ਹਜ਼ਰਤ ਮੂਸਾ ਨੂੰ ਯਹੂਦੀ ਧਰਮ ਵਿੱਚ ਸਭ ਤੋਂ ਪ੍ਰਮੁੱਖ ਪੈਗ਼ੰਬਰ ਮੰਨਿਆ ਜਾਂਦਾ ਹੈ। ਉਪਰੋਕਤ ਦਿੱਤਾ ਗਿਆ ਕਹਾਵਤ ਰੂਪੀ ਸਿਰਲੇਖ (Title) ਆਪਾਂ ਨੂੰ ਅਕਸਰ ਹੀ ਪੜਨ ਸੁਨਣ ਨੂੰ ਮਿਲਦਾ ਹੈ। ਸਾਡੇ ਵਿਚੋਂ ਬਹੁ- ਗਿਣਤੀ ਵੱਲੋਂ ਇਸ ਦੇ ਸ਼ਾਬਦਿਕ ਅਰਥ ਅਕਸਰ ਹੀ ਇਸ ਤਰ੍ਹਾਂ ਨਾਲ ਸਮਝੇ ਜਾਂਦੇ ਹਨ -
*"ਮੂਸਾ ਨਾਮ ਦਾ ਗਿਆਨਵਾਨ ਪੈਗ਼ੰਬਰ ਜੋ ਖ਼ੁਦਾ ਬਾਰੇ ਕਾਫੀ ਜਾਣਕਾਰੀ ਰੱਖਦਾ ਹੋਇਆ ਜਦੋਂ ਇਸ ਤਰ੍ਹਾਂ ਦੀ ਲਿਖਾਈ ਲਿਖਦਾ ਹੈ ਤਾਂ ਉਸ ਵੱਲੋਂ ਲਿਖੇ ਹੋਏ ਨੂੰ ਸੰਸਾਰ ਵਿੱਚ ਰਹਿਣ ਵਾਲੇ ਮਨੁੱਖ ਪੜ੍ਹਨ ਲਈ ਅਸਮਰੱਥ ਹਨ, ਮੂਸਾ ਵੱਲੋਂ ਆਪਣੀ ਪੈਗੰਬਰੀ ਸ਼ਕਤੀ ਨਾਲ ਲਿਖੇ ਹੋਏ ਨੂੰ ਉਹ ਆਪ ਹੀ ਜਾਂ ਮੂਸਾ ਨੂੰ ਭੇਜਣ ਵਾਲਾ ਖ਼ੁਦਾ (God) ਹੀ ਪੜ੍ਹ ਸਕਦਾ ਹੈ। ਹੋਰ ਕਿਸੇ ਕੋਲ ਵੀ ਇਸ ਤਰ੍ਹਾਂ ਦੀ ਯੋਗਤਾ ਨਹੀਂ ਹੈ।"*
ਇਸ ਕਹਾਵਤ ਦੇ ਸਹੀ ਅਰਥਾਂ ਤੱਕ ਪਹੁੰਚਣ ਵਾਸਤੇ ਪੁਰਾਤਨ ਸਮਿਆਂ ਦੀ ਇੱਕ ਗਾਥਾ ਨੂੰ ਸਾਹਮਣੇ ਰੱਖ ਕੇ ਸੌਖਾਲਾ ਪੜਿਆ ਅਤੇ ਸਮਝਿਆ ਜਾ ਸਕਦਾ ਹੈ -
ਪੁਰਾਣੇ ਵੇਲਿਆਂ ਵਿੱਚ ਖਾਸ ਤੌਰ ਤੇ ਪੇਂਡੂ ਇਲਾਕਿਆਂ ਅੰਦਰ ਵਿਦਿਆ ਪੜ੍ਹਨ ਪੜ੍ਹਾਉਣ ਦਾ ਪਸਾਰਾ ਲਗਭਗ ਨਾਂਹ ਦੇ ਬਰਾਬਰ ਸੀ। ਜਦੋਂ ਕਿਸੇ ਨੂੰ ਆਪਣੇ ਪਿਆਰੇ ਸੱਜਣਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸੁਨੇਹਾ ਪੱਤਰ ਭੇਜਣਾ ਹੁੰਦਾ ਤਾਂ ਉਹ ਆਪਣੇ ਇਲਾਕੇ ਦੇ ਪੜ੍ਹੇ ਲਿਖੇ ਮਨੁੱਖ ਕੋਲ ਆਪ ਜਾਂਦੇ ਜਾਂ ਉਸ ਨੂੰ ਆਪਣੇ ਘਰ ਬੁਲਾਇਆ ਜਾਂਦਾ ਸੀ। ਪੜ੍ਹੇ ਲਿਖੇ ਵੱਲੋਂ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਭੇਜੇ ਜਾਣ ਵਾਲੇ ਸੁਨੇਹੇ ਨੂੰ ਪਰਿਵਾਰ ਵੱਲੋਂ ਆਪਣੇ ਸ਼ਬਦਾਂ ਰਾਹੀਂ ਸਮਝਾ ਦਿੱਤਾ ਜਾਂਦਾ ਅਤੇ ਲਿਖਾਰੀ ਵੱਲੋਂ ਉਸ ਸੁਨੇਹੇ ਨੂੰ ਆਪਣੇ ਸ਼ਬਦਾਂ ਵਿੱਚ ਢੰਗ ਨਾਲ ਲਿਖਿਆ ਜਾਂਦਾ। ਚਿੱਠੀ ਲਿਖਣ ਪੜ੍ਹਨ ਵਾਲੇ ਨੂੰ ਪਰਿਵਾਰ ਵੱਲੋਂ ਯਥਾਯੋਗ ਭੇਟਾ/ ਮਿਹਨਤਾਨਾ ਆਦਿ ਦਿੱਤਾ ਜਾਂਦਾ। ਜਿਹੜੇ ਪੁਰਾਣੇ ਸਮਿਆਂ ਵਾਲੇ ਬਜ਼ੁਰਗ ਸਾਡੇ ਕੋਲ ਅਜੇ ਮੌਜੂਦ ਹਨ ਉਨ੍ਹਾਂ ਕੋਲੋਂ ਤਸਦੀਕ ਕਰਵਾਇਆ ਜਾ ਸਕਦਾ ਹੈ। ਚਿੱਠੀ ਲਿਖਣ ਵਾਲਾ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਲਿਖਿਆ ਕਰਦਾ ਸੀ -
ਲਿਖਤੁਮ........... ਸਿੰਘ ਵਾਸੀ......।
ਅੱਗੇ ਮਿਲੇ....... ਸਿੰਘ ਵਾਸੀ......।
ਚਿੱਠੀ/ ਪੋਸਟ ਕਾਰਡ ਲਿਖਵਾਉਣ ਤੋਂ ਬਾਅਦ ਕਿਸੇ ਦੇ ਰਾਹੀਂ ਹੱਥੀਂ ਪੜੱਥੀਂ (ਦਸਤੀ) ਜਾਂ ਡਾਕਖਾਨੇ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ।
ਪੁਰਾਣੇ ਸਮਿਆਂ ਦੀ ਯਾਦ ਪਟਾਰੀ ਨੂੰ ਖੋਲ੍ਹਣ ਤੇ ਇਸ ਸਬੰਧੀ ਇੱਕ ਹੋਰ ਨਿਵੇਕਲਾ ਪੱਖ ਸਾਹਮਣੇ ਆਉਂਦਾ ਹੈ ਕਿ ਜੇਕਰ ਮਿਲਣ ਵਾਲੇ ਪੋਸਟ ਕਾਰਡ ਦੀ ਇੱਕ ਨੁੱਕਰ / ਕੋਨਾ ਪਾਟਿਆ ਹੁੰਦਾ ਤਾਂ ਕਾਰਡ ਨੂੰ ਪੜ੍ਹਨ ਪੜ੍ਹਾਉਣ ਤੋਂ ਪਹਿਲਾਂ ਉਸ ਨੂੰ ਵੇਖਦਿਆਂ ਹੀ ਪਰਿਵਾਰ ਅੰਦਰ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਕਿਉਂ ਕਿ ਪੋਸਟ ਕਾਰਡ ਦੀ ਇੱਕ ਨੁੱਕਰ ਦਾ ਪਾਟਾ ਹੋਣਾ, ਪੋਸਟ ਕਾਰਡ ਭੇਜਣ ਵਾਲੇ ਪਰਿਵਾਰ ਵਿੱਚ ਵਾਪਰੀ ਕਿਸੇ ਅਣਹੋਣੀ/ ਮੌਤ ਆਦਿ ਵਾਲੇ ਦੁੱਖ ਦਾ ਸੰਕੇਤ ਸਮਝਿਆ ਜਾਂਦਾ ਸੀ।
ਹੋ ਸਕਦਾ ਹੈ ਕਿ ਕਿਸੇ ਹੋਰ ਇਲਾਕੇ ਵਿੱਚ ਇਸ ਨੂੰ ਕਿਸੇ ਵੱਖਰੀ ਤਰ੍ਹਾਂ ਨਾਲ ਸਮਝਿਆ ਜਾਂਦਾ ਹੋਵੇ ਕਿਉਂ ਕਿ ਸਾਡੇ ਬਹੁਤ ਸਾਰੇ ਸਮਾਜਿਕ ਰਸਮੋ ਰਿਵਾਜਾਂ ਵਿੱਚ ਇਲਾਕਾਈ ਭਿੰਨਤਾਵਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ।
ਕਹਿੰਦੇ ਕਿ ਇੱਕ ਵਾਰ ਕਿਸੇ ਪਰਿਵਾਰ ਨੇ ਚਿੱਠੀ ਲਿਖਵਾਉਣ ਤੋਂ ਪਹਿਲਾਂ ਲਿਖੇ ਜਾਣ ਵਾਲੀ ਸਾਰੀ ਇਬਾਰਤ ਨੂੰ ਆਪਣੇ ਸ਼ਬਦਾਂ ਵਿੱਚ ਲਿਖਾਰੀ ਨੂੰ ਸਮਝਾ ਦਿੱਤਾ। ਲਿਖਾਰੀ ਵੱਲੋਂ ਚਿੱਠੀ ਲਿਖਣੀ ਸ਼ੁਰੂ ਕਰਨ ਤੋਂ ਪਹਿਲਾਂ ਪਰਿਵਾਰ ਨੂੰ ਪੁੱਛਿਆ ਕਿ ਚਿੱਠੀ ਭੇਜਣੀ ਕਿੱਥੇ ਹੈ ? ਪਰਿਵਾਰ ਨੇ ਜਦੋਂ ਅੱਗੇ ਮਿਲੇ........ ਵਾਲਿਆਂ ਦੇ ਥਾਂ ਟਿਕਾਣੇ ਬਾਰੇ ਦੱਸਿਆ ਤਾਂ ਚਿੱਠੀ ਲਿਖਣ ਵਾਲਾ ਲਿਖਾਰੀ ਅੱਗੋਂ ਕਹਿੰਦਾ ਕਿ ਮੈਂ ਇਹ ਚਿੱਠੀ ਨਹੀਂ ਲਿਖ ਸਕਦਾ ਕਿਉਂਕਿ ਮੇਰੇ ਪੈਰ ਤੇ ਸੱਟ ਲੱਗੀ ਹੋਈ ਹੈ। ਪਰਿਵਾਰ ਵਾਲੇ ਇਸ ਤਰ੍ਹਾਂ ਦੇ ਜਵਾਬ ਤੋਂ ਹੈਰਾਨ ਹੋ ਕੇ ਪੁੱਛਦੇ ਹਨ ਕਿ ਉਸ ਨੇ ਚਿੱਠੀ ਤਾਂ ਹੱਥ ਨਾਲ ਲਿਖਣੀ ਹੈ, ਇਸ ਦਾ ਤੇਰੇ ਪੈਰ ਤੇ ਲੱਗੀ ਹੋਈ ਸੱਟ ਨਾਲ ਕੀ ਵਾਸਤਾ ? ਚਿੱਠੀ ਲਿਖਣ ਵਾਲੇ ਨੇ ਜਵਾਬ ਦਿੱਤਾ ਕਿ ਜਿਸ ਪਿੰਡ ਵੱਲ ਤੁਸੀਂ ਚਿੱਠੀ ਲਿਖਵਾਉਣ ਲੱਗੇ ਹੋ ਉਸ ਇਲਾਕੇ ਵਿੱਚ ਹੋਰ ਕੋਈ ਵੀ ਪੜਿਆ ਲਿਖਿਆ ਨਹੀਂ ਹੈ, ਉਧਰਲੇ ਲੋਕਾਂ ਦੀਆਂ ਚਿੱਠੀਆਂ ਲਿਖਣ ਪੜਣ ਲਈ ਮੈਨੂੰ ਹੀ ਜਾਣਾ ਪੈਂਦਾ ਹੈ, ਮੇਰੇ ਪੈਰ ਤੇ ਲੱਗੀ ਹੋਈ ਸੱਟ ਕਾਰਨ ਮੈਂ ਉੱਧਰ ਚਿੱਠੀ ਪੜਣ ਲਈ ਨਹੀਂ ਜਾ ਸਕਾਂਗਾ।
ਉਪਰੋਕਤ ਸਾਰੀ ਵਿਚਾਰ ਨੂੰ ਆਪਣੇ ਧਿਆਨ ਵਿੱਚ ਰੱਖਦਿਆਂ ਆਉ ਆਪਣੇ ਮੂਲ ਵਿਸ਼ੇ ਵੱਲ ਮੁੜੀਏ।
ਇਸ ਕਹਾਵਤ ਨੂੰ ਸਹੀ ਅਰਥਾਂ ਵਿੱਚ ਪੜ੍ਹਨ ਅਤੇ ਸਮਝਣ ਦੀ ਘੁੰਡੀ ਖੋਲ੍ਹਣ ਲਈ ਸਾਨੂੰ ਸਭ ਤੋਂ ਪਹਿਲਾਂ ਇਸ ਦੀ ਲਿਖਤ ਨੂੰ ਸਹੀ ਕਰਨਾ ਪਵੇਗਾ ਤਾਂ ਹੀ ਸਮਝ ਪਵੇਗੀ -
*" ਲਿਖੇ ਮੂ ਸਾ ਪੜੇ ਖੁਦ ਆ "*
*"ਮੂ"* ਦਾ ਅਰਥ ਹੈ - ਵਾਲ (Hair)
*"ਸਾ"* ਦਾ ਅਰਥ ਹੈ - ਵਰਗਾ
*" ਖੁਦ"* ਦਾ ਅਰਥ ਹੈ - ਆਪ
*" ਆ "* ਦਾ ਅਰਥ ਹੈ - ਪਹੁੰਚਣਾ
ਵਿਸ਼ਾ ਅਧੀਨ ਕਹਾਵਤ ਨੂੰ ਸਹੀ ਰੂਪ ਵਿੱਚ ਲਿਖਣ ਉਪਰੰਤ ਇਸ ਦੇ ਸਹੀ ਅਰਥ ਇਸ ਤਰ੍ਹਾਂ ਦੇ ਬਨਣਗੇ -
*"ਇਸ ਪੱਤਰ ਨੂੰ ਲਿਖਣ ਵਾਲੇ ਲਿਖਾਰੀ ਦੀ ਲਿਖਾਈ ਇੰਨੀ ਜ਼ਿਆਦਾ ਬਰੀਕ ਹੈ ਕਿ ਜਿਵੇਂ ਵਾਲ। ਇੰਨੀ ਮਹੀਨ (ਬਹੁਤ ਬਰੀਕ) ਲਿਖਾਈ ਨੂੰ ਕੇਵਲ ਲਿਖਣ ਵਾਲਾ ਲਿਖਾਰੀ ਆਪ ਹੀ ਪੜ੍ਹ ਸਕਦਾ ਹੈ।"*
ਇਸੇ ਤਰ੍ਹਾਂ ਹੀ ਸਾਡੀ ਪੰਜਾਬੀ ਭਾਸ਼ਾ ਦੀਆਂ ਕਈ ਹੋਰ ਵੰਨਗੀਆਂ ਵੀ ਮੌਜੂਦ ਹਨ ਜਿਨ੍ਹਾਂ ਨੂੰ ਅਸੀਂ ਸਮਝਦੇ ਕੁਝ ਹੋਰ ਹਾਂ। ਪਰ ਜਦੋਂ ਉਨ੍ਹਾਂ ਨੂੰ ਸਹੀ ਰੂਪ ਵਿੱਚ ਲਿਖਿਆ ਪੜ੍ਹਿਆ ਜਾਂਦਾ ਹੈ ਤਾਂ ਉਸ ਦੇ ਅਰਥ ਕੁਝ ਹੋਰ ਹੀ ਸਾਹਮਣੇ ਆਉਂਦੇ ਹਨ ਤਾਂ ਉਸ ਸਮੇਂ ਸਾਡੀ ਹੈਰਾਨਗੀ ਵੇਖਣ ਵਾਲੀ ਹੁੰਦੀ ਹੈ।
ਆਉ ! ਅਸੀਂ ਸਾਰੇ ਆਪਣੀ ਮਾਂ ਬੋਲੀ/ਮਾਤ ਭਾਸ਼ਾ ਪੰਜਾਬੀ ਵੱਲ ਮੋੜਾ ਕੱਟੀਏ, ਅਸੀਂ ਆਪਣੀ ਭਾਸ਼ਾ ਪ੍ਰਤੀ ਮੋਹ,ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰੀਏ। ਪੰਜਾਬੀ ਸਾਹਿਤ ਦੀਆਂ ਵਧੀਆ ਪੁਸਤਕਾਂ ਨੂੰ ਰੋਜ਼ਾਨਾ ਪੜ੍ਹਣ ਦੀ ਆਦਤ ਬਣਾਈਏ।
ਸਾਹਿਤ ਦੀਆਂ ਚੰਗੀਆਂ ਪੁਸਤਕਾਂ ਨੂੰ ਪੜ੍ਹਣ ਤੋਂ ਮਿਲਣ ਵਾਲੇ ਲਾਭਾਂ ਪ੍ਰਤੀ ਵਿਚਾਰਵਾਨਾਂ ਦੇ ਬਹੁਤ ਭਾਵਪੂਰਤ ਕਥਨ ਹਨ -
*"- ਪੁਸਤਕਾਂ ਆਪ ਕੁਝ ਨਹੀਂ ਬੋਲਦੀਆਂ ਪਰ ਪੜ੍ਹਨ ਵਾਲਿਆਂ ਨੂੰ ਬੋਲਣਯੋਗ ਬਣਾ ਦਿੰਦੀਆਂ ਹਨ ਕਿਉਂ ਕਿ ਪੁਸਤਕਾਂ ਸਾਡੇ ਸੱਚੇ ਮਿੱਤਰਾਂ ਵਰਗੀਆਂ ਹੁੰਦੀਆਂ ਹਨ।"*
ਯਾਦ ਰੱਖੀਏ ਕਿ ਆਪਣੇ ਪੰਜਾਬੀ ਸਾਹਿਤ ਦੀਆਂ ਪੜੀਆਂ ਜਾਣ ਵਾਲੀਆਂ ਵਧੀਆ ਪੁਸਤਕਾਂ ਦੇ ਪਾਠ ਪਠਣ ਦੁਆਰਾ ਪਾਵਨ ਗੁਰਬਾਣੀ ਦੀਆਂ ਬਰੀਕੀਆਂ ਨੂੰ ਸਿੱਖਣ ਵਿੱਚ ਕਾਫੀ ਹੱਦ ਤੱਕ ਸਹਾਇਕ ਹੁੰਦੀਆਂ ਹਨ। ਚੰਗੀਆਂ ਪੁਸਤਕਾਂ ਨੂੰ ਪਿਆਰ ਕਰੀਏ।
10 ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਖੂਹ ਦੇ ਡੱਡੂ ਨਹੀਂ ਬਣਾਇਆ। ਲੋੜ ਹੈ ਕਿ ਅਸੀਂ ਸੀਮਤ ਸੀਮਾਵਾਂ ਨੂੰ ਉਲੰਘ ਕੇ ਸਮੁੱਚੇ ਸੰਸਾਰ ਦੇ ਵਧੀਆ ਸਾਹਿਤ ਨਾਲ ਜੁੜ ਕੇ ਆਪਣੀ ਸੋਚ ਦੇ ਦਾਇਰੇ ਨੂੰ ਵਿਸ਼ਵ ਵਿਆਪੀ ਬਣਾਈਏ ਕਿਉਂ ਕਿ ਸਾਡੇ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਸਿੱਖੀ ਅਜੋਕੇ ਸਮੇਂ ਵਿਸ਼ਵ ਪੱਧਰ ਤੇ ਆਪਣਾ ਪਸਾਰਾ ਫੈਲਾ ਚੁੱਕੀ ਹੈ।
ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।
*ਸੁਖਜੀਤ ਸਿੰਘ ਕਪੂਰਥਲਾ*
ਗੁਰਮਤਿ ਪ੍ਰਚਾਰਕ/ ਕਥਾਵਾਚਕ/ਲੇਖਕ/ਸੇਵਾ ਮੁਕਤ XEN
*98720-76876
*********************
*ਨੋਟ -- ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*