Mahant Lal Singh Ji-An interesting story of how a helpless child became a guardian of millions: Sant Lal Singh Ji
ਮਹੰਤ ਲਾਲ ਸਿੰਘ ਜੀ ਦਾ ਜਨਮ ਪਿੰਡ ਰੱਲ੍ਹਣ ਜਿਲ੍ਹਾ ਹੁਸ਼ਿਆਰਪੁਰ ਵਿਚ ਸਰਦਾਰ ਚੰਦਾ ਸਿੰਘ ਜੀ ਦੇ ਘਰ ਸੰਮਤ 1896 ਨੂੰ ਹੋਇਆ। ਬਚਪਨ ਵਿਚ ਹੀ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ । ਬਿਰਧ ਦਾਦੀ ਨੇ ਥੋੜਾ ਚਿਰ ਸੰਭਾਲ ਕੀਤੀ ਉਹ ਵੀ ਸੱਚਖੰਡ ਪਿਆਨਾ ਕਰ ਗਈ। ਵਡੇ ਭਾਈ ਸ: ਰਾਮ ਸਿੰਘ ਫੌਜ ਵਿੱਚ ਭਰਤੀ ਸਨ, ਇਸ ਲਈ 5 ਸਾਲ ਦੀ ਉਮਰ ਵਿਚ ਬੇਸਹਾਰਾ ਹੋ ਗਏ। ਬੱਚੇ ਦੀ ਬਾਂਹ ਫੜਨ ਵਾਲਾ ਕੋਈ ਨਾਂ ਰਿਹਾ।
ਇਕ ਦਿਨ ਝਿਉਰ ਭੱਠੀ ਉੱਪਰ ਦਾਣੇ ਭੁੰਨ ਰਿਹਾ ਸੀ, ਬੱਚਾ ਦਾਣਿਆਂ ਦੀਆਂ ਖਿੱਲਾਂ ਚੁਗ ਕੇ ਖਾ ਰਿਹਾ ਸੀ। ਉਹ ਦਾਣੇ ਭੁੰਨ ਕੇ ਚਲਾ ਗਿਆ, ਪਰ ਬੱਚਾ ਭੱਠੀ ਤੇ ਹੀ ਸੌਂ ਗਿਆ। ਰਾਤ ਦੇ ਅੰਧੇਰੇ ਵਿਚ ਮਾਤਾ ਭਾਗੋ (ਸਾਬਕਾ ਸਰਪੰਚ ਪ੍ਰੀਤਮ ਸਿੰਘ ਦੀ ਦਾਦੀ) ਭੱਠੀ ਕੋਲ ਦੀ ਲੰਘੀ ਤਾਂ ਉਸਨੇ ਦੇਖਿਆ ਭੱਠੀ ਲਾਗੇ ਕੁਝ ਪਿਆ ਹੈ, ਹਿਲਾ ਕੇ ਵੇਖਿਆ ਤਾਂ ਉਹ ਬੱਚਾ ਰਾਮ ਲਾਲ ਪਿਆ ਸੀ । ਕੌਣ ਜਾਣਦਾ ਸੀ ਜਿਸ ਬੱਚੇ ਦੀ ਅੱਜ ਕੋਈ ਬਾਂਹ ਫੜ੍ਹਨ ਵਾਲਾ ਨਹੀਂ ਹੈ, ਵੱਡਾ ਹੋ ਕੇ ਇਕ ਸਮੇਂ ਹਜ਼ਾਰਾ ਨਿਆਸਰਿਆਂ ਦੀ ਬਾਹ ਫੜੇਗਾ। ਮਾਤਾ ਭਾਗੋ ਬੱਚੇ ਨੂੰ ਚੁੱਕ ਕੇ ਆਪਣੇ ਘਰ ਲੈ ਗਈ ਅਤੇ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣਾ ਕਰਨ ਲੱਗੀ।
ਡੇਰਾ ਜੌੜ੍ਹੀਆਂ ਡਾਬਾਂ ਦੇ ਮਹਾਂ ਪੁਰਖ ਇਕ ਦਿਨ ਸਵੇਰੇ ਪ੍ਰਸ਼ਾਦਾ ਲੈਣ ਪਿੰਡ ਰੱਲ੍ਹਣਾਂ ਵਿੱਚ ਗਏ । ਮਾਤਾ ਭਾਗੋ ਨੇ ਮਹਾਂ ਪੁਰਖਾਂ ਨੂੰ ਦੋ ਪ੍ਰਸ਼ਾਦੇ ਦਿੱਤੇ ਤੇ ਨਾਲ ਹੀ ਕਹਿਣ ਲੱਗੀ ਬਾਬਾ ਜੀ ਤੁਸੀਂ ਬਿਰਧ ਹੋ ਗਏ ਹੋ ਲਉ ਤੁਹਾਨੂੰ ਇਕ ਚੇਲਾ ਦਿੰਦੀ ਹਾਂ ਇਕ ਬਾਲਕ ਦੀ ਉੱਗਲੀ ਸੰਤਾਂ ਨੂੰ ਪਕੜਾ ਦਿੱਤੀ । ਸੰਤ ਨੇ ਦੋ ਕੁ ਪਤਾਸ਼ੇ ਦਿੱਤੇ ਤੇ ਨਾਲ ਹੀ ਬੱਚੇ ਨੂੰ ਡੇਰੇ ਲਿਆ ਕੇ ਬ੍ਰਹਮ ਸਵਰੂਪ ਸੰਤ ਬਾਬਾ ਹਮੀਰ ਸਿੰਘ ਜੀ ਦੇ ਚਰਨਾਂ ਵਿੱਚ ਪੁਚਾ ਦਿੱਤਾ ।
ਬ੍ਰਹਮ ਗਿਆਨੀ ਸੰਤ ਬਾਬਾ ਹਮੀਰ ਸਿੰਘ ਜੀ ਦੀ ਸ਼ਰਣ ਵਿੱਚ ਰਹਿ ਕੇ ਵੱਡੇ ਹੋਣ ਲੱਗੇ । ਡੇਰੇ ਦੀ ਹਰ ਤਰ੍ਹਾ ਦੀ ਸੇਵਾ ਜਿਵੇਂ ਲੰਗਰ ਦੇ ਭਾਂਡੇ ਮਾਂਜਣੇ ਲੰਗਰ ਛਕਾਉਣਾ ਬਾਲਣ ਲਿਆਉਂਣਾ ਅਤੇ ਗੁਰੂ ਜੀ ਦੀ ਸੇਵਾ ਵਿਚ ਹਰ ਵਕਤ ਸੇਵਾ ਵਿਚ ਤਿਆਰ ਬਰ ਤਿਆਰ ਰਹਿੰਦੇ ਸਨ। ਇਕ ਦਿਨ ਸੰਤ ਬਾਬਾ ਹਮੀਰ ਸਿੰਘ ਜੀ ਕਹਿਣ ਲੱਗੇ ਰਾਮ ਲਾਲ ਪੋਥੀ ਪੜ੍ਹ ਕੇ ਸੁਣਾ ਜਦੋਂ ਪੜ੍ਹਣ ਲੱਗੇ ਤਾਂ ਪੜ੍ਹ ਨਾਂ ਸਕੇ । ਰਾਮ ਲਾਲ ਨੇਂ ਕਿਹਾ ਕਿ ਗੁਰੂ ਜੀ ਮੈਨੂੰ ਕੋਈ ਨਹੀ ਪੜਾਉਂਦਾ । ਸੰਤ ਬਾਬਾ ਹਮੀਰ ਸਿੰਘ ਜੀ ਕਹਿਣ ਲੱਗੇ ਅੱਛਾ ਹੁਣ ਮੈਂ ਪੜ੍ਹਾਇਆ ਕਰਾਂਗਾ ਬੱਸ ਫਿਰ ਪਾਰਸ ਦੀ ਸੰਗਤ ਮਿਲ ਗਈ । ਕੰਚਨ ਬਣਨਾ ਸ਼ੁਰੂ ਹੋ ਗਿਆ।
ਸੰਤ ਬਾਬਾ ਹਮੀਰ ਸਿੰਘ ਜੀ ਨੇਂ ਰਾਮ ਲਾਲ ਜੀ ਦਾ ਨਾਮ ਤਬਦੀਲ ਕਰਕੇ ਸੰਤ ਲਾਲ ਸਿੰਘ ਰੱਖ ਦਿੱਤਾ। ਹਰ ਰੋਜ ਆਪ ਵਿੱਦਿਆ ਪੜ੍ਹਾਉਣ ਲੱਗੇ। ਥੋੜ੍ਹੇ ਸਮੇਂ ਵਿੱਚ ਗੁਰਬਾਣੀ ਗੁਰ ਇਤਿਹਾਸ, ਭਾਸ਼ਾ ਦੇ ਪੁਸਤਕ ਵੇਦਾਂਤ, ਅਯੂਰਵੈਦਿਕ ਦੇ ਗ੍ਰੰਥ ਅਤੇ ਨੀਤੀ ਦੇ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਤੀਖਣ ਬੁੱਧੀ ਤੇ ਗੁਰੂ ਕਿਰਪਾ ਦੇ ਪਾਤਰ ਹੋਣ ਕਰਕੇ ਵਿਦਵਾਨ ਬਣ ਗਏ।
ਫਿਰ ਮਹੰਤ ਲਾਲ ਸਿੰਘ ਜੀ ਸੰਸਕ੍ਰਿਤ ਦੀ ਉੱਚੇਰੀ ਵਿੱਦਿਆ ਪੜ੍ਹਨ ਲਈ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਗਏ। ਰਾਇ ਮੂਲ ਸਿੰਘ ਦੀ ਧਰਮ ਸ਼ਾਲਾ ਵਿਖ ਪੜ੍ਹਨ ਲੱਗ ਪਏ। ਵਿਦਿਆ ਗ੍ਰਹਿਣ ਕਰਕੇ ਆਪਣੇ ਗੁਰੂ ਦੇਵ ਮਹੰਤ ਹਮੀਰ ਸਿੰਘ ਜੀ ਦੇ ਚਰਨਾਂ ਵਿਚ ਵਾਪਿਸ ਆ ਕੇ ਦਿਨ ਪਰ ਰਾਤ ਸੇਵਾ ਵਿੱਚ ਜੁੱਟ ਗਏ।
ਸੰਤ ਬਾਬਾ ਹਮੀਰ ਸਿੰਘ ਜੀ ਤੋਂ ਬਾਅਦ ਡੇਰਾ ਗੁਰੂ ਸਰ ਖੁੱਡਾ ਦਾ ਪ੍ਰਬੰਧ ਆਪ ਜੀ ਨੇ ਸੰਭਾਲਿਆ। ਉਸ ਸਮੇਂ ਡੇਰਾ ਪਾਸ ਆਮਦਨ ਦਾ ਸਾਧਨ ਕੋਈ ਨਹੀਂ ਸੀ। ਮਧੂਕੜੀ ਦਾ ਪ੍ਰਸ਼ਾਦਾ, ਪਾਠ ਪੂਜਾ ਅਤੇ ਦਵਾਈ ਖਾਨੇ ਆਦਿ ਤੋਂ ਹੀ ਡੇਰੇ ਦਾ ਖਰਚਾ ਚਲਦਾ ਸੀ । 30-40 ਸਾਧੂ ਤੇ ਵਿਦਿਆਰਥੀ ਡੇਰਾ ਵਿਖੇ ਹਰ ਵਕਤ ਰਹਿੰਦੇ ਸਨ।
ਸੰਨ 25.3.55 ਵਿੱਚ ਖੁੱਡਾ ਪਿੰਡ ਦੀ ਪੰਚਾਇਤ ਨੇ 9 ਕਨਾਲ 10 ਮਰਲੇ ਜਮੀਨ ਡੇਰੇ ਨੂੰ ਦਿੱਤੀ। ਪਿੱਛੋਂ ਮਹਾਰਾਜ ਜੀ ਨੇ 20-21 ਏਕੜ ਜਮੀਨ ਡੇਰੇ ਲਈ ਖਰੀਦੀ, ਡੇਰੇ ਦੀ ਇਮਾਰਤ ਨਵੀਂ ਬਣਾਈ। ਆਪਣੇ ਪਹਿਲੇ ਵੱਡੇ ਸੰਤ ਪੁਰਸ਼ਾਂ ਸੰਤ ਬਾਬਾ ਬੂਟਾ ਸਿੰਘ, ਸੰਤ ਬਾਬਾ ਹੀਰਾ ਸਿੰਘ ਜੀ ਤੇ ਆਪਣੇ ਪੂਜਨੀਕ ਗੁਰੂਦੇਵ 108 ਬ੍ਰਹਮ ਗਿਆਨੀ ਮਹੰਤ ਹਮੀਰ ਸਿੰਘ ਜੀ ਦੀ ਬਹੁਤ ਸੁੰਦਰ ਸਮਾਧੀ ਤਿਆਰ ਕਰਵਾਈ। ਸੰਨ 1974 ਈਸਵੀ ਤੋਂ ਲੈ ਕੇ 1976 ਤੱਕ ਦੋ ਸਾਲਾਂ ਵਿਚ ਡੇਰਾ ਦੀ ਬਹੁਤ ਸੁੰਦਰ ਇਮਾਰਤ ਤਿਆਰ ਕਰਵਾਈ ।
ਸ਼੍ਰੀਮਾਨ 108 ਮਹੰਤ ਗਣੇਸ਼ਾ ਜੀ ਨੇ ਡੇਰਾ ਅੰਤਰਜਾਮੀਆਂ ਧਰਮਸ਼ਾਲਾ ਦੀ ਵਸੀਅਤ ਮਹੰਤ ਲਾਲ ਸਿੰਘ ਨੂੰ 19.04.43 ਨੂੰ ਕੀਤੀ ਸੀ । 7 ਸਾਲ ਵਸੀਅਤ ਦਾ ਮੁਕੱਦਮਾਂ ਚੱਲਿਆ ਪ੍ਰੀਵੀ ਕੋਸਲ ਸ਼ਿਮਲਾ ਨੇ ਫੈਸਲਾ ਕੀਤਾ ਕਿ ਵਸੀਅਤ ਕੁਨਿੰਦਾ ਜਿੰਦਾ ਹੈ ਮੁਕੱਦਮਾਂ ਨਹੀਂ ਚਲ ਸਕਦਾ । ਮੁਕੱਦਮਾਂ ਖਾਰਜ ਹੋ ਗਿਆ।
30 ਜਨਵਰੀ 1950 ਨੂੰ ਸ਼ਾਮ ਦੇ 6:30 ਵਜੇ ਮਹੰਤ ਕਾਲਾ ਸਿੰਘ ਜੀ ਦਾ ਕਤਲ ਕਰਮ ਸਿੰਘ ਨਾਂ ਦੇ ਵਿਅਕਤੀ ਨੇਂ ਗੋਲੀ ਮਾਰ ਕੇ ਕਰ ਦਿੱਤਾ। ਇਸ ਮੁਕੱਦਮੇ ਵਿੱਚ ਵਿਰੋਧੀ ਅਨਸਰਾਂ ਨੇ ਕਤਲ ਕੇਸ ਵਿੱਚ ਫਸਾਉਣ ਦੀ ਬੜ੍ਹੀ ਕੋਸ਼ਿਸ਼ ਕੀਤੀ। ਕੁਝ ਅਰਸਾ ਜੇਲ ਵਿੱਚ ਵੀ ਰਹੇ। ਪਰ ਅਸਲੀ ਕਾਤਲ ਕਰਮ ਸਿੰਘ ਪੁੱਤਰ ਸ਼੍ਰੀ ਬੰਤਾ ਸਿੰਘ ਗਿਰਫਤਾਰ ਹੋਣ ਪਿੱਛੋਂ ਤੇ ਕਾਤਲ ਦੇ ਇਕਬਾਲੀਆ ਬਿਆਨ ਪਿੱਛੋਂ ਆਪ ਜੀ ਨੂੰ ਬਾ ਇੱਜਤ ਬਰੀ ਕਰ ਦਿੱਤਾ ਗਿਆ।
2 ਸਾਲ ਕੇਸ ਚੱਲਣ ਪਿੱਛੋਂ ਕਾਤਲ ਕਰਮ ਸਿੰਘ ਨੂੰ 22 ਫਰਵਰੀ 1952 ਨੂੰ ਫਾਂਸੀ ਦੀ ਸਜਾ ਹੋਈ ਸੀ। 30 ਜਨਵਰੀ 1953 ਨੂੰ ਡੇਰਾ ਅੰਤਰਜਾਮੀਆਂ ਅੰਮ੍ਰਿਤਸਰ ਦੀ ਸਾਰੀ ਜਿੰਮੇਵਾਰੀ ਆਪ ਜੀ ਨੂੰ ਦਿੱਤੀ ਗਈ।
ਡੇਰਾ ਅੰਤਰਜਾਮੀ ਅਮ੍ਰਿਤਸਰ
ਸ਼੍ਰੀਮਾਨ ਮਹੰਤ ਗਣੇਸ਼ਾ ਸਿੰਘ ਜੀ 30.07.54 ਨੂੰ ਬ੍ਰਹਮ ਲੀਨ ਹੋਏ। ਪਿੱਛੋਂ ਆਪ ਜੀ 15.8.54 ਅੰਤਰਯਾਮੀਆਂ ਡੇਰਾ ਦੇ ਮਹੰਤ ਬਣ ਗਏ। ਕੁਝ ਚਿਰ ਡੇਰੇ ਦਾ ਇੰਤਜਾਮ ਸੁਧਾਰ ਕੇ ਜਿੰਮੇਵਾਰੀ ਆਪਣੇ ਛੋਟੇ ਗੁਰਭਾਈ ਸੰਤ ਕਰਤਾਰ ਸਿੰਘ ਜੀ ਨੂੰ ਦੇ ਕੇ ਆਪ ਡੇਰਾ ਗੁਰੂ ਸਰ ਖੁੱਡਾ ਵਿਖੇ ਆ ਬਿਰਾਜੇ ।
ਆਪ ਜੀ ਨੇਂ ਬੜੀ ਲਗਨ ਦੇ ਹੌਸਲੇ ਨਾਲ ਡੇਰਾ ਦੀ ਤਰੱਕੀ ਕਰਨੀ ਸ਼ੁਰੂ ਕੀਤੀ। ਸ਼੍ਰੀਮਾਨ ਮਹੰਤ ਗਣੇਸ਼ਾ ਸਿੰਘ ਜੀ ਦੀ ਜਦੋ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਰਹਿ ਕੇ ਰਾਜ ਦਰਬਾਰ ਦਾ ਇਤਿਹਾਸ ਲਿਖਦੇ ਸਨ, ਰਾਜ ਕੁਮਾਰਾਂ ਨੂੰ ਗੁਰਮੁੱਖੀ ਤੇ ਗੁਰਮਤਿ ਪੜ੍ਹਾਉਂਦੇ ਸਨ ਤੇ ਨਾਲ ਹੀ ਸੌਂਪਟ ਪਾਠਾਂ ਦਾ ਇੰਤਜਾਮ ਭੀ ਕਰਾਉਂਦੇ ਸਨ।
ਮਹੰਤ ਲਾਲ ਸਿੰਘ ਜੀ ਸੋਪਟ ਪਾਠਾਂ ਦੀ ਲੜੀ ਵਿਚ ਪਟਿਆਲੇ ਰਾਜ ਦਰਬਾਰ ਵਿਚ ਜਾ ਕੇ 1600 ਰੁਪੈ ਚਾਂਦੀ ਦੇ ਲਿਆਂਦੇ ਤੇ ਡੇਰਾ ਦੀ ਇਮਾਰਤ ਨਵੀਂ ਬਣਵਾਈ। ਇੱਕ ਵਾਧਾ ਹੋਰ ਹੋਇਆ ਕਿ ਜਿੱਥੇ ਡੇਰੇ ਵਿੱਚ ਧਾਰਮਕ ਵਿੱਦਿਆ ਹੀ ਪੜ੍ਹਾਈ ਜਾਂਦੀ ਸੀ । ਉੱਥੇ ਸਕੂਲੀ ਵਿੱਦਿਆ ਵੀ ਪਹਿਲੀ ਜਮਾਤ ਤੋਂ ਐਮ. ਏ. ਅਤੇ ਪੀ.ਐਚ. ਡੀ ਤੱਕ ਪ੍ਰੜਾਉਣੀ ਸ਼ੁਰੂ ਕੀਤੀ । ਫੀਸਾਂ, ਕਿਤਾਬਾਂ, ਵਸਤਰਾਂ, ਆਦਿ ਦਾ ਇਤਜਾਮ ਸਾਰਾ ਡੇਰੇ ਵੱਲੋਂ ਕੀਤਾ ਜਾਂਦਾ ਸੀ। ਲੰਗਰ 24 ਘੰਟੇ ਆਯੁਵੈਦਿਕ ਦਵਾਈਆਂ ਹਰ ਵਕਤ ਮੁਫਤ ਤੇ ਵਿੱਦਿਆ ਦਾ ਡੰਡਾਰਾ, ਹਰ ਵਕਤ ਖੁੱਲ੍ਹਾ ਰੱਖਦੇ ਸਨ।
ਇਹ ਤਿੰਨੇ ਲੰਗਰ, ਵਿੱਦਿਆ ਦਾ, ਪਰਸਾਦੇ ਦਾ ਤੇ ਦਵਾਈਆਂ ਦਾ ਡੇਰੇ ਵਿੱਚ ਹੁਣ ਵੀ ਚੱਲ ਰਹੇ ਹਨ। ਆਪ ਜੀ ਦਾ ਆਪਣਾ ਜੀਵਨ ਬੜਾ ਸਾਦਾ ਸੀ ਗੇਰਵੇ ਬਸਤਰ, ਗਾਤੀ ਨਿਰਮਲੇ ਸੰਤਾ ਦਾ ਪਹਿਰਾਵਾ ਰਖਦੇ ਸਨ । ਸਤਿਗੁਰੂ ਜੀ ਨੇ ਜਿਹੜੇ ਸੰਤ ਦੇ ਗੁਣ ਗੁਰਬਾਣੀ ਵਿੱਚ ਲਖਣ ਬਿਆਨ ਕੀਤੇ ਹਨ, ਉਹ ਆਪ ਜੀ ਵਿੱਚ ਪ੍ਰਤੱਖ ਸਨ ।
ਜਿਨ੍ਹਾਂ ਸਾਸ ਗਿਰਾਸ ਨ ਵੀਸਰੈ ਹਰਿ ਨਾਮਾ ਮਨਮੰਤ ॥ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ॥ ਜਿਥੈ ਬੈਸਨਿ ਸਾਧ ਜਨ ਸੁ ਥਾਨ ਸੁਹੰਦਾ॥ ਉਹ ਸੇਵਨ ਸੰਮ੍ਰਥ ਆਪਣਾ ਬਿਨਸੈ ਸਭ ਮੰਦਾ॥
ਬ੍ਰਹਮ ਗਿਆਨੀ ਮਹੰਤ ਲਾਲ ਸਿੰਘ ਜੀ ਮਹਾਂਰਾਜ ਜੀ ਗੁਰਮਤਿ ਵੇਦਾਂਤ ਤੇ ਆਯੁਰਵੇਦਿਕ ਦੇ ਮਹਾਨ ਵਿਦਵਾਨ ਸਨ।
ਆਪ ਜੀ ਦੀ ਪ੍ਰਤਿਭਾ ਬੜ੍ਹੀ ਪ੍ਰਭਾਵਸ਼ਾਲੀ ਦਰਸ਼ਨੀ ਸੀ। ਸੁੰਦਰ ਸਰੀਰ ਸੀ । ਬਚਨ ਦ੍ਰਿੜ ਤੇ ਸੱਚਾ ਕਰਦੇ ਸਨ । ਦਇਆ ਦੇ ਭੰਡਾਰ ਸਨ। ਗਰੀਬ ਤੇ ਲਾਵਾਰਿਸ ਰੋਗੀਆਂ ਦੀ ਸੇਵਾ ਵਿਦਿਆਰਥੀਆਂ ਨੂੰ ਮੁੱਢਲੀ ਸ਼੍ਰੇਣੀ ਤੋਂ ਲੈ ਕੇ ਪੀ.ਐਚ.ਡੀ. ਤੱਕ ਵਿੱਦਿਆ ਦਵਾਉਂਦੇ ਸਨ। ਨਿਰਮਲ ਭੇਖ ਦੇ ਅਤਿਅੰਤ ਸ਼ੁਭਚਿੰਤਕ ਸਨ ।
ਗੁਰਦੁਆਰਾ ਐਕਟ ਬਾਰੇ ਆਪ ਜੀ ਨੇ ਬੜੀ ਸਰਗਰਮੀ ਨਾਲ ਹਿੱਸਾ ਲਿਆ। ਦਿੱਲੀ ਵਿਚ ਇੱਕ ਵਾਰ ਮਾ: ਤਾਰਾ ਸਿੰਘ ਦੀ ਅਗਵਾਈ ਹੇਠ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇ ਇੱਕ ਮੂਕ ਜਲੂਸ ਨਿਕਲਿਆ ਸੀ। ਉਸ ਵਿੱਚ ਪਹਿਲੇ ਪੰਜਾਂ ਮਹਾਂਪੁਰਸ਼ਾਂ ਵਿੱਚ ਸ਼ਾਮਿਲ ਹੋਏ । ਉਸ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਸ਼੍ਰੀਮਾਨ ਮਹੰਤ ਮੂਲ ਸਿੰਘ ਜੀ ਦੀ ਆਦਿ 5 ਸੰਤਾਂ ਨਾਲ ਜਲੂਸ ਦੀ ਅਗਵਾਈ ਕੀਤੀ ਸੀ ।
ਸਾਧੂ ਸਮਾਜ ਦੇ ਸਥਾਨਾਂ ਦੇ ਰੱਖਿਆ ਅਤੇ ਤਰੱਕੀ ਲਈ ਬੜੀ ਦ੍ਰਿੜ੍ਹਤਾ ਨਾਲ ਸੰਘਰਸ਼ ਕੀਤਾ। ਨਿਰਮਲ ਭੇਖ ਦੀ ਮੁੱਖ ਸੰਸਥਾ ਸਰਵ ਹਿੰਦ ਨਿਰਮਲ ਮਹਾਂ ਮੰਡਲ ਅਮ੍ਰਿਤਸਰ ਰਜਿ: ਦੇ ਪਹਿਲੇ 1974 ਮੀਤ ਪ੍ਰਧਾਨ ਤੇ ਫਿਰ 27.7.75 ਨੂੰ ਪ੍ਰਧਾਨ ਚੁਣੇ ਗਏ। ਆਪ ਇਸ ਪਦ ਤੇ 10.4.85 ਤੱਕ ਰਹੇ ਆਪ ਜੀ ਦੀ ਇਸ ਸਮੇਂ ਦੀ ਸੇਵਾ ਉਲੇਖਨੀਯ ਹੈ। ਆਪ ਸਭਾ ਦੇ ਸ਼ਿੰਗਾਰ ਸਨ । ਵਿਅਕਤੀਤਵ ਪ੍ਰਭਾਵਸ਼ਾਲੀ ਸੀ । ਵਿਚਾਰ ਵਾ ਦਲੀਲ ਸਪਸ਼ਟ ਦਿੰਦੇ ਸਨ।
ਆਪਣੇ ਜੀਵਨ ਕਾਲ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਿਰਮਲ ਆਸ਼ਰਮ ਪਿੰਡ ਟੇਕਰੀਆਣਾ ਵਿਚ ਨਿਰਮਲ ਬਗੀਚੀ, ਪਿੰਡ ਹਰਸੀ ਪਿੰਡ ਵਿਖੇ ਨਿਰਮਲ ਕੁਟੀਆ ਅਤੇ ਅੰਤਰਜਾਮੀਆਂ ਕਲੋਨੀ ਵਿੱਚ ਅੰਤਰਜਾਮੀ ਡੇਰਾ ਨੰ:2 ਧਰਮ ਪ੍ਰਚਾਰ ਹਿੱਤ ਸਥਾਨ ਕਾਇਮ ਕੀਤੇ।
ਇਸ ਤਰ੍ਹਾਂ ਬੇਅਬਾਦ ਸਥਾਨ ਡੇਰਾ ਨਿਰਮਲਿਆਂ ਦੀ ਵੱਡੀ ਧਰਮਸ਼ਾਲਾ ਸ੍ਰੀ ਗੁਰੂ ਹਰਗੋਬਿੰਦਪੁਰ ਤੇ ਪਿੰਡ ਲੱਧਾ ਹੁਸ਼ਿਆਰਪੁਰ ਅਤੇ ਡੇਰਾ ਨਿਰਮਲ ਆਸ਼ਰਮ ਪਿੰਡ ਰੜਾ ਆਦਿ ਡੇਰਿਆਂ ਦੀ ਸੰਭਾਲ ਕਰਕੇ ਮੁੜ ਡੇਰੇ ਕਾਇਮ ਕੀਤੇ।
ਡੇਰਾ ਅੰਤਰਯਾਮੀਆਂ ਅੰਮ੍ਰਿਤਸਰ ਵਿੱਚ ਆਪਣੇ ਵੱਡਿਆਂ ਦੀ ਬਹੁਤ ਸੁੰਦਰ ਸਮਾਧ ਤਿਆਰ ਕਰਵਾਈ ਲੰਗਰ ਦਾ ਪ੍ਰਵਾਹ, ਵਿੱਦਿਆ ਦਾ ਪ੍ਰਵਾਹ ਤੇ ਦਵਾਈਆਂ ਦਾ ਅਤੁੱਟ ਪ੍ਰਵਾਹ ਚਲਾਇਆ।
ਆਪ ਜੀ ਨੇ ਆਪਣੇ ਆਪਣੇ ਚੇਲੇ ਸੰਤ ਤੇਜਾ ਸਿੰਘ ਜੀ ਨੂੰ ਮਹੰਤੀ ਦਿੰਦੇ ਹੋਏ ਜੀਵਨ ਕਾਲ ਵਿੱਚ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਜਿਹੜੀਆਂ ਰਸਮਾਂ ਮਰਨ ਉਪਰੰਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਆਪਣੇ ਜੀਵਨ ਕਾਲ ਵਿੱਚ ਕਰ ਦਿੱਤੀਆਂ।
ਜਿਵੇਂ ਆਪ ਜੀ ਦੇ ਬਹੁਤ ਸਾਰੇ ਚੇਲੇ ਸਨ। ਪਰ 18.5.1982 ਨੂੰ ਸੰਤ ਤੇਜਾ ਸਿੰਘ ਐਮ.ਏ. ਨੂੰ ਡੇਰਾ ਗੁਰੂ ਸਰ ਖੁੱਡਾ ਦੀ ਜਾਇਦਾਦ ਦੀ ਵਸੀਅਤ ਕਰ ਦਿੱਤੀ ਤੇ ਡੇਰਾ ਅੰਤਰਯਾਮੀਆਂ ਅੰਮ੍ਰਿਤਸਰ ਦਾ ਮੁਖਤਿਆਰੇ ਆਮ ਕਾਇਮ ਕੀਤਾ। ਇਸ ਪਿੱਛੋਂ 10.4.85 ਨੂੰ ਆਪਣੇ ਚੇਲੇ ਸੰਤ ਤੇਜਾ ਸਿੰਘ ਨੂੰ ਡੇਰੇ ਦਾ ਆਪਣੇ ਹੱਥੀਂ ਮਹੰਤ ਕਾਇਮ ਕੀਤਾ।
ਇਸ ਸਮੇਂ ਸੰਤ ਤੇਜਾ ਸਿੰਘ ਜੀ ਦਾ ਬਹੁਤ ਵਿਰੋਧ ਹੋਇਆ ਪਰ ਆਪ ਜੀ ਬਹੁਤ ਦ੍ਰਿੜ੍ਹ ਇਰਾਦੇ ਵਾਲੇ ਸਨ। ਕੀਤੇ ਹੋਏ ਫੈਸਲੇ ਤੋਂ ਪਿੱਛੇ ਨਹੀਂ ਸਨ ਹੱਟਦੇ। ਵਿਰੋਧ ਦੇ ਬਾਵਜੂਦ 10.4.85 ਨੂੰ ਸੰਤ ਤੇਜਾ ਸਿੰਘ ਜੀ ਨੂੰ ਜੀਉਂਦੇ ਜੀਅ ਡੇਰਾ ਗੁਰੂ ਸਰ ਖੁੱਡਾ ਦਾ ਮਹੰਤ ਕਾਇਮ ਕਰ ਦਿੱਤਾ। ਆਪ ਵਿਚ ਪੂਰਣ ਸੰਤਾਂ ਵਾਲੇ ਸਾਰੇ ਗੁਣ ਸਨ। ਮਹੰਤੀ ਦੇਣ ਪਿੱਛੋਂ 3 ਸਾਲ 9 ਮਹੀਨੇ ਸੰਸਾਰ ਵਿੱਚ ਰਹੇ। ਇਸ ਅਰਸੇ ਵਿੱਚ ਲਗਾਤਾਰ 20-20 ਘੰਟੇ ਨਾਮ ਅਭਿਆਸ ਵਿੱਚ ਲੱਗੇ ਰਹਿੰਦੇ ਸਨ।
ਆਪ ਨੇ 3 ਸਾਲ 9 ਮਹੀਨੇ 10.4.85 ਨੂੰ ਸੰਤ ਤੇਜਾ ਸਿੰਘ ਜੀ ਦੀ ਰਸਮ ਪਗੜੀ ਕਰਨ ਬਾਅਦ ਆਪਣੇ ਬਾਰੇ ਇਹ ਵਚਨ ਕੀਤਾ ਕਿ ਮੈਂ ਪੌਣੇ ਚਾਰ ਸਾਲ ਹੋਰ ਰਹਿਣਾ ਹੈ। 4.12.88 ਨੂੰ ਜਦੋਂ ਸਰੀਰ ਥੋੜ੍ਹਾ ਜਿਹਾ ਢਿੱਲਾ ਹੋਇਆ ਤਾਂ ਬਚਨ ਕੀਤਾ ਕਿ ਅੱਜ ਤੋਂ 9ਵੇਂ ਦਿਨ ਸਚਖੰਡ ਪਿਆਨਾ ਕਰ ਜਾਣਾ ਹੈ । ਹੁਣ ਸਮਾਂ ਸਮਾਪਤ ਹੈ। ਅਸੀਂ ਆਪਣੇ ਸਾਰੇ ਕੰਮ ਪੂਰੇ ਕਰ ਲਏ ਹਨ। ਕੋਈ ਇੱਛਾ ਬਾਕੀ ਨਹੀਂ ਰਹੀ। ਪ੍ਰਮਾਤਮਾ ਦੇ ਸਿਮਰਣ ਵਿੱਚ ਹੀ ਸਮਾਂ ਪੂਰਾ ਕਰਕੇ ਜਾਣਾ ਹੈ।
ਇਸ ਤਰ੍ਹਾਂ ਹੀ ਹੋਇਆ ਅੰਤ 12.12.88 ਨੂੰ ਦਿਨ ਦੇ ਸਵਾ ਦੋ ਵਜੇ ਬ੍ਰਹਮ ਗਿਆਨੀ ਵਾਲਾ ਸੱਚਾ ਤੇ ਸੁੱਚਾ ਬੇਦਾਗ ਜੀਵਨ ਜਿਉ ਕੇ:
ਸੂਰਜ ਕਿਰਣ ਮਿਲੀ ਜਲ ਕਾ ਜਲ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਣ ਥੀਆ ਰਾਮ॥
ਬ੍ਰਹਮ ਵਿੱਚ ਹਮੇਸ਼ਾਂ ਲਈ ਅਭੇਦ ਹੋ ਗਏ। ਡੇਰੇ ਵਿੱਚ ਆਪ ਜੀ ਦੀ ਯਾਦ ਵਿੱਚ ਬੜੀ ਸੁੰਦਰ ਸਮਾਧੀ ਬਣੀ ਹੋਈ ਹੈ। ਉਨ੍ਹਾਂ ਦੇ ਜੀਵਨ ਕਾਲ ਵਿੱਚ ਪਾਈਆਂ ਪਿਰਤਾਂ ਡੇਰੇ ਵਿੱਚ ਅਜੇ ਵੀ ਕਾਇਮ ਹਨ। ਵਿੱਦਿਆ: ਦਵਾ ਦਾਰੂ ਤੇ ਲੋਕ ਸੇਵਾ ਚੜ੍ਹਦੀ ਕਲਾ ਵਿੱਚ ਹੋ ਰਹੀ ਹੈ।
ਸ੍ਰੀਮਾਨ ਮਹੰਤ ਲਾਲ ਸਿੰਘ ਜੀ ਦੇ ਬਹੁਤ ਸਾਰੇ ਚੇਲੇ ਸਨ ਪਰ ਉਹਨਾਂ ਵਿੱਚੋਂ ਆਪਣੇ ਜੀਵਨ ਕਾਲ ਵਿੱਚ ਹੀ ਭਾਵ ਸਰੀਰ ਤਿਆਗਣ ਤੇ 3 ਸਾਲ 9 ਮਹੀਨੇ ਪਹਿਲੇ ਚੇਲੇ ਸੰਤ ਤੇਜਾ ਸਿੰਘ ਨੂੰ ਮਹੰਤੀ ਦੀ ਦਸਤਾਰ ਬੰਦੀ ਕਰਕੇ ਡੇਰੇ ਦਾ ਕਾਰੋਬਾਰ ਦਿੱਤਾ।
ਆਪਣੇ ਜੀਵਨ ਕਾਲ ਵਿੱਚ ਡੇਰਾ ਅੰਤਰਯਾਮੀ ਅੰਮ੍ਰਿਤਸਰ ਨਿਰਮਲ ਬਗੀਚੀ ਟੇਰਰਿਆਣਾ, ਨਿਰਮਲ ਕੁਟੀਆ ਹਰਸ਼ੀ ਪਿੰਡ, ਨਿਰਮਲ ਆਸ਼ਰਮ ਰੜ੍ਹ ਟਾਹਲੀ, ਧਰਮਸ਼ਾਲਾ ਨਿਰਮਲਿਆ, ਨਿਰਮਲ ਡੇਰਾ ਲੱਧਾ ਹੁਸ਼ਿਆਰਪੁਰ, ਨਿਰਮਲ ਆਸ਼ਮਰ ਨਵੀਂ ਅਬਾਦੀ ਆਨੰਦਪੁਰ ਸਾਹਿਬ ਆਦਿ ਸਥਾਨਾ ਦਾ ਸੰਚਾਲਣ ਤੇ ਸਥਾਪਨਾ ਕੀਤੀ। ਬਹੁਤ ਬਾਰੇ ਪ੍ਰਾਣੀਆਂ ਨੂੰ ਗੁਰਮਤਿ ਦੀ ਵਿੱਦਿਆ ਦਿੱਤੀ ਅਮ੍ਰਿਤਪਾਨ ਕਰਵਾ ਕੇ ਗੁਰੂ ਦੇ ਲੜ੍ਹ ਲਾਇਆ, ਗਰੀਬਾਂ ਦੀ ਲੋੜ ਮੰਦਾਂ ਦੀ ਲੋੜਾਂ ਪੂਰੀਆਂ ਕਰਦਿਆਂ ਪਰਉਪਕਾਰੀ ਜੀਵਨ ਜਿਉਂਦਿਆਂ ਅਤੇ 12.12.1988 ਨੂੰ ਬ੍ਰਹਮ ਲੀਨ ਹੋ ਗਏ।