Sikh mentality trapped in the web of crude Bani

* ਕਹਦੇ ਕਚੇ ਸੁਣਦੇ ਕਚੇ

 

ਉਪਰੋਕਤ ਸਿਰਲੇਖ (Title) ਅਧੀਨ ਆਈ ਅੱਧੀ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਵਨ ਅੰਕ 920 ਉੱਪਰ ਦਰਜ ਗੁਰਬਾਣੀ *ਰਾਮਕਲੀ ਮਹਲਾ ੩ ਅਨੰਦੁ* ਦੀ ਪਉੜੀ ਨੰਬਰ 24 ਦੀ ਤੀਜੀ ਪਾਵਨ ਤੁਕ ਦਾ ਪਹਿਲਾ ਹਿੱਸਾ ਹੈ। ਪੂਰੀ ਤੁਕ ਇਸ ਤਰ੍ਹਾਂ ਹੈ -

 

*" ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।।"* (920)

 

*ਸ੍ਰੀ ਗੁਰੂ ਅਮਰਦਾਸ ਜੀ* ਵੱਲੋਂ ਉਚਾਰਨ ਕੀਤੀ ਗਈ ਬਾਣੀ *ਅਨੰਦੁ ਸਾਹਿਬ* ਦੀ ਪਉੜੀ ਨੰਬਰ 23 (ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।.......) ਦੁਆਰਾ ਸੱਚੀ ਬਾਣੀ ਨਾਲ ਜੁੜਣ ਦੀ ਤਾਕੀਦ ਕੀਤੀ ਗਈ ਹੈ। ਇਸ ਦੇ ਨਾਲ ਹੀ ਅਗਲੀ ਪਉੜੀ ਨੰਬਰ 24 (ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।.......) ਦੁਆਰਾ ਗੁਰੂ ਸਾਹਿਬਾਨ ਦੀ ਉਚਾਰਨ ਕੀਤੀ ਗਈ ਗੁਰਬਾਣੀ ਦੇ ਮੁਕਾਬਲੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਆਪਣੇ ਗੁਰੂ ਡੰਮ ਨੂੰ ਚਲਾਉਣ ਲਈ ਰਚੀਆਂ ਗਈਆਂ ਕੱਚੀਆਂ ਰਚਨਾਵਾਂ ਤੋਂ ਬਚਣ ਦੀ ਤਾਕੀਦ ਕੀਤੀ ਗਈ ਹੈ

 

ਇਸ ਲੇਖ ਅੰਦਰ ਕੁਝ ਕੁ ਉਨ੍ਹਾਂ ਫੁਰਮਾਨਾਂ ਦਾ ਜ਼ਿਕਰ ਕੀਤਾ ਜਾਵੇਗਾ, ਜਿਹੜੇ ਅਕਸਰ ਹੀ ਸਾਡੀਆਂ ਸਿੱਖ ਸੰਗਤਾਂ ਵੱਲੋਂ ਜਾਣੇ - ਅਣਜਾਣੇ ਵਿੱਚ ਭੁਲੇਖਾ ਖਾਂਦੇ ਹੋਏ ਗੁਰਬਾਣੀ ਸਮਝ ਕੇ ਵਰਤੇ ਜਾਂਦੇ ਹਨ।

 

ਆਮ ਤੌਰ ਤੇ ਐਸਾ ਟਪਲਾ ਲੱਗ ਜਾਣਾ ਸੁਭਾਵਿਕ ਹੀ ਹੈ ਕਿਉਂ ਕਿ ਇਨ੍ਹਾਂ ਰਚਨਾਵਾਂ ਦੇ ਭਾਵ-ਅਰਥ ਲਗਭਗ ਗੁਰਬਾਣੀ ਨਾਲ ਮਿਲਦੇ ਜੁਲਦੇ ਹਨ। ਅਸਲੀਅਤ ਅੰਦਰ ਇਹ ਕੱਚੀਆਂ ਰਚਨਾਵਾਂ ਹਨ, ਜੋ ਕਿ ਗੁਰੂ ਘਰ ਦੇ ਵਿਰੋਧੀਆਂ ਮਿਹਰਬਾਨ, ਹਿੰਦਾਲੀਆਂ, ਧੀਰਮਲੀਆਂ, ਰਾਮਰਾਈਆਂ ਆਦਿ ਵੱਲੋਂ "ਨਾਨਕ" ਮੋਹਰ ਛਾਪ ਨੂੰ ਵਰਤਦੇ ਹੋਏ ਲਿਖਿਆ ਹੈ। ਸਾਨੂੰ ਭੁਲੇਖਾ ਨਾ ਪਵੇ ਇਸ ਲਈ ਸਾਨੂੰ ਸਿੱਖਾਂ ਨੂੰ ਗੁਰੂ ਅਮਰਦਾਸ ਜੀ ਵੱਲੋਂ " ਅਨੰਦ ਸਾਹਿਬ" ਬਾਣੀ ਅੰਦਰ ਦਰਸਾਈਆਂ ਗਈਆਂ ਦੋ ਪਉੜੀਆਂ (23 ਅਤੇ 24) ਨੂੰ ਸਾਹਮਣੇ ਰੱਖਦੇ ਹੋਏ *"ਸੱਚੀ ਬਾਣੀ ਅਤੇ ਕੱਚੀ ਬਾਣੀ"* ਬਾਰੇ ਸਪਸ਼ਟ ਨਿਰਣਾ ਲੈਣ ਦੀ ਲੋੜ ਹੈ। ‌

 

ਇਸ ਪ੍ਰਥਾਇ ਚੌਥੇ ਪਾਤਸ਼ਾਹ *ਸ੍ਰੀ ਗੁਰੂ ਰਾਮਦਾਸ ਜੀ* ਵੱਲੋਂ *ਗਉੜੀ ਕੀ ਵਾਰ* ਅੰਦਰ ਦਰਜ ਫੁਰਮਾਨ ਵੀ ਧਿਆਨ ਗੋਚਰੇ ਰੱਖ ਲੈਣੇ ਲਾਹੇਵੰਦ ਰਹਿਣਗੇ --

 

*" ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ।। ਓਨਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ।।"* (304)

 

ਨਿਮਨ ਲਿਖਤ ਕੁਝ ਕੁ ਪ੍ਰਮਾਣ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਅਕਸਰ ਹੀ ਗੁਰਬਾਣੀ ਸਮਝ ਕੇ ਪੜੇ-ਸੁਣੇ-ਲਿਖੇ-ਗਾਏ ਜਾ ਰਹੇ ਹਨ ਅਤੇ ਬਹੁਤ ਪ੍ਰਚਲਿਤ ਵੀ ਹਨ।

 

1) *ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ।।* 

*ਦਾਸਾਂ ਕਾਰਜ ਆਪ ਸਵਾਰੇ ਇਹ ਉਸਦੀ ਵਡਿਆਈ।।*

ਇਹ ਦੋ ਲਾਈਨਾਂ ਅਕਸਰ ਹੀ ਸਿੱਖ ਪਰਿਵਾਰਾਂ ਦੇ ਵਿਆਹ ਕਾਰਡਾਂ ਉੱਪਰ ਲਿਖੀਆਂ ਮਿਲਦੀਆਂ ਹਨ। ਅੱਜ ਕੱਲ੍ਹ ਛਾਪੇ ਖਾਨੇ (Press) ਵਾਲਿਆਂ ਦੇ ਕੰਪਿਊਟਰ ਵਿੱਚ ਪਹਿਲਾਂ ਛਪਦੇ ਰਹਿੰਦੇ ਵਿਆਹ ਕਾਰਡਾਂ ਦੇ ਨਮੂਨੇ (Formats) ਤਿਆਰ ਮਿਲ਼ਦੇ ਹਨ, ਬੱਸ ਛਾਪਣ ਵਾਲਿਆਂ ਨੇ ਨਾਮ -ਪਤਾ-ਮਿਤੀ- ਸਥਾਨ ਆਦਿ ਹੀ ਬਦਲਣੇ ਹਨ। ਸਾਡੇ ਵਿਚੋਂ ਬਹੁ-ਗਿਣਤੀ ਸਿੱਖਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਦੋ ਲਾਈਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ ਸਗੋਂ ਬਿਲਕੁਲ ਕੱਚੀ ਬਾਣੀ ਦੀਆਂ ਰਚਨਾਵਾਂ ਹਨ।

 

2) *ਨਾਨਕ ਨੀਵਾਂ ਜੋ ਚੱਲੇ ਲੱਗੇ ਨਾਂ ਤੱਤੀ ਵਾਉ।।*

3) *ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ।।*

ਉਪਰੋਕਤ ਦੋਵੇਂ ਪ੍ਰਮਾਣ ਅਕਸਰ ਹੀ ਜਿੰਮੀਦਾਰ ਸਿੱਖ ਪਰਿਵਾਰਾਂ ਦੀਆਂ ਟਰਾਲੀਆਂ-ਟਰੱਕਾਂ-ਬੱਸਾਂ ਆਦਿ ਤੇ ਗੁਰਬਾਣੀ ਸਮਝ ਕੇ ਲਿਖੀਆਂ ਜਾਂਦੀਆਂ ਹਨ ਅਤੇ " ਨਾਨਕ" ਦੀ ਮੋਹਰ ਛਾਪ ਅਤੇ ਅਰਥਾਂ ਵੱਲੋਂ ਗੁਰਬਾਣੀ ਦੇ ਭੁਲੇਖੇ ਵਿੱਚ ਵਰਤੀਆਂ ਜਾਂਦੀਆਂ ਹਨ। ਪਰ ਅਸਲੀਅਤ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦਾ ਹਿੱਸਾ ਨਹੀਂ ਸਗੋਂ ਕੱਚੀਆਂ ਰਚਨਾਵਾਂ ਹਨ।

 

 4) *ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਇ।। ਦੂਜਾ ਕਾਹੇ ਸਿਮਰੀਐ ਜੋ ਜੰਮੇ ਤੇ ਮਰ ਜਾਇ।।*

ਉਪਰੋਕਤ ਦਿੱਤੀਆਂ ਗਈਆਂ ਦੋਵੇਂ ਲਾਈਨਾਂ ਵਿਚੋਂ ਪਹਿਲੀ ਲਾਈਨ ਵਿੱਚ "ਨਾਨਕ" ਦੀ ਮੋਹਰ ਛਾਪ ਅਤੇ ਦੋਵੇਂ ਲਾਈਨਾਂ ਅਰਥਾਂ ਪੱਖੋਂ ਆਮ ਤੌਰ ਤੇ ਸਾਨੂੰ ਗੁਰਬਾਣੀ ਜਾਪਦੀਆਂ ਹਨ। ਪਰ ਅਸਲੀਅਤ ਇਹ ਹੈ ਕਿ ਇਹ ਦੋਵੇਂ ਲਾਈਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੀਆਂ ਨਹੀਂ ਸਗੋਂ ਕੱਚੀ ਬਾਣੀ ਦੀਆਂ ਰਚਨਾਵਾਂ ਹਨ।

 

5) *ਨਾਨਕ ਦੁਖੀਆ ਸਭੁ ਸੰਸਾਰੁ।।* *ਸੋ ਸੁਖੀਆ ਜਿਸ ਨਾਮ ਅਧਾਰਿ।।*  

ਇਨ੍ਹਾਂ ਦੋ ਲਾਈਨਾਂ ਸਬੰਧੀ ਇੱਕ ਵੱਖਰੀ ਤਰ੍ਹਾਂ ਦਾ ਭੁਲੇਖਾ ਹੈ ਜਿਸ ਨੂੰ ਸਮਝਣ ਦੀ ਜ਼ਰੂਰਤ ਹੈ। ਇਨ੍ਹਾਂ ਵਿਚੋਂ ਪਹਿਲੀ ਲਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੀ ਹੈ ਜੋ *ਰਾਮਕਲੀ ਕੀ ਵਾਰ ਮਹਲਾ ੩* ਵਿੱਚ 14ਵੀਂ ਪਉੜੀ ਦੇ ਨਾਲ ਦਰਜ ਪਹਿਲੇ *"ਸਲੋਕ ਮ: ੧"* ਦੀ ਇੱਕ ਤੁਕ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 954 ਉੱਪਰ ਦਰਜ ਹੈ ਅਤੇ ਇਸ ਪਾਵਨ ਗੁਰਬਾਣੀ ਦੀ ਤੁਕ ਨੂੰ ਆਮ ਬੋਲ ਚਾਲ ਵਿੱਚ ਵੀ ਅਕਸਰ ਵਰਤਿਆ ਜਾਂਦਾ ਹੈ। ਪਰ ਇਸ ਦੇ ਨਾਲ ਜੋ ਦੂਜੀ ਲਾਈਨ (ਜਿਸ ਦੀ ਬਣਤਰ - ਅਰਥ ਪਹਿਲੀ ਲਾਈਨ ਅਤੇ ਗੁਰਬਾਣੀ ਨਾਲ ਮੇਲ ਖਾਂਦੇ ਹੋਣ ਕਾਰਨ ਆਮ ਸਿੱਖ ਭੁਲੇਖਾ ਖਾ ਜਾਂਦੇ ਹਨ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦਾ ਹਿੱਸਾ ਨਹੀਂ ਹੈ, ਸਗੋਂ ਇਹ ਦੂਜੀ ਲਾਈਨ *ਸੋ ਸੁਖੀਆ ਜਿਸ ਨਾਮ ਅਧਾਰਿ।।* ਕੱਚੀ ਬਾਣੀ ਹੈ।  

 

ਇਸ ਲੇਖ ਰਾਹੀਂ ਦਿੱਤੇ ਗਏ ਪ੍ਰਮਾਣ ਕੇਵਲ ਇਸ਼ਾਰੇ ਮਾਤਰ ਹਨ, ਇਸ ਤਰ੍ਹਾਂ ਦੇ ਹੋਰ ਵੀ ਮਿਲ ਸਕਦੇ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਨਾ-ਸਮਝੀ ਕਾਰਨ ਆਪਣੀ ਮਤਿ ਦੇ ਅਨੁਸਾਰ ਹੀ ਕਰੀ ਜਾ ਰਹੇ ਹਾਂ। 

 

*ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਉਲਟ ਚੱਲਣਾ ਹੈ। ਇਸ ਤਰ੍ਹਾਂ ਕਰਨਾ ਸਾਨੂੰ ਸਤਿਗੁਰੂ ਜੀ ਤੋਂ ਦੂਰ ਲੈ ਜਾਵੇਗਾ।*

ਯਾਦ ਰੱਖੀਏ ਕਿ ਗੁਰਬਾਣੀ ਦੇ ਭਾਵ-ਅਰਥ ਆਪਣੇ ਮਨ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦੇ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ *" ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ"* (67) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਮਨੁੱਖਾ ਜੀਵਨ ਦੀ ਸਫਲਤਾ ਵਾਲੀ ਮੰਜ਼ਿਲ ਤੱਕ ਪਹੁੰਚਣ ਦੇ ਸਮਰੱਥ ਬਣ ਸਕਾਂਗੇ।

 

ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।

 

*ਸੁਖਜੀਤ ਸਿੰਘ ਕਪੂਰਥਲਾ*

ਗੁਰਮਤਿ ਪ੍ਰਚਾਰਕ/ਕਥਾਵਾਚਕ /ਲੇਖਕ/ਸੇਵਾ ਮੁਕਤ XEN 

*98720-76876*

**********************

*ਨੋਟ -- ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*