"The Body of the Manifested Guru" - Points to Consider (Part-2)

*ਨੋਟ-- ਇਸ ਲੇਖ ਦੀ ਲੜੀ ਨੂੰ ਜੋੜਨ ਲਈ ਪਹਿਲਾਂ ਭਾਗ-1 ਜ਼ਰੂਰ ਪੜ੍ਹੋ ਜੀ।*

 

ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਔਰੰਗਜ਼ੇਬ ਦੇ ਸੱਦੇ ਉੱਤੇ ਦਿੱਲੀ ਵਿਖੇ ਆਪ ਨਿੱਜੀ ਤੌਰ ਤੇ ਜਾਣ ਦੀ ਥਾਂ ਤੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਇ ਉੱਪਰ ਪੂਰਨ ਭਰੋਸਾ ਰੱਖਦੇ ਹੋਏ ਉਸ ਨੂੰ ਭੇਜਿਆ ਗਿਆ। ਪਰ ਬਾਬਾ ਰਾਮ ਰਾਇ ਵੱਲੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਡਰ-ਲਾਲਚ-ਖੁਸ਼ਾਮਦ ਅਧੀਨ ਹੋ ਕੇ ਪਿਤਾ ਗੁਰੂ ਜੀ ਦੇ ਸਰੀਰ ਨਾਲ ਨਹੀਂ ਸਗੋਂ ਸ਼ਬਦ ਗੁਰੂ (ਗੁਰੂ ਨਾਨਕ ਸਾਹਿਬ ਜੀ ਦੁਆਰਾ "ਆਸਾ ਕੀ ਵਾਰ" ਵਿੱਚ ਉਚਾਰਨ ਕੀਤੀ ਗਈ ਪਾਵਨ ਗੁਰਬਾਣੀ ਦੀ ਤੁਕ "ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ"-(466) ਵਿੱਚ ਆਏ ਸ਼ਬਦ "ਮੁਸਲਮਾਨ" ਦੀ ਥਾਂ ਤੇ ਬਦਲ ਕੇ 'ਬੇਈਮਾਨ' ਕਹਿ ਦਿੱਤਾ ਗਿਆ ਸੀ) ਨਾਲ ਛੇੜਛਾੜ ਕਰਨ ਉੱਪਰ ਪਿਤਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਸਿੱਖੀ ਸਿਧਾਂਤਾਂ ਦੀ ਪ੍ਰਪੱਕਤਾ ਨਾਲ ਪਹਿਰੇਦਾਰੀ ਕਰਦੇ ਹੋਏ ਰਾਮ ਰਾਇ ਨੂੰ ਸਾਰੀ ਜ਼ਿੰਦਗੀ ਮੱਥੇ ਨਾ ਲੱਗਣ ਦਾ ਜੋ ਫੈਸਲਾ ਦਿੱਤਾ, ਉਹ ਸਾਡੇ ਲਈ ਹਰ ਸਮੇਂ ਪੱਥ-ਪ੍ਰਦਸ਼ਕ ਦੇ ਰੂਪ ਵਿੱਚ ਸਿੱਖ ਇਤਿਹਾਸ ਦੇ ਪੰਨਿਆਂ ਅੰਦਰ ਮੌਜੂਦ ਹੈ। ਸਤਵੇਂ ਪਾਤਸ਼ਾਹ ਜੀ ਨੇ ਇਸ ਘਟਨਾਕ੍ਰਮ ਦੁਆਰਾ ਦਰਸਾ ਦਿੱਤਾ ਕਿ ਸਿੱਖ ਸਿਧਾਂਤ ਪਹਿਲਾਂ ਹੈ ਪੁੱਤਰ ਬਾਅਦ ਵਿੱਚ।

 

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਸੰਪਾਦਿਤ "ਆਦਿ ਬੀੜ" ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਲਵੰਡੀ ਸਾਬੋ (ਤਖ਼ਤ ਸ੍ਰੀ ਦਮਦਮਾ ਸਾਹਿਬ) ਦੇ ਅਸਥਾਨ ਤੇ ਆਪਣੀ ਨਿੱਜੀ ਨਿਗਰਾਨੀ ਹੇਠ ਭਾਈ ਮਨੀ ਸਿੰਘ ਜੀ ਦੇ ਰਾਹੀਂ ਇਸ 'ਆਦਿ ਬੀੜ' ਵਿੱਚ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਰਚਿਤ ਪਾਵਨ ਗੁਰਬਾਣੀ ਨੂੰ ਦਰਜ ਕਰਵਾਉਂਦੇ ਹੋਏ ਇਸ ਗ੍ਰੰਥ ਨੂੰ ਸੰਪੂਰਨ ਕੀਤਾ ਗਿਆ। ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਅਸਥਾਨ ਤੇ ਇਸ ਪਾਵਨ ਬੀੜ ਦੀ ਸੰਪੂਰਨਤਾ ਵਾਲੇ ਕਾਰਜ ਨੂੰ ਮੁਕੰਮਲ ਕਰਨ ਕਾਰਨ ਇਸ ਪਾਵਨ ਬੀੜ ਨੂੰ "ਦਮਦਮੀ ਬੀੜ" ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਇਤਿਹਾਸਕ ਸਥਾਨ ਤੇ 1708 ਈਸਵੀ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ 'ਦਮਦਮੀ ਬੀੜ' ਵਾਲੇ ਸਰੂਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਦੀਵੀਂ ਗੁਰਤਾ ਗੱਦੀ ਵਾਲੇ ਸਿੰਘਾਸਨ ਉੱਪਰ ਬਿਰਾਜਮਾਨ ਕਰਕੇ ਪਿਛਲੇ 239 ਸਾਲ ਤੋਂ ਚੱਲੇ ਆ ਰਹੇ ਸ਼ਖਸ਼ੀ ਗੁਰੂ ਪ੍ਰੰਪਰਾ ਵਾਲੇ ਪੱਖ ਨੂੰ ਹਮੇਸ਼ਾਂ ਲਈ ਸਮਾਪਤ ਕਰ ਦਿੱਤਾ। ਯਾਦ ਰੱਖੀਏ ਕਿ ਅਜੋਕੇ ਸਮੇਂ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਅਸਥਾਨਾਂ ਤੇ ਇਸੇ 'ਦਮਦਮੀ ਬੀੜ' ਦਾ ਪ੍ਰਕਾਸ਼ ਕੀਤਾ ਜਾਂਦਾ ਹੈ।

 

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੂਰਨ ਤੌਰ ਤੇ ਇਸ ਭਰੋਸੇ ਨਾਲ ਇਸ ਕਾਰਜ ਨੂੰ ਪੂਰਾ ਕੀਤਾ ਗਿਆ ਹੋਵੇਗਾ ਕਿ ਹੁਣ ਗੁਰਸਿੱਖ ਐਨੇ ਸਮਝਦਾਰ ਹੋ ਚੁੱਕੇ ਹਨ, ਇਹ ਹੁਣ ਕਦੇ ਵੀ ਦੇਹਧਾਰੀ ਗੁਰੂ ਡੰਮ ਵੱਲੋਂ ਫੈਲਾਏ ਗਏ ਜਾਲ ਵਿੱਚ ਨਹੀਂ ਫਸਣਗੇ। ਸਮੇਂ-ਸਥਾਨ-ਹਾਲਾਤ ਦੇ ਬਦਲਣ ਨਾਲ ਸਿੱਖਾਂ ਨੂੰ ਕੋਈ ਹੋਰ ਨਵਾਂ ਗੁਰੂ ਲੱਭਣ ਦੀ ਲੋੜ ਨਹੀਂ ਰਹੇਗੀ। ਕਲਗੀਧਰ ਪਿਤਾ ਵੱਲੋਂ ਪ੍ਰਤੱਖ ਰੂਪ ਵਿੱਚ ਸਾਡੇ ਉੱਪਰ ਕੀਤਾ ਗਿਆ ਇੱਕ ਬਹੁਤ ਵੱਡਾ ਉਪਕਾਰ ਹੈ।

 

ਇਸ ਤੋਂ ਅੱਗੇ ਹੁਣ ਵਿਚਾਰਣ ਯੋਗ ਪੱਖ ਹੈ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਡੇ ਉੱਪਰ ਪ੍ਰਗਟਾਏ ਗਏ ਭਰੋਸੇ ਉੱਤੇ ਪੂਰੇ ਉਤਰ ਰਹੇ ਹਾਂ ਜਾਂ ਨਹੀਂ ? 

 

10 ਗੁਰੂ ਸਾਹਿਬਾਨ ਦੀ ਅਧਿਆਤਮਕ ਜੋਤ, ਰੱਬੀ ਬਖਸ਼ਿਸ਼ਾਂ ਦੇ ਭੰਡਾਰ, ਸਦੈਵ ਕਾਲ ਲਈ ਗੁਰਤਾ ਗੱਦੀ ਉੱਪਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰਤ ਪੱਖ ਨੂੰ "ਅੰਦਰੂਨੀ ਅਤੇ ਬਹਿਰੂਨੀ" ਦੋ ਹਿੱਸਿਆਂ ਵਿੱਚ ਵੰਡ ਕੇ ਵੇਖਣ ਦੀ ਜ਼ਰੂਰਤ ਹੈ। ਇਨ੍ਹਾਂ ਦੋਵਾਂ ਪੱਖਾਂ ਦੀ ਆਪੋ ਆਪਣੀ ਅਹਿਮੀਅਤ ਹੈ। 'ਅੰਦਰੂਨੀ ਸਤਿਕਾਰ' ਤੋਂ ਭਾਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਗੁਰਬਾਣੀ ਦੇ ਹਰ ਹੁਕਮ ਨੂੰ ਹਰੇਕ ਸਿੱਖ ਨੇ ਹਰ ਹਾਲਤ ਵਿੱਚ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ, ਕਿਸੇ ਨੂੰ ਵੀ ਇਸ ਵਿਸ਼ੇ ਤੇ ਆਪਣੀ ਨਿੱਜੀ ਰਾਏ ਰੱਖਣ ਦੀ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ ਹੈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਬਹਿਰੂਨੀ ਸਤਿਕਾਰ' ਕਰਨ ਵਾਲੇ ਪੱਖ ਤੋਂ ਅਜੋਕੇ ਸਮੇਂ ਅਸੀਂ ਜਾਣੇ-ਅਣਜਾਣੇ ਵਿੱਚ ਉਹ ਕੁਝ ਕਰ ਰਹੇ ਹਾਂ, ਜੋ ਕਰਨਾ ਨਹੀਂ ਬਣਦਾ ਸੀ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿੰਨਾ ਕੁ ਕੀਤਾ ਜਾਵੇ ? ਇਸ ਨੂੰ ਕਿਸੇ ਸੀਮਾ ਵਿੱਚ ਨਹੀਂ ਬੰਨਿਆ ਜਾ ਸਕਦਾ ਹੈ, ਪਰ ਇਸ ਦੇ ਨਾਲ-ਨਾਲ ਇਹ ਖਿਆਲ ਰੱਖਣਾ ਵੀ ਜ਼ਰੂਰੀ ਹੈ ਕਿ ਸਾਡੇ ਵੱਲੋਂ ਧਾਰਮਿਕ ਸਮਝ ਕੇ ਕੀਤੇ ਜਾ ਰਹੇ ਇਨ੍ਹਾਂ ਕਰਮਾਂ ਨਾਲ ਕਿਤੇ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 'ਬਹਿਰੂਨੀ ਸਤਿਕਾਰ' ਜ਼ਰੂਰ ਕਰੀਏ, ਪਰ ਵਹਿਮ-ਭਰਮ ਦੀਆਂ ਹੱਦਾਂ ਤੋਂ ਉਰੇ-ਉਰੇ ਰਹਿ ਕੇ, ਗੁਰੂ ਗਿਆਨ ਦੀ ਰੋਸ਼ਨੀ ਵਿੱਚ ਚੱਲਦੇ ਹੋਏ।

 

ਆਪਣੇ ਵੱਲੋਂ ਲਿਖੇ-ਪੜੇ ਜਾ ਰਹੇ ਇਸ ਲੇਖ ਦੇ ਵਿਸ਼ੇ ਸਬੰਧੀ 'ਡਾਕਟਰ ਗੁਰਸ਼ਰਨਜੀਤ ਸਿੰਘ' ਵੱਲੋਂ ਦਿੱਤੇ ਗਏ ਵਿਚਾਰ ਧਿਆਨ ਦੇਣ ਯੋਗ ਹਨ -

 

"ਗੁਰੂ ਗ੍ਰੰਥ ਸਾਹਿਬ ਨੂੰ ਕਈ ਪ੍ਰੇਮੀ 'ਪ੍ਰਗਟ ਗੁਰਾਂ ਕੀ ਦੇਹ' ਕਰਕੇ ਮੰਨਦੇ ਹਨ। ਅਦਾਲਤ ਦੇ ਇੱਕ ਫੈਸਲੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਿਅਕਤੀ ਮੰਨ ਲਿਆ ਗਿਆ ਹੈ।

ਇਸ ਕਾਰਨ ਪ੍ਰੇਮੀ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਸਤਿਕਾਰ, ਜਿਊਂਦੇ-ਜਾਗਦੇ ਗੁਰੂ ਵਾਂਗ ਕਰਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਉੱਪਰ ਸਰਦੀਆਂ ਵਿੱਚ ਕੰਬਲ ਅਤੇ ਹੋਰ ਗਰਮ ਵਸਤਰ ਪਾਉਂਦੇ ਹਨ, ਜਦੋਂ ਕਿ ਗਰਮੀਆਂ ਵਿੱਚ ਕੂਲਰ ਅਤੇ ਏਅਰ ਕੰਡੀਸ਼ਨਰ ਵੀ ਚਲਾਉਂਦੇ ਹਨ। ਪ੍ਰੰਤੂ ਜੇ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਮੰਨੀਏ ਨਾ, ਪਰ ਇਸ ਤਰ੍ਹਾਂ ਦਾ ਸਤਿਕਾਰ ਕਰਦੇ ਚੱਲੀਏ ਤਾਂ ਇਹ ਵਿਖਾਵਾ ਅੰਤ ਅੰਧ ਵਿਸ਼ਵਾਸ਼ ਹੀ ਬਣ ਕੇ ਰਹਿ ਜਾਵੇਗਾ।

ਦੇਹਧਾਰੀ ਗੁਰੂ ਡੰਮ ਦਾ ਪ੍ਰਭਾਵ ਸਿੱਖਾਂ ਵਿੱਚ ਬਹੁਤ ਜ਼ਿਆਦਾ ਹੈ। ਬਹੁ-ਗਿਣਤੀ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਇਸੇ ਪ੍ਰਭਾਵ ਕਾਰਨ ਹੀ ਦੇਹ ਸਰੂਪ ਮੰਨਣ ਲਈ ਮਜ਼ਬੂਰ ਹਨ।...... ਇਹ ਅਗਿਆਨਤਾ ਅਤੇ ਮਨਮਤ ਦਾ ਪ੍ਰਗਟਾਵਾ ਹੀ ਕਿਹਾ ਜਾਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਬਦ ਗੁਰੂ ਸਾਡੇ ਵਾਂਗ ਪੰਜ-ਭੂਤਕ ਸਰੀਰ ਨਹੀਂ ਰੱਖਦਾ। ਸ਼ਬਦ ਗੁਰੂ ਦੇ ਚਰਨਾਂ ਜਾਂ ਹੋਰ ਅੰਗਾਂ ਦੀ ਕਲਪਨਾ ਕਰਨੀ, ਸਾਡੀ ਦਿਮਾਗੀ ਬਿਮਾਰੀ ਅਤੇ ਮਨਮਤੀ ਮਾਨਸਿਕਤਾ ਦੀ ਨਿਸ਼ਾਨੀ ਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਪੰਜ- ਭੂਤਕ ਸਰੀਰ ਵਾਲਾ ਮੰਨਣਾ, ਉਸਦੀ ਵਡਿਆਈ ਦੀ ਥਾਂ ਦੋਸ਼ ਬਣ ਜਾਂਦਾ ਹੈ। ਪੰਜ-ਭੂਤਕ ਸਰੀਰ ਤਾਂ ਨਾਸ਼ ਹੋ ਜਾਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਤਾਂ ਜੁਗੋ ਜੁਗ ਅਟੱਲ ਹੈ।"......

(ਗੁਰਮਤ ਨਿਰਨਯ ਕੋਸ਼ - ਪੰਨਾ-86)

               (ਚਲਦਾ - 3)

 

*ਜ਼ਰੂਰੀ ਬੇਨਤੀ -- ਸਨਿਮਰ ਬੇਨਤੀ ਹੈ ਕਿ "ਪ੍ਰਗਟ ਗੁਰਾਂ ਕੀ ਦੇਹ..." ਦੇ ਸਿਰਲੇਖ ਹੇਠ ਇਸ ਲੇਖ ਲੜੀ ਦੇ ਲਿਖੇ ਜਾਣ ਵਾਲੇ ਸਾਰੇ ਭਾਗ ਜ਼ਰੂਰ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਕਿਉਂ ਕਿ ਉਸ ਉਪਰੰਤ ਹੀ ਅਸੀਂ ਗੁਰਮਤਿ ਅਨੁਸਾਰ ਸਹੀ ਨਿਰਣੇ ਤੇ ਪਹੁੰਚਣ ਦੇ ਸਮਰੱਥ ਬਣ ਸਕਾਂਗੇ ਜੀ।

 

*ਸੁਖਜੀਤ ਸਿੰਘ ਕਪੂਰਥਲਾ*

98720-76876

**********************

*ਨੋਟ --ਇਸ ਲੇਖ ਨੂੰ ਗੁਰਮਤਿ ਪ੍ਰਚਾਰ-ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।