ਗੁਰੂ ਸਿਧਾਂਤ ਪਹਿਲਾਂ ਹੈ ਗੁਰੂ ਪੁੱਤਰ ਬਾਅਦ ਵਿੱਚ : 7ਵੇਂ ਪਾਤਸ਼ਾਹ ਹਰਿ ਰਾਇ ਸਾਹਿਬ

01 Feb 2026 | 220 Views

ਗੁਰੂ ਸਿਧਾਂਤ ਪਹਿਲਾਂ ਹੈ ਗੁਰੂ ਪੁੱਤਰ ਬਾਅਦ ਵਿੱਚ : 7ਵੇਂ ਪਾਤਸ਼ਾਹ ਹਰਿ ਰਾਇ ਸਾਹਿਬ

Guru's principle comes first, Guru's son comes later: 7th King Hari Rai Sahib

*7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ*

 

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ 1469 ਈਸਵੀ ਸਿੱਖ ਧਰਮ ਦੀ ਆਰੰਭਤਾ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੈਵ ਕਾਲ ਲਈ ਗੁਰਤਾ ਗੱਦੀ ਉਪਰ ਬਿਰਾਜਮਾਨ ਕਰਨ ਉਪਰੰਤ ਜੋਤੀ ਜੋਤਿ ਸਮਾਉਣ 1708 ਈਸਵੀ ਤੱਕ 10 ਗੁਰੂ ਸਾਹਿਬਾਨ ਵੱਲੋਂ ਲਗਭਗ 239 ਸਾਲਾਂ ਦੀ ਘਾਲੀ ਗਈ ਲੰਮੀ ਅਣਥੱਕ ਘਾਲਣਾ ਵਾਲੇ ਸੂਤਰ ਬੱਧ ‌ਪ੍ਰੋਗਰਾਮ ਵਿੱਚ ਸ਼ਾਮਲ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ 1630 ਈਸਵੀ ਨੂੰ ਪਿਤਾ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਕੀਰਤਪੁਰ ਸਾਹਿਬ ਵਿਖੇ ਹੋਇਆ। 

 

ਪਰਿਵਾਰਕ ਰਿਸ਼ਤਿਆਂ ਵਿੱਚ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਦੇ ਦਾਦਾ ਜੀ, ਬਾਬਾ ਧੀਰ ਮੱਲ ਜੀ ਆਪ ਦੇ ਵੱਡੇ ਭਰਾ ਅਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਦੇ ਚਾਚਾ ਜੀ ਲੱਗਦੇ ਸਨ। ਬਾਬਾ ਰਾਮ ਰਾਇ ਵੱਡੇ ਅਤੇ (ਗੁਰੂ) ਹਰਿਕ੍ਰਿਸ਼ਨ ਸਾਹਿਬ ਜੀ ਆਪ ਜੀ ਦੇ ਛੋਟੇ ਸਪੁੱਤਰ ਸਨ।

 

6ਵੇਂ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ 1644 ਈਸਵੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗਈ। 

 

ਗੁਰਤਾ ਗੱਦੀ ਦੇ ਇਤਿਹਾਸ ਵਿੱਚ ਇੱਕ ਵਿਸਮਾਦੀ ਪੰਨਾ ਹੈ ਕਿ 9ਵੇਂ ਪਾਤਸ਼ਾਹ ਸ੍ਰੀ (ਗੁਰੂ) ਤੇਗ ਬਹਾਦਰ ਜੀ ਉਸ ਸਮੇਂ ਲਗਭਗ 23 ਸਾਲ ਦੀ ਸਰੀਰਕ ਉਮਰ ਵਿੱਚ ਮੌਜੂਦ ਸਨ, 6ਵੇਂ ਪਾਤਸ਼ਾਹ ਜੀ ਵੱਲੋਂ ਗੁਰਤਾ ਗੱਦੀ ਆਪਣੇ ਸਪੁੱਤਰ ਤੇਗ ਬਹਾਦਰ ਜੀ ਨੂੰ ਬਖਸ਼ੀ ਜਾ ਸਕਦੀ ਸੀ, ਦੀ ਥਾਂ ਤੇ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਬਖਸ਼ਿਸ਼ ਕੀਤੀ ਗਈ। 

 

ਵਿਚਾਰਵਾਨਾਂ ਦਾ ਮੱਤ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਜਾਣਦੇ ਸਨ ਕਿ 9ਵੇਂ ਜਾਮੇ ਵਿੱਚ ਜਿਹੜਾ ਸਾਰਿਆਂ ਲਈ ਧਾਰਮਿਕ ਸੁਤੰਤਰਤਾ ਦੇ ਹੱਕ ਵਿੱਚ ਧਰਮ ਦੀ ਚਾਦਰ ਬਣਕੇ ਬਾ-ਕਮਾਲ ਸਾਕਾ ਵਰਤਾਇਆ ਜਾਣਾ ਹੈ, ਉਸ ਲਈ ਸਪੁੱਤਰ ਤੇਗ ਬਹਾਦਰ ਨੂੰ ਅਜੇ ਹੋਰ ਤਿਆਰੀ ਅਤੇ ਪ੍ਰਪੱਕਤਾ ਹਿੱਤ ਸਮੇਂ ਦੀ ਜ਼ਰੂਰਤ ਹੈ। 

 

ਗੁਰਤਾ ਗੱਦੀ ਬਖਸ਼ਿਸ਼ ਵਾਲੇ ਇਤਿਹਾਸ ਵਿੱਚ ਹੋਰ ਵੇਖੀਏ ਤਾਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਪਰਿਵਾਰਕ ਰਿਸ਼ਤੇ ਵਿਚੋਂ ਆਪਣੇ ਦਾਦਾ ਜੀ ਲੱਗਦੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 1664 ਈਸਵੀ ਨੂੰ ਗੁਰਤਾ ਗੱਦੀ ਉਪਰ ਬਿਰਾਜਮਾਨ ਕੀਤਾ ਗਿਆ। 

 

6ਵੇਂ ਤੋਂ 7ਵੇਂ ਜਾਮੇ ਵਿੱਚ *"ਦਾਦੇ ਵੱਲੋਂ ਪੋਤਰੇ"* ਨੂੰ ਅਤੇ 8ਵੇਂ ਤੋਂ 9ਵੇਂ ਜਾਮੇ ਵਿੱਚ *"ਪੋਤਰੇ ਵੱਲੋਂ ਦਾਦੇ"* ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਆ ਰਹੀ ਗੁਰਤਾ ਗੱਦੀ ਉਪਰ ਬਿਰਾਜਮਾਨ ਕੀਤਾ ਗਿਆ। ਸਮੁੱਚੇ ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਹੋਰ ਮਿਸਾਲ ਮਿਲਣੀ ਨਾ-ਮੁਮਕਿਨ ਹੈ।

 

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਬਾਦਸ਼ਾਹ ਔਰੰਗਜ਼ੇਬ ਵੱਲੋਂ ਆਪਣੇ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਸੱਦਾ ਭੇਜਣ ਤੇ ਸਤਿਗੁਰੂ ਜੀ ਨੇ ਆਪਣੀ ਥਾਂ ਤੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਇ ਨੂੰ *"ਹਰੇਕ ਕੰਮ ਕਰਨ ਸਮੇਂ ਗੁਰੂ ਆਸਰੇ ਰਹਿੰਦੇ ਹੋਏ ਸਤਿਗੁਰੂ ਜੀ ਨੂੰ ਆਪਣੇ ਅੰਗ-ਸੰਗ ਸਮਝਣਾ"* ਵਾਲੀ ਸਿੱਖਿਆ ਦੇ ਕੇ ਦਿੱਲੀ ਵਿਖੇ ਭੇਜਿਆ ਗਿਆ। ਬਾਬਾ ਰਾਮ ਰਾਇ ਜੀ ਵੱਲੋਂ ਸ਼ੁਰੂ- ਸ਼ੁਰੂ ਵਿੱਚ ਪਿਤਾ ਗੁਰੂ ਜੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਗੁਰੂ ਨਾਨਕ ਵਿਚਾਰਧਾਰਾ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਪੇਸ਼ ਕੀਤਾ। 

 

ਪਰ ਕੁਝ ਸਮਾਂ ਬੀਤਣ ਤੋਂ ਬਾਅਦ ਬਾਬਾ ਰਾਮ ਰਾਇ ਗੁਰੂ ਸਿਧਾਤਾਂ ਤੋਂ ਥਿੜਕ ਗਏ। ਬਾਦਸ਼ਾਹ ਦੇ ਦਰਬਾਰ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਗਈ ਪਾਵਨ ਗੁਰਬਾਣੀ *"ਆਸਾ ਕੀ ਵਾਰ"* ਵਿੱਚ "ਮਿੱਟੀ ਮੁਸਲਮਾਨ ਕੀ" ਬਾਰੇ ਸਵਾਲ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਇਥੇ ਲਿਖਾਰੀ ਵੱਲੋਂ ਗਲਤੀ ਨਾਲ "ਮੁਸਲਮਾਨ" ਲਿਖਿਆ ਗਿਆ ਹੈ, ਜਦੋਂ ਕਿ ਇਥੇ ਅਸਲ ਵਿੱਚ ਸ਼ਬਦ *"ਮਿੱਟੀ ਬੇਈਮਾਨ ਕੀ"* ਹੈ।

 

ਬਾਬਾ ਰਾਮ ਰਾਇ ਵੱਲੋਂ ਕੀਤੀ ਗਈ ਇਸ ਅਵੱਗਿਆ ਸਬੰਧੀ ਪਿਤਾ ਗੁਰੂ ਹਰਿ ਰਾਇ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਸਪੱਸ਼ਟ ਆਦੇਸ਼ ਜਾਰੀ ਕੀਤਾ ਗਿਆ- 

 

*"ਬਾਬਾ ਰਾਮ ਰਾਇ ਵੱਲੋਂ ਡਰ-ਲਾਲਚ- ਖੁਸ਼ਾਮਦ ਅਧੀਨ ਨਾ- ਬਖਸ਼ਣਯੋਗ ਗੁਨਾਹ ਕੀਤਾ ਗਿਆ ਹੈ,ਜੋ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਉਹ ਜਿੱਧਰ ਵੀ ਜਾਣਾ ਚਾਹੁੰਦਾ ਹੈ ਚਲਿਆ ਜਾਵੇ ਅਤੇ ਕਦੇ ਵੀ ਸਾਡੇ ਮੱਥੇ ਨਾ ਲੱਗੇ।"* 

 

7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਗੁਰਮਤਿ ਸਿਧਾਂਤਾਂ ਉੱਪਰ ਦ੍ਰਿੜਤਾ ਭਰਪੂਰ ਪਹਿਰੇਦਾਰੀ ਕਰਦੇ ਹੋਏ ਸਾਨੂੰ ਸਮਝਾਇਆ ਕਿ 

 

*"ਗੁਰੂ ਸਿਧਾਂਤ ਪਹਿਲਾਂ ਹੈ ਗੁਰੂ ਪੁੱਤਰ ਬਾਅਦ ਵਿੱਚ।"*

 

ਇਸ ਤਰ੍ਹਾਂ ਹਰੇਕ ਗੁਰਸਿੱਖ ਦੇ ਜੀਵਨ ਅੰਦਰ ਗੁਰੂ ਸਿਧਾਤਾਂ ਦੀ ਪ੍ਰਮੁੱਖਤਾ ਕਾਇਮ ਰੱਖਣ ਲਈ ਸਤਿਗੁਰੂ ਜੀ ਨੇ ਕਈ ਹੋਰ ਉਪਦੇਸ਼ ਸਿੱਖ ਸੰਗਤਾਂ ਦੀਆਂ ਝੋਲੀਆਂ ਵਿੱਚ ਪਾਏ।

 

ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ 1661 ਈਸਵੀ ਨੂੰ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਰ ਤਰ੍ਹਾਂ ਨਾਲ‌ ਯੋਗ ਜਾਣਦੇ ਹੋਏ 8ਵੇਂ ਸਤਿਗੁਰੂ ਜੀ ਦੇ ਰੂਪ ਵਿੱਚ ਗੁਰਤਾ ਗੱਦੀ ਉੱਪਰ ਬਿਰਾਜਮਾਨ ਕਰ ਦਿੱਤਾ ਗਿਆ।

 

*ਸੁਖਜੀਤ ਸਿੰਘ ਕਪੂਰਥਲਾ*

98720-76876

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ

Tags: KESARI VIRASAT

Published on: 01 Feb 2026

Gurpreet Singh Sandhu
+91 9592669498
📣 Share this post

Latest News

View all