ਪਾਵਨ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਜੀਵ-ਜੰਤੂਆਂ ਤੋਂ ਸਿੱਖਿਆ

26 Apr 2026 | 196 Views

ਪਾਵਨ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਜੀਵ-ਜੰਤੂਆਂ ਤੋਂ ਸਿੱਖਿਆ

Learning from animals through the Holy Gurbani and Sikh history

(ਅਸਲਿ ਖਰ - ਭਾਗ 1)

 

ਇਸ ਲੇਖ ਲੜੀ ਦੇ ਸਿਰਲੇਖ ਨੂੰ ਪੜਦਿਆਂ-ਸੁਣਦਿਆਂ ਹੀ ਸਾਡੇ ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਸਮੁੱਚੇ ਸੰਸਾਰ ਅੰਦਰ ਮੰਨੀਆਂ ਜਾਂਦੀਆਂ 84 ਲੱਖ ਜੂਨਾਂ ਵਿੱਚ ਮਨੁੱਖਾ ਜਨਮ ਨੂੰ ਸਾਰਿਆਂ ਤੋਂ ਸਰਵੋਤਮ ਮੰਨਿਆ ਗਿਆ ਹੈ। 

 

*ਕੀ ਹੁਣ ਮਨੁੱਖਾਂ ਨੂੰ ਜੀਵ-ਜੰਤੂਆਂ ਤੋਂ ਸਿੱਖਿਆ ਪ੍ਰਾਪਤ ਕਰਨੀ ਹੋਵੇਗੀ ?*

 

ਜਦੋਂ ਅਸੀਂ ਪਾਵਨ ਗੁਰਬਾਣੀ ਦੇ ਰਾਹੀਂ ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਕੁਝ ਯਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਸੂਹੀ ਰਾਗ ਵਿੱਚ ਦਰਜ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਗਏ ਪਾਵਨ ਬਚਨ ਸਾਡੇ ਸਾਹਮਣੇ ਆਉਂਦੇ ਹਨ -

 

 "*ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।"* (766)

 

ਇਸ ਪਾਵਨ ਬਚਨ ਦੁਆਰਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਮਨੁੱਖਾ ਜੀਵਨ ਦੀ ਸਫਲਤਾ ਲਈ ਸ਼ੁਭ ਗੁਣ ਕਿਤਿਉਂ ਵੀ-ਕਿਸੇ ਕੋਲੋਂ ਵੀ ਮਿਲਦੇ ਹੋਵਣ, ਸਾਨੂੰ ਲੈਣ ਤੋਂ ਬਿਲਕੁਲ ਸੰਕੋਚ ਨਹੀਂ ਕਰਨਾ ਚਾਹੀਦਾ ਹੈ ਅਤੇ ਇਸ ਦੇ ਉਲਟ ਜੀਵਨ ਨੂੰ ਬਰਬਾਦ ਕਰਨ ਵਾਲੇ ਅਉਗਣਾਂ ਨੂੰ ਬਿਲਕੁਲ ਤਿਆਗ ਦੇਣਾ ਚਾਹੀਦਾ ਹੈ। 

 

ਉਪਰੋਕਤ ਦਰਸਾਏ ਮਾਰਗ ਨੂੰ ਮਨੁੱਖਾ ਜੀਵਨ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਪਾਵਨ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਦਰਸਾਏ ਵੱਖ-ਵੱਖ ਜੀਵ-ਜੰਤੂਆਂ ਤੋਂ ਪ੍ਰੇਰਨਾ ਲੈਣ ਹਿੱਤ ਇਸ ਲੇਖ ਲੜੀ ਨੂੰ ਆਰੰਭ ਕੀਤਾ ਜਾ ਰਿਹਾ ਹੈ। 

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਪਾਵਨ ਗੁਰਬਾਣੀ ਵਿੱਚ *ਗਧਾ/ਗਦਹੁ/ਖੋਤਾ/ਖਰ/ਗਰਧਪ ਆਦਿਕ* ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਾਡੇ ਮਨੁੱਖਾ ਜੀਵਨ ਦੀ ਮੂਰਖਤਾ, ਹੰਕਾਰ, ਝੂਠ ਅਤੇ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਣ ਵਾਲੀ ਅਵਸਥਾ ਨੂੰ ਬਿਆਨ ਕਰਦੇ ਹੋਏ ਸਾਨੂੰ ਸਹੀ ਅਰਥਾਂ ਵਿੱਚ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ ਹੈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਪਾਵਨ ਗੁਰਬਾਣੀ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਨਿੱਜੀ ਜੀਵਨ ਦੀ ਸਵੈ-ਪੜਚੋਲ ਕਰਕੇ ਵੇਖਣ ਲਈ ਸੁਚੇਤ ਕਰਦੀ ਹੈ ਕਿ ਕਿਤੇ ਅਸੀਂ ਵੀ ਇਸ ਤਰ੍ਹਾਂ ਗਧੇ ਵਾਲੇ ਵੱਖ-ਵੱਖ ਅਉਗਣਾਂ ਦੇ ਸ਼ਿਕਾਰ ਤਾਂ ਨਹੀਂ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਰਾਗ ਸਾਰੰਗ ਰਾਹੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜਿਹੜੇ ਮਨੁੱਖਾਂ ਦੀ ਰੋਜ਼ਾਨਾ ਜੀਵਨ ਜਾਚ ਵਿੱਚ ਕਿਸੇ ਤਰ੍ਹਾਂ ਦੀ ਨਾ ਸੂਝ, ਨਾ ਬੁੱਧੀ, ਨਾ ਅਕਲ ਦੀ ਸਮਝ ਕਿ ਇੱਕ ਵੀ ਅੱਖਰ ਨਾ ਪੜ੍ਹ ਸਕਣ ਵਾਲੇ ਪੂਰੀ ਤਰ੍ਹਾਂ ਅਨਪੜ੍ਹ ਹੋਵਣ ਵਰਗੇ ਕਈ ਅਉਗਣਾਂ ਨਾਲ ਭਰੇ ਹੋਇਆਂ ਕੋਲ ਕੋਈ ਵੀ ਗੁਣ ਨਾ ਹੋਣ ਦੇ ਬਾਵਜੂਦ ਹੰਕਾਰ ਦੀਆਂ ਟੀਸੀਆਂ ਤੇ ਚੜ੍ਹੇ ਰਹਿਣ ਵਾਲੇ ਮਨੁੱਖ ਅਖਵਾਉਣ ਦੇ ਹੱਕਦਾਰ ਨਹੀਂ ਸਗੋਂ *ਅਸਲੀ ਖੋਤੇ* ਹਨ -

 

*"ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ।। ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ।।"* (1246)

 

ਇਸ ਪਾਵਨ ਗੁਰਬਾਣੀ ਫੁਰਮਾਨ ਨੂੰ ਸਨਮੁੱਖ ਰੱਖਦੇ ਹੋਏ ਵਿਚਾਰਣ ਦੀ ਲੋੜ ਹੈ ਕਿ ਜੇਕਰ ਅਸੀਂ ਆਪਣੇ ਅਉਗਣਾਂ ਨਾਲ ਭਰੇ ਹੋਏ ਜੀਵਨ ਅੰਦਰ ਫਿਰ ਵੀ ਹੰਕਾਰ ਦਾ ਪੱਲਾ ਨਹੀਂ ਛੱਡਦੇ ਤਾਂ ਸਤਿਗੁਰੂ ਜੀ ਦੀ ਨਜ਼ਰ ਵਿੱਚ ਅਸੀਂ ਖੋਤੇ ਹੀ ਹਾਂ। 

 

ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਦੀ ਇਸ ਵਿਸ਼ੇ ਨਾਲ ਸਬੰਧਿਤ ਬੜੀ ਪਿਆਰੀ ਸਾਖੀ ਮਿਲਦੀ ਹੈ -

 

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਲੱਗੇ ਹੋਏ ਪਾਵਨ ਦਰਬਾਰ ਦੀ ਸ਼ੋਭਾ ਸੁਣ ਕੇ ਬਨਾਰਸ ( ਸਨਾਤਨ ਮੱਤ ਦੇ ਪ੍ਰਸਿੱਧ ਇਸ ਧਾਰਮਿਕ ਨਗਰ ਨੂੰ ਵਾਰਾਨਸੀ/ ਕਾਂਸ਼ੀ ਵੀ ਕਿਹਾ ਜਾਂਦਾ ਹੈ) ਤੋਂ ਕੁਝ ਧਾਰਮਿਕ ਗ੍ਰੰਥਾਂ/ਪੁਸਤਕਾਂ ਸਮੇਤ ਆਪਣੇ ਨੌਜਵਾਨ ਪੁੱਤਰ ਨੂੰ ਨਾਲ ਲੈ ਕੇ ਆਇਆ। ਉਸ ਵੱਲੋਂ ਮਾਇਆ ਅਤੇ ਆਪਣੀ ਮਾਣ ਪ੍ਰਤਿਸ਼ਠਾ ਵਧਾਉਣ ਦੀ ਲਾਲਸਾ ਹਿੱਤ ਨਾਲ ਲਿਆਂਦੇ ਧਰਮ ਗ੍ਰੰਥਾਂ/ਪੁਸਤਕਾਂ ਦੀ ਗੁਰੂ ਦਰਬਾਰ ਅੰਦਰ ਕਥਾ ਵਿਚਾਰ ਕਰਨ ਲਈ ਆਗਿਆ ਮੰਗੀ, ਜਿਸ ਨੂੰ ਸਤਿਗੁਰੂ ਜੀ ਨੇ ਪ੍ਰਵਾਨ ਕਰ ਲਿਆ (ਸਤਿਗੁਰੂ ਜੀ ਇਥੇ ਗੁਰੂ ਸੰਗਤ ਵਿੱਚ ਹਾਜ਼ਰ ਸਿੱਖਾਂ ਵੱਲੋਂ ਇਸ ਕਥਾ ਦਾ ਪ੍ਰਤੀਕਰਮ ਵੀ ਵੇਖਣਾ ਚਾਹੁੰਦੇ ਸਨ)

ਪੰਡਿਤ ਜੀ ਨੇ ਆਪਣੇ ਨਾਲ ਲਿਆਂਦੇ ਸਾਰੇ ਧਾਰਮਿਕ ਗ੍ਰੰਥਾਂ - ਪੁਸਤਕਾਂ ਦੀ ਕਥਾ ਪੂਰੀ ਕਰ ਲਈ, ਪਰ ਹਾਜ਼ਰ ਸਿੱਖ ਸੰਗਤਾਂ ਨੇ ਕੋਈ ਪ੍ਰਭਾਵ ਨਹੀਂ ਕਬੂਲਿਆ *ਕਿਉਕਿ ਸਿੱਖ ਗੁਰਬਾਣੀ ਗਿਆਨ ਨਾਲ ਜੁੜ ਕੇ ਸੁਚੇਤ ਹੋ ਚੁੱਕੇ ਸਨ।*

 

 ਪੰਡਿਤ ਵੱਲੋਂ ਹਾਰ ਮੰਨਣ ਦੀ ਬਜਾਏ ਆਪਣੇ ਪੁੱਤਰ ਨੂੰ ਬਨਾਰਸ ਭੇਜ ਕੇ ਅੱਗੇ ਕਥਾ ਵਿਚਾਰਾਂ ਵਾਸਤੇ ਹੋਰ ਧਾਰਮਿਕ ਗ੍ਰੰਥ/ਪੁਸਤਕਾਂ ਮੰਗਵਾਉਣ ਲਈ ਸਤਿਗੁਰੂ ਜੀ ਤੋਂ ਆਗਿਆ ਲੈ ਲਈ।

 

ਪੰਡਿਤ ਜੀ ਵੱਲੋਂ ਆਪਣੇ ਬੇਟੇ ਨੂੰ ਬਨਾਰਸ ਭੇਜਣ ਤੋਂ ਪਹਿਲਾਂ ਪਾਠ ਪੂਜਾ ਵਾਲੇ ਧਾਰਮਿਕ ਕਰਮ ਕਰਦੇ ਹੋਏ ਕੱਢੇ ਗਏ ਸ਼ੁਭ ਮਹੂਰਤ ਅਨੁਸਾਰ ਸ਼ਹਿਰ ਤੋਂ ਬਾਹਰ ਆਪ ਤੋਰਨ ਲਈ ਗਿਆ। ਥੋੜੇ ਸਮੇਂ ਬਾਅਦ ਹੀ ਪੰਡਿਤ ਆਪਣੇ ਨੌਜਵਾਨ ਪੁੱਤਰ ਸਮੇਤ ਵਾਪਸ ਆ ਜਾਣ ਤੇ ਚੱਲ ਰਹੇ ਗੁਰੂ ਦਰਬਾਰ ਵਿੱਚ ਹਾਜ਼ਰ ਸੰਗਤਾਂ ਦੇ ਸਾਹਮਣੇ ਹੀ ਸਤਿਗੁਰੂ ਜੀ ਨੇ ਪੰਡਿਤ ਵੱਲੋਂ ਆਪਣੇ ਪੁੱਤਰ ਸਮੇਤ ਇਸ ਤਰ੍ਹਾਂ ਇੰਨੀ ਜਲਦੀ ਵਾਪਸ ਮੁੜ ਆਉਣ ਦੀ ਵਜ੍ਹਾ ਪੁੱਛੀ ਗਈ।

 

ਪੰਡਿਤ ਜੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰ ਨੂੰ ਬਨਾਰਸ ਭੇਜਣ ਲਈ ਸ਼ਹਿਰ ਤੋਂ ਬਾਹਰ ਨਿਕਲਿਆ ਤਾਂ ਸਾਨੂੰ ਅੱਗੋਂ ਇੱਕ ਹੀਂਗਦਾ ਹੋਇਆ ਖੋਤਾ ਮਿਲਿਆ, ਜਿਸ ਨੂੰ ਅਸ਼ੁੱਭ ਮੰਨਦੇ ਹੋਏ ਸਾਨੂੰ ਵਾਪਸ ਆਉਣ ਦਾ ਫ਼ੈਸਲਾ ਲੈਣਾ ਪਿਆ। ਇਸ ਜਵਾਬ ਨੂੰ ਸੁਣ ਕੇ ਸਾਰੀ ਸੰਗਤ ਵਿੱਚ ਹਾਸੇ-ਠੱਠੇ ਦਾ ਮਾਹੌਲ ਬਣ ਗਿਆ।

 

ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਪੰਡਿਤ ਸਮੇਤ ਸਾਰਿਆਂ ਨੂੰ ਸਮਝਾਇਆ ਕਿ ਜੇਕਰ ਉਸ ਪੰਡਿਤ ਵੱਲੋਂ ਆਪਣੇ ਧਰਮ ਗ੍ਰੰਥਾਂ ਦੇ ਪੂਜਾ ਪਾਠ ਕਰਨ ਉਪਰੰਤ ਕੱਢੇ ਗਏ ਸ਼ੁਭ ਮਹੂਰਤ ਇੱਕ ਖੋਤੇ ਦੁਆਰਾ ਹੀਂਗਣ ਨਾਲ ਰੱਦ ਕੀਤੇ ਮੰਨੇ ਜਾ ਸਕਦੇ ਹਨ *ਤਾਂ ਵੱਡਾ ਕੌਣ ਹੋਇਆ ?* ਜੇਕਰ ਇਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹਨ - ਪੜਾਉਣ ਵਾਲੇ ਨੂੰ ਆਪ ਹੀ ਆਪਣੇ ਧਰਮ ਗ੍ਰੰਥਾਂ ਉੱਪਰ ਪੂਰਨ ਸ਼ਰਧਾ- ਭਰੋਸਾ ਨਹੀਂ ਤਾਂ ਉਸ ਦੇ ਰਾਹੀਂ ਸੁਨਣ ਵਾਲਿਆਂ ਦੀ ਸ਼ਰਧਾ - ਭਰੋਸਾ ਕਿਵੇਂ ਪ੍ਰਪੱਕ ਰਹਿ ਸਕਦਾ ਹੈ। ਫਿਰ ਇਨ੍ਹਾਂ ਨੂੰ ਪੜ੍ਹਨ -ਸੁਨਣ ਦਾ ਲਾਭ ਕੀ ਹੈ?

 

ਜਿਵੇਂ ਭਗਤ ਕਬੀਰ ਜੀ ਰਾਗ ਸੋਰਠਿ ਅੰਦਰ ਦਰਜ ਪਾਵਨ ਗੁਰਬਾਣੀ ਰਾਹੀਂ ਸਾਨੂੰ ਸਮਝਾਉਂਦੇ ਹਨ -

 

*"ਕਿਆ ਪੜੀਐ ਕਿਆ ਗੁਨੀਐ।। ਕਿਆ ਬੇਦ ਪੁਰਾਨਾ ਸੁਨੀਐ।। ਪੜੇ ਸੁਨੇ ਕਿਆ ਹੋਈ।। ਜਉ ਸਹਜ ਨ ਮਿਲਿਓ ਸੋਈ।।"*(655)

 

           (ਚਲਦਾ .....)

 

*ਸੁਖਜੀਤ ਸਿੰਘ ਕਪੂਰਥਲਾ*

+91 98720-76876

********************

*ਸਨਿਮਰ ਬੇਨਤੀ -* ਇਸ ਲੇਖ ਨੂੰ ਗੁਰਮਤਿ ਪ੍ਰਚਾਰ-ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 26 Apr 2026

Gurpreet Singh Sandhu
+91 9592669498
📣 Share this post

Latest News

View all