ਜੋੜ ਮੇਲੇ ਬਨਾਮ ਮੌਜ ਮੇਲੇ - ਸੁਖਜੀਤ ਸਿੰਘ ਕਪੂਰਥਲਾ

24 Mar 2026 | 552 Views

ਜੋੜ ਮੇਲੇ ਬਨਾਮ ਮੌਜ ਮੇਲੇ - ਸੁਖਜੀਤ ਸਿੰਘ ਕਪੂਰਥਲਾ

Jodh Mela vs. Mauj Mela - Sukhjit Singh Kapurthala

 

10 ਗੁਰੂ ਸਾਹਿਬਾਨ ਵੱਲੋਂ ਵਰੋਸਾਈ ਹੋਈ ਪੰਜਾਬ ਦੀ ਧਰਤੀ ਉੱਪਰ ਵੱਸਣ ਵਾਲੇ ਪੰਜਾਬੀਆਂ ਵੱਲੋਂ ਕਈ ਤਰ੍ਹਾਂ ਦੇ ਵੱਖ-ਵੱਖ ਮੇਲੇ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਪੰਜਾਬ ਦੇ ਮੇਲਿਆਂ ਵਿਚੋਂ ਸਭ ਤੋਂ ਵੱਡਾ ਸਲਾਨਾ ਜੋੜ ਮੇਲਾ *ਹੋਲਾ ਮੁਹੱਲਾ* ਦੇ ਰੂਪ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਹੈ। ਸੰਗਤਾਂ ਦੇ ਲਾ-ਮਿਸਾਲ ਇਕੱਠ ਵਿਚ ਬਹੁਤ ਸਾਰੇ ਇਹੋ ਜਿਹੇ ਹੁੰਦੇ ਹਨ, ਜਿਨ੍ਹਾਂ ਨੇ ਹੋਸ਼ ਸੰਭਾਲਣ ਦੀ ਉਮਰ ਤੋਂ ਲੈ ਕੇ ਇਸ ਜੋੜ ਮੇਲੇ ਵਿੱਚ ਕੇਵਲ ਸਰੀਰਕ ਤੌਰ ਤੇ ਹਾਜ਼ਰੀ ਭਰਨ ਤੋਂ ਕਿਸੇ ਸਾਲ ਵੀ ਨਾਗਾ ਨਹੀਂ ਪਾਉਣ ਦੀਆਂ ਦਾਅਵੇਦਾਰੀਆਂ ਕਰਦੇ ਹਨ।

 

ਹਰੇਕ ਸਾਲ ਇਨ੍ਹਾਂ ਦਿਨਾਂ ਵਿੱਚ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤੇ ਵੱਖ-ਵੱਖ ਸਵਾਰੀ ਸਾਧਨ ਆਪਣੀ ਸਮਰੱਥਾ ਤੋਂ ਵੀ ਵੱਧ ਸਵਾਰੀਆਂ ਨਾਲ ਭਰੇ ਹੋਏ ਜਾਂਦੇ ਵਿਖਾਈ ਦਿੰਦੇ ਹਨ। ਇਨ੍ਹਾਂ ਦਿਨਾਂ ਵਿੱਚ ਚਾਰ ਚੁਫੇਰੇ ਹਰ ਪਾਸੇ ਨਜ਼ਰ ਮਾਰਨ ਤੇ ਇੰਝ ਮਹਿਸੂਸ ਹੁੰਦਾ ਹੈ ਕਿ ਮਾਨੋ ਸਾਰੇ ਰਸਤੇ ਹੀ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ। 

 

ਇਨ੍ਹਾਂ ਰਸਤਿਆਂ ਉੱਪਰ ਪੈਂਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਦੇ ਵਸਨੀਕਾਂ ਵੱਲੋਂ ਸੰਗਤਾਂ ਦੀ ਸੇਵਾ ਕਰਨ ਲਈ ਦੁੱਧ,ਚਾਹ,ਸਵਾਦਲੇ ਪਕਵਾਨ ਆਦਿ ਦੇ ਬੇ-ਸ਼ੁਮਾਰ ਲੰਗਰ ਵਰਤਾਏ ਜਾਂਦੇ ਹਨ, ਜਿਨ੍ਹਾਂ ਦੀ ਕੁੱਲ ਗਿਣਤੀ, ਖਰਚ ਵਾਲੇ ਅੰਕੜੇ ਕਦੇ ਵੀ, ਕਿਸੇ ਸੰਸਥਾ ਵੱਲੋਂ ਸਾਹਮਣੇ ਨਹੀਂ ਲਿਆਂਦੇ ਗਏ ਹਨ, ਨਾ ਹੀ ਕੋਈ ਲੋੜ ਸਮਝੀ ਜਾਂਦੀ ਹੈ। 

 

ਇਨ੍ਹਾਂ ਦਿਨਾਂ ਵਿੱਚ ਬਹੁਗਿਣਤੀ ਵੱਖ-ਵੱਖ ਲੰਗਰਾਂ ਵਿੱਚ ਇੱਕ ਦੂਜੇ ਤੋਂ ਅੱਗੇ ਵਧ ਕੇ ਸੇਵਾ ਕਰਨ ਲਈ ਸਾਡੇ ਸਿੱਖ ਪਰਿਵਾਰਾਂ ਦੇ ਨੌਜਵਾਨ *(ਜ਼ਿਆਦਾਤਰ ਕੇਸ ਦਾੜ੍ਹੀਆਂ ਤੋਂ ਹੀਣੇ)* ਮੋਹਰੀਆਂ ਵਿੱਚ ਹੁੰਦੇ ਹਨ। ਸੇਵਾਵਾਂ ਨਿਭਾਉਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਹੋਲਾ ਮੁਹੱਲਾ ਦੇ ਇਤਿਹਾਸ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ (ਵਿਰਲਿਆਂ ਨੂੰ ਛੱਡ ਕੇ) ਤੋਂ ਲਗਭਗ ਕੋਰੇ/ਖਾਲੀ/ ਅਗਿਆਨੀ ਹੁੰਦੇ ਹਨ। ਸਾਡੀ ਸਿੱਖ ਕੌਮ ਦੇ ਜ਼ਿੰਮੇਵਾਰ ਸੱਜਣਾਂ ਵੱਲੋਂ ਸ਼ਾਇਦ ਹੀ ਕਦੇ ਕੋਈ ਸੁਚੱਜੇ ਉੱਦਮ ਕਰਨ ਲਈ ਇਸ ਪਾਸੇ ਸੁਹਿਰਦਤਾ ਨਾਲ ਕਿਸੇ ਤਰ੍ਹਾਂ ਦਾ ਕੋਈ ਯਤਨ ਕੀਤਾ ਗਿਆ ਹੋਵੇ। 

 

ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤਕ ਹੋਣ ਵਾਲਿਆਂ ਨੂੰ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਲਈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ *" ਹੈ ਕੋਈ ਸਿੱਖ ਬੇਟਾ, ਕਰੇ ਸੀਸ ਭੇਟਾ"* ਵਾਲੀ ਲਲਕਾਰ ਸੁਨਣੀ ਚਾਹੀਦੀ ਹੈ, ਜਿਸ ਨੂੰ ਸੁਣ ਕੇ ਮੰਨਣ ਵਾਲੇ ਸਤਿਗੁਰੂ ਜੀ ਦੇ *ਪੰਜ ਪਿਆਰੇ* ਬਣਦੇ ਹਨ। ਤਖਤ ਸਾਹਿਬ ਉੱਪਰ ਸੁਭਾਇਮਾਨ ਭਾਈ ਬਚਿੱਤਰ ਸਿੰਘ ਜੀ ਦੇ ਨਾਗਣੀ ਬਰਛੇ ਦਾ ਦੀਦਾਰ ਕਰਦਿਆਂ ਸਿੱਖ ਵੱਲੋਂ ਆਪਣੇ *ਗੁਰੂ ਪ੍ਰਤੀ ਪੂਰਨ ਸਮਰਪਣ/ਭਰੋਸੇ/ਵਿਸ਼ਵਾਸ* ਵਾਲੀ ਸਿੱਖਿਆ ਪੱਲੇ ਬੰਨ ਕੇ ਲਿਆਉਣੀ ਚਾਹੀਦੀ ਹੈ। ਇਸੇ ਤਰ੍ਹਾਂ ਨਾਲ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਇਤਿਹਾਸ ਨਾਲ ਸਬੰਧਤ ਹੋਰ ਕਈ ਹਵਾਲੇ ਦਿੱਤੇ ਜਾ ਸਕਦੇ ਹਨ।

 

ਪਰ ਅਫਸੋਸ ਕਿ ਹਰੇਕ ਸਾਲ ਬਿਨਾਂ ਨਾਗਾ ਹਾਜ਼ਰੀਆਂ ਭਰਨ ਦੀਆਂ ਦਾਅਵੇਦਾਰੀਆਂ ਕਰਨ ਵਾਲੇ *ਜਿਦਾਂ ਦੇ ਜਾਂਦੇ ਹਨ, ਹਰ ਸਾਲ ਉਸੇ ਤਰ੍ਹਾਂ ਦੇ ਵਾਪਸ ਆ ਜਾਂਦੇ ਹਨ ਅਤੇ ਅਗਲੇ ਸਾਲ ਫਿਰ ਉਸੇ ਤਰ੍ਹਾਂ ਨਾਲ ਆਨੰਦਪੁਰ ਸਾਹਿਬ ਨੂੰ ਤੁਰ ਪੈਂਦੇ ਹਨ।* ਕੇਵਲ ਮੱਥਾ ਟੇਕਿਆ,ਲੰਗਰ ਛਕਿਆ - ਪਰ ਉਪਦੇਸ਼ ਰੂਪ ਵਿੱਚ ਕੁਝ ਵੀ ਨਹੀਂ ਦਿੱਤਾ/ ਲਿਆ ਗਿਆ।

 

*ਸਨਿਮਰ ਬੇਨਤੀ ਹੈ ਕਿ ਇਸ ਲੇਖ ਰਾਹੀਂ ਦਾਸ ਇਨ੍ਹਾਂ ਜੋੜ ਮੇਲਿਆਂ ਵਿੱਚ ਹਾਜ਼ਰੀਆਂ ਭਰਨ ਵਾਲੀਆਂ ਸੰਗਤਾਂ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਰੋਧ ਨਹੀਂ ਕਰ ਰਿਹਾ ਹੈ। ਸਗੋਂ ਦਾਸ ਦੀ ਇੱਛਾ ਹੈ ਕਿ ਸਾਰੀਆਂ ਸੰਗਤਾਂ ਅਤੇ ਸੇਵਾਦਾਰ ਇਨ੍ਹਾਂ ਸੇਵਾਵਾਂ ਦੇ ਨਾਲ-ਨਾਲ ਸਿੱਖ ਇਤਿਹਾਸ, ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਵੀ ਹੋਣ, ਜੇਕਰ ਐਸਾ ਹੋ ਜਾਵੇ ਤਾਂ ਇਹ "ਸੋਨੇ ਤੇ ਸੁਹਾਗਾ" ਵਾਲੀ ਗੱਲ ਹੋਵੇਗੀ।"* ਦਾਸ ਵੱਲੋਂ ਲਿਖੇ ਜਾ ਰਹੇ ਇਸ ਲੇਖ ਦਾ ਇਹੀ ਮਨੋਰਥ ਹੈ।

 

ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਜੋੜ ਮੇਲਿਆਂ ਵਿੱਚ ਹਾਜ਼ਰੀਆਂ ਭਰਨ ਵਾਲੀਆਂ ਸੰਗਤਾਂ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਹੋਲਾ ਮੁਹੱਲਾ ਅਤੇ ਆਨੰਦਪੁਰ ਸਾਹਿਬ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਜਾਵੇ ਅਤੇ ਆਨੰਦਪੁਰ ਸਾਹਿਬ ਨੂੰ ਜਾ ਰਹੀਆਂ ਸੰਗਤਾਂ ਨੂੰ ਇਸ ਬਾਰੇ ਛੋਟੇ-ਛੋਟੇ ਪੈਂਫਲਿਟ ਵੱਡੀ ਗਿਣਤੀ ਵਿੱਚ ਛਪਵਾ ਕੇ ਸੰਗਤਾਂ ਵਿੱਚ ਭੇਟਾ ਰਹਿਤ ਵੰਡੇ ਜਾਣ ਤਾਂ ਜੋ ਸੰਗਤਾਂ ਆਪਣੇ ਜੋੜ ਮੇਲੇ ਦੇ ਟਿਕਾਣੇ ਤੱਕ ਪਹੁੰਚਣ ਤੋਂ ਪਹਿਲਾਂ-ਪਹਿਲਾਂ ਸਹੀ ਗੁਰਮਤਿ ਅਤੇ ਇਤਿਹਾਸ ਤੋਂ ਜਾਣੂ ਹੋ ਸਕਣ। ਇਸ ਦੇ ਨਾਲ-ਨਾਲ *SGPC ਅਤੇ ਹੋਰ ਜ਼ਿੰਮੇਵਾਰ ਸਿੱਖ ਸੰਸਥਾਵਾਂ* ਵੱਲੋਂ ਸੰਗਤਾਂ ਤੋਂ ਪੈਂਫਲਿਟ ਵਿੱਚ ਦਰਜ ਜਾਣਕਾਰੀ ਸਬੰਧੀ ਛੋਟੇ-ਛੋਟੇ ਪ੍ਰਸ਼ਨ ਪੁੱਛੇ ਜਾਣ, ਸਹੀ ਜਵਾਬ ਦੇਣ ਵਾਲਿਆਂ ਨੂੰ ਉਸੇ ਵੇਲੇ ਕੋਈ ਨਾ ਕੋਈ ਸਨਮਾਨ ਦਿੱਤੇ ਜਾਣ, ਇਸ ਪ੍ਰਸ਼ਨ - ਉੱਤਰ ਵਾਲੇ ਪ੍ਰੋਗਰਾਮ ਨੂੰ ਵੱਖ-ਵੱਖ ਚੈਨਲਾਂ ਦੇ ਰਾਹੀਂ ਨਾਲੋ-ਨਾਲ ਪ੍ਰਸਾਰਨ *(Live Telecast)* ਜ਼ਰੂਰ ਕੀਤਾ ਜਾਵੇ। ਇਸ ਤਰ੍ਹਾਂ ਪੜ੍ਹਣ ਦੀ ਰੁਚੀ ਪੈਦਾ ਹੋਵੇਗੀ ਅਤੇ ਜਿਹੜੇ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕੇ, ਉਨ੍ਹਾਂ ਤੱਕ ਵੀ ਇਸ ਲੋੜੀਂਦੀ ਜਾਣਕਾਰੀ ਨੂੰ ਪਹੁੰਚਾਉਣ ਵਾਸਤੇ ਸਫਲਤਾ ਮਿਲੇਗੀ। ਇਸ ਤਰ੍ਹਾਂ ਦੇ ਯਤਨ ਹਰੇਕ ਸਾਲ ਲਗਾਤਾਰ ਕੇਵਲ ਹੋਲਾ ਮੁਹੱਲਾ ਤੇ ਹੀ ਨਹੀਂ ਸਗੋਂ ਹੋਰ ਸਿੱਖ ਜੋੜ ਮੇਲਿਆਂ ਵਾਲੇ ਅਸਥਾਨਾਂ ਤੇ ਵੀ ਲਾਗੂ ਕਰਨੇ ਚਾਹੀਦੇ ਹਨ।

 

*ਇਸ ਦੇ ਨਾਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਆਨੰਦਪੁਰ ਸਾਹਿਬ ਵੱਲ ਜਾਂਦੇ ਰਸਤਿਆਂ ਉੱਪਰ ਅਤੇ ਆਨੰਦਪੁਰ ਸਾਹਿਬ ਨਗਰ ਵਿਖੇ ਪੂਰੀ ਤਨਦੇਹੀ ਨਾਲ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ/ਨੌਜਵਾਨਾਂ* (ਜਿਨ੍ਹਾਂ ਵਿੱਚ ਅੱਜ ਕੱਲ੍ਹ ਸਮੇਂ ਦੇ ਪ੍ਰਭਾਵ ਅਧੀਨ ਕੇਸ ਦਾੜ੍ਹੀਆਂ ਤੋਂ ਹੀਣੇ ਹਨ) *ਨੂੰ ਤ੍ਰਿਸਕਾਰਨ ਦੀ ਥਾਂ ਤੇ ਪਿਆਰ ਗਲਵੱਕੜੀ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਕਿਉਂ ਕਿ ਉਹ ਜਿਸ ਤਨਦੇਹੀ ਨਾਲ ਸੇਵਾਵਾਂ ਨਿਭਾਉਂਦੇ ਹਨ, ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਸਿੱਖੀ ਦਾ ਬੀਜ ਮੌਜੂਦ ਹੈ, ਜਿਸ ਨੂੰ ਸਹੀ ਸੇਧ ਮਿਲਣ ਤੇ ਬਾਹਰੀ ਸਰੂਪ ਵਿੱਚ ਵੀ ਪ੍ਰਗਟ ਹੋਣ ਦੀ ਪੂਰੀ ਸੰਭਾਵਨਾ ਹੈ।* 

 

ਜਿਹੜੇ ਨੌਜਵਾਨ ਗੁਰੂ ਬਖਸ਼ਿਸ਼ ਦੁਆਰਾ ਸਿੱਖੀ/ ਸਰੂਪ ਵੱਲ ਮੁੜ ਆਵਣ ਉਨ੍ਹਾਂ ਨੂੰ ਅਗਲੇ ਸਾਲ ਦੇ ਸਮਾਗਮ ਦੀ ਮੁੱਖ ਸਟੇਜ ਉੱਪਰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਜਗਦੇ ਹੋਏ ਦੀਵੇ ਤੋਂ ਕਈ ਹੋਰ ਦੀਵੇ ਜਗਾਉਣ ਨਾਲ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਾਲੀ ਸਫਲਤਾ ਜ਼ਰੂਰ ਮਿਲੇਗੀ।

 

*" ਕੇਸਗੜ੍ਹ ਦਾ ਵਾਸਤਾ ਸੁਣਿਓ ਐ ਕੇਸਾਂ ‌ਵਾਲਿਓ।*

*ਦਸਮੇਸ਼ ਦੀ ਇਸ ਮੋਹਰ ਨੂੰ ਸੰਭਾਲਿਓ, ਸੰਭਾਲਿਓ, ਸੰਭਾਲਿਓ।"*

(ਮੋਹਰ - ਪ੍ਰਭੂ ਵੱਲੋਂ ਮਿਲੀ ਕੇਸਾਂ, ਰੋਮਾਂ ਵਾਲੀ ਨਿਸ਼ਾਨੀ, ਜਿਸ ਨੂੰ 10 ਗੁਰੂ ਸਾਹਿਬਾਨ ਵੱਲੋਂ ਸਤਿਕਾਰਿਆ ਹੈ)

******ਸਮਾਪਤ******

 

*ਸੁਖਜੀਤ ਸਿੰਘ ਕਪੂਰਥਲਾ*

ਗੁਰਮਤਿ ਪ੍ਰਚਾਰਕ/ਕਥਾਵਾਚਕ/ਲੇਖਕ/ਸੇਵਾ ਮੁਕਤ XEN 

*+91 98720-76876*

******************

*ਜ਼ਰੂਰੀ ਬੇਨਤੀ -* ਇਸ ਲੇਖ ਨੂੰ ਗੁਰਮਤਿ ਪ੍ਰਚਾਰ-ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/ SHARE ਕਰਨ ਦੀ ਕਿਰਪਾਲਤਾ ਕਰਨੀ ਜੀ

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 24 Mar 2026

Gurpreet Singh Sandhu
+91 9592669498
📣 Share this post

Latest News

Browse the newest posts, featured stories, and curated updates from our latest publication.

View all