Poet of the Punjabi soul: Tribute from the literary world to Shiv Kumar Batalvi
ਇਸ ਦਿਨ ਦੁਨੀਆ ਭਰ ਦੇ ਸਾਹਿਤ ਪ੍ਰੇਮੀ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਇਸੇ ਕੜੀ ਤਹਿਤ ਬਟਾਲਾ ਵਿਖੇ ਵੀ ਸ਼ਿਵ ਬਟਾਲਵੀ ਨੂੰ ਯਾਦ ਕਰਦਿਆਂ 6 ਮਈ, ਦਿਨ ਬੁੱਧਵਾਰ ਨੂੰ ਸ਼ਿਵ ਆਡੀਟੋਰੀਅਮ ਵਿੱਚ ਵਿਸ਼ਾਲ ਕਵੀ ਦਰਬਾਰ ਅਤੇ ਸ਼ਿਵ ਦੀਆਂ ਗ਼ਜ਼ਲਾਂ ਦਾ ਰੂਹਾਨੀ ਗਾਇਨ ਕਰਵਾਇਆ ਜਾਵੇਗਾ।
ਕੇਸਰੀ ਵਿਰਾਸਤ : ਪੰਜਾਬੀ ਸਾਹਿਤ ਦੇ ਅਸਮਾਨ ’ਤੇ ਅੱਜ ਵੀ ਚਮਕਦੇ ਨਾਂ Shiv Kumar Batalvi ਦੀ 53ਵੀਂ ਬਰਸੀ 6 ਮਈ ਨੂੰ ਮਨਾਈ ਜਾ ਰਹੀ ਹੈ। ਬਿਰਹੇ, ਇਸ਼ਕ ਅਤੇ ਦਰਦ ਨੂੰ ਆਪਣੀ ਕਲਮ ਰਾਹੀਂ ਅਮਰ ਕਰਨ ਵਾਲੇ ਇਸ ਮਹਾਨ ਕਵੀ ਨੂੰ ਦੁਨੀਆ ਭਰ ਦੇ ਸਾਹਿਤ ਪ੍ਰੇਮੀ ਅੱਜ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਸ਼ਹਿਰ ਬਟਾਲਾ ਦੇ ਮੁਹੱਲਾ ਪ੍ਰੇਮ ਨਗਰ ਦਾਰਾ ਸਲਾਮ ਵਿੱਚ ਆਪਣਾ ਬਚਪਨ ਅਤੇ ਜਵਾਨੀ ਬਿਤਾਉਣ ਵਾਲੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਸ਼ਿਵ ਆਡੀਟੋਰੀਅਮ ਬਟਾਲਾ ਵਿੱਚ ਵਿਸ਼ਾਲ ਕਵੀ ਦਰਬਾਰ ਸਜੇਗਾ, ਜਿੱਥੇ ਪੰਜਾਬ ਦੇ ਪ੍ਰਸਿੱਧ ਕਵੀ ਅਤੇ ਗਾਇਕ ਸ਼ਿਵ ਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦੇਣਗੇ।
Shiv Kumar Batalvi ਦਾ ਜਨਮ 23 ਜੁਲਾਈ 1936 ਨੂੰ ਪਾਕਿਸਤਾਨ ਦੀ ਤਹਿਸੀਲ ਛੱਕਰਗੜ੍ਹ ਦੇ ਪਿੰਡ ਬੜਾ ਪਿੰਡ ਲੋਟੀਆਂ ਵਿਖੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਦੇਸ਼ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਬਟਾਲਾ ਆ ਵੱਸਿਆ। ਬਚਪਨ ਤੋਂ ਹੀ ਸੰਵੇਦਨਸ਼ੀਲ ਸੁਭਾਅ ਵਾਲੇ ਸ਼ਿਵ ਕੁਮਾਰ ਨੇ ਆਪਣੇ ਜੀਵਨ ਦੇ ਦਰਦ ਅਤੇ ਅਧੂਰੇ ਪਿਆਰ ਨੂੰ ਕਵਿਤਾ ਦਾ ਰੂਪ ਦਿੱਤਾ।
ਉਨ੍ਹਾਂ ਦੀਆਂ ਰਚਨਾਵਾਂ —
“ਮਾਏ ਨੀਂ ਮਾਏ, ਮੈਂ ਇੱਕ ਸ਼ਿਕਰਾ ਯਾਰ ਬਣਾਇਆ…”
ਅਤੇ
“ਇੱਕ ਕੁੜੀ ਜਿਹਦਾ ਨਾਂ ਮੁਹੱਬਤ…”
ਅੱਜ ਵੀ ਪੰਜਾਬੀ ਦਿਲਾਂ ਦੀ ਧੜਕਣ ਬਣੀਆਂ ਹੋਈਆਂ ਹਨ।
ਪੰਜਾਬ ਦੇ ਮਸ਼ਹੂਰ ਉਸਤਾਦ ਕਵੀ ਪੰਡਿਤ ਬਰਕਤ ਰਾਮ ਯੁਮਨ ਦੀ ਰਹਿਨੁਮਾਈ ਹੇਠ ਸ਼ਿਵ ਕੁਮਾਰ ਦੀ ਸ਼ਾਇਰੀ ਹੋਰ ਨਿਖਰ ਕੇ ਸਾਹਮਣੇ ਆਈ। 1965 ਵਿੱਚ ਉਨ੍ਹਾਂ ਨੂੰ ਆਪਣੀ ਪ੍ਰਸਿੱਧ ਕਾਵਿ ਰਚਨਾ ਲੂਣਾ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਵਿੱਚ ਇਹ ਸਨਮਾਨ ਹਾਸਲ ਕਰਨ ਵਾਲੇ ਕਵੀ ਬਣੇ।
ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਰੂਹਾਨੀ ਆਵਾਜ਼ ਅਤੇ ਸ਼ਬਦਾਂ ਨਾਲ ਦੇਸ਼-ਵਿਦੇਸ਼ ਦੀਆਂ ਵੱਡੀਆਂ ਸਟੇਜਾਂ ’ਤੇ ਪੰਜਾਬੀ ਸਾਹਿਤ ਦਾ ਮਾਣ ਵਧਾਇਆ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 7 ਮਈ 1973 ਨੂੰ ਕੇਵਲ 36 ਸਾਲ ਦੀ ਉਮਰ ਵਿੱਚ ਇਹ ਮਹਾਨ ਕਵੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਅੱਜ ਵੀ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਪੰਜਾਬ ਦੀ ਰੂਹ ਵਿੱਚ ਵੱਸਦੀ ਹੈ। ਬਟਾਲਾ ਦਾ ਸ਼ਿਵ ਆਡੀਟੋਰੀਅਮ ਅਤੇ ਪਿੰਡ ਮੰਗੇਆਲ ਵਿੱਚ ਬਣੀ ਲਾਇਬ੍ਰੇਰੀ ਉਨ੍ਹਾਂ ਦੀਆਂ ਯਾਦਾਂ ਨੂੰ ਜਿਉਂਦਾ ਰੱਖ ਰਹੇ ਹਨ। ਬਿਰਹੇ ਦਾ ਇਹ ਸੁਲਤਾਨ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚ ਨਹੀਂ, ਪਰ ਉਸਦੇ ਸ਼ਬਦ ਅੱਜ ਵੀ ਪੰਜਾਬ ਦੇ ਦਿਲਾਂ ਵਿੱਚ ਧੜਕਦੇ ਹਨ।