Several Sikh children from Jalandhar were cut hair and sold as ropes.
ਸ਼ੇਰ-ਏ-ਪੰਜਾਬ ਦੇ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਜਦ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ ਤਾਂ ਹਿੰਦੋਸਤਾਨ ਦੇ ਗਵਰਨਰ ਜਨਰਲ ਲਾਰਡ ਡਲਹੋਜ਼ੀ ਨੇ ਅੰਮ੍ਰਿਤਸਰ ਆ ਕੇ ਇਕ ਡੀਂਗ ਮਾਰੀ ਕਿ, ਹੁਣ ਗੁਰੂ ਨਾਨਕ ਦਾ ਸਿੱਖ (ਸਹਿਜਧਾਰੀ) ਤਾਂ ਭਾਵੇਂ ਕੋਈ ਟਾਵਾਂ-ਟਾਵਾਂ ਰਹਿ ਜਾਵੇ ਪਰ ਗੁਰੂ ਗੋਬਿੰਦ ਸਿੰਘ ਦੇ ਸਿੱਖ (ਅੰਮ੍ਰਿਤਧਾਰੀ) ਦਾ ਆਪਣੇ ਪੂਰੇ ਸਰੂਪ ਵਿਚ ਰਹਿ ਸਕਣਾ ਮੁਸ਼ਕਿਲ ਹੋ ਜਾਵੇਗਾ। ਕਿਹਾ ਜਾਂਦਾ ਹੈ ਕਿ ਲਾਰਡ ਡਲਹੋਜ਼ੀ ਨੇ ਸ੍ਰੀ ਦਰਬਾਰ ਸਾਹਿਬ ਦੀ ਅਲੌਕਿਕ ਖੂਬਸੂਰਤੀ ਵੇਖ ਕੇ ਹੌਕਾ ਭਰ ਲਿਆ ਸੀ, ਕਿ ਕਾਸ਼! ਇਹ ਗਿਰਜੇ ਦੇ ਰੂਪ ਵਿਚ ਹੁੰਦਾ। ਡਲਹੋਜ਼ੀ ਦੇ ਅਜਿਹੇ ਬਿਆਨ ਨਾਲ ਇਸਾਈ ਮਿਸ਼ਨਰੀਆਂ ਨੂੰ ਸ਼ਹਿ ਮਿਲ ਗਈ ਤੇ ਉਨ੍ਹਾਂ ਨੇ ਸਰਕਾਰੀ ਲਾਲਚ ਤੇ ਦਬਾਅ ਸਦਕਾ ਜ਼ੋਰਦਾਰ ਧਰਮ ਪਰਿਵਰਤਨ ਦੀ ਲਹਿਰ ਆਰੰਭ ਦਿੱਤੀ।
ਬਹੁਤ ਸਾਰੇ ਲੋਕ ਲਾਲਚਵੱਸ ਸਿੱਖ ਧਰਮ ਛੱਡ ਕੇ ਇਸਾਈ ਬਣਨ ਲੱਗ ਪਏ ਤੇ ਇਸਾਈ ਪ੍ਰਚਾਰਕਾਂ ਨੇ ਰੁਝਾਨ ਵੇਖ ਕੇ ਇਹ ਹਵਾ ਫੈਲਾ ਦਿੱਤੀ ਕਿ ਸਿੱਖ ਧਰਮ ਹੁਣ ਲਗਪਗ ਖਤਮ ਹੀ ਹੋਣ ਵਾਲਾ ਹੈ। ਇੱਥੇ ਹੀ ਬੱਸ ਨਹੀਂ, ਅੰਗਰੇਜ਼ਾਂ ਨੇ ਸਿੱਖਾਂ ਦਾ ਹੋਰ ਮਨੋਬਲ ਡੇਗਣ ਲਈ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਦੇ ਸਾਹਮਣੇ 1862 ਈਸਵੀ ਨੂੰ ਪੱਛਮੀ ਗਿਰਜੇ ਦੀ ਤਰਜ਼ ‘ਤੇ ਇਕ ਘੰਟਾ-ਘਰ ਉਸਾਰ ਦਿੱਤਾ। ਇਸ ਨਾਲ ਦੂਰੋਂ ਵੇਖਣ ‘ਤੇ ਸ੍ਰੀ ਦਰਬਾਰ ਸਾਹਿਬ ਦਾ ਦ੍ਰਿਸ਼ ਗਿਰਜਾ-ਨੁਮਾ ਦਿਖਾਈ ਦੇਣ ਲੱਗ ਪਿਆ ਜਿਸ ਨਾਲ ਸਿੱਖਾਂ ਦੀ ਆਤਮਾ ਨੂੰ ਸੱਟ ਵੱਜਣੀ ਸੁਭਾਵਿਕ ਸੀ। ਅੰਗਰੇਜ਼ਾਂ ਨੇ ਇੱਥੋਂ ਤੱਕ ਆਪਣੇ ਨਾਪਾਕ ਇਰਾਦੇ ਬਣਾ ਲਏ ਕਿ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਕੰਪਲੈਕਸ ਨੂੰ ਨਿਲਾਮ ਕਰਕੇ ਸਿੱਖਾਂ ਦੀ ਸ਼ਕਤੀ ਨੂੰ ਭਾਰੀ ਸੱਟ ਮਾਰੀ ਜਾਵੇ, ਇਹ ਗੱਲ ਵੱਖਰੀ ਹੈ ਕਿ ਇਸ ਨਾਮੁਰਾਦ ਕਾਰਵਾਈ ਲਈ ਮੁਕੱਰਰ ਕੀਤੇ ਦਿਨ 30 ਅਪ੍ਰੈਲ 1877 ਨੂੰ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਤੱਖ ਤੌਰ ‘ਤੇ ਅਦੁੱਤੀ ਕੌਤਕ ਵਰਤਾ ਕੇ ਆਪਣੀ ਸਰਬੱਗ ਸ਼ਕਤੀ ਅੰਗਰੇਜ਼ ਅਧਿਕਾਰੀਆਂ ਨੂੰ ਦਿਖਾਈ ਅਤੇ ਉਹ ਗੁਨਾਹਗਾਰੀ ਤੋਂ ਤੌਬਾ-ਤੌਬਾ ਕਰਕੇ ਭੱਜ ਗਏ।
1873 ਈਸਵੀ ਵਿਚ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਸਿੱਖ ਧਰਮ ਛੱਡ ਕੇ ਇਸਾਈ ਬਣਨ ਦਾ ਐਲਾਨ ਕਰ ਦਿੱਤਾ। ਜਲੰਧਰ ਦੇ ਕਈ ਸਿੱਖ ਬੱਚਿਆਂ ਦੇ ਕੇਸ ਕਤਲ ਕਰਕੇ ਉਨ੍ਹਾਂ ਦਾ ਰੱਸਾ ਬਣਾ ਕੇ ਵੇਚਿਆ ਗਿਆ। ਇਨ੍ਹਾਂ ਘਟਨਾਵਾਂ ਨਾਲ ਸਮੁੱਚੀ ਸਿੱਖ ਕੌਮ ਦੀ ਰੂਹ ਕੰਬ ਉੱਠੀ। ਸਿੰਘ ਸਭਾ ਲਹਿਰ ਅਤੇ ਫਿਰ ਚੀਫ਼ ਖ਼ਾਲਸਾ ਦੀਵਾਨ ਹੋਂਦ ਵਿਚ ਆਈ। ਫਲਸਰੂਪ ਅਕਾਲੀ ਲਹਿਰ ਚੱਲੀ, ਗੁਰਦੁਆਰੇ ਆਜ਼ਾਦ ਕਰਵਾਏ ਗਏ ਅਤੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦੀ ਲੜਾਈ ਦੀ ਕਾਮਯਾਬੀ ਦਾ ਸਿੱਖਾਂ ਨੇ ਮੁੱਢ ਬੰਨ੍ਹਿਆ।
ਪਿਛਲੇ ਦਿਨੀਂ ਗੁਰਦਾਸਪੁਰ ਤੋਂ ਘਟਨਾ ਸਾਹਮਣੇ ਆਈ ਸੀ ਕਿ ਉੱਥੇ ਗੁਰਦਾਸ ਨੰਗਲ ਦੀ ਗੜ੍ਹੀ, ਛੋਟਾ ਘੱਲੂਘਾਰਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਨੇੜੇ ਅੰਮ੍ਰਿਤਸਰ-ਜੰਮੂ ਸ਼ਾਹਰਾਹ ਉੱਤੇ ਬੱਬਰੀ ਬਾਈਪਾਸ ਉੱਤੇ ਇਸਾਈ ਭਾਈਚਾਰੇ ਦੇ ਕੁਝ ਲੋਕਾਂ ਨੇ ਸਲੀਬ ਲਾ ਕੇ ਇਕ ਸਮਾਰਕ ਉਸਾਰ ਲਈ ਹੈ। ਹੁਣ ਸੋਮਵਾਰ ਨੂੰ ਇੱਥੇ ਪਹਿਲਾਂ ਨਾਲੋਂ ਵੀ ਬਹੁਤ ਵੱਡਾ ਸਲੀਬ ਲਾ ਦਿੱਤਾ ਗਿਆ ਹੈ। ਮਸਲਾ ਸਿਰਫ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਂਕ ਵਿਚ ਇਸਾਈਅਤ ਦੀ ਸਮਾਰਕ ਉਸਾਰਨ ਤੱਕ ਮਹਿਦੂਦ ਨਹੀਂ ਹੈ, ਬਲਕਿ ਜਦੋਂ ਮੌਜੂਦਾ ਘਟਨਾਵਾਂ ਨਾਲ ਦਰਦਮਈ ਅਤੀਤ ਚੇਤੇ ਆਉਂਦਾ ਹੈ ਤਾਂ ਅਸੁਰੱਖਿਆ ਤੇ ਚਿੰਤਾ ਪੈਦਾ ਹੋਣੀ ਸੁਭਾਵਿਕ ਹੈ। ਇਨ੍ਹਾਂ ਦਿਨ੍ਹਾਂ ਵਿਚ ਪੰਜਾਬ ਦੇ ਮਾਝੇ ਦੇ ਸਰਹੱਦੀ ਖੇਤਰ, ਜਿਸ ਵਿਚ ਗੁਰਦਾਸਪੁਰ ਵੀ ਆਉਂਦਾ ਹੈ, ਵਿਚ ਪਹਿਲਾਂ ਹੀ ਧਰਮ ਪਰਿਵਰਤਨ ਦਾ ਰੁਝਾਨ ਜ਼ੋਰਾਂ ‘ਤੇ ਹੈ। ਹਰੇਕ ਧਰਮ ਨੂੰ ਆਪਣੇ ਅਕੀਦੇ ਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ ਪਰ ਲਾਲਚ ਦੇ ਕੇ ਜਾਂ ਗੈਬੀ ਸ਼ਕਤੀਆਂ ਦੇ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਵਾਉਣਾ ਅਨੈਤਿਕ ਤੇ ਅਧਰਮੀ ਕਾਰਵਾਈ ਹੈ। ਸਿੱਖਾਂ ਨੂੰ ਅਕਸਰ ਇਹ ਮਿਹਣੇ ਸੁਣਨੇ ਪੈਂਦੇ ਹਨ ਕਿ ਜਿਸ ਹਿਸਾਬ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਧਰਮ ਪਰਿਵਰਤਨ ਜ਼ੋਰਾਂ ‘ਤੇ ਚੱਲ ਰਿਹਾ ਹੈ, ਉਸ ਮੁਤਾਬਿਕ ਅਗਲੇ ਸਾਲਾਂ ਵਿਚ ਇਥੇ ਸਿੱਖਾਂ ਦੀ ਹੋਂਦ-ਹਸਤੀ ਲੱਭਣੀ ਔਖੀ ਹੋ ਜਾਵੇਗੀ ਅਤੇ ਤੁਸੀਂ ਘੂਕ ਸੁੱਤੇ ਹੋ ਜਾਂ ਸਿਰਫ ਆਰ.ਐਸ.ਐਸ. ਨੂੰ ਹੀ ਭੰਡਣ ਵਿਚ ਰੁੱਝੇ ਹੋ। ਧਰਾਤਲ ਦੀਆਂ ਘਟਨਾਵਾਂ ਇਨ੍ਹਾਂ ਮਿਹਣਿਆਂ ਨੂੰ ਪੁਖਤਾ ਕਰਦੀਆਂ ਹਨ ਅਤੇ ਸਵਾਲ ਪੈਦਾ ਕਰਦੀਆਂ ਹਨ ਕਿ ਜੇ ਨਾ ਜਾਗੇ ਤਾਂ ਕੀ ਗਾਰੰਟੀ ਹੈ ਕਿ ਇਹ ਤੋਰ ਅੱਗੇ ਨਹੀਂ ਵਧੇਗੀ ਅਤੇ ਸਿੱਖਾਂ ਦੇ ਇਤਿਹਾਸਕ ਅਸਥਾਨਾਂ ਦੇ ਮਾਰਗਾਂ ਤੋਂ ਬਾਅਦ ਸਿੱਖਾਂ ਦੇ ਪਵਿੱਤਰ ਗੁਰਧਾਮਾਂ ਦੇ ਨਿਆਰੇ ਤੇ ਸੁਤੰਤਰ ਆਭਾ-ਮੰਡਲ ਨੂੰ ਪ੍ਰਭਾਵਿਤ ਨਹੀਂ ਕਰੇਗੀ?
ਮੁਕਦੀ ਗੱਲ ਕਿ ਅੰਤਰ-ਧਰਮ ਸਦਭਾਵਨਾ ਸਮਾਜ ਦੀ ਖੂਬਸੂਰਤੀ ਹੁੰਦੀ ਹੈ ਪਰ ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਕਿਸੇ ਧਿਰ ਦੀ ਧਾਰਮਿਕ ਆਜ਼ਾਦੀ ਦੀ ਲਛਮਣ ਰੇਖਾ ਉੱਥੋਂ ਤੱਕ ਹੀ ਸੀਮਤ ਹੋਵੇ ਜਿੱਥੋਂ ਅੱਗੇ ਕਿਸੇ ਦੂਜੀ ਧਾਰਮਿਕ ਹੋਂਦ ਲਈ ਸਮਾਜਿਕ ਅਸੁਰੱਖਿਆ, ਬੇਭਰੋਸਗੀ ਅਤੇ ਆਪਣੀ ਵਿਰਾਸਤ ਦੇ ਲਈ ਡੂੰਘੀਆਂ ਚਿੰਤਾਵਾਂ ਪੈਦਾ ਹੁੰਦੀਆਂ ਹੋਣ। ਇਹ ਗੱਲ ਭੀੜਾਂ ਵਿਚੋਂ ਵੋਟਾਂ ਭਾਲਦੇ ਰਾਜਨੀਤਕਾਂ ਤੇ ਰਾਜਨੀਤਕਾਂ ਦੀਆਂ ਆਕਾਂਖਿਆਵਾਂ ਨੂੰ ਕਾਨੂੰਨੀ ਲਬਾਦਾ ਪਹਿਨਾਉਣ ਵਾਲੇ ਪ੍ਰਸ਼ਾਸਨ ਦੇ ਗੌਰ ਕਰਨ ਲਈ ਹੈ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
ਫੇਸਬੁੱਕ ਪੋਸਟ