਹੀਆ ਵਾਹਨ ਚੋਰੀ ਦੇ ਮਾਮਲਿਆਂ ’ਚ ਜ਼ਿਲੇ ’ਚ ਅੱਗੇ ਹੈ। ਵਪਾਰੀਆਂ ਨੇ ਦੱਸਿਆ ਕਿ ਲੱਗਭਗ ਚਾਰ ਸਾਲ ਪਹਿਲਾਂ ਇੱਥੇ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ਿਆਂ ’ਤੇ ਪੁਲਸ ਕਰਮਚਾਰੀਆਂ ਦੀ ਪੱਕੀ ਤਾਇਨਾਤੀ ਕੀਤੀ ਗਈ ਸੀ, ਜਿਸ ਨਾਲ ਕਈ ਵਾਹਨ ਚੋਰ ਕਾਬੂ ਕੀਤੇ ਗਏ ਅਤੇ ਚੋਰੀਆਂ ਕਾਫ਼ੀ ਘਟੀਆਂ। ਹੁਣ ਉਹ ਤਾਇਨਾਤੀ ਕਿਉਂ ਖਤਮ ਕਰ ਦਿੱਤੀ ਗਈ, ਇਹ ਸਵਾਲ ਅਜੇ ਵੀ ਲੋਕਾਂ ਦੇ ਮਨ ’ਚ ਹੈ।

ਗੁਰੂ ਨਗਰੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ (ਡੀ. ਐੱਸ. ਸੀ.) ਵਿਚ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ। ਕਹਿਣ ਨੂੰ ਤਾਂ ਸਬੰਧਤ ਵਿਭਾਗ ਵੱਲੋਂ ਕਈ ਸਫਾਈ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਪਰ ਹਕੀਕਤ ’ਚ ਮਾਰਕੀਟ ਦੇ ਵੱਖ-ਵੱਖ ਹਿੱਸਿਆਂ ’ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਇਸ ਕਾਰਨ ਪੂਰੇ ਇਲਾਕੇ ’ਚ ਬਦਬੂ ਫੈਲੀ ਹੋਈ ਹੈ ਅਤੇ ਵਪਾਰੀਆਂ ’ਤੇ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਇਹ ਹੈ ਕਿ ਨਗਰ ਸੁਧਾਰ ਟਰੱਸਟ ਇਸ ਕੰਪਲੈਕਸ ਤੋਂ ਕਰੋੜਾਂ ਰੁਪਏ ਦਾ ਰੈਵੇਨਿਊ ਇਕੱਠਾ ਕਰਦਾ ਹੈ। ਇਸ ਦੇ ਬਾਵਜੂਦ ਜੇਕਰ ਮੁੱਢਲੀ ਸਹੂਲਤ ਸਫਾਈ ਹੀ ਯਕੀਨੀ ਨਹੀਂ ਬਣਾਈ ਜਾ ਰਹੀ ਤਾਂ ਇਹ ਗੰਭੀਰ ਲਾਪ੍ਰਵਾਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਹਰ ਰੋਜ਼ ਇਸ ਇਲਾਕੇ ’ਚੋਂ ਲੰਘਦੇ ਹਨ ਪਰ ਉਨ੍ਹਾਂ ਨੂੰ ਕੂੜੇ ਦੇ ਢੇਰ ਨਜ਼ਰ ਨਹੀਂ ਆਉਂਦੇ ਜਾਂ ਫਿਰ ਜਾਣ-ਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ।

Categories: ਦੇਸ਼ ਦੁਨੀਆ

Tags: KESARI VIRASAT

Published on: 17 Feb 2026

Suraj
+91 9888915732
📣 Share this post

Latest News

View all