ਪ੍ਰਗਟ ਗੁਰਾਂ ਕੀ ਦੇਹ: ਵਿਚਾਰਨਯੋਗ ਨੁਕਤਾ - ਆਖ਼ਰੀ ਭਾਗ -7

27 Jan 2026 | 66 Views

ਪ੍ਰਗਟ ਗੁਰਾਂ ਕੀ ਦੇਹ: ਵਿਚਾਰਨਯੋਗ ਨੁਕਤਾ - ਆਖ਼ਰੀ ਭਾਗ -7

The Body of the Manifested Guru: Points to Consider - Final Part -7

 

ਇਹ ਕੈਸੀ ਵਿਡੰਬਨਾ ਹੈ ਕਿ ਸਾਡੇ ਸਿੱਖ ਸਮਾਜ ਵਿੱਚ ਅਜੋਕੇ ਸਮੇਂ ਦੌਰਾਨ ਅਕਸਰ ਹੀ ਕਈ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ-ਆਸਨ/ਪ੍ਰਕਾਸ਼ ਅਸਥਾਨਾਂ ਉੱਪਰ ਪਾਵਨ ਸਰੂਪ ਅਗਨ ਭੇਂਟ ਹੋਣ ਸਬੰਧੀ ਦੁਰਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਅਸਲ ਕਾਰਨਾਂ ਵੱਲ ਨਿਰਪੱਖਤਾ ਨਾਲ ਝਾਤੀ ਮਾਰਣ ਦੀ ਥਾਂ ਤੇ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਲਈ ਸ਼ਰਾਰਤੀ ਅਨਸਰਾਂ ਨੂੰ ਜ਼ਿੰਮੇਵਾਰ ਦੱਸਦੇ ਹੋਏ ਅਸੀਂ ਆਪ ਸੁਰਖਰੂ ਹੋਣ ਦਾ ਯਤਨ ਕਰਦੇ ਹਾਂ। ਜਦੋਂ ਕਿ ਇਸ ਸਬੰਧੀ ਅਸਲੀਅਤ ਇਹ ਹੈ ਕਿ "ਪ੍ਰਗਟ ਗੁਰਾਂ ਕੀ ਦੇਹ" ਵਾਲੀ ਭਾਵਨਾ ਤਹਿਤ ਲਗਭਗ 80% ਤੋਂ ਵੱਧ ਦੁਰਘਟਨਾਵਾਂ ਗਰਮੀ-ਸਰਦੀ-ਸਜਾਵਟ ਆਦਿ ਦੇ ਪ੍ਰਭਾਵ ਅਧੀਨ ਕੀਤੇ ਗਏ ਬਿਜਲਈ ਪ੍ਰਬੰਧਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਹੀ ਵਾਪਰ ਰਹੀਆਂ ਹਨ। 

 

ਐਸਾ ਵਾਪਰਣ ਤੋਂ ਬਾਅਦ ਸਾਡੇ ਜਥੇਦਾਰ, ਰਾਜਨੀਤਕ, ਧਾਰਮਿਕ, ਸਮਾਜਿਕ ਆਗੂ ਆਪੋ ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਹਿੱਤ ਮਗਰਮੱਛ ਦੇ ਹੰਝੂ ਵਹਾਉਣ ਲਈ ਜ਼ਰੂਰ ਪਹੁੰਚ ਜਾਂਦੇ ਹਨ। ਪਸ਼ਚਾਤਾਪ ਸਮਾਗਮਾਂ ਸਮੇਂ ਭਾਸ਼ਨ ਬਾਜ਼ੀਆਂ ਕਰਦੇ ਹੋਏ ਸਭ ਕੁਝ ਸ਼ਰਾਰਤੀ ਅਨਸਰਾਂ ਦੇ ਖਾਤੇ ਵਿੱਚ ਪਾ ਕੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਦੀ ਅਗਲੀ ਉਡੀਕ ਵਿੱਚ ਉਥੋਂ ਵਿਦਾ ਹੋ ਜਾਂਦੇ ਹਨ। ਐਸੇ ਸਮਿਆਂ ਤੇ ਇਸ ਸਬੰਧ ਵਿੱਚ ਲੋੜੀਂਦੀ ਅਗਾਊਂ ਚੇਤਨਤਾ ਵਾਲੇ ਪ੍ਰਬੰਧ ਕਰਨ ਵਾਲੀ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਲਈ ਲੋੜ ਨਹੀਂ ਸਮਝੀ ਜਾਂਦੀ ਹੈ।

 

ਯਾਦ ਰੱਖੀਏ ਕਿ ਜੇਕਰ ਅਸੀਂ *" ਪ੍ਰਗਟ ਗੁਰਾਂ ਕੀ ਦੇਹ ..,"* ਵਾਲੇ ਪ੍ਰਭਾਵ ਅਧੀਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੀਰ ਰੂਪ ਵਿੱਚ ਹੀ ਮੰਨਦੇ ਰਹੇ ਤਾਂ ਸਰੀਰ ਦੀਆਂ ਲੋੜਾਂ ਤਾਂ ਹੋਰ ਵੀ ਬਹੁਤ ਹੁੰਦੀਆਂ ਹਨ, ਗੱਲ ਇਥੇ ਹੀ ਖਤਮ ਨਹੀਂ ਹੁੰਦੀ, ਇਸ ਤੋਂ ਅੱਗੇ ਜਿਸ ਦੇ ਮਨ ਵਿੱਚ ਜੋ ਵੀ ਆਉਂਦਾ ਹੈ, ਬਿਨਾਂ ਸੋਚੇ - ਸਮਝੇ - ਵਿਚਾਰੇ ਆਪਣੀ ਮਨਮਰਜ਼ੀ ਨਾਲ ਇੱਕ ਦੂਜੇ ਤੋਂ ਅੱਗੇ ਵਧ ਕੇ ਤੁਰੀ ਜਾਂਦਾ ਹੈ। ਪਤਾ ਨਹੀਂ ਇਸ ਸਭ ਕੁਝ ਦਾ ਅੰਤ ਕਦੋਂ, ਕਿਥੇ,ਕਿਵੇਂ ,ਕਿਸ ਰਾਹੀਂ ਹੋਵੇਗਾ ?

 

ਇਸ ਵਿਸ਼ੇ ਨਾਲ ਸਬੰਧਤ ਸ੍ਰ ਰਘਬੀਰ ਸਿੰਘ ਬੀਰ ਦੀ ਪੁਸਤਕ "ਰਮਜ਼ੀ ਕਹਾਣੀਆਂ" ਵਿਚੋਂ "ਖੋਜੀ ਦੀ ਨਿਰਾਸ਼ਤਾ" ਕਹਾਣੀ ਨੂੰ ਪੜ੍ਹ ਕੇ ਸਮਝਣ ਦੀ ਲੋੜ ਹੈ। ਲੇਖਕ ਵੱਲੋਂ ਇਸ ਕਹਾਣੀ ਵਿੱਚ ਰਮਜ਼ ਭਰਪੂਰ ਨੁਕਤੇ ਨੂੰ ਉਠਾ ਕੇ ਇੱਕ ਖੋਜੀ ਦੀ ਖੋਜ ਭਰਪੂਰ ਪੁਸਤਕ ਨੂੰ ਇਹੋ ਜਿਹੇ ਲੋਕਾਂ ਵੱਲੋਂ ਪੜ੍ਹਣ-ਘੋਖਣ-ਵਿਚਾਰਣ ਦੀ ਬਜਾਏ ਕੇਵਲ ਵਧੀਆ ਤੋਂ ਵਧੀਆ ਤਰੀਕੇ ਨਾਲ ਬਾਹਰੀ ਸਤਿਕਾਰ ਕਰਨ ਵਾਲੇ ਪੱਖ ਨੂੰ ਸਾਹਮਣੇ ਰੱਖਦੇ ਹੋਏ ਉਸ ਖੋਜੀ ਦੀ ਨਿਰਾਸ਼ਤਾ ਦਾ ਚਿਤਰਣ ਕੀਤਾ ਗਿਆ ਹੈ। ਇਹ ਖੋਜੀ ਕੋਈ ਹੋਰ ਨਹੀਂ ਸਗੋਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲ ਇਸ਼ਾਰਾ ਕੀਤਾ ਗਿਆ ਹੈ।

 

ਲੋੜ ਤਾਂ ਇਸ ਗੱਲ ਦੀ ਹੈ ਕਿ ਗੁਰੂ ਸਿਧਾਤਾਂ ਦੇ ਦਾਇਰੇ ਅੰਦਰ ਰਹਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ *"ਬਹਿਰੂਨੀ ਸਤਿਕਾਰ"* ਦੇ ਨਾਲ-ਨਾਲ ਸਾਨੂੰ ਪਿਉ ਦਾਦੇ ਤੋਂ ਮਿਲੇ ਸ਼ਬਦ ਗੁਰੂ ਵਾਲੇ ਗੁਰਬਾਣੀ ਦੇ ਖ਼ਜ਼ਾਨੇ ਨੂੰ ਵਿਚਾਰਦੇ ਹੋਏ ਉਸ ਵਿੱਚ ਦਰਸਾਏ ਗਏ ਸਾਰੇ ਗੁਰੂ ਹੁਕਮਾਂ ਦੀ ਪਾਲਣਾ ਕਰਨ ਵਾਲੇ *"ਅੰਦਰੂਨੀ ਸਤਿਕਾਰ"* ਨੂੰ ਪ੍ਰਮੁੱਖਤਾ ਦਿੱਤੀ ਜਾਵੇ। 

 

ਯਾਦ ਰੱਖੀਏ ਕਿ ਗਿਆਨ ਭਰਪੂਰ ਸ਼ਬਦ ਗੁਰੂ ਨਾਲ ਜੁੜ ਕੇ ਹੀ ਸਾਨੂੰ ਜੀਵਨ ਮੰਜ਼ਿਲ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਜੇਕਰ ਅਸੀਂ ਐਸਾ ਨਹੀਂ ਕਰਦੇ ਤਾਂ ਪਾਵਨ ਗੁਰਬਾਣੀ ਰਾਹੀਂ ਦਰਸਾਈਆਂ ਗਈਆਂ ਤਾੜਨਾਵਾਂ ਨੂੰ ਹਮੇਸ਼ਾਂ ਯਾਦ ਰੱਖੀਏ -

 

-"*ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ।।*" (635)

 

-"*ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ।।*" (601)

 

-"*ਕਿਆ ਭਵੀਐ ਸਚਿ ਸੂਚਾ ਹੋਇ।। ਸਾਚ ਸਬਦ ਬਿਨੁ ਮੁਕਤਿ ਨ ਕੋਇ।।*" (938)

 

   ‌‌ ੍ ......*ਸਮਾਪਤ*.....

 

 *ਸੁਖਜੀਤ ਸਿੰਘ ਕਪੂਰਥਲਾ*

ਗੁਰਮਤਿ ਪ੍ਰਚਾਰਕ/ਕਥਾ ਵਾਚਕ/ ਲੇਖਕ/ ਸੇਵਾ ਮੁਕਤ XEN 

*98720-76876*

*******************

*ਜ਼ਰੂਰੀ ਬੇਨਤੀ--* ਵਿਸ਼ਾ ਅਧੀਨ ਲੇਖ ਲੜੀ *ਪ੍ਰਗਟ ਗੁਰਾਂ ਕੀ ਦੇਹ....* (ਭਾਗ 1 ਤੋਂ 7) ਨੂੰ ਲਿਖਦੇ ਹੋਏ ਦਾਸ ਵੱਲੋਂ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਦਾ ਹੱਕ/ਵਿਰੋਧ ਨਹੀਂ ਕੀਤਾ ਗਿਆ, ਸਗੋਂ ਗੁਰਮਤਿ ਸਿਧਾਂਤਾਂ ਵਾਲੇ ਸੱਚ (*ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ।। ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ।।* - 646) ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਗਏ *ਗੁਰਮਤਿ ਗਿਆਨ* ਨੂੰ ਬੇਬਾਕੀ ਨਾਲ ਪੇਸ਼ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ। ਸਾਡੀ ਤਾਂ ਅਰਦਾਸ ਹੀ ਇਹੀ ਹੈ ਕਿ ਸਤਿਗੁਰੂ ਜੀ ਸਾਰਿਆਂ ਦੀਆਂ ਝੋਲੀਆਂ ਵਿੱਚ *ਬਿਬੇਕ ਬੁੱਧ* ਦੀ ਦਾਤ ਨਾਲ ਭਰ ਦੇਣ ਤਾਂ ਜੋ ਸਹੀ ਗੁਰਮਤਿ ਸਿਧਾਂਤਾਂ ਦੀ ਸਮਝ ਲੱਗ ਸਕੇ।

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 27 Jan 2026

Gurpreet Singh Sandhu
+91 9592669498
📣 Share this post

Latest News

View all