Nagar Kirtan to be held on October 7 to mark the birth anniversary of the fourth Guru, Sri Guru Ram Das Ji
ਸ਼੍ਰੋਮਣੀ ਕਮੇਟੀ ਦੇ ਮੈਨੇਜਰ ਸ. ਧੰਗੇੜਾ ਨੇ ਗਤਕਾ ਅਖਾੜਿਆਂ ਦੇ ਮੁਖੀਆਂ ਨਾਲ ਕੀਤੀ ਇਕੱਤਰਤਾ
ਅੰਮ੍ਰਿਤਸਰ, 4 ਅਕਤੂਬਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ)-
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 7 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਸ਼ਮੂਲੀਅਤ ਲਈ ਅੱਜ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਵੱਖ-ਵੱਖ ਗਤਕਾ ਅਖਾੜਿਆਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦਿੱਤਾ। ਇਸ ਮੌਕੇ ਗੱਲ ਕਰਦਿਆਂ ਸ. ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਥੇ ਵਿਸ਼ੇਸ਼ ਤੌਰ ’ਤੇ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ, ਉਥੇ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਨਤਮਸਤਕ ਹੁੰਦੀਆਂ ਹਨ।
ਸ. ਧੰਗੇੜਾ ਨੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 7 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 10:00 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਪੁਰਾਤਨ ਸ਼ਹਿਰ ਦੇ ਬਾਹਰਵਾਰ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਗਤਕਾ ਅਖਾੜਿਆਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਸਬੰਧੀ ਵਿਚਾਰ ਕੀਤੀ ਗਈ ਹੈ। ਉਨ੍ਹਾਂ ਸੰਗਤਾਂ ਨੂੰ ਜਿਥੇ ਗੁਰਪੁਰਬ ਸਮਾਗਮਾਂ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ, ਉਥੇ ਹੀ ਨਗਰ ਕੀਰਤਨ ਦੇ ਰਸਤਿਆਂ ਦੀ ਸਾਫ਼-ਸਫ਼ਾਈ ਅਤੇ ਸਵਾਗਤ ਵਾਸਤੇ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਸੁਪਰਵਾਈਜ਼ਰ ਸ. ਗੁਰਦੇਵ ਸਿੰਘ, ਗਤਕਾ ਮਾਸਟਰ ਸ. ਹਰਜੀਤ ਸਿੰਘ ਹੀਰਾ, ਸ. ਹਰੀ ਸਿੰਘ, ਸ. ਸੁਖਵੰਤ ਸਿੰਘ ਬਿੱਟੂ, ਭਾਈ ਅਰਜਨ ਸਿੰਘ, ਸ. ਦਲੇਰ ਸਿੰਘ, ਸ. ਅੰਮ੍ਰਿਤਪਾਲ ਸਿੰਘ, ਸ. ਕੁਲਦੀਪ ਸਿੰਘ, ਸ. ਗੁਰਦੀਪ ਸਿੰਘ, ਸ. ਬਲਦੇਵ ਸਿੰਘ, ਸ. ਜਤਿੰਦਰ ਸਿੰਘ ਆਦਿ ਮੌਜੂਦ ਸਨ।