ਪਾਵਨ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਜੀਵ-ਜੰਤੂਆਂ ਤੋਂ ਸਿੱਖਿਆ (ਅਸਲਿ ਖਰ - ਭਾਗ 2)

03 May 2026 | 154 Views

ਪਾਵਨ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਜੀਵ-ਜੰਤੂਆਂ ਤੋਂ ਸਿੱਖਿਆ (ਅਸਲਿ ਖਰ - ਭਾਗ 2)

Learning from Animals through Holy Gurbani and Sikh History ( Part 2)

 

*ਨੋਟ -* ਇਸ ਲੇਖ ਲੜੀ ਨੂੰ ਜੋੜਨ ਲਈ ਪਹਿਲਾਂ ਭਾਗ -1 ਜ਼ਰੂਰ ਪੜ੍ਹੋ ਜੀ।

 

*ਸ੍ਰੀ ਗੁਰੂ ਗ੍ਰੰਥ ਸਾਹਿਬ ਜੀ* ਵਿੱਚ ਦਰਜ ਪਾਵਨ ਗੁਰਬਾਣੀ ਅੰਦਰ ਕਈ ਐਸੇ ਪ੍ਰਮਾਣ ਮਿਲਦੇ ਹਨ, ਜਿਹੜੇ ਆਮ ਲੋਕਾਈ ਦੇ ਚੇਤਿਆਂ ਵਿੱਚ ਪੰਜਾਬੀ ਮੁਹਾਵਰਿਆਂ/ਅਖਾਣਾਂ ਦੀ ਤਰ੍ਹਾਂ ਉਕਰੇ ਹੋਏ ਹਨ ਅਤੇ ਅਕਸਰ ਹੀ ਸਾਡੀ ਬੋਲ-ਬਾਣੀ ਵਿੱਚ ਵਰਤੇ ਜਾਂਦੇ ਹਨ, ਜਿਵੇਂ *" ਨਾਨਕ ਦੁਖੀਆ ਸਭੁ ਸੰਸਾਰੁ।।"* (945) *" ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ।।"* (136) *"....ਮਨਿ ਜੀਤੈ ਜਗੁ ਜੀਤੁ।।"* (6) ਅਤੇ ਇਸ ਤਰ੍ਹਾਂ ਕਈ ਹੋਰ ਵੀ।

 

ਸੰਸਾਰ ਅੰਦਰ ਰਹਿੰਦੇ ਹੋਏ ਮਨੁੱਖਾ ਜੀਵਨ ਦੀ ਸਫਲਤਾ ਹਿੱਤ ਸਾਨੂੰ ਆਪਣੇ ਮਨ ਨੂੰ ਕਾਬੂ ਵਿੱਚ ਰੱਖਣ ਦੀ ਜ਼ਰੂਰਤ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮ ਗ੍ਰੰਥਾਂ ਵੱਲੋਂ ਉਪਦੇਸ਼ ਦਿੱਤਾ ਗਿਆ ਹੈ। ਮਨੁੱਖੀ ਮਨ ਦੀ ਹਾਲਤ ਹੈ ਕਿ -

 

*" ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ।। ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ।। "* (876)

 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਰਾਗ ਗਉੜੀ ਪੂਰਬੀ ਵਿੱਚ ਦਰਜ ਇੱਕ ਬਚਨ ਰਾਹੀਂ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਮਨ ਵਿੱਚ ਪੈ ਚੁੱਕੀ ਦੁਬਿਧਾ ਨੂੰ ਖਤਮ ਕਰ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿਣ ਲਈ ਮਨ ਨੂੰ ਉੱਚੇ ਜੀਵਨ ਦੀ ਸੋਝੀ (ਗਿਆਨ) ਦੇਣ ਲਈ ਉੱਚ ਪਾਏ ਦੀ ਵਿਚਾਰ ਰੱਖਣ ਵਾਲੀ ਗੁਰਬਾਣੀ ਪੜ੍ਹਨੀ-ਸਮਝਣੀ-ਧਾਰਨ ਕਰਨੀ ਬਹੁਤ ਜ਼ਰੂਰੀ ਹੈ। ਭਗਤ ਕਬੀਰ ਜੀ ਦੇ ਪਾਵਨ ਬਚਨ ਹਨ - 

 

*"ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ।।"* (340)

 

ਇਸ ਲੇਖ ਲੜੀ ਦੇ ਰਾਹੀਂ ਆਪਾਂ ਸਮਝਣ ਦਾ ਉਪਰਾਲਾ ਕਰ ਰਹੇ ਹਾਂ ਕਿ ਗਧੇ/ਖੋਤੇ/ਖਰ/ਗਰਧਪ/ਗਧਹੁ... ਆਦਿ ਤੋਂ ਵੀ ਕੋਈ ਨਾ ਕੋਈ ਸਿੱਖਿਆ ਲਈ ਜਾ ਸਕਦੀ ਹੈ। ਜਿਵੇਂ ਰਾਗੁ ਬਿਲਾਵਲੁ ਅੰਦਰ ਦਰਜ ਪਾਵਨ ਗੁਰਬਾਣੀ ਫੁਰਮਾਨ ਰਾਹੀਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਮਿੱਟੀ ਅਤੇ ਉਸ ਤੋਂ ਬਣਾਏ ਭਾਂਡੇ, ਇੱਟਾਂ ਆਦਿਕ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਲਈ ਢੋਆ-ਢੁਆਈ ਦੇ ਕੰਮ ਨੂੰ ਕਰਨ ਵਾਲੇ ਕਾਰੀਗਰ ਘੁਮਿਆਰ ਨੂੰ ਪਾਲਤੂ ਗਧੇ/ਖੋਤੇ ਰੱਖਣੇ ਪੈਂਦੇ ਹਨ। ਪਰ ਉਸ ਦੇ ਪਾਲਤੂ ਗਧਿਆਂ ਵਿਚੋਂ ਕਈ ਵਾਰ ਅੜੀਅਲ ਗਧੇ ਵੀ ਨਿਕਲ ਆਉਂਦੇ ਹਨ ਜਿਹੜੇ ਆਪਣੇ ਮਾਲਕ ਘੁਮਿਆਰ ਨੂੰ ਵੀ ਦੁਲੱਤੀ ਮਾਰ ਜਾਂਦੇ ਹਨ। ਇਹੋ ਜਿਹੇ ਦੁਲੱਤੀਆਂ ਮਾਰਨ ਵਾਲੇ ਗਧੇ ਨੂੰ ਆਪਣੇ ਕਾਬੂ ਵਿੱਚ ਰੱਖਦੇ ਹੋਏ ਉਸ ਤੋਂ ਕੰਮ ਕਿਵੇਂ ਲੈਣਾ ਹੈ ? ਇਹ ਜੁਗਤੀ/ਤਰਕੀਬ ਉਹ ਘੁਮਿਆਰ ਚੰਗੀ ਤਰ੍ਹਾਂ ਨਾਲ ਜਾਣਦਾ ਹੈ। 

 

ਰੋਜ਼ਾਨਾ ਸਵੇਰੇ ਘਰ ਤੋਂ ਕੰਮ ਵਾਲੇ ਸਥਾਨ ਤੇ ਲੈ ਕੇ ਜਾਣ ਸਮੇਂ ਉਸ ਅੜੀਅਲ ਖੋਤੇ (ਖਰ) ਉੱਪਰ ਪਹਿਲਾਂ ਭਾਰ ਵਾਲੀ ਖੁਰਜੀ ਲੱਦਣ ਉਪਰੰਤ ਉਸ ਅੜੀਅਲ ਖੋਤੇ ਦੇ ਪਿਛਲੇ ਪੈਰਾਂ ਨੂੰ ਕਿੱਲੇ ਨਾਲ ਬੱਧੀਆਂ ਹੋਈਆਂ ਰੱਸੀਆਂ/ ਪੈਖਰਾਂ/ਪਛਾੜੀਆਂ ਨੂੰ ਖੋਲ੍ਹਦਾ ਹੈ ਅਤੇ ਸ਼ਾਮ ਨੂੰ ਕੰਮ ਤੋਂ ਘਰ ਵਾਪਸ ਆਉਣ ਤੇ ਉਸ ਅੜੀਅਲ ਖੋਤੇ ਦੇ ਪਿਛਲੇ ਪੈਰਾਂ ਨੂੰ ਪਹਿਲਾਂ ਰੱਸੀਆਂ (ਪੈਖਰੁ) ਪਾ ਕੇ ਕਿੱਲੇ ਨਾਲ ਬੰਨ ਦੇਣ ਉਪਰੰਤ ਹੀ ਉਸ ਖੋਤੇ ਦੀ ਪਿੱਠ ਤੋਂ ਖੁਰਜੀ ਵਾਲੇ ਭਾਰ ਨੂੰ ਉਤਾਰਦਾ ਹੈ। ਉਸ‌ ਉੱਪਰ ਲੱਦੇ ਹੋਏ ਭਾਰ ਕਾਰਨ ਜਾਂ ਪਿੱਛੇ ਪੈਰਾਂ ਨੂੰ ਕਿੱਲੇ ਨਾਲ ਬੱਧੀ ਹੋਈ ਰੱਸੀ ਕਾਰਨ ਉਹ ਅੜੀਅਲ ਖੋਤਾ ਦੁਲੱਤੀਆਂ ਮਾਰਨ ਤੋਂ ਅਸਮਰੱਥ ਰਹਿੰਦਾ ਹੈ।

 

ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਥ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ -ਬਿਲਾਵਲੁ ਰਾਗ ਦੇ ਇਸ ਸ਼ਬਦ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀਜ਼ ਕੇ ਮਨੁੱਖਾ ਜੀਵਨ ਦੀ ਉੱਚਤਮ ਅਵਸਥਾ ਨੂੰ ਮਾਨਣ ਦੇ ਰਸਤੇ ਵਿੱਚ ਰੁਕਾਵਟ ਬਣ ਕੇ ਖੜ੍ਹ ਜਾਣ ਵਾਲੇ ਸਾਡੇ ਮਨ ਦੀ ਹਾਲਤ ਵੀ ਉਸ ਅੜੀਅਲ ਖੋਤੇ ਵਾਂਗਰ ਹੀ ਹੈ। ਜਿਵੇਂ ਘੁਮਿਆਰ ਉਸ ਅੜੀਅਲ ਖੋਤੇ ਨੂੰ ਜੁਗਤੀ ਦੁਆਰਾ ਵੱਸ ਵਿੱਚ ਰੱਖਦੇ ਹੋਏ ਕੰਮ ਲੈਂਦਾ ਹੈ, ਲੋੜ ਹੈ ਕਿ ਅਸੀਂ ਆਪਣੇ ਭੱਜੇ ਫਿਰਦੇ ਅੜੀਅਲ ਮਨ ਨੂੰ ਗੁਰੂ ਦਰਸਾਈ ਜੁਗਤ ਨਾਲ ਕਾਬੂ ਵਿੱਚ ਰੱਖਦੇ ਹੋਏ ਦੁਰਲੱਭ ਮਨੁੱਖਾ ਜਨਮ ਨੂੰ ਸਫਲਾ ਕਰ ਲਈਏ । ਗੁਰਬਾਣੀ ਦੇ ਪਾਵਨ ਬਚਨ ਹਨ -

 

*" ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ।। ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ।।"* (815)

 

 ਯਾਦ ਰੱਖੀਏ ਕਿ ਆਮ ਤੌਰ ਤੇ ਗਾਥਾਵਾਂ ਕਾਲਪਨਿਕ ਹੁੰਦੀਆਂ ਹਨ, ਇਨ੍ਹਾਂ ਗਾਥਾਵਾਂ ਵਿਚੋਂ ਅਸਲੀਅਤ ਲੱਭਣ ਦੀ ਥਾਂ ਤੇ ਇਨ੍ਹਾਂ ਵਿਚੋਂ ਮਿਲਣ ਵਾਲੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। 

 

ਇੱਕ ਬੜੀ ਪਿਆਰੀ ਗਾਥਾ ਹੈ ਕਿ ਜੰਗਲ ਵਿੱਚ ਰਹਿਣ ਵਾਲੇ ਸ਼ੇਰ ਅਤੇ ਗਧੇ ਵਿਚਕਾਰ ਕਿਸੇ ਗੱਲ ਤੋਂ ਬਹਿਸ ਹੋ ਗਈ, ਆਪੋ ਆਪਣੀਆਂ ਦਲੀਲਾਂ ਦੇ-ਦੇ ਕੇ ਦੋਵਾਂ ਵਿਚੋਂ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਕਿਸੇ ਹੋਰ ਜਾਨਵਰ ਦੀ ਸਲਾਹ ਤੇ ਅਖੀਰ ਉਸ ਜੰਗਲ ਦੇ ਰਾਜਾ *ਬੱਬਰ ਸ਼ੇਰ* ਕੋਲੋਂ ਦੋਵਾਂ ਵਿਚੋਂ ਠੀਕ ਕੌਣ ? ਬਾਰੇ ਯੋਗ ਫੈਸਲਾ ਕਰਵਾਉਣ ਲਈ ਗਏ।

 

ਸ਼ੇਰ ਵੱਲੋਂ ਗਧੇ ਨਾਲ ਆਪਸੀ ਬਹਿਸ ਬਾਰੇ ਅਜੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੇ ਜਾਣ ਤੇ ਹੀ *ਬੱਬਰ ਸ਼ੇਰ* ਵੱਲੋਂ ਸ਼ੇਰ ਨੂੰ 10 ਕੋਰੜੇ ਮਾਰਨ ਦਾ ਹੁਕਮ ਦਿੱਤਾ ਗਿਆ। ਫਰਿਆਦੀ ਸ਼ੇਰ ਵੱਲੋਂ ਵਿਰੋਧ ਕਰਦੇ ਹੋਏ ਕਿਹਾ ਕਿ ਅਜੇ ਤਾਂ ਉਸਨੇ ਆਪਣੀ ਗੱਲ ਵੀ ਸ਼ੁਰੂ ਨਹੀਂ ਕੀਤੀ, ਰਾਜਾ ਜੀ ਤੁਸੀਂ ਫੈਸਲਾ ਕਿਵੇਂ ਸੁਣਾ ਦਿੱਤਾ?

 

*ਬੱਬਰ ਸ਼ੇਰ* ਨੇ ਦੱਸਿਆ ਕਿ ਤੁਹਾਡੇ ਕੇਸ ਦਾ ਪੂਰਾ ਫ਼ੈਸਲਾ ਤਾਂ ਦੋਵਾਂ ਨੂੰ ਸੁਨਣ ਉਪਰੰਤ ਹੀ ਕੀਤਾ ਜਾਵੇਗਾ, ਸ਼ੇਰ ਨੂੰ ਇਹ 10 ਕੋਰੜੇ ਮਾਰਨ ਦੀ ਸਜ਼ਾ ਤਾਂ ਇਸ ਗੱਲ ਦੀ ਹੈ ਕਿ ਉਸ ਨੇ ਸ਼ੇਰ ਹੋ ਕੇ ਗਧੇ ਨਾਲ ਬਹਿਸ ਕਿਉਂ ਕੀਤੀ, ਗਧੇ ਦੇ ਮੁਕਾਬਲੇ ਸ਼ੇਰ ਨੂੰ ਆਪਣਾ ਦਰਜਾ/ਰੁਤਬਾ (Status) ਤਾਂ ਵੇਖ ਲੈਣਾ ਚਾਹੀਦਾ ਸੀ। ....

 

ਇਸ ਗਾਥਾ ਨੂੰ ਸਨਮੁੱਖ ਰੱਖਦੇ ਹੋਏ ਸਾਨੂੰ ਵੇਖਣ ਦੀ ਲੋੜ ਹੈ ਕਿ ਕਿਤੇ ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਮੱਥਾ ਟੇਕਣ ਵਾਲੇ ਕਿਤੇ ਅਸੀਂ ਵੀ ਐਸੀਆਂ ਗਲਤੀਆਂ ਤਾਂ ਨਹੀਂ ਕਰ ਰਹੇ ?

 

*" ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ।। ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ।। "*   

 (441)

 

(ਚਲਦਾ.....)

 

ਸੁਖਜੀਤ ਸਿੰਘ ਕਪੂਰਥਲਾ

+91 98720-76876

*ਸਨਿਮਰ ਬੇਨਤੀ -* ਇਸ ਲੇਖ ਨੂੰ ਗੁਰਮਤਿ ਪ੍ਰਚਾਰ-ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 03 May 2026

Gurpreet Singh Sandhu
+91 9592669498
📣 Share this post

Latest News

View all