ਏਹਿ ਭਿ ਦਾਤਿ ਤੇਰੀ ਦਾਤਾਰ, ਨੂੰ ਗੱਡੀਆਂ/ ਘਰਾਂ ਉਪਰ ਲਿਖਾਉਣ ਵਾਲਿਆਂ ਦੇ ਧਿਆਨ ਹਿਤ

23 May 2026 | 295 Views

ਏਹਿ ਭਿ ਦਾਤਿ ਤੇਰੀ ਦਾਤਾਰ, ਨੂੰ ਗੱਡੀਆਂ/ ਘਰਾਂ ਉਪਰ ਲਿਖਾਉਣ ਵਾਲਿਆਂ ਦੇ ਧਿਆਨ ਹਿਤ

 This is for the attention of those who write on their cars/houses, O Lord

 

ਏਹਿ ਭਿ ਦਾਤਿ ਤੇਰੀ ਦਾਤਾਰ ॥‌(ਜਪੁ-੫)

 

ਵਿਚਾਰ- ਗੁਰੂ ਨਾਨਕ ਸਾਹਿਬ ਵਲੋਂ ਉਚਾਰਨ ਕੀਤੀ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੀ ਬਾਣੀ, ਸਿੱਖ ਦੇ ਨਿਤਨੇਮ ਦੀ ਪਹਿਲੀ ਬਾਣੀ 'ਜਪੁ' ਜਿਸਨੂੰ ਅਸੀਂ ਸਤਿਕਾਰ ਨਾਲ ਜਪੁਜੀ ਸਾਹਿਬ ਆਖਦੇ ਹਾਂ, ਦੀ ਪਉੜੀ ਨੰ. 25 ਦੀ ਤੁਕ ਨੰਬਰ 9 ਸਾਡੇ ਚੇਤਿਆਂ ਵਿਚ ਪੂਰੀ ਤਰਾਂ ਉਕਰੀ ਹੋਈ ਹੈ। 

ਇਸ ਤੁਕ ਦੀ ਪ੍ਰਚਲਿਤ ਵਰਤੋਂ ਅਕਸਰ ਹੀ ਜਦੋਂ ਕਿਸੇ ਸਿੱਖ ਵਲੋਂ ਖ੍ਰੀਦੀ ਨਵੀਂ ਗੱਡੀ/ ਕਾਰ/ਕੋਠੀ ਆਦਿ ਉਪਰ ਲਿਖਵਾਇਆ ਜਾਂਦਾ ਹੈ ਤਾਂ ਇਸ ਤੁਕ ਦੇ ਅਰਥ ਇਹ ਲਏ ਜਾਂਦੇ ਹਨ ਕਿ ਇਹ ਜੋ ਕਾਰ/ ਗੱਡੀ/ ਕੋਠੀ ਆਦਿ ਦੇ ਅਸੀਂ ਮਾਲਕ ਬਣੇ ਹਾਂ, ਇਹ ਦਾਤਾਰ ਅਕਾਲ ਪੁਰਖ ਦੀ ਦਾਤ ਵਜੋਂ ਸਾਨੂੰ ਪ੍ਰਾਪਤ ਹੋਈ ਹੈ।

 ਜਿਥੋਂ ਤੱਕ ਇਸ ਤੁਕ ਨੂੰ ਇਸ ਰੂਪ ਵਿਚ ਵਰਤਿਆ ਜਾ ਰਿਹਾ ਹੈ ਜੇ ਸਹੀ ਅਰਥਾਂ ਵਿਚ ਐਸੀ ਭਾਵਨਾ ਹੋਏ ਤਾਂ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਗੁਰਬਾਣੀ ਫੁਰਮਾਣ 'ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ' (੨੫੭) ਅਨੁਸਾਰ ਜੀਵਾਂ ਨੂੰ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਉਹ ਪ੍ਰਮੇਸ਼ਰ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ।

 ਸਾਨੂੰ ਉਸ ਦਾਤਾਰ ਪ੍ਰਮੇਸ਼ਰ ਨੂੰ ਹਰ ਸਮੇਂ 'ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ' (੬੫੨) 'ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ' (੪੭੪) ਯਾਦ ਰੱਖਦੇ ਹੋਏ ਸ਼ੁਕਰਾਨੇ ਦਾ ਪ੍ਰਗਟਾਵਾ ਕਰਨਾ ਚੰਗੀ ਗੱਲ ਹੈ।

 

ਪ੍ਰੰਤੂ ਆਪਾਂ ਜਪੁ ਬਾਣੀ ਦੀ ਜਿਸ ਪੰਕਤੀ ਨੂੰ ਆਧਾਰ ਬਣਾ ਕੇ ਵਿਚਾਰ ਕਰ ਰਹੇ ਹਾਂ, ਪੂਰੀ ਪਉੜੀ ਦੀ ਵਿਚਾਰ ਅਤੇ ਇਸ ਤੁਕ ਤੋਂ ਪਹਿਲੀ ਤੁਕ ਵੀ ਨਾਲ ਜੋੜ ਕੇ ਪੜ੍ਹਣ-ਵਿਚਾਰਣ ਨਾਲ ਇਥੇ ਅਰਥ ਹੋਰ ਹੀ ਸਾਹਮਣੇ ਆਉਂਦੇ ਹਨ-

 

ਬਹੁਤਾ ਕਰਮੁ ਲਿਖਿਆ ਨਾ ਜਾਇ॥ ਵਡਾ ਦਾਤਾ ਤਿਲੁ ਨ ਤਮਾਇ॥ 

ਕੇਤੇ ਮੰਗਹਿ ਜੋਧ ਅਪਾਰ॥ ਕੇਤਿਆ ਗਣਤ ਨਹੀ ਵੀਚਾਰੁ॥

ਕੇਤੇ ਖਪਿ ਤੁਟਹਿ ਵੇਕਾਰ ॥ 

ਕੇਤੇ ਲੈ ਲੈ ਮੁਕਰੁ ਪਾਹਿ॥ ਕੇਤੇ ਮੂਰਖ ਖਾਹੀ ਖਾਹਿ॥‌

ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ ।।

 ਬੰਦ ਖਲਾਸੀ ਭਾਣੈ ਹੋਇ ॥ ਰੋਰੁ ਆਖਿ ਨ ਸਕੈ ਕੋਇ॥

 ਜੇ ਕੋ ਖਾਇਕੁ ਆਖਣਿ ਪਾਇ॥ ਓਹੁ ਜਾਣੈ ਜੇਤੀਆ ਮੁਹਿ ਖਾਇ॥ 

ਆਪੇ ਜਾਣੈ ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥

 ਜਿਸਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਸਾਹੀ ਪਾਤਿਸਾਹੁ ॥੨੫॥

(ਜਪੁ-੫)

 

ਅਰਬ- ਅਕਾਲ ਪੁਰਖ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ ਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ। 

ਬੇਅੰਤ ਸੂਰਮੇ ਅਕਾਲ ਪੁਰਖ ਦੇ ਦਰ ਤੇ ਮੰਗ ਰਹੇ ਹਨ। ਮੰਗਣ ਵਾਲੇ ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ। 

ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਿਕਾਰਾਂ ਵਿਚ ਹੀ ਖਪ-ਖਪ ਕੇ ਨਾਸ ਹੁੰਦੇ ਹਨ। ਬੇਅੰਤ ਜੀਵ ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁਕਰ ਪੈਂਦੇ ਹਨ ਭਾਵ ਕਦੇ ਸ਼ੁਕਰ ਵਿਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ।

 ਅਨੇਕਾਂ ਮੂਰਖ ਪਦਾਰਥ ਲੈ ਕੇ ਖਾਹੀ ਹੀ ਜਾਂਦੇ ਹਨ, ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ। 

ਅਨੇਕਾਂ ਜੀਵਾਂ ਨੂੰ ਸਦਾ ਮਾਰ,ਕਲੇਸ਼ ਅਤੇ ਭੁੱਖ ਹੀ ਭਾਗਾਂ ਵਿਚ ਲਿਖੇ ਹਨ। ਪਰ ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖਸ਼ਿਸ਼ ਹੀ ਹੈ ਕਿਉਂਕਿ ਇਨ੍ਹਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ।

 ਮਾਇਆ ਦੇ ਮੋਹ ਰੂਪ ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ। 

ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾਂ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ। 

ਪਰ ਜੇਕਰ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ ਇਸ ਮੂਰਖਤਾ ਦੇ ਕਾਰਨ ਆਪਣੇ ਮੂੰਹ ਉਤੇ ਖਾਂਦਾ ਹੈ ਭਾਵ ਕੂੜ ਤੋਂ ਬਚਣ ਲਈ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ਕੂੜ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ। 

ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਦਾਤਾਂ ਦੇਂਦਾ ਹੈ। ਅਨੇਕਾਂ ਮਨੁੱਖ ਭੀ ਇਹ ਗੱਲ ਆਖਦੇ ਹਨ ਕਿਉਂਕਿ ਸਾਰੇ ਨਾ- ਸ਼ੁਕਰੇ ਹੀ ਨਹੀਂ ਹਨ। 

ਹੇ ਨਾਨਕ ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਕਿਉਂਕਿ ਸਿਫਤ ਸਾਲਾਹ ਹੀ ਸਭ ਤੋਂ ਉੱਚੀ ਦਾਤ ਹੈ।

 

ਜਪੁਜੀ ਸਾਹਿਬ ਦੀ ਇਸ ਪੂਰੀ ਪਉੜੀ ਨੰ. 25 ਦੀ ਵਿਚਾਰ ਤੋਂ ਸਪਸ਼ਟ ਹੈ ਕਿ ਪ੍ਰਮਾਤਮਾ ਦੀਆਂ ਵੱਖ-ਵੱਖ ਬਖਸ਼ਿਸ਼ਾਂ ਨੂੰ ਜੀਵ ਵਰਤਦੇ ਤਾਂ ਹਨ, ਪਰ ਅਸਲੀਅਤ ਦੀ ਸਮਝ ਵਿਰਲਿਆਂ ਦੇ ਹਿੱਸੇ ਵਿਚ ਪੈਂਦੀ ਹੈ। ਉਸ ਦੀ ਰਜ਼ਾ ਭਾਣੇ ਵਿਚ ਵਿਚਰਣ ਵਾਲੇ ਹੀ ਉਸ ਦੀਆਂ ਬਖਸ਼ਿਸ਼ਾਂ ਦੀ ਕੀਮਤ ਜਾਣ ਸਕਦੇ ਹਨ।

 

ਜਿਨ੍ਹਾਂ ਨੂੰ ਰਜ਼ਾ, ਭਾਣੇ ਵਿਚ ਚੱਲਣ ਦੀ ਜਾਚ ਆ ਜਾਂਦੀ ਹੈ ਉਹ ਫਿਰ ਕੇਵਲ ਸੁੱਖ ਰੂਪੀ ਦਾਤਾਂ ਲਈ ਹੀ ਪ੍ਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ ਜੇ ਕਿਤੇ ਜੀਵਨ ਵਿਚ ਦੁੱਖ ਵੀ ਆ ਜਾਵੇ ਤਾਂ ਉਸ ਨੂੰ ਵੀ ਪ੍ਰਮੇਸ਼ਰ ਦੀ ਬਖਸ਼ਿਸ਼ ਸਮਝ ਕੇ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੀ ਜੀਵਨ ਅਵਸਥਾ ਗੁਰਬਾਣੀ ਦੇ ਹੁਕਮ ਅਨੁਸਾਰੀ ਬਣ ਜਾਂਦੀ ਹੈ-

 

ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ 

ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖਿ ਮਨਾਈ ॥੩॥

(ਸੂਹੀ ਮਹਲਾ ੪-੭੫੭)

 

ਭਾਵ ਕਿ ਇਸ ਵਿਸ਼ਾ ਅਧੀਨ ਤੁਕ ਦੀ ਪ੍ਰਚਲਿਤ ਵਿਚਾਰ ਅਨੁਸਾਰ ਕੋਈ ਵੀ ਗੱਲ ਇਥੇ ਨਹੀਂ ਕੀਤੀ ਗਈ। ਸਹੀ ਸਿਧਾਂਤਕ ਵਿਚਾਰ ਤਕ ਪਹੁੰਚਣ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਇਕ ਤੁਕ ਵੀ ਵਿਚਾਰ ਵੱਖਰੇ ਰੂਪ ਵਿਚ ਕਰਨ ਦੀ ਥਾਂ ਤੇ ਪੂਰੇ ਸ਼ਬਦ/ ਪਉੜੀ/ ਪਦੇ ਅੰਦਰ ਦਰਸਾਈ ਵਿਚਾਰ ਦੇ ਪਰਿਖੇਪ (Context) ਵਿਚ ਉਸਨੂੰ ਸਮਝਣ ਦਾ ਯਤਨ ਕਰੀਏ। ਫਿਰ ਭੁਲੇਖੇ ਦੀ ਕਦੀ ਗੁੰਜਾਇਸ਼ ਨਹੀਂ ਰਹੇਗੀ।

 

ਇਸ ਲੇਖ ਰਾਹੀਂ ਦਿਤਾ ਗਿਆ ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। 

ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿਚ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ' (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

 

ਲੇਖਕ: ਭਾਈ ਸੁਖਜੀਤ ਸਿੰਘ ਕਪੂਰਥਲਾ 

ਗੁਰਮਤਿ ਪ੍ਰਚਾਰਕ/ ਕਥਾ ਵਾਚਕ  

ਪੁਸਤਕ (ਗੁਰਬਾਣੀ ਦੀ ਪ੍ਰਚਲਿਤ-ਸਹੀ ਵਰਤੋਂ, ਵਿੱਚੋਂ)

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ SIKH BOOKS

Tags: Punjabi sikh KESARI VIRASAT

Published on: 23 May 2026

Gurpreet Singh Sandhu
+91 9592669498
📣 Share this post

Latest News

Browse the newest posts, featured stories, and curated updates from our latest publication.

View all