ਸਰਹੱਦ ਪਾਰੋਂ ਆ ਰਹੇ ਗੈਰ-ਕਾਨੂੰਨੀ ਹਥਿਆਰਾਂ 'ਤੇ ਵੱਡੀ ਚੋਟ, 10 ਪਿਸਤੌਲਾਂ ਸਮੇਤ 4 ਕਾਬੂ

27 Jun 2026 | 65 Views

ਸਰਹੱਦ ਪਾਰੋਂ ਆ ਰਹੇ ਗੈਰ-ਕਾਨੂੰਨੀ ਹਥਿਆਰਾਂ 'ਤੇ ਵੱਡੀ ਚੋਟ, 10 ਪਿਸਤੌਲਾਂ ਸਮੇਤ 4 ਕਾਬੂ

Weekly News

Major crackdown on illegal weapons coming from across the border, 4 arrested along with 10 pistols

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ :

ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰੀ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 10 ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਵਿਦੇਸ਼-ਅਧਾਰਤ ਹਥਿਆਰ ਤਸਕਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ ਅਤੇ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਮੰਗਵਾ ਕੇ ਅਪਰਾਧਿਕ ਅਨਸਰਾਂ ਤੱਕ ਪਹੁੰਚਾਉਂਦੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਇੱਕ ਸੁੰਗਠਿਤ ਹਥਿਆਰ ਸਪਲਾਈ ਚੇਨ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਵਿਦੇਸ਼ੀ ਤਸਕਰਾਂ ਦੀ ਪਛਾਣ ਲਈ ਅਗਲੇ-ਪਿਛਲੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਖਤਾ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਕਾਰਵਾਈ ਦੌਰਾਨ ਪੁਲਿਸ ਨੇ ਪਹਿਲਾਂ ਰਵੀ ਸਿੰਘ ਅਤੇ ਸ਼ਰਨਬੀਰ ਉਰਫ਼ ਸੰਨੀ ਨੂੰ ਤਿੰਨ ਪਿਸਤੌਲਾਂ ਸਮੇਤ ਕਾਬੂ ਕੀਤਾ। ਦੋਵਾਂ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਦੋ ਹੋਰ ਪਿਸਤੌਲ ਬਰਾਮਦ ਕੀਤੇ ਗਏ।

ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਨੇ ਵਿਦੇਸ਼-ਅਧਾਰਤ ਤਸਕਰ ਨਾਲ ਜੁੜੇ ਸੁਰਾਗਾਂ ਦੇ ਆਧਾਰ 'ਤੇ ਮਨਪ੍ਰੀਤ ਉਰਫ਼ ਮੰਨੂ ਅਤੇ ਪਿੱਪਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ, ਜਦਕਿ ਪੁੱਛਗਿੱਛ ਦੌਰਾਨ ਦੋ ਹੋਰ ਪਿਸਤੌਲਾਂ ਦੀ ਬਰਾਮਦਗੀ ਹੋਈ। ਇਸ ਤਰ੍ਹਾਂ ਕੁੱਲ 10 ਗੈਰ-ਕਾਨੂੰਨੀ ਪਿਸਤੌਲ ਪੁਲਿਸ ਦੇ ਹੱਥ ਲੱਗੇ ਹਨ।

ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਸ਼ਰਨਬੀਰ ਉਰਫ਼ ਸੰਨੀ ਅਤੇ ਰਵੀ ਸਿੰਘ ਪਹਿਲਾਂ ਹੀ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਦਰਜ ਮਾਮਲਿਆਂ ਵਿੱਚ ਲੋੜੀਂਦੇ ਸਨ। ਇਸ ਤੋਂ ਇਲਾਵਾ ਚਾਰੇ ਮੁਲਜ਼ਮ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਵਸਨੀਕ ਹਨ, ਜਿਸ ਕਾਰਨ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨਾਲ ਉਨ੍ਹਾਂ ਦੀ ਸੰਭਾਵਿਤ ਸ਼ਮੂਲੀਅਤ ਹੋਰ ਮਜ਼ਬੂਤ ਹੁੰਦੀ ਹੈ।

ਇਸ ਮਾਮਲੇ ਸਬੰਧੀ ਥਾਣਾ ਛੇਹਰਟਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25 (6, 7, 8) ਤਹਿਤ ਐਫਆਈਆਰ ਨੰਬਰ 140 (ਮਿਤੀ 21 ਜੂਨ 2026) ਅਤੇ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(8) ਤਹਿਤ ਐਫਆਈਆਰ ਨੰਬਰ 198 (ਮਿਤੀ 22 ਜੂਨ 2026) ਦਰਜ ਕੀਤੀ ਗਈ ਹੈ।

ਪੰਜਾਬ ਪੁਲਿਸ ਨੇ ਕਿਹਾ ਹੈ ਕਿ ਇਸ ਪੂਰੇ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚਣ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ।

Categories: ਦੇਸ਼ ਦੁਨੀਆ

Tags: India KESARI VIRASAT

Published on: 27 Jun 2026

Gaurav
+91 9855138802
📣 Share this post

Latest News

Browse the newest posts, featured stories, and curated updates from our latest publication.

View all