ਗੁਰੂ ਨਾਨਕ ਦੇ ਪਿਆਰ ਲਈ ਸ਼ਹੀਦ ਹੋਣ ਵਾਲੇ ਮੱਕੇ ਦੇ ਕਾਜ਼ੀ ਰੁਕਨਦੀਨ ਦੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਗਾਥਾ

22 Jul 2025 | 234 Views

ਗੁਰੂ ਨਾਨਕ ਦੇ ਪਿਆਰ ਲਈ ਸ਼ਹੀਦ ਹੋਣ ਵਾਲੇ ਮੱਕੇ ਦੇ ਕਾਜ਼ੀ ਰੁਕਨਦੀਨ ਦੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਗਾਥਾ

The first Sikh martyr from Guru Nanak's household was Makka's Qazi Ruknuddin!

 

                                                                                             ਦੀਦਾਰੀ ਹਰਫ਼

ਅਕਾਲ ਪੁਰਖ ਦੀ ਕਿਰਪਾ ਦੁਆਰਾ ਨਵੰਬਰ 2018 ਵਿੱਚ ਪਾਕਿਸਤਾਨ ਦੇ ਪਵਿੱਤਰ ਗੁਰੂ ਅਸਥਾਨਾਂ ਦੀ ਚਰਨਧੂੜ ਪਰਸਣ : ਤੇ ਦਰਸ਼ਨ-ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਦੋਂ ਦਾਸ 'ਨਾਨਕਾਣਾ ਸਾਹਿਬ' ਦੇ ਪ੍ਰਕਾਸ਼ ਅਸਥਾਨ ਤੇ ਨਤਮਸਤਕ ਹੋਇਆ ਤਾਂ ਉਥੋਂ ਕੁਝ ਹੱਥ-ਲਿਖਤ ਉਰਦੂ-ਅਰਬੀ ਦੇ ਵਰਕੇ ਹੱਥ ਲੱਗੇ ਜਿਨ੍ਹਾਂ ਤੇ ਸਈਦ ਪ੍ਰਿਥੀਪਾਲ ਸਿੰਘ ਦੇ ਅਰਬ ਦੇਸ਼ਾਂ ਦੇ ਸਫ਼ਰ ਬਾਰੇ ਲਿਖਿਆ ਸੀ। ਇਸ ਹੱਥ ਲਿਖਤ ਸਈਦ ਪ੍ਰਿਥੀਪਾਲ ਸਿੰਘ ਦੇ ਗੁਰਦੁਆਰਿਆਂ ਵਿੱਚ ਦਿੱਤੇ ਭਾਸ਼ਣਾਂ ਦੇ ਅਧਾਰਿਤ ਸੀ। ਇਨ੍ਹਾਂ ਲਿਖਤਾਂ ਨੂੰ ਕਿਸੇ ਸ੍ਰੀ ਹਰਮਹਿੰਦਰ ਸਿੰਘ (ਕਾਨਪੁਰ ਵਾਸੀ) ਨੇ ਕਮਲਬੰਦ ਕੀਤਾ ਸੀ। ਇਹ ਸਫ਼ਰਨਾਮਾ ਅਸਲੋਂ ਅਰਬੀ ਹੱਥ-ਲਿਖਤਾਂ ‘ਸਿਹਾਯਤੋ ਬਾਬਾ ਨਾਨਕ ਫ਼ਕੀਰ’ ਅਤੇ ‘ਤਵਾਰੀਖ-ਏ-ਅਰਬ' ਦੇ ਅਧਾਰਿਤ ਸਨ ਜੋ ਮੱਕਾ ਸਟੇਟ ਲਾਇਬਰੇਰੀ ਵਿੱਚ ਅੱਜ ਵੀ ਮੌਜੂਦ ਹਨ। ਇਨ੍ਹਾਂ ਲਿਖਤਾਂ ਨੂੰ ਮੁਸ਼ਤਾਕ ਹੁਸੈਨ ਸ਼ਾਹ (ਪ੍ਰਿਥੀਪਾਲ ਸਿੰਘ) ਉਤਾਰਾ ਕਰਕੇ ਆਪਣੇ ਨਾਲ ਕਸ਼ਮੀਰ ਦੇ ਮੀਰਪੁਰ ਲੈ ਆਇਆ ਸੀ।

ਸਈਦ ਪ੍ਰਿਥੀਪਾਲ ਸਿੰਘ ਦਾ ਪਹਿਲਾ ਨਾਮ ਮੁਸ਼ਤਾਕ ਹੁਸੈਨ ਸ਼ਾਹ ਸੀ ਜੋ 1902 ਈ: ਵਿੱਚ ਸਈਦ ਦਾ ਗੜਾ (ਮੀਰਪੁਰ ਕਸ਼ਮੀਰ) ਵਿੱਚ ਪੈਦਾ ਹੋਏ। ਇਨ੍ਹਾਂ ਦੇ ਪਿਤਾ ਮੁਜ਼ਫ਼ਰ ਹੁਸੈਨ ਸ਼ਾਹ ਅਤੇ ਦਾਦਾ ਪੀਰ ਬਾਕਰ ਅਲੀ ਸ਼ਾਹ ਸੀ ਡੋਗਰਾ ਰਾਜ ਸਮੇਂ ਉੱਚੀ ਪਦਵੀਂ ਤੇ ਸਸ਼ੋਭਿਤ ਸਨ। ਮੁਸ਼ਤਾਕ ਹੁਸੈਨ ਆਪਣੇ ਪਿਤਾ ਨਾਲ ਮੱਕਾ-ਮਦੀਨੇ ਦੀ ਯੂਨੀਵਰਸੀਟੀ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਗਏ ਸਨ। ਕਸ਼ਮੀਰ ਵਾਪਸ ਆ ਕੇ ਉਨ੍ਹਾਂ ਪਰਿਵਾਰ ਸਮੇਤ 1933 ਈ ਵਿੱਚ 'ਖੰਡੇ ਦੀ ਪਾਹੁਲ' ਲੈ ਕੇ ਸਿੰਘ ਸਜ ਗਏ ਸਨ। ਉਸ ਤੋਂ ਬਾਅਦ ਉਹ ਲਾਹੌਰ, ਅੰਮ੍ਰਿਤਸਰ, ਪਟਿਆਲਾ, ਲੰਡਨ, ਕਾਨਪੁਰ ਆਦਿ ਥਾਵਾਂ ਤੇ ਰਹਿ ਕੇ ਬੜੀ ਸਰਗਰਮੀ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਦੇ-ਕਰਦੇ 12 ਨਵੰਬਰ 1969 ਈ ਨੂੰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ।

ਗੁਰੂ ਨਾਨਕ ਸਾਹਿਬ ਦੇ ਮੱਕਾ ਅਤੇ ਮਦੀਨੇ ਵਿੱਚ ਕੁਝ ਯਾਦਗਾਰੀ ਅਸਥਾਨ ਮੌਜੂਦ ਸਨ, ਪਰ ਬਾਅਦ ਵਿੱਚ ਵਹਾਬੀਆਂ ਨੇ ਉਹ ਸਾਰੇ ਧਾਰਮਿਕ ਅਤੇ ਤਵਾਰੀਖੀ ਅਸਥਾਨ ਨਸ਼ਟ ਕਰ ਦਿੱਤੇ, ਜੋ ਇਸਲਾਮ ਦੇ ਘੇਰੇ ਵਿਚ ਨਹੀਂ ਸਨ ਆਉਂਦੇ। ਗੁਰੂ ਸਾਹਿਬ ਨਾਲ ਸੰਬੰਧਿਤ ਅਸਥਾਨ ਅੱਜ ਸੁਰਖਿਅਤ ਹਨ ਜਾਂ ਨਹੀਂ, ਵਿਸ਼ਵਾਸ਼ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਹ ਸਾਰਾ ਸਫ਼ਰਨਾਮਾ ਰੋਜ਼ਾਨਾ ਪੰਜਾਬੀ ਜਾਗਰਣ ਵਿੱਚ ਸਤ ਕਿਸ਼ਤਾਂ ਵਿੱਚ ਛਪ ਚੁੱਕਾ ਹੈ। ਅੰਤ ਵਿੱਚ ਮੈਂ ਸਾਰੇ ਪਾਠਕਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ, ਜਿਨ੍ਹਾਂ ਨੇ ਸਮੇਂ ਸਿਰ ਸਹਿਯੋਗ ਦਿੱਤਾ।

ਅਕਾਲ ਸਹਾਇ।

ਜਸਬੀਰ ਸਿੰਘ ਸਰਨਾ

 

 

                                                                   ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ

ਮੇਰੇ ਮਾਤਾ ਪਿਤਾ 1947 ਈ: ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਕਾਨਪੁਰ (ਯੂ.ਪੀ.) ਵਿਖੇ ਵਸ ਗਏ। ਮੈਂ (ਹਰਮਹਿੰਦਰ ਸਿੰਘ) ਉਸ ਸਮੇਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸਾਂ । 1950 ਈ: ਵਿਚ ਮੈਂ ਜਦੋਂ ਦਸਵੀਂ ਜਮਾਤ ਵਿੱਚ ਸਾਂ ਤੇ ਸਈਦ ਪ੍ਰਿਥੀਪਾਲ ਸਿੰਘ ਨੇ ਕਾਨਪੁਰ ਦੇ ਗੁਰਦੁਆਰਿਆਂ ਵਿੱਚ' ਆਪਣੇ ਭਾਸ਼ਣ ਦੇਣੇ ਸ਼ੁਰੂ ਕੀਤੇ। ਮੈਂ 1959 ਈ: ਵਿੱਚ ਨੌਕਰੀ ਦੇ ਸਿਲਸਿਲੇ 'ਚ ਬਾਹਰ ਜਾਣ ਤੱਕ ਉਨ੍ਹਾਂ ਦੇ ਭਾਸ਼ਣ ਸੁਣਦਾ ਰਿਹਾ। ਉਨ੍ਹਾਂ ਨੂੰ ਬੜੀ ਗੁਰਬਾਣੀ ਯਾਦ ਸੀ ਅਤੇ ਸਾਰਾ ਕੁਰਾਨ ਸ਼ਰੀਫ਼ ਵੀ ਯਾਦ ਕੀਤਾ ਹੋਇਆ ਸੀ। ਉਸ ਸਮੇਂ ਉਨ੍ਹਾਂ ਤੋਂ ਇਲਾਵਾ ਸੰਤ ਮਸਕੀਨ ਜੀ, ਪ੍ਰਿੰਸੀਪਲ ਸਤਿਬੀਰ ਸਿੰਘ, ਸੰਤ ਨਿਹਚਲ ਸਿੰਘ ਅਤੇ ਸੰਤ ਗ਼ਰੀਬ ਸਿੰਘ ਜੀ ਵੀ ਆਪਣੇ ਭਾਸ਼ਣ ਦਿਆ ਕਰਦੇ ਸਨ। ਪਰ, ਸੰਗਤਾਂ ਵਿੱਚ ਸਈਦ ਪ੍ਰਿਥੀਪਾਲ ਸਿੰਘ ਦਾ ਅਸਰ ਬਹੁਤ ਜ਼ਿਆਦਾ ਸੀ। ਜਿਸ ਦਿਨ ਉਨ੍ਹਾਂ ਆਪਣਾ ਭਾਸ਼ਣ ਦੇਣਾ ਹੁੰਦਾ, ਉਸ ਦਿਨ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦਾ ਪੂਰਾ ਹਾਲ, ਗੈਲਰੀਆਂ ਅਤੇ ਸਾਰੀ ਖੁੱਲ੍ਹੀ ਥਾਂ ਭਰ ਜਾਂਦੀ ਸੀ। ਮੈਂ ਵੀ ਗੈਲਰੀ ਵਿੱਚ ਬੈਠ ਕੇ ਉਨ੍ਹਾਂ ਦਾ ਭਾਸ਼ਣ ਉਰਦੂ ਵਿੱਚ ਲਿਖ ਲੈਂਦਾ ਸਾਂ।

ਸੰਗਤਾਂ ਵਿੱਚ ਉਨ੍ਹਾਂ ਦੇ ਭਾਸ਼ਣਾਂ ਦਾ ਅਸਰ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕਾਨਪੁਰ ਦੇ ਸਭ ਤੋਂ ਵੱਡੇ ਗੁਰਦੁਆਰਾ ਬਾਬਾ ਮੋਹਨ ਜੀ ਵਿੱਚ ਇਹ ਅਪੀਲ ਕੀਤੀ ਕਿ ਉਹ ਆਪਣੇ ਲੜਕੇ ਨੂੰ ਇੰਜੀਨੀਅਰਿੰਗ ਵਿੱਚ ਦਾਖ਼ਲਾ ਦਿਵਾਉਣਾ ਚਾਹੁੰਦੇ ਹਨ, ਪਰ ਦਾਖ਼ਲਾ ਫੀਸ ਆਦਿ ਖ਼ਰਚ ਕਰਨ ਦੀ ਉਨ੍ਹਾਂ ਦੀ ਹਿੰਮਤ ਨਹੀਂ,  ਮੈਨੂੰ ਤਾਂ ਸੰਗਤ ਦਾ ਹੀ ਆਸਰਾ ਹੈ। ਬਸ, ਉਨ੍ਹਾਂ ਦਾ ਇਹ ਕਹਿਣਾ ਹੀ ਸੀ ਕਿ ਮਾਇਆ ਦੀ ਬਾਰਿਸ਼ ਹੋਣ ਲੱਗੀ ਅਤੇ ਕਈ ਬੀਬੀਆਂ ਨੇ ਆਪਣੇ ਸੋਨੇ ਦੇ ਗਹਿਣੇ ਵੀ ਉਤਾਰ ਕੇ ਦੇ ਦਿੱਤੇ। ਮੇਰੇ ਕੋਲ ਵੀ ਜੋ ਕੁਝ ਸੀ ਦੇ ਦਿੱਤਾ।

ਉਨ੍ਹਾਂ ਦੱਸਿਆ ਕਿ ਕਿਵੇਂ ਉਹ ਇੱਕ ਵੱਡੇ ਘਰਾਣੇ ਦੇ ਮੁਸਲਮਾਨ ਹੁੰਦੇ ਹੋਏ ਗੁਰਸਿੱਖ ਬਣੇ । ਉਨ੍ਹਾਂ ਦਾ ਪਹਿਲਾ ਨਾਂ ਮੁਸ਼ਤਾਕ ਹੁਸੈਨ ਸੀ। ਉਨ੍ਹਾਂ ਆਖਿਆ ਕਿ ਉਹ ਕਸ਼ਮੀਰ ਦੇ ਮੀਰਪੁਰ ਸ਼ਹਿਰ ਵਿਖੇ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਦਾ ਨਾਂ ਮੁਜ਼ੱਫਰ ਹੁਸੈਨ ਸ਼ਾਹ ਅਤੇ ਦਾਦੇ ਦਾ ਨਾਂ ਪੀਰ ਬਾਕਰ ਸ਼ਾਹ ਸੀ। ਉਹ ਆਪਣੇ ਪਿਤਾ ਦੇ ਇਕਲੌਤੇ ਪੁੱਤਰ ਸਨ । ਆਪ ਦੇ ਦਾਦਾ ਜੀ, ਪ੍ਰਤਾਪ ਸਿੰਘ ਡੋਗਰਿਆਂ ਦੀ ਸਰਕਾਰ ਵਿੱਚ ਮੰਤਰੀ ਸਨ। ਲਾਹੌਰ ਵਿੱਚ ਉਨ੍ਹਾਂ ਅਰਬੀ ਜ਼ੁਬਾਨ ਵਿੱਚ ਡਿਗਰੀ ਹਾਸਲ ਕੀਤੀ ਅਤੇ ਕੁਰਾਨ ਸ਼ਰੀਫ਼ ਦਾ ਗਹਿਰਾ ਅਧਿਐਨ ਕੀਤਾ ਸੀ।

1927 ਈਸਵੀਂ ਵਿੱਚ ਉਨ੍ਹਾਂ ਦੇ ਪਿਤਾ ਨੇ ਮੱਕੇ ਦੇ ਹੱਜ ਲਈ ਇੱਕ ਕਾਫ਼ਲਾ ਤਿਆਰ ਕੀਤਾ। ਮੈਨੂੰ ਵੀ ਨਾਲ ਜਾਣ ਲਈ ਕਿਹਾ ਗਿਆ। ਮੈਂ ਆਪਣੀ ਮਾਂ ਕੋਲੋਂ ਇਜਾਜ਼ਤ ਲੈ ਕੇ ਤਿਆਰ ਹੋ ਗਿਆ। ਮੱਕਾ ਪਹੁੰਚ ਕੇ ਮੇਰੇ ਪਿਤਾ ਨੇ ਮੈਨੂੰ “ਮੌਲਵੀ ਫ਼ਾਜ਼ਲ” ਦੀ ਡਿਗਰੀ ਲੈਣ ਲਈ ਮਦੀਨੇ ਦੀ ਮਿੱਨਾਂ ਯੂਨੀਵਰਸਿਟੀ ਵਿੱਚ ਦਾਖ਼ਲ ਕਰਵਾ ਦਿੱਤਾ। ਮੈਂ ਆਪਣੀ ਕਾਬਲੀਅਤ ਨੂੰ ਵਧਾਉਣ ਲਈ ਮਦੀਨੇ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਲੱਗਾ। ਕੁਝ ਦਿਨਾਂ ਬਾਅਦ ਮੇਰੇ ਹੱਥ ਇੱਕ ਹੱਥ-ਲਿਖਤ ਕਿਤਾਬ ਲੱਗੀ, ਜਿਸ ਦਾ ਨਾਂ ਸੀ ‘ਸਿਯਾਹਤੋ ਬਾਬਾ ਨਾਨਕ ਫ਼ਕੀਰ’ (ਸਫ਼ਰਨਾਮਾ ਬਾਬਾ ਨਾਨਕ ਫ਼ਕੀਰ) ਅਤੇ ਇੱਕ ਹੋਰ ਕਿਤਾਬ ‘ਤਵਾਰੀਖ਼ ਅਰਬ।’

ਪਹਿਲੀ ਹੱਥ-ਲਿਖਤ ਤਾਜੋਦੀਨ ਦੀ ਲਿਖੀ ਹੋਈ ਸੀ ਅਤੇ ਦੂਸਰੀ ਖਵਾਜ਼ਾ ਜੈਨਲਉਬਦੀਨ ਦੀ। ਪਹਿਲੀ ਕਿਤਾਬ ਪੜ੍ਹ ਕੇ ਉਹ ਹੈਰਾਨ ਰਹਿ ਗਏ ਕਿ ਸਾਰੇ ਅਰਬ ਵਿੱਚ ਬਾਬਾ ਨਾਨਕ ਜੀ ਕਈ ਵੱਡੇ-ਵੱਡੇ ਸ਼ਹਿਰਾਂ ਵਿੱਚ ਗਏ ਅਤੇ ਉੱਥੋਂ ਦੇ ਸਾਰੇ ਵੱਡੇ ਪੀਰਾਂ ਨਾਲ ਮੁਲਾਕਾਤ ਕੀਤੀ ਅਤੇ ਪੀਰਾਂ ਨੇ ਬਾਬਾ ਜੀ ਨਾਲ ਧਾਰਮਿਕ ਅਤੇ ਕਈ ਤਰ੍ਹਾਂ ਦੇ ਅਣਗਿਣਤ ਸਵਾਲ ਕੀਤੇ, ਜਿਨਾਂ ਦੇ ਹੈਰਾਨਕੰਨ ਜਵਾਬ ਸੁਣ ਕੇ ਉਨ੍ਹਾਂ ਸਾਰਿਆਂ ਨੇ ਬਾਬਾ ਜੀ ਦੇ ਪੈਰ ਪਕੜੇ ਅਤੇ ਆਪਣੇ ਕਈ ਸਾਥੀਆਂ ਦੇ ਨਾਲ ਉਨ੍ਹਾਂ ਦੇ ਮਰੀਦ ਬਣ ਗਏ। ਇਹ ਕਿਤਾਬ ਉਨ੍ਹਾਂ ਨੇ ਕਈ ਵਾਰ ਪੜੀ ਅਤੇ ਉਨ੍ਹਾਂ ਦੇ ਦਿਲ 'ਤੇ ਉਸ ਕਿਤਾਬ ਦਾ ਬੜਾ ਗਹਿਰਾ ਅਸਰ ਹੋਇਆ। ਦੂਸਰੀ ਕਿਤਾਬ ‘ਤਵਾਰੀਖ਼ ਅਰਬ' ਵਿੱਚ ਉਨ੍ਹਾਂ ਨੇ ਪੜ੍ਹਿਆ ਕਿ ਮੱਕਾ ਦੇ ਸਭ ਤੋਂ ਵੱਡੇ ਹਾਜੀ ਰੁਕਨਦੀਨ ਨੇ ਬਾਬਾ ਜੀ ਨਾਲ 360 ਸਵਾਲ ਕੀਤੇ, ਜਿਨ੍ਹਾਂ ਦੇ ਹੈਰਾਨਕੁੰਨ ਜਵਾਬ ਸੁਣ ਕੇ ਉਹ ਆਪਣੇ ਕਈ ਅਜ਼ੀਜ਼ਾਂ ਅਤੇ ਸਾਥੀਆਂ ਨਾਲ ਬਾਬਾ ਜੀ ਦੇ ਮੁਰੀਦ ਬਣੇ।

ਬਾਬਾ ਜੀ ਕਿਸ ਤਰ੍ਹਾਂ ਅਤੇ ਕਿਵੇਂ ਮੱਕਾ ਗਏ?

ਇਤਿਹਾਸਕਾਰਾਂ ਅਨੁਸਾਰ ਬਾਬਾ ਜੀ ਡੇਰਾ ਇਸਮਾਇਲ ਖ਼ਾਨ ਅਤੇ ਪਠਾਨਵਲੀ ਇਲਾਕੇ ਤੋਂ ਹੁੰਦੇ ਹੋਏ ਮਠਨਕੋਟ ਪੁੱਜੇ। ਇਹ ਥਾਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਖ਼ਰੀ ਹੱਦ ਸੀ। ਇਥੇ ਬਾਬਾ ਜੀ ਦਾ ਇੱਕ ਵੱਡਾ ਗੁਰਦੁਆਰਾ ਹੈ, ਜੋ ਬਹੁਤ ਪ੍ਰਸਿੱਧ ਹੈ। ਇਥੋਂ ਚੱਲ ਕੇ ਬਾਬਾ ਜੀ ਨੇ ਸਖੋਰ ਸ਼ਹਿਰ ਦੇ ਕੋਲ ਸਾਧੂ ਬੇਲਾ ਜਾ ਡੇਰਾ ਕੀਤਾ। ਇਸ ਥਾਂ ਦੀ ਖੋਜ ਬਾਬਾ ਨੋਕੰਠੀ ਦਾਸ ਨੇ ਕੀਤੀ ਸੀ ਅਤੇ ਉਹ ਉਦਾਸੀਆਂ ਦੇ ਪ੍ਰਬੰਧ ਹੇਠ ਹੈ ਅਤੇ ਇਸ ਅਸਥਾਨ ਦੀ ਮਹਾਨਤਾ ਸਾਰੇ ਸਿੰਧ ਵਿੱਚ ਹੈ। ਇੱਥੋਂ ਚੱਲ ਕੇ ਬਾਬਾ ਜੀ ਕਰਾਚੀ ਬੰਦਰਗਾਹ ਲਾਗੇ ਜਾ ਠਹਿਰੇ। ਇਸ ਥਾਂ ਦਾ ਨਾਂ ਅਕਾਲ ਬੁੰਗਾ ਹੈ। ਇਸ ਥਾਂ ਨੂੰ ਆਜ਼ਾਦ ਕਰਵਾਉਣ ਵਾਸਤੇ 1938 ਵਿੱਚ ਸਿੱਖ ਪੰਥ ਨੇ ਭਾਰੀ ਮੋਰਚਾ ਲਾਇਆ ਸੀ । ਸਈਦ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਸ ਮੋਰਚੇ ਵਿੱਚ ਉਨ੍ਹਾਂ ਨੇ ਸਰਗਰਮ ਸੇਵਾਵਾਂ ਨਿਭਾਈਆਂ ਸਨ। ਇੱਥੋਂ ਚੱਲ ਕੇ ਗੁਰੂ ਜੀ ਸਮੁੰਦਰ ਪਾਰ ਅਦਨ ਦੇ ਕਿਬਲੇ ਹੇਠਾਂ ਬੈਠੇ। ਇੱਥੇ ਅੱਜ ਕੱਲ੍ਹ ਬਾਬਾ ਜੀ ਦਾ ਵੱਡਾ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ।

ਇੱਥੋਂ ਚੱਲ ਕੇ ਗੁਰੂ ਜੀ ਜੱਦਾ ਸ਼ਰੀਫ਼ ਬੀਬੀ ਹਵਾ ਦੀ ਕਬਰ ਕੋਲ ਡੇਰਾ ਕੀਤਾ। ਇੱਥੇ ਹੁਣ ਬਾਬਾ ਜੀ ਦਾ ਆਲੀਸ਼ਾਨ ਗੁਰਦੁਆਰਾ ਹੈ, ਜਿਸ ਦਾ ਨਾਂ 'ਨਾਨਕ ਸ਼ਾਹ ਕਲੰਦਰ' ਹੈ। ਇਥੋਂ ਜਦੋਂ ਬਾਬਾ ਜੀ 22 ਕੋਸ ਅੱਗੇ ਪਹੁੰਚੇ ਤਾਂ ਉਨ੍ਹਾਂ ਪਾਣੀਪਤ ਤੋਂ ਆ ਰਹੇ ਹਾਜੀਆਂ ਦਾ ਕਾਫ਼ਲਾ ਵੇਖਿਆ। ਉਸ ਕਾਫ਼ਲੇ ਦਾ ਸਰਦਾਰ ਸ਼ਰਫ਼ ਅੱਗੇ ਊਠ 'ਤੇ ਜਾ ਰਿਹਾ ਸੀ । ਬਾਬਾ ਜੀ ਨੇ ਜਲਦੀ-ਜਲਦੀ ਕਾਫ਼ਲੇ ਨੂੰ ਪਾਰ ਕਰ ਕੇ ਸ਼ਾਹ ਸ਼ਰਫ਼ ਦੇ ਅੱਗੇ ਚੱਲਣਾ ਸ਼ੁਰੂ ਕਰ ਦਿੱਤਾ। ਸ਼ਾਹ ਸ਼ਰਫ਼ ਨੇ ਬਾਬਾ ਜੀ ਦਾ ਫ਼ਕੀਰੀ ਲਿਬਾਸ ਵੇਖ ਕੇ ਆਪਣੇ ਮੁਰੀਦ ਨੂੰ ਬਾਬਾ ਜੀ ਨੂੰ ਰੋਕਣ ਲਈ ਆਖਿਆ। ਉਸ ਦਾ ਖ਼ਿਆਲ ਸੀ ਕਿ ਬਹੁਤੇ ਲੋਕ ਜਨਤਾ ਨੂੰ ਠੱਗਣ ਲਈ ਫ਼ਕੀਰੀ ਬਾਣਾ ਪਹਿਨ ਲੈਂਦੇ ਹਨ ਪਰ ਅੰਦਰੋਂ ਫ਼ਕੀਰੀ ਵਾਲੀ ਕੋਈ ਬਾਤ ਨਹੀਂ ਹੁੰਦੀ। ਉਸ ਨੇ ਮਨਸੂਬਾ ਬਣਾਇਆ ਕਿ ਇਨ੍ਹਾਂ ਦਾ ਇਮਤਿਹਾਨ ਲਵਾਂਗਾ ਅਤੇ ਪੂਰੇ ਨਾ ਉਤਰੇ ਤਾਂ ਉਨ੍ਹਾਂ ਦੇ ਕੱਪੜੇ ਉਤਾਰ ਕੇ ਕੁੱਟਮਾਰ ਕਰ ਕੇ ਬੇਇੱਜ਼ਤ ਕਰਾਂਗਾ। ਇਸ ਖ਼ਿਆਲ ਨਾਲ ਉਸ ਨੇ ਬਾਬਾ ਜੀ ਨੂੰ ਕਆ ਸਵਾਲ ਕੀਤੇ। ਉਨ੍ਹਾਂ ਸਾਰਿਆਂ ਦਾ ਹੈਰਾਨਕੁੰਨ ਜਵਾਬ ਸੁਣ ਕੇ ਤਸੱਲੀ ਹੋਈ ਅਤੇ ਉਸ ਨੇ ਬਾਬਾ ਜੀ ਤੋਂ ਪੁੱਛਿਆ ਕਿ ਤੁਸੀਂ ਕਿੱਧਰ ਜਾ ਰਹੇ ਹੋ ? ਬਾਬਾ ਜੀ ਨੇ ਆਖਿਆ ‘ਮੱਕਾ’ ਤਾਂ ਉਸ ਨੇ ਕਿਹਾ ਕਿ ਆਪ ਤਾਂ ਹਿੰਦੂ ਹੋ, ਮੱਕਾ ਵਿੱਚ ਕਿਸੇ ਗ਼ੈਰ-ਮੁਸਲਿਮ ਨੂੰ ਨਹੀਂ ਜਾਣ ਦਿੱਤਾ ਜਾਂਦਾ। ਬਾਬਾ ਜੀ ਨੇ ਜਵਾਬ ਵਿੱਚ ਕਿਹਾ, ਵੋਖੋ ਖ਼ੁਦਾ ਨੂੰ ਕੀ ਮਨਜ਼ੂਰ ਹੈ! ਸ਼ਾਹ ਸ਼ਰਫ਼ ਦੇ ਕੀਤੇ 360 ਸਵਾਲ ਗਿਆਨੀ ਗਿਆਨ ਸਿੰਘ ਨੇ ਆਪਣੀ ਪੁਸਤਕ ‘ਤਵਾਰੀਖ਼ ਗੁਰੂ ਖ਼ਾਲਸਾ' ਵਿੱਚ ਦਰਜ ਕੀਤੇ ਹਨ। ਪੰਜ ਮਹੀਨੇ ਬਾਅਦ ਸ਼ਾਹ ਸ਼ਰਫ਼ ਮੱਕਾ ਪੁੱਜਿਆ, ਉੱਥੇ ਬਾਬਾ ਜੀ ਨੂੰ ਵੇਖ ਕੇ ਹੈਰਾਨ ਹੋ ਗਿਆ। ਪੁੱਛ-ਪੜਤਾਲ ਕਰਕੇ ਪਤਾ ਲੱਗਾ ਕਿ ਬਾਬਾ ਜੀ ਤਾਂ ਪਿਛਲੇ ਪੰਜ ਮਹੀਨੇ ਤੋਂ ਇਥੇ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਬੜੀ ਇੱਜ਼ਤ ਅਤੇ ਸੇਵਾ ਹੋ ਰਹੀ ਹੈ।

ਬਾਬਾ ਜੀ ਮੱਕਾ ਜਾਣ ਤੋਂ ਪਹਿਲਾਂ ਮੱਕਾ ਤੋਂ ਤਕਰੀਬਨ ਇੱਕ ਹਜ਼ਾਰ ਕੋਹ ਪਹਿਲਾਂ ਇਰਾਨ ਦੇ ਇਨੁਲਸ ਸ਼ਹਿਰ ਦੇ ਬਾਹਰ ਜੰਗਲੀ ਸਲੇਮਾਨ ਪਹਾੜੀ ਰਸਤੇ ਵਿੱਚ ਬੈਠ ਕੇ ਕੀਰਤਨ ਕਰਨ ਲੱਗੇ। ਤਾਜਦੀਨ ਨੇ ਆਪਣੀ ਕਿਤਾਬ 'ਸਿਯਾਹਤੋ ਬਾਬਾ ਨਾਨਕ ਫ਼ਕੀਰ' ਵਿੱਚ ਲਿਖਿਆ ਹੈ ਕਿ ਉਹ ਆਪਣੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਉਨ੍ਹਾਂ ਦੀ ਨਜ਼ਰ ਬਾਬਾ ਜੀ 'ਤੇ ਪਈ। ਖ਼ੁਦਾ ਦੀ ਸਿਫ਼ਤ-ਸਲਾਹ ਸੁਣ ਕੇ ਮੈਂ ਉੱਥੇ ਬੈਠ ਗਿਆ । ਥੋੜ੍ਹੀ ਦੇਰ ਬਾਅਦ ਨਮਾਜ਼ ਦਾ ਸਮਾਂ ਹੋਣ ਕਾਰਨ ਉੱਠ ਕੇ ਚੱਲਣ ਲੱਗਾ ਤਾਂ ਬਾਬਾ ਜੀ ਨੇ ਅਰਬੀ ਜ਼ੁਬਾਨ ਵਿੱਚ ਕਿਹਾ, ‘ਕੁਨਾ (ਭਾਵ ਬੈਠ ਜਾਉ) ਤਾਂ ਮੈਂ ਬੈਠ ਗਿਆ। ਫਿਰ ਥੋੜ੍ਹੀ ਦੇਰ ਬਾਅਦ ਚੱਲਣ ਲੱਗਾ ਤਾਂ ਥੋੜ੍ਹੇ ਕਰੜੇ ਸ਼ਬਦਾਂ ਵਿੱਚ ਬਾਬਾ ਜੀ ਨੇ ਕਿਹਾ, ‘ਵਲੇ ਤਾਜ਼ ਹੂ ਕੁਨਾ' (ਕਿਉਂ ਜਾਂਦੇ ਹੋ, ਬੈਠ ਜਾਉ) । ਜਵਾਬ ਵਿੱਚ ਮੈਂ ਅਰਬੀ ਵਿੱਚ ਕਿਹਾ, 'ਹਜ਼ੂਰ ਨਮਾਜ਼ ਦਾ ਸਮਾਂ ਹੋ ਗਿਆ ਹੈ। ਅੱਗੇ ਪਹਾੜੀ ਵਿੱਚ ਪਾਣੀ ਦੀ ਤਲਾਸ਼ ਕਰ ਵਜ਼ੂ ਕਰਨ ਉਪਰੰਤ ਹੀ ਨਮਾਜ਼ ਪੜ੍ਹਾਂਗਾ। ਬਾਬਾ ਜੀ ਨੇ ਇਹ ਸੁਣ ਕੇ ਕਿਹਾ, 'ਲਾ ਤੁਕੰਨਾ ਤੂ ਮਾਰਦੋ ਮਾਤੁੱਲਾ' (ਭਾਵ ਹੇ ਖ਼ੁਦਾ ਦੇ ਬੰਦੇ ਤੂੰ ਖ਼ੁਦਾ ਦੀ ਰਹਿਮਤ ਤੋਂ ਬੇਜ਼ਾਰ ਨਾ ਹੋ)। 'ਹਿੰਨਾ ਚਸ਼ਮੇ ਆਬ ਬੇਸਆਰ ਅਸਤ' ਭਾਵ, ਇੱਥੇ ਪਾਣੀ ਬਹੁਤ ਮਿਲੇਗਾ, ਭਰੋਸਾ ਰੱਖ।

ਇਹ ਸੁਣ ਕੇ ਮੇਰੇ ਅੰਦਰ ਪ੍ਰੇਮ ਜਾਗਿਆ ਅਤੇ ਬੈਠ ਗਿਆ ਤੇ ਨਮਾਜ਼ ਭੁੱਲ ਗਈ। ਪਰ ਬਾਬਾ ਜੀ ਨੂੰ ਮੇਰੀ ਨਮਾਜ਼ ਦਾ ਖ਼ਿਆਲ ਸੀ। ਉਹਨਾਂ ਨੇ ਮਰਦਾਨਾ ਜੀ ਨੂੰ ਕਿਹਾ, ‘ਇੰਨ੍ਹਾਂ ਨੇ ਨਮਾਜ਼ ਪੜ੍ਹਨੀ ਹੈ, ਕਿਤੋਂ ਪਾਣੀ ਤਲਾਸ਼ ਕਰੋ। ‘ਮਰਦਾਨਾ ਜੀ ਨੇ ਕਿਹਾ, ‘ਹਜ਼ੂਰ ਮੈਂ ਵੀ ਬੜੀ ਦੇਰ ਤੋਂ ਪਿਆਸਾ ਹਾਂ ਅਤੇ ਮੇਰਾ ਵੀ ਧਿਆਨ ਪਾਣੀ ਦੀ ਤਲਾਸ਼ ਵਿੱਚ ਇਨ੍ਹਾਂ ਪਹਾੜੀਆਂ ਵਿੱਚ ਲੱਗਾ ਹੋਇਆ ਹੈ ਪਰ ਕਿਤੇ ਪਾਣੀ ਨਜ਼ਰ ਨਹੀਂ ਆ ਰਿਹਾ। 'ਬਾਬਾ ਜੀ ਨੇ ਫ਼ਰਮਾਇਆ, 'ਮਰਦਾਨਾ ਜੀ ਇਸ ਧਰਤੀ ਨੇ ਖ਼ੁਦਾ ਦੀ ਸਿਫ਼ਤ-ਸਲਾਹ ਦਾ ਕੀਰਤਨ ਸੁਣਿਆ ਹੈ, ਇਹ ਜ਼ਰੂਰ ਤੁਹਾਨੂੰ ਪਾਣੀ ਦੀ ਬਖ਼ਸ਼ਿਸ਼ ਕਰੇਗੀ। ਇਹ ਲਉ ਸਾਡਾ 'ਆਸਾ' (ਸੋਟੀ) ਉਹ ਸਾਹਮਣੇ ਜੋ ਪੱਥਰ ਉੱਪਰ ਉੱਠਿਆ ਹੋਇਆ ਹੈ, ਉਸ ਨੂੰ ਇਸ 'ਆਸਾ'' ਨਾਲ ਪੁੱਟੋ। ਮਰਦਾਨਾ ਜੀ ਨੇ ਐਸਾ ਹੀ ਕੀਤਾ ਤਾਂ ਪਾਣੀ ਦਾ ਚਸ਼ਮਾ ਫੁੱਟ ਪਿਆ। ਪਾਣੀ ਉੱਪਰ ਆ ਕੇ ਬਾਬਾ ਜੀ ਦੇ ਪੈਰਾਂ ਨੂੰ ਚੁੰਮ ਕੇ ਵਾਪਸ ਚਲਾ ਗਿਆ।

ਤਾਜਦੀਨ ਲਿਖਦੇ ਹਨ ਕਿ ਇਹ ਕਰਾਮਾਤ ਦੇਖ ਕੇ ਮੇਰੇ ਦਿਲ ਵਿੱਚ ਬਾਬਾ ਜੀ ਦੀ ਇੱਜ਼ਤ ਬਹੁਤ ਵੱਧ ਗਈ। ਵਜੂ ਕਰਕੇ ਨਮਾਜ਼ ਪੜ੍ਹ ਲਈ। ਬਾਬਾ ਜੀ ਨੂੰ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਵੀ ਨਮਾਜ਼ ਪੜ੍ਹ ਲਉ । ਜਵਾਬ ਵਿੱਚ ਗੁਰੂ ਜੀ ਨੇ ਕਿਹਾ ਅਸੀਂ ਤਾਂ ਮੱਕਾ ਜਾ ਕੇ ਹੀ ਨਮਾਜ਼ ਪੜ੍ਹਾਂਗੇ। ਇਹ ਸੁਣ ਕੇ ਮੈਂ ਹੈਰਾਨ ਹੋ ਗਿਆ ਕਿ ਨਮਾਜ਼ ਦਾ ਸਮਾਂ ਤੇ ਹੋ ਗਿਆ ਹੈ ਅਤੇ ਮੱਕਾ ਤਾਂ ਇਥੋਂ ਇਕ ਹਜ਼ਾਰ ਕੋਸ ਤੋਂ ਵੀ ਵੱਧ ਦੂਰ ਹੈ।

ਬਾਬਾ ਜੀ ਨੂੰ ਇਹ ਕਹਿ ਹੀ ਰਿਹਾ ਸੀ ਕਿ ਉਨ੍ਹਾਂ ਦੇ ਚਿਹਰੇ 'ਤੇ ਅਜਿਹੀ ਚਮਕ ਪਈ ਜਿਵੇਂ ਹਜ਼ਾਰਾਂ ਸੂਰਜਾਂ ਦੀ ਚਮਕ ਉਨ੍ਹਾਂ ਦੇ ਚਿਹਰੇ 'ਤੇ ਆ ਪਈ ਹੋਵੇ ਅਤੇ ਉਸ ਚਮਕ ਨਾਲ ਮੇਰੀਆਂ ਅੱਖਾਂ ਬੰਦ ਹੋ ਗਈਆਂ। ਏਨੇ ਵਿੱਚ ਮੇਰਾ ਮੋਢਾ ਕਿਸੇ ਸਖ਼ਤ ਚੀਜ਼ ਨਾਲ ਟਕਰਾ ਗਿਆ। ਅੱਖਾਂ ਖੋਲ੍ਹੀਆਂ ਤਾਂ ਵੇਖਿਆ ਅਸੀਂ ਸਾਰੇ ਅਰਬ ਦੇ ਸਭ ਤੋਂ ਵੱਡੇ ਸ਼ਹਿਰ ‘ਬਹਿਤੁਲ ਮਕੁਸ' ਦੀ ਮਸੀਤ ਉਕੱਸਾ ਦੇ ਪਾਸ ਮੌਜੂਦ ਸਾਂ। ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਇਤਨਾ ਲੰਬਾ ਸਫ਼ਰ ਇਕ ਘੜੀ ਵਿੱਚ ਕਿਸ ਤਰ੍ਹਾਂ ਤਹਿ ਹੋ ਗਿਆ!

ਹੁਣ ਜਿਤਨਾ ਵੀ ਸਮਾਂ ਬਾਬਾ ਜੀ ਅਰਬ ਵਿੱਚ ਰਹੇ, ਮੈਂ ਉਨ੍ਹਾਂ ਦੇ ਨਾਲ ਰਿਹਾ ਅਤੇ ਉਨ੍ਹਾਂ ਦੇ ਸਾਰੇ ਹਾਲਾਤ ਨਾਲ-ਨਾਲ ਲਿਖਦਾ ਰਿਹਾ। ਜਦੋਂ ਬਾਬਾ ਜੀ ਨੇ ਵਾਪਸ ਜਾਣ ਦੀ ਤਿਆਰੀ ਕੀਤੀ ਤਾਂ ਮੈਂ ਸਾਰੇ ਵਾਕਿਆਤ ਨੂੰ ਕਿਤਾਬ ਦੀ ਸ਼ਕਲ ਦਿੱਤੀ ਅਤੇ ਨਾਂ ਰੱਖਿਆ ‘ਸਿਯਾਹਤੋ ਬਾਬਾ ਨਾਨਕ ਫ਼ਕੀਰ'  ਅਤੇ ਇਸ ਦੀ ਇੱਕ ਕਾਪੀ ਮਦੀਨੇ ਦੀ ਲਾਇਬ੍ਰੇਰੀ ਨੂੰ ਦੇ ਦਿੱਤੀ।

ਅਰਬ ਦੇ ਸਭ ਤੋਂ ਵੱਡੇ ਸ਼ਹਿਰ ‘ਬਹਿਤੁਲ ਮਕੂਸ' ਦੀ ਮਸੀਤ ਉਕੱਸਾ ਤੋਂ ਹਟ ਕੇ ਗੁਰੂ ਨਾਨਕ ਸਾਹਿਬ ਸ਼ਹਿਰ ਦੇ ਸਭ ਤੋਂ ਵੱਡੇ ਕਬਿਰਸਤਾਨ ਵਿੱਚ ਜਾ ਬਿਰਾਜੇ ਅਤੇ ਖ਼ੁਦਾ ਦੀ ਖ਼ਿਦਮਤ ਵਿੱਚ ਉਸ ਦੀ ਸਿਫ਼ਤ-ਸਲਾਹ ਦਾ ਅਰਬੀ ਜ਼ੁਬਾਨ ਵਿੱਚ ਕੀਰਤਨ ਸ਼ੁਰੂ ਕਰ ਦਿੱਤਾ। ਹੁਣ ਸ਼ਹਿਰ ਦੇ ਕਈ ਮਰਦ ਅਤੇ ਔਰਤਾਂ ਬਾਬਾ ਜੀ ਦੇ ਦਰਸ਼ਨ ਅਤੇ ਕੀਰਤਨ ਸੁਣਨ ਲਈ ਹਾਜ਼ਰ ਹੋਣ ਲੱਗੇ। ਆਉਂਦੇ ਹੀ ਸਜਦਾ ਕਰ ਕੇ ਬੈਠ ਜਾਂਦੇ। ਬਾਬਾ ਜੀ ਸਾਰਿਆਂ ਨੂੰ ਆਖਦੇ, 'ਕਰਤਾਰ ਚਿੱਤ ਆਵੇ' ਬਾਬਾ ਜੀ ਹਰ ਥੋੜ੍ਹੀ ਦੇਰ ਬਾਅਦ ‘ਸਤਿ ਕਰਤਾਰ’ ਆਖਦੇ ਅਤੇ ਸੰਗਤਾਂ ਤੋਂ ਵੀ ਅਖਵਾਉਂਦੇ । ਤਦ ਮੈਨੂੰ ਮਾਲੂਮ ਹੋਇਆ ਕਿ ਖ਼ੁਦਾ ਦਾ ਸਭ ਤੋਂ ਵੱਡਾ ਨਾਂ ‘ਸਤਿ ਕਰਤਾਰ' ਹੈ। ਬਾਬਾ ਜੀ ਇੱਥੇ ਤਿੰਨ ਦਿਨ ਰਹੇ।

ਆਖ਼ਰੀ ਦਿਨ ਬਾਬਾ ਜੀ ਨੇ ਸ਼ਹਿਰ ਦੇ ਇੱਕ ਇਬਨੇ ਵਾਹਿਦ ਨਾਂ ਦੇ ਸੂਫ਼ੀ, ਜੋ ਬੜਾ ਖ਼ੁਦਾ ਪ੍ਰਸਤ ਅਤੇ ਨਜ਼ਦੀਕੀ ਹੋ ਚੁੱਕਾ ਸੀ, ਨੂੰ ਆਖਿਆ ਕਿ ਇਹ ਥਾਂ ਜਿਸ ਨੇ ਇਲਾਹੀ ਕੀਰਤਨ ਸਰਵਣ ਕੀਤਾ ਹੈ, ਹਮੇਸ਼ਾ ਲਈ ਰਹੇਗਾ ਅਤੇ ਤੁਸਾਂ ਨੇ ਇਸ ਥਾਂ ਦੀ ਸੇਵਾ-ਸੰਭਾਲ ਕਰਨੀ ਹੈ ਅਤੇ ਜੋ ਵੇਖਿਆ ਹੈ, ਉਸ ਨੂੰ ਲੋਕਾਂ ਤਕ ਨਸ਼ਰ ਕਰਨਾ ਹੈ। ਇਸ ਜਗ੍ਹਾ ਭਾਰੀ ਮਸਜਿਦਨੁਮਾ ਗੁਰਦੁਆਰਾ ਹੈ ਜਿਸ ਦਾ ਨਾਂ ‘ਹੁਜਰਾ ਨਾਨਕ ਸ਼ਾਹ ਕਲੰਦਰ' ਹੈ। ਇਸ ਦੇ ਪੁਜਾਰੀ ਇਬਨੇ ਵਾਹਿਦ ਦੇ ਖ਼ਾਨਦਾਨ ਦੇ ਬੰਦੇ ਹਨ। ਇਸ ਸ਼ਹਿਰ ਦੇ ਦੋ ਕਬੀਲੇ ਸੈਬੀ ਅਤੇ ਬੁੱਧੂ ਬਾਬਾ ਜੀ ਪਰ ਇਮਾਨ ਰੱਖਦੇ ਹਨ। ਇਸਲਾਮ ਤੋਂ ਬਾਗ਼ੀ ਹੋ ਕੇ ਜਪੁਜੀ ਸਾਹਿਬ ਦਾ (ਅਰਬੀ ਗੁਟਕੇ ਵਿਚੋਂ) ਪਾਠ ਕਰਦੇ ਹਨ।

ਸਈਦ ਪ੍ਰਿਥੀਪਾਲ ਸਿੰਘ (ਪਹਿਲਾ ਨਾਂ ਮੁਸ਼ਤਾਕ ਹੁਸੈਨ) ਜੀ ਨੇ ਸੰਗਤਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਉੱਪਰ ਵਰਨਣ ਸਾਰੀਆਂ ਥਾਵਾਂ ਦੇ ਦਰਸ਼ਨ ਕੀਤੇ ਹਨ। ਅੱਗੇ ਤਾਜਦੀਨ ਆਪਣੀ ਕਿਤਾਬ 'ਸਿਯਾਹਤੋ ਬਾਬਾ ਨਾਨਕ ਫ਼ਕੀਰ' ਵਿੱਚ ਲਿਖਦੇ ਹਨ ਕਿ ਹੁਣ ਬਾਬਾ ਜੀ ਮੱਕਾ ਵੱਲ ਚੱਲ ਪਏ। ਤਿੰਨ ਦਿਨਾਂ ਦੇ ਪੈਦਲ ਸਫ਼ਰ ਤੋਂ ਬਾਅਦ ਸ਼ਾਮ ਸੂਰਜ ਡੁੱਬਣ ਦੇ ਸਮੇਂ ਮੱਕਾ ਪੁੱਜ ਗਏ। ਉਸ ਸਮੇਂ ਮੱਕਾ ਦੀ ਇਮਾਰਤ ਸ਼ਹਿਰ ਦੇ ਬਾਹਰ ਇੱਕ ਪਾਸੇ ਹੋਣ ਕਾਰਨ ਸਾਰੇ ਸੇਵਾਦਾਰ ਅਤੇ ਕਾਜ਼ੀ ਆਦਿ ਆਪਣੇ ਘਰਾਂ ਨੂੰ ਚਲੇ ਗਏ ਸਨ। ਬਾਬਾ ਜੀ ਨੇ ਮੱਕਾ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।

ਜਦੋਂ ਰਾਤ ਦਾ ਤੀਜਾ ਪਹਿਰ ਹੋਇਆ ਤਾਂ ਬਾਬਾ ਜੀ ਮਰਦਾਨਾ ਜੀ ਨੂੰ ਕੀਰਤਨ ਚਾਲੂ ਰੱਖਣ ਲਈ ਕਹਿ ਕੇ ਆਪ ਖ਼ਾਨਾ ਕਾਅਬਾ ਦੀ ਦੀਵਾਰ ਦੇ ਨਾਲ ਪੈਰ ਲਾ ਕੇ ਸੌਂ ਗਏ। ਹੁਣ ਜੀਵਨ ਨਾਂ ਦੇ ਸੇਵਾਦਾਰ ਨੇ ਪਰਿਕਰਮਾ ਵਿੱਚ ਝਾੜੂ ਦੇਣਾ ਸ਼ੁਰੂ ਕੀਤਾ । ਜਦ ਉਹ ਗੁਰੂ ਜੀ ਦੇ ਕੋਲ ਪੁੱਜਿਆ ਤਾਂ ਗੁਰੂ ਜੀ ਦੇ ਦੋਵੇਂ ਪੈਰ ਖ਼ਾਨਾ ਕਾਅਬਾ ਦੀ ਦੀਵਾਰ ਨਾਲ ਲੱਗੇ ਵੇਖ ਕੇ ਉਹ ਬਾਬਾ ਜੀ ਨੂੰ ਬੁਰਾ ਭਲਾ ਆਖਦਾ ਹੋਇਆ ਬੋਲਿਆ, 'ਓ ਕਾਫ਼ਰ, ਖ਼ੁਦਾ ਦੇ ਘਰ ਵੱਲ ਪੈਰ ਕਰਕੇ ਕਿਉਂ ਸੌਂ ਰਿਹਾ ਹੈਂ ?” ਬਾਬਾ ਜੀ ਨੇ ਕਿਹਾ ਜਿਸ ਪਾਸੇ ਖ਼ੁਦਾ ਦਾ ਘਰ ਨਹੀਂ ਹੈ, ਮੇਰੇ ਪੈਰ ਉਸ ਪਾਸੇ ਵੱਲ ਕਰ ਦਿਓ।

ਉਸ ਨੇ ਬੜੀ ਬੇਰਹਿਮੀ ਨਾਲ ਪੈਰ ਘਸੀਟ ਕੇ ਸਿਰ ਕਾਅਬੇ ਵੱਲ ਕਰ ਦਿੱਤਾ ਅਤੇ ਪੈਰ ਦੂਜੇ ਪਾਸੇ। ਫਿਰ ਝਾੜੂ ਦੇਣਾ ਸ਼ੁਰੂ ਕਰ ਦਿੱਤਾ। ਇੰਨੇ ਚਿਰ ਨੂੰ ਫਿਰ ਜਦੋਂ ਬਾਬਾ ਜੀ ਵੱਲ ਵੇਖਿਆ ਤਾਂ ਫਿਰ ਬਾਬਾ ਜੀ ਦੇ ਪੈਰ ਕਾਅਬੇ ਦੀ ਦੀਵਾਰ ਨਾਲ ਵੇਖ ਕੇ ਤਿਲਮਿਲਾਇਆ ਕਿ ਮੈਂ ਤਾਂ ਸਮਝਿਆ ਸੀ ਕਿ ਤੂੰ ਨਾ ਸਮਝੀ ਕਾਰਨ ਅਜਿਹਾ ਕੀਤਾ ਹੈ ਪਰ ਤੂੰ ਮੈਨੂੰ ਦੁਖੀ ਕਰਨ ਲਈ ਮੁੜ ਵੈਸਾ ਹੀ ਕਰ ਦਿੱਤਾ ਹੈ। ਯਾਦ ਰੱਖ, ਵੱਡੇ ਕਾਜ਼ੀ ਨੂੰ ਆਖ ਕੇ ਤੈਨੂੰ ਮਰਵਾ ਦੇਵਾਂਗਾ। ਇਹ ਆਖਦੇ ਹੋਏ ਉਸ ਨੇ ਫਿਰ ਬੜੀ ਬੇਰਹਿਮੀ ਨਾਲ ਪੈਰ ਫੜ ਕੇ ਘਸੀਟਣਾ ਸ਼ੁਰੂ ਕੀਤਾ ਤਾਂ ਕੀ ਵੇਖਦਾ ਹੈ ਕਿ ਜਿੱਧਰ-ਜਿੱਧਰ ਪੈਰ ਜਾ ਰਹੇ ਹਨ, ਮੱਕਾ ਕਾਅਬਾ ਵੀ ਉੱਧਰ-ਉੱਧਰ ਘੁੰਮ ਰਿਹਾ ਹੈ। ਆਪਣੇ ਸ਼ੱਕ ਨੂੰ ਦੂਰ ਕਰਨ ਵਾਸਤੇ ਉਸ ਨੇ ਤਿੰਨ ਵਾਰ ਇੰਝ ਕੀਤਾ ਤਾਂ ਮੱਕਾ ਕਾਅਬਾ ਨਾਲ-ਨਾਲ ਘੁੰਮਦਾ ਵੇਖ ਕੇ ਉਸ ਨੇ ਬਾਬਾ ਜੀ ਦੇ ਪੈਰ ਪਕੜ ਲਏ ਅਤੇ ਆਪਣੀ ਗੁਸਤਾਖ਼ੀ ਦੀ ਮਾਫ਼ੀ ਮੰਗੀ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਤੁਸੀਂ ਘੁੱਪ ਅੰਧੇਰੇ ਵਿੱਚ ਗਹਿਰੀ ਨੀਂਦ ਸੌਂ ਰਹੇ ਹੋ। ਆਪ ਲੋਕਾਂ ਨੂੰ ਸਮਝਾਉਣ ਵਾਸਤੇ ਹੀ ਮੈਨੂੰ ਖ਼ੁਦਾ ਨੇ ਇੱਥੇ ਭੇਜਿਆ ਹੈ। ਖ਼ੁਦਾ ਤਾਂ ਹਰ ਥਾਂ, ਹਰ ਸਮੇਂ ਚਾਰੇ ਪਾਸੇ ਮੌਜੂਦ ਹੈ। ਉਹ ਸਿਰਫ਼ ਕਾਅਬਾ ਵਿੱਚ ਹੀ ਨਹੀਂ ਹੈ ਅਤੇ ਕਿਹਾ, ‘ਤੈਨੂੰ ਕਰਤਾਰ ਚਿੱਤ ਆਵੇ।' ਹੁਣ ਉਹ ਸ਼ਹਿਰ ਦੇ ਪਾਸੇ ਦੌੜਿਆ।

ਤਾਜਦੀਨ ਲਿਖਦੇ ਹਨ ਕਿ ਮੈਂ ਵੀ ਉਸ ਦੇ ਪਿੱਛੇ ਦੌੜਿਆ ਇਹ ਵੇਖਣ ਲਈ ਕਿ ਇਹ ਕੀ ਕਰਦਾ ਹੈ। ਸ਼ਹਿਰ ਵਿੱਚ ਪੁੱਜ ਕੇ ਉਹ ਜਾਮਿਆ ਮਸਜਿਦ ਦੇ ਉੱਪਰਲੇ ਮੀਨਾਰ 'ਤੇ ਚੜ੍ਹ ਕੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਜੋ ਕੁਝ ਵੇਖਿਆ ਸੀ ਦੱਸਿਆ ਕਿ ਜਿਸ 'ਖ਼ਾਨਾ ਕਾਅਬਾ ਨੂੰ ਹਜ਼ਾਰਾਂ ਸਾਲਾਂ ਤੋਂ ਖ਼ੁਦਾ ਦਾ ਘਰ ਮੰਨਿਆ ਜਾਂਦਾ ਹੈ, ਨੂੰ ਬਾਬਾ ਜੀ ਨੇ ਝੁਠਲਾ ਦਿੱਤਾ ਹੈ ਅਤੇ ਖ਼ਾਨਾ ਕਾਅਬਾ ਨੇ ਬਾਬਾ ਜੀ ਦਾ ਖੁਵਾਫ (ਪਰਿਕਰਮਾ) ਕੀਤਾ ਹੈ। ਇਹ ਸੁਣ ਕੇ ਲੋਕ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ। ਸ਼ਹਿਰ ਦਾ ਸਭ ਤੋਂ ਵੱਡਾ ਕਾਜ਼ੀ ਰੁਕਨਦੀਨ ਵੀ ਆਪਣੇ ਸਾਥੀਆਂ ਨਾਲ ਆ ਗਿਆ। ਪੁੱਛ ਪੜਤਾਲ ਤੋਂ ਬਾਅਦ ਬਾਬਾ ਜੀ ਨੂੰ ਕੁਫ਼ਰ ਦਾ ਫ਼ਤਵਾ ਦੇ ਦਿੱਤਾ।

ਸ਼ਰੱਈ ਮੌਲਾਣਿਆਂ ਨੇ ਆਖਿਆ ਭਾਵੇਂ ਉਹ ਗੌਂਸਪਏ ਕੁਤਬ ਹੈ, ਵੱਡੇ ਤੋਂ ਵੱਡਾ ਫ਼ਕੀਰ ਹੈ, ਜੋ ਉਸ ਨੇ ਕਾਅਬਾ ਤੋਂ ਆਪਣਾ ਖੁਵਾਫ (ਪਰਿਕਰਮਾ) ਕਰਵਾ ਦਿੱਤਾ ਹੈ, ਇਹ ਵੱਡਾ ਕੁਫ਼ਰ ਹੈ। ਇਹ ਫ਼ਤਵਾ ਸੁਣ ਕੇ ਲੋਕ ਬੜੇ ਗੁੱਸੇ ਵਿੱਚ ਆ ਕੇ ਚਾਕੂ, ਕੁਹਾੜੀਆਂ, ਲਾਠੀਆਂ ਆਦਿ ਲੈ ਕੇ ਬੋਲੇ, ‘ਮਾਰ ਦਿਓ, ਕਤਲ ਕਰ ਦਿਓ।’

ਇਹ ਸੁਣਦੇ ਹੀ ਜੀਵਨ ਲੋਕਾਂ ਨੂੰ ਚੀਰਦਾ ਹੋਇਆ ਸਭ ਤੋਂ ਅੱਗੇ ਤੁਰ ਰਹੇ ਕਾਜ਼ੀ ਰੁਕਨਦੀਨ ਨੂੰ ਮਿਲਿਆ ਅਤੇ ਉਸ ਆਖਿਆ ਕਿ ਤੁਹਾਡਾ ਦਿੱਤਾ ਹੋਇਆ ਫ਼ਤਵਾ ਠੀਕ ਹੋ ਸਕਦਾ ਹੈ ਪਰ, ਦੇਖਣਾ ਉਨ੍ਹਾਂ (ਬਾਬਾ ਜੀ) ਦੀ ਕਿਤੇ ਬੇਇਜ਼ਤੀ ਨਾ ਕਰ ਛੱਡਣਾ, ਉਹ ਆਪ ਖ਼ੁਦਾ ਹਨ। ਇਹ ਸੁਣ ਕੇ ਕਾਜ਼ੀ ਦੇ ਦਿਲ 'ਤੇ ਗਹਿਰਾ ਅਸਰ ਹੋਇਆ। ਉਸ ਸਮੇਂ ਉਨ੍ਹਾਂ ਦੇ ਨਾਲ ‘ਤਵਾਰੀਖ਼ ਅਰਬ' ਦੇ ਲੇਖਕ ਖਵਾਜ਼ਾ ਜੈਨਲਬ-ਉ-ਦੀਨ ਵੀ ਸਨ । ਤਾਜਦੀਨ ਜੀ ਲਿਖਦੇ ਹਨ ਕਿ ਰੁਕਨਦੀਨ ਦੇ ਸਾਥੀਆਂ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਕਿ ਐਸੇ ਫ਼ਕੀਰ ਨੂੰ ਕੋਹਲੂ ਵਿੱਚ ਪਾ ਕੇ ਕੁਚਲ ਦੇਣਾ ਚਾਹੀਦਾ ਹੈ। ਸਈਦ ਇਬਨੇ ਵਲਿਦ ਕਾਜ਼ੀ ਨੇ ਕਿਹਾ ਕਿ ਸ਼ਰਾ ਦੇ ਅਨੁਸਾਰ ਐਸੇ ਅਦਮੀ ਨੂੰ ਜ਼ਮੀਨ ਵਿੱਚ ਗੱਡ ਕੇ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਇਕ ਹੋਰ ਕਾਜ਼ੀ ਨੇ ਕਿਹਾ ਕਿ ਇਸ ਨੂੰ ਕੁੱਤਿਆਂ ਤੋਂ ਚੀਰਵਾ ਦੇਣਾ ਚਾਹੀਦਾ ਹੈ। ਰਕਨਦੀਨ ਸਾਰਿਆਂ ਦੀ ਸੁਣਦੇ ਰਹੇ ਪਰ ਉਹ ਬਾਬਾ ਜੀ ਨੂੰ ਬੜੀ ਉੱਚੀ ਰੂਹ ਸਮਝ ਚੁੱਕੇ ਸਨ।

ਬਾਬਾ ਜੀ ਤੋਂ ਪਹਿਲਾਂ ਇਕ ਸੌ ਕਦਮ ਤਕ ਸਭਨਾਂ ਦੇ ਪੈਰ ਰੁਕ ਗਏ। ਸਿਰਫ਼ ਕਾਜ਼ੀ ਰੁਕਨਦੀਨ, ਤਾਜਦੀਨ ਅਤੇ ਜੈਨਲਬ-ਉ-ਦੀਨ ਹੀ ਬਾਬਾ ਜੀ ਤੱਕ ਪੁੱਜ ਸਕੇ । ਬਾਕੀ ਕੋਈ ਵੀ ਅੱਗੇ ਨਾ ਵਧ ਸਕਿਆ ਅਤੇ ਸਾਰਿਆਂ ਨੂੰ ਆਪਣੇ ਹਥਿਆਰਾਂ ਨਾਲ ਵਾਪਸ ਜਾਣਾ ਪਿਆ। ਕਾਜ਼ੀ ਰੁਕਨਦੀਨ ਨੇ ਬਾਬਾ ਜੀ ਨੂੰ ਸਤਿਕਾਰ ਨਾਲ 'ਅਸਲਾਮ-ਵਾਲੇਕੁੰਮ’ ਅਰਜ਼ ਕੀਤੀ। ਜਵਾਬ ਵਿੱਚ ਬਾਬਾ ਜੀ ਨੇ ਕਿਹਾ, ‘ਸਤਿ ਸ੍ਰੀ ਅਕਾਲ-ਗੁਰਬਰ ਅਕਾਲ।” ਇਹ ਸੁਣ ਕੇ ਉਹ ਬਹੁਤ ਹੈਰਾਨ ਹੋਇਆ।

ਫਿਰ ਕਿਹਾ, ‘ਫੱਲਾ ਅਲ ਲਾ ਮਜ਼ਬਹ ਹੂ' ਭਾਵ, ਤੁਹਾਡਾ ਮਜ਼ਹਬ ਕੀ ਹੈ? ਜਵਾਬ ਵਿੱਚ ਬਾਬਾ ਜੀ ਨੇ ਕਿਹਾ, ‘ਅਬੂਲਾ ਅਲਲਾ ਲਾ ਮਜ਼ਹਬ ਬਾਹੂ’ ਭਾਵ, ਮੈਂ ਖ਼ੁਦਾ ਦਾ ਬੰਦਾ ਹਾਂ, ਮੇਰਾ ਕੋਈ ਮਜ਼ਹਬ ਨਹੀਂ। ਰੁਕਨਦੀਨ ਨੇ ਕਿਹਾ ਜੇ ਆਪ ਬੰਦੇ ਹੋ ਤਾਂ ਆਪ ਦਾ ਮਜ਼ਹਬ ਜ਼ਰੂਰ ਹੋਣਾ ਚਾਹੀਦਾ ਹੈ। ਖ਼ੁਦਾ ਨੇ ਬੰਦਿਆਂ ਦੇ ਲਈ ਹੀ ਮਜ਼ਹਬ ਬਣਾਏ ਹਨ। ਸੱਚ ਦੱਸੋ, ਆਪ ਕੌਣ ਹੋ? ਕਿੱਥੋਂ ਆਏ ਹੋ? ਇਥੇ ਆਉਣ ਦਾ ਮਕਸਦ ਕੀ ਹੈ? ਮੈਨੂੰ ਪਤਾ ਚੱਲਿਆ ਹੈ ਕਿ ਆਪ ਨੇ ਮੱਕਾ ਕਾਅਬਾ ਕੋਲੋਂ ਆਪਣਾ ਖੁਵਾਫ (ਪਰਿਕਰਮਾ) ਕਰਵਾਇਆ ਹੈ, ਮਤਲਬ ਆਪ ਨੇ ਜੋ ਵੀ ਕੀਤਾ ਹੈ, ਇਸਲਾਮ ਦੇ ਉਲਟ ਕੀਤਾ ਹੈ।

ਇੱਕ ਲੱਖ ਚੌਵੀ ਹਜ਼ਾਰ (1,24,000) ਇਮਾਮਾਂ ਨੇ ਮੱਕਾ ਕਾਅਬਾ ਨੂੰ ਖ਼ੁਦਾ ਦਾ ਘਰ ਆਖਿਆ ਹੈ। ਪਰ ਆਪ ਨੇ ਇਹ ਸਭ ਕੁਝ ਕੀਤਾ ਹੈ , ਕਿਉਂ ? ਇਸਦੇ ਜਵਾਬ ਵਿੱਚ ਬਾਬਾ ਜੀ ਨੇ ਰਬਾਬ ਵਜਾ ਕੇ ਅਰਬੀ ਭਾਸ਼ਾ ਵਿੱਚ ਆਪਣੇ ਖ਼ਿਆਲਾਤ ਪੇਸ਼ ਕੀਤੇ, ਜਿਸ ਦੇ ਅਰਥ ਹਨ, "ਐ ਰਕਨਦੀਨ ਤੂੰ ਮੱਕਾ ਦਾ ਬੜਾ ਕਾਜ਼ੀ ਅਤੇ ਕਾਅਬਾ ਦਾ ਇੰਤਜ਼ਾਮੀਆ ਹੈਂ। ਇਸਲਾਮੀ ਸੰਸਾਰ ਦੇ ਚੰਦ ਹੈਂ। ਤੇਰਾ ਫ਼ਤਵਾ ਵੀ ਸਾਰੇ ਇਸਲਾਮੀ ਸੰਸਾਰ ਵਿੱਚ ਚੱਲਦਾ ਹੈ। ਠੀਕ ਹੈ, ਪਰ ਅਫ਼ਸੋਸ ਹੈ ਕਿ ਤੂੰ ਅਸਲੀਅਤ ਅਤੇ ਅਕਲ ਦੀਆਂ ਅੱਖਾਂ ਤੋਂ ਕੋਰਾ ਹੈਂ। ਤੇਰੀ ਇਹ ਇੱਜ਼ਤ ਆਪ ਦੇ ਦੇਸ਼ ਦੇ ਭਰਾਵਾਂ ਸਮੇਤ ਮੰਜ਼ਲਾਂ ਤੱਕ ਨਹੀਂ ਪੁੱਜੇਗੀ। ਕਾਜ਼ੀ ਜੀ, ਆਪ ਦੀ ਇਨਸਾਨੀ ਇਬਾਦਤ ਅਤੇ ਉਨ੍ਹਾਂ ਦੀ ਸਰਪ੍ਰਸਤੀ ਦੋਜ਼ਖ਼ ਦੀ ਅੱਗ ਵਿੱਚ ਸੜੇਗੀ। ਆਪ ਖ਼ੁਦਾ ਦੇ ਬੰਦੇ ਬਣੋ ਅਤੇ ਉਸ ਦੀ ਬੰਦਗੀ ਕਰੋ, ਜੋ ਤੁਹਾਨੂੰ ਨਿਜ਼ਾਤ ਦੇਵੇਗੀ। ਮੇਰਾ ਇਥੇ ਆਉਣ ਦਾ ਮਕਸਦ ਵੀ ਇਹੋ ਹੈ। ਲਾ-ਸ਼ਰੀਕ ਖ਼ੁਦਾ ਤੋਂ ਇਲਾਵਾ ਕਿਸੇ ਹੋਰ ਨੂੰ ਉਨ੍ਹਾਂ ਦੇ ਮੁਕਾਬਲੇ ਨਾ ਮੰਨਣ ਦਾ ਇਲਮ ਦੇਣਾ ਹੈ। ਤੌਹੀਦ-ਤੌਹੀਦ ਕਹਿਣ ਨਾਲ ਜ਼ਿੰਦਗੀ ਸਫਲ ਨਹੀਂ ਹੋਣੀ। ਕਾਮਯਾਬੀ ਅਮਲ ਕਰਨ ਨਾਲ ਹੀ ਮਿਲਦੀ ਹੈ। ਇਨਸਾਨ ਨੂੰ ਪਹਿਲਾਂ ਆਪਣੇ ਆਪ ਨੂੰ ਪਛਾਨਣਾ ਜ਼ਰੂਰੀ ਹੈ ਅਤੇ ਫਿਰ ਬਾਕੀਆਂ ਨੂੰ ਵੀ ਉਸ ਦੀ ਜਾਣਕਾਰੀ ਦੇਣੀ ਹੈ।

‘ਤਵਾਰੀਖ਼ ਅਰਬ' ਦੇ ਲਿਖਾਰੀ ਲਿਖਦੇ ਹਨ ਕਿ ਰੁਕਨਦੀਨ ਕਾਜ਼ੀ ਨੇ ਬਾਬਾ ਜੀ ਨੂੰ 360 ਸਵਾਲ ਕੀਤੇ। ਇਹ ਸਵਾਲ ਤੇ ਇਨ੍ਹਾਂ ਦੇ ਜਵਾਬ ਮੇਰੀ ਇਸ ਕਿਤਾਬ ਦੇ 300 ਸਫ਼ਿਆਂ 'ਤੇ ਦਰਜ ਹਨ। ਜਦੋਂ ਸਵਾਲ-ਜਵਾਬ ਹੋਏ, ਮੈਂ ਪੂਰਾ ਸਮਾਂ ਨਾਲ ਰਿਹਾ ਅਤੇ ਨਾਲ-ਨਾਲ ਹੀ ਲਿਖਦਾ ਰਿਹਾ। ਇਨ੍ਹਾਂ ਸਾਰਿਆਂ ਵਿਚੋਂ ਰੁਕਨਦੀਨ ਨੇ ਆਪਣੀ ਸ਼ਰ੍ਹਾ, ਆਪਣੇ ਨਬੀਆਂ, ਆਪਣੇ ਇਮਾਮਾਂ ਆਦਿ ਦੇ ਨਾਂ ਲੈ-ਲੈ ਕੇ ਆਖਦੇ ਸਨ ਕਿ ਉਨ੍ਹਾਂ ਨੇ ਇਹ ਹੁਕਮ ਦਿੱਤਾ ਹੈ, ਅਹੁ ਹੁਕਮ ਦਿੱਤਾ ਹੈ।

ਬਾਬਾ ਜੀ ਨੇ ਆਖਿਆ ਕਿ ਉਹ ਸਾਰੇ ਖ਼ੁਦਾ ਦੀ ਹਸੀਅਤ ਵਿੱਚ ਬੋਲਣ ਵਾਲੇ ਉਸ ਦੀ ਬਰਾਬਰੀ ਕਰਨ ਦੇ ਮੁਲਜ਼ਮ ਹਨ ਅਤੇ ਜੋ-ਜੋ ਵੀ ਉਨ੍ਹਾਂ ਨੇ ਹੁਕਮ ਕੀਤੇ ਹਨ, ਕੁਰਾਨ ਸ਼ਰੀਫ਼ ਉਨ੍ਹਾਂ ਨੂੰ ਸਹੀ ਨਹੀਂ ਮੰਨਦੀ, ਕਿਸੇ ਤਰ੍ਹਾਂ ਵੀ ਉਨ੍ਹਾਂ ਦੇ ਹੁਕਮਾਂ ਨੂੰ ਮੰਨਣ ਦੀ ਇਜਾਜ਼ਤ ਨਹੀਂ ਦਿੰਦੀ। ਇਸ ਲਈ ਆਪ ਦੀ ਇਨਸਾਨੀ ਸਰਪ੍ਰਸਤੀ ਆਪ ਦੀ ਜ਼ਿੰਦਗੀ ਨੂੰ ਨਜਾਤ (ਗੁਨਾਹ ਦੀ ਮੁਆਫ਼ੀ) ਨਹੀਂ ਦੇ ਸਕਦੀ।

ਰੁਕਨਦੀਨ ਕਾਜ਼ੀ ਨੇ ਮੱਕਾ ਕਾਅਬਾ ਪਹੁੰਚਣ ਉਪਰੰਤ ਗੁਰੂ ਸਾਹਿਬ ਨੂੰ ਤਿੰਨ ਸਵਾਲ ਕੀਤੇ-

ਪਹਿਲਾ ਸਵਾਲ : ਦੀਨ ਵਿਚ ਗਾਣਾ-ਵਜਾਉਣਾ ਹਰਾਮ ਦੱਸਿਆ ਹੈ। ਆਪ ਇੰਜ ਕਿਉਂ ਕਰਦੇ ਹੋ?

ਗੁਰੂ ਜੀ ਨੇ ਕਿਹਾ ਕੁਰਾਨ ਸ਼ਰੀਫ਼ ਵਿੱਚ ਇਸ ਦੀ ਕੋਈ ਮਨਾਹੀਂ ਨਹੀਂ ਹੈ। ਆਪ ਦੇ ਨਬੀ ਖ਼ੁਦ ਗਾਣ-ਵਜਾਉਣ ਦੇ ਸ਼ੌਕੀਨ ਸਨ ਅਤੇ ਐਸੀਆਂ ਮਹਿਫ਼ਲਾਂ ਵਿੱਚ ਖ਼ੁਸ਼ੀ ਨਾਲ ਜਾਂਦੇ ਸਨ। ਆਪ ਦੀਆਂ ਹਦੀਸਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਕੁਰੈਸ਼ ਕਬੀਲੇ (ਅਰਬ ਦਾ ਇੱਕ ਪ੍ਰਸਿੱਧ ਤੇ ਸਤਿਕਾਰਤ ਕਬੀਲਾ; ਪੈਗ਼ੰਬਰ ਖ਼ੁਦਾ ਦੇ ਕਬੀਲੇ ਦਾ ਨਾਂ) ਦੀ ਇਕ ਸ਼ਾਦੀ ਵਿੱਚ ਜਦੋਂ ਮੁਹੰਮਦ ਸਾਹਿਬ ਦਾਅਵਤ ‘ਤੇ ਪੁੱਜੇ ਤਾਂ ਲੜਕੀਆਂ ਘੜਾ ਵਜਾ ਕੇ ਸ਼ਾਦੀ ਦੇ ਗੀਤ ਗਾ ਰਹੀਆਂ ਸਨ। ਉਨ੍ਹਾਂ ਨੂੰ ਵੇਖ ਕੇ ਉਹ ਐਸੇ ਗੀਤ ਬੰਦ ਕਰ ਕੇ ਧਰਮੀ ਗੀਤ ਗਾਉਣ ਲੱਗੀਆਂ । ਮੁਹੰਮਦ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ਉਹੀ ਗਾਵੋ ਜੋ ਪਹਿਲਾਂ ਗਾ ਰਹੀਆਂ ਸੋ। ਮੈਨੂੰ ਉਸ ਨਾਲ ਪ੍ਰੇਮ ਹੈ। ਖ਼ੁਦਾ ਆਪ ਨੂੰ ਇੱਜ਼ਤ ਬਖ਼ਸ਼ੇਗਾ।

ਬਾਬਾ ਜੀ ਨੇ ਰੁਕਨਦੀਨ ਨੂੰ ਕਿਹਾ ਕਿ ਸ਼ਾਦੀ ਦੇ ਗਾਣੇ ਸੁਣਨ ਲਈ ਮੁਹੰਮਦ ਸਾਹਿਬ ਲੜਕੀਆਂ ਲਈ ਖ਼ੁਦ ਖ਼ੁਦਾ ਤੋਂ ਉਨ੍ਹਾਂ ਦੀ ਇੱਜ਼ਤ ਦੀ ਦੁਆ ਕਰਦੇ ਹਨ ਅਤੇ ਮੈਂ ਜੋ ਸਿਰਫ਼ ਖ਼ੁਦਾ ਨੂੰ ਹਾਜ਼ਰ-ਨਾਜ਼ਰ ਜਾਣਦਾ ਹੋਇਆ ਉਸ ਦੀ ਸਿਫ਼ਤ-ਸਲਾਹ ਵਿੱਚ ਗਾਉਂਦਾ ਹੈ, ਉਸ ਨੂੰ ਆਪਣੇ ਖ਼ੁਦਾ ਦੀ ਬਰਾਬਰੀ ਕਰਨ ਵਾਲੇ ਉਨ੍ਹਾਂ ਮੁਲਜ਼ਮਾਂ ਦੇ ਕਹਿਣ 'ਤੇ ਹਰਾਮ ਕਹਿ ਰਹੇ ਹੋ, ਇਹ ਕਿੱਥੋਂ ਦਾ ਇਨਸਾਫ਼ ਹੈ। ਆਪ ਆਪਣੇ ਘਰ ਦੀ ਵਾਕਫ਼ੀਅਤ (ਗਿਆਨ) ਹਾਸਲ ਕਰੋ।

ਦੂਜਾ ਸਵਾਲ : ਦੀਨ ਸਾਨੂੰ ਵਾਲ ਕਟਵਾਉਣ ਦੀ ਇਜਾਜ਼ਤ ਦੇਂਦਾ ਹੈ ਪਰ ਆਪ ਜਟਾ-ਜੂਟ ਕਿਉਂ ਹੋ?

ਬਾਬਾ ਜੀ ਨੇ ਜਵਾਬ ਵਿੱਚ ਕਿਹਾ ਕਿ ਜੇਕਰ ਆਪ ਖ਼ੁਦਾ ਦੇ ਮੁਲਜ਼ਮਾਂ ਦੇ ਬਣਾਏ ਹੋਏ ਕਾਨੂੰਨਾਂ 'ਤੇ ਚੱਲੋਗੇ ਤਾਂ ਦੋਜ਼ਕ ਦੀ ਅੱਗ ਵਿੱਚ ਸੜੋਗੇ। ਕੁਰਾਨ ਸ਼ਰੀਫ਼ ਵਾਲ ਕਟਵਾਉਣ ਦੀ ਇਜਾਜ਼ਤ ਬਿਲਕੁਲ ਨਹੀਂ ਦੇਂਦਾ। ਦੇਖੋ ਸਪਾਰਾ-2 : ਸੂਰਤ ਬੱਕਰ ਰਕੂਅ : 24 ਆਇਤ 196, ਜਿਸ ਦਾ ਭਾਵ ਇਸ ਤਰ੍ਹਾਂ ਹੈ - ‘ਖ਼ੁਦਾ ਦੇ ਵੱਲ ਹੱਜ ਕਰਨ ਵਾਲੇ ਮੁਸਲਮਾਨਾਂ ਲਈ ਵਾਲ ਰੱਖਣੇ ਬਹੁਤ ਜ਼ਰੂਰੀ ਹਨ। ਹਰ ਮੁਸਲਮਾਨ ਦੇ ਲਈ ਹੱਜ ਕਰਨਾ ਜ਼ਰੂਰੀ ਹੈ ਤਦ ਹੀ ਉਸ ਦੀ ਜ਼ਿੰਦਗੀ ਕਾਮਯਾਬ ਹੈ। ਜਟਾ-ਜੂਟ ਰਹਿ ਕੇ ਹੱਜ ਦੀਆਂ ਦੂਸਰੀਆਂ ਸ਼ਰਤਾਂ ਨੂੰ ਪੂਰਾ ਕਰੋ। ਯਜ਼ਰਵੇਦ ਵਿੱਚ ਵੀ ਵਾਲ ਕਟਵਾਉਣ ਦੀ ਸਖ਼ਤ ਮਨਾਹੀ ਹੈ। (ਸੂਰਤੀ 119)

ਤੀਸਰਾ ਸਵਾਲ : ਸਾਰੇ ਪੈਗ਼ੰਬਰਾਂ, ਇਮਾਮਾਂ ਨੇ ਖ਼ਾਨਾ ਕਾਅਬਾ ਨੂੰ ਖ਼ੁਦਾ ਦਾ ਘਰ ਦੱਸਿਆ ਹੈ। ਆਪ ਕੀ ਕਹਿੰਦੇ ਹੋ?

ਬਾਬਾ ਜੀ ਨੇ ਦੱਸਿਆ ਕਿ ਕੁਰਾਨ ਸ਼ਰੀਫ਼ ਇਸ ਨੂੰ ਗ਼ਲਤ ਕਹਿੰਦੀ ਹੈ। ਬਾਬਾ ਜੀ ਨੇ ਅਰਬੀ ਵਿੱਚ ਕਿਹਾ ਕਿ ਖ਼ੁਦਾਵੰਦ ਕਰੀਮ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਸਾਫ਼ ਕਹਿ ਦਿੱਤਾ ਸੀ ਕਿ ਮੈਂ ਕਿਸੇ ਇਮਾਰਤ ਵਿੱਚ ਕੈਦ ਨਹੀਂ। ਮੈਂ ਹਰ ਇਨਸਾਨ ਦੀ ਸ਼ਾਹ ਰਗ਼ ਦੀ ਨਾੜੀ ਤੋਂ ਵੀ ਨਜ਼ਦੀਕ ਹਾਂ। ਇਹ ਜਵਾਬ ਸੁਣ ਕੇ ਸਾਰੇ ਹਾਜ਼ਰੀਨ 'ਤੇ ਗਹਿਰਾ ਅਸਰ ਹੋਇਆ ਅਤੇ ਸਾਰਿਆਂ ਨੇ ਖ਼ੁਸ਼ੀ ਨਾਲ ਉੱਚੀ ਆਵਾਜ਼ ਵਿੱਚ (ਅਰਬੀ 'ਚ) ਕਿਹਾ, 'ਕੁਰਾਨ ਜਾਣਦੇ ਹਨ, ਖ਼ਿਦਮਤ ਵਿੱਚ ਹਾਜ਼ਰ ਹਨ। ਖ਼ੁਦਾ ਆਪ ਦਾ ਭਲਾ ਕਰੇ ਅਤੇ ਨੇਕੀਆਂ ਬਖ਼ਸ਼ੇ। '

ਹੁਣ ਕਾਜ਼ੀ ਰੁਕਨਦੀਨ ਨੇ ਆਪਣੇ ਸਾਥੀਆਂ, ਜੋ ਸ਼ਹਿਰ ਤੋਂ ਤੁਰਨ ਸਮੇਂ ਉਸ ਨੂੰ ਰਸਤੇ ਵਿੱਚ ਬਾਬਾ ਨਾਨਕ ਜੀ ਨੂੰ ਕਈ ਤਰੀਕਿਆਂ ਨਾਲ ਮਾਰ ਦੇਣ ਦੀ ਸਲਾਹ ਦੇ ਰਹੇ ਸਨ, ਨੂੰ ਮੁਖਾਤਿਬ ਹੋ ਕੇ ਕਿਹਾ ਮੇਰੇ ਨਾਨਕ ਜੀ ਨੂੰ ਸਜਦਾ ਕਰਦਾ ਵੇਖ ਕੇ ਆਪ ਸਭ ਬਹੁਤ ਤਿਲਮਿਲਾਏ ਹੋਵੋਗੇ। ਪਰ ਮੇਰੀਆਂ ਅੱਖਾਂ ਨੇ ਚੰਗੀ ਤਰ੍ਹਾਂ ਪਛਾਣ ਕੇ ਹੀ ਸਜਦਾ ਕੀਤਾ ਹੈ। ਉਨ੍ਹਾਂ ਨੇ ਸਾਡੇ ਸ਼ਰਈ ਇਮਾਮਾਂ ਅਤੇ ਮੁੱਲਾਂ ਆਦਿ ਦੇ ਬਣਾਏ ਹੋਏ ਕਾਨੂੰਨਾਂ ਨੂੰ ਕੁਰਾਨ ਮਜੀਦ ਦੇ ਹਵਾਲਿਆਂ ਰਾਹੀਂ ਗਲਤ ਸਾਬਤ ਕਰ ਦਿੱਤਾ ਹੈ। ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਆਪ ਲੋਕ ਇਨ੍ਹਾਂ ਦੇ ਬਣਾਏ ਹੋਏ ਕਾਨੂੰਨਾਂ 'ਤੇ ਚੱਲੋਗੇ ਤਾਂ ਦੋਜ਼ਕ ਦੀ ਅੱਗ ਵਿੱਚ ਸੜੋਗੇ।

ਬਾਬਾ ਨਾਨਕ ਜੀ ਨੇ ਕੁਰਾਨ ਮਜੀਦ ਦੇ ਹਵਾਲੇ ਨਾਲ ਸਾਬਤ ਕਰ ਦਿੱਤਾ ਹੈ ਕਿ ਖ਼ੁਦਾ ਦੇ ਰਾਹ 'ਤੇ ਚੱਲਣ ਵਾਲੇ ਮੁਸਲਮਾਨਾਂ ਨੂੰ ਵਾਲ ਕਟਾਉਣ ਦੀ ਸਖ਼ਤ ਮਨਾਹੀ ਹੈ। ਖ਼ੁਦਾ ਦੀ ਸਿਫ਼ਤ-ਸਲਾਹ ਵਿੱਚ ਗਾਣ-ਵਜਾਉਣ ਦੀ ਮੁਲਸਮਾਨਾਂ ਨੂੰ ਕੋਈ ਮਨਾਹੀ ਨਹੀਂ ਹੈ ਅਤੇ ਖ਼ੁਦਾ ਦੀ ਹਰ ਥਾਂ ਮੌਜੂਦਗੀ ਨੂੰ ਵੀ ਸਾਬਤ ਕਰ ਦਿੱਤਾ ਹੈ, ਆਪ ਲੋਕ ਵੀ ਸਜਦਾ ਕਰੋ। ਇਹ ਸੁਣ ਕੇ ਸਾਰਿਆਂ ਨੇ ਬਾਬਾ ਜੀ ਨੂੰ ਸਜਦਾ ਕੀਤਾ ਅਤੇ ਬਾਬਾ ਜੀ ਨੂੰ ਬੇਨਤੀ ਕਰ ਕੇ ਉਨ੍ਹਾਂ ਦੇ ਪੈਰ, ਜੋ ਧਰਤੀ ਨੇ ਪਕੜ ਰੱਖੇ ਸਨ, ਆਜ਼ਾਦ ਕਰ ਦਿੱਤੇ।ਹੁਣ ਗੁਰੂ ਨਾਨਕ ਸਾਹਿਬ ਸਾਰੀ ਰਾਤ ਮੱਕਾ ਵਿੱਚ ਕੀਰਤਨ ਕਰਦੇ ਰਹੇ। ਸਵੇਰ ਹੋਣ ਤਕ ਬਹੁਤ ਸੰਗਤ ਇਕੱਠੀ ਹੋ ਗਈ।ਤਾਜਦੀਨ ਨੇ ਉਨ੍ਹਾਂ ਦੀ ਗਿਣਤੀ 300 ਲਿਖੀ ਹੈ। ਹਜ਼ੂਰ ਦੇ ਦਰਸ਼ਨ ਕਰਨ ਵਾਲਿਆਂ ਨੇ ਖਜੂਰਾਂ ਅਤੇ ਊਠਣੀਆਂ ਦਾ ਦੁੱਧ ਹਾਜ਼ਰ ਕੀਤਾ, ਜੋ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਾਰੇ ਹਾਜ਼ਰੀਨ ਵਿੱਚ ਵੰਡ ਦਿੱਤਾ ਗਿਆ। ਇਸ ਸੰਗਤ ਵਿੱਚ ਕਾਜ਼ੀ ਰੁਕਨਦੀਨ ਤੋਂ ਇਲਾਵਾ ਖ਼ਵਾਜ਼ਾ ਜ਼ੈਨਲਬਦੀਨ, ਹਾਜ਼ੀ ਗ਼ੁਲਾਮ ਅਹਿਮਦ (ਕਰੈਸ਼ ਕਬੀਲੇ ਦਾ ਸਰਦਾਰ) ਅਤੇ ਇਬਨੇ ਅਸਵੱਧ ਤੇ ਬੁੱਧ ਕਬੀਲੇ ਦੇ ਵੱਡੇ ਸਰਦਾਰ ਵੀ ਹਾਜ਼ਰ ਸਨ। ਇਨ੍ਹਾਂ ਚਾਰਾਂ ਨੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਵਾਰੀ-ਵਾਰੀ ਉੱਠ ਕੇ ਬਾਬਾ ਜੀ ਦਾ ਗੁਣ-ਗਾਇਨ ਕੀਤਾ।

ਇਸ ਤੋਂ ਬਾਅਦ ਕਾਜ਼ੀ ਰੁਕਨਦੀਨ ਜੀ ਅਤੇ ਸੰਗਤ ਨੇ ਦੁਆ ਕੀਤੀ ਕਿ ਕੋਈ ਐਸੀ ਹਦਾਇਤ (ਫ਼ੁਰਮਾਨ) ਬਖ਼ਸ਼ਿਸ ਕਰੋ. ਜਿਸ ਨੂੰ ਗ੍ਰਹਿਣ ਕਰ ਕੇ ਸੰਸਾਰੀ ਝਮੇਲਿਆਂ ਤੋਂ ਛੁੱਟ ਜਾਈਏ ਅਤੇ ਨਜ਼ਾਤ (ਮੁਕਤੀ) ਪਾ ਸਕੀਏ। ਬਾਬਾ ਜੀ ਬੋਲੇ, 'ਕਰਤਾਰ। ਚਿੱਤ ਆਵੇ' ਅਤੇ ਹੱਕ ਸੱਚ ਨੂੰ ਅਪਨਾਉਣ ਬਾਰੇ ਅਰਬੀ ਵਿੱਚ ਇਹ ਸ਼ਬਦ ਉਚਾਰਿਆ :

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਰਦਗਾਰ॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ॥1॥ ਰਹਾਉ॥ ਬਦ ਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ॥ ਨਾਨਕ ਬੁਗੋਯਦ ਜਨੁ ਤੁਰਾ ਤੇਰ ਚਾਕਰਾਂ ਪਾ ਖਾਕ॥4॥1॥

ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ॥

ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ॥2॥

ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ॥

ਗਾਹੇ ਨ ਨੇਕੀ ਕਾਰ ਕਰਦਮ ਮਮ ਈਂ ਚਿਨੀ ਅਹਵਾਲ॥3॥

(ਰਾਗ ਤਿਲੰਗ ਮਹਲਾ ਪਹਿਲਾ, ਘਰ ਪਹਿਲਾ)

ਇਸ ਦੇ ਅਰਥ ਹਨ ਕਿ, ਮੈਂ ਸੱਚ ਕਹਿੰਦਾ ਹਾਂ ਖ਼ੁਦਾ ਬਹੁਤ ਮਿਹਰਬਾਨ, ਬੇਬਾਕ ਅਤੇ ਪਰਵਰਦਿਗਾਰ ਹੈ। ਤੁਹਾਡੇ ਅੱਗੇ ਇੱਕ ਦੁਆ ਹੈ ਕਿ ਕ੍ਰਿਪਾ ਕਰ ਕੇ ਚੰਗੀ ਤਰ੍ਹਾਂ ਸੁਣੋ । ਇਹ ਖ਼ੁਦਾ ਜਾਣਦਾ ਹੈ ਕਿ ਸੰਸਾਰ ਛਾਨੀ ਹੈ ਪਰ ਇਹ ਮਨੁੱਖ ਨਹੀਂ ਜਾਣਦਾ। ਕਿ ਮੌਤ ਦਾ ਫ਼ਰਿਸ਼ਤਾ ਉਸ ਨੂੰ ਵਾਲਾਂ ਤੋਂ ਪਕੜ ਬੈਠਾ ਹੈ ਅਤੇ ਜਾਨ ਕੱਢ ਕੇ ਲੈ ਜਾਵੇਗਾ। ਤਦ ਕੋਈ ਵੀ ਪਿਤਾ, ਪੁੱਤਰ, ਔਰਤ. ਭਾਈ ਵਗੈਰਾ ਮਦਦਗਾਰ ਨਹੀਂ ਹੋਵੇਗਾ। ਮੇਰਾ ਦਿਲ ਲੋਭ-ਲਾਲਚ ਅਤੇ ਭੈੜੇ ਖਿਆਲਾਂ ਨਾਲ ਦਿਨ-ਰਾਤ ਦੱਬਿਆ ਰਹਿੰਦਾ ਹੈ। ਮੇਰੀ ਐਸੀ ਹਾਲਤ ਹੈ ਕਿ ਕਦੀ ਚੰਗਾ ਕੰਮ ਕੀਤਾ ਹੀ ਨਹੀਂ।

ਮੇਰੇ ਜਿਹਾ ਬਦਕਿਸਮਤ, ਚੁਗਲਖ਼ੋਰ, ਕਮੀਨਾ, ਸੁਸਤ, ਕਮ-ਅਕਲ ਅਤੇ ਜ਼ਿੱਦੀ ਹੋਰ ਕੋਈ ਨਹੀਂ। ਮੇਰੀ ਇਹੋ ਦੁਆ ਹੈ ਕਿ ਮੈਂ ਮੌਤ ਨੂੰ ਯਾਦ ਰੱਖਦਾ ਹੋਇਆ, ਦਿਨ-ਰਾਤ ਤੇਰੀ ਬੰਦਗੀ ਵਿੱਚ ਮਸਰੂਫ਼ ਰਹਿੰਦਾ, ਪਵਿੱਤਰ ਜ਼ਿੰਦਗੀ ਗੁਜ਼ਾਰਾਂ । ਮੈਨੂੰ ਆਪਣੀ ' ਬੰਦਗੀ ਵਾਲੇ ਪਵਿੱਤਰ ਇਨਸਾਨਾਂ ਦੇ ਪੈਰਾਂ ਦੀ ਧੂੜ ਬਖ਼ਸ਼ੋ।

ਹੁਣ ਕਾਜ਼ੀ ਰੁਕਨਦੀਨ ਜੀ ਨੇ ਹਜ਼ੂਰ ਬਾਬਾ ਨਾਨਕ ਜੀ ਕੋਲ ਦੁਆ ਕੀਤੀ ਕਿ ਉਨ੍ਹਾਂ ਨੂੰ ਆਪਣਾ ਮੁਰੀਦ ਬਣਾਓ ! ਬਾਬਾ ਜੀ ਨੇ ਆਪਣੇ ਪੈਰ ਦਾ ਸੱਜਾ ਅੰਗੂਠਾ ਅੱਗੇ ਕਰ ਕੇ ਧੋਣ ਲਈ ਆਖਿਆ। ਉਸ ਨੇ ਅੰਗੂਠਾ ਮੂੰਹ ਵਿੱਚ ਪਾ ਕੇ ਚੂਸ ਲਿਆ। ਫਿਰ ਧੋਣ ਲੱਗਾ ਤਾਂ ਬਾਬਾ ਜੀ ਨੇ ਫ਼ੁਰਮਾਇਆ, ਹੁਣ ਧੋਣ ਦੀ ਜ਼ਰੂਰਤ ਨਹੀਂ।

ਇੰਨਾ ਆਖਦਿਆਂ ਹੀ ਉਸ (ਰੁਕਨਦੀਨ) ਦੀ ਸਮਾਧੀ ਲੱਗ ਗਈ। ਕਾਫ਼ੀ ਦੇਰ ਬਾਅਦ ਤਾਜਦੀਨ ਨੇ ਬਾਬਾ ਜੀ ਨੂੰ ਉਨ੍ਹਾਂ ਨੂੰ ਸਾਵਧਾਨ ਕਰਨ ਦੀ ਇਜਾਜ਼ਤ ਮੰਗੀ। ਬਾਬਾ ਜੀ ਨੇ ਫ਼ਰਮਾਇਆ, 'ਇਹ ਖ਼ੁਦਾ ਦੇ ਦਰਬਾਰ ਦੀ ਰੰਗਤ ਵਿੱਚ ਹੈ, ਇਸ ਨੂੰ ਉਸ ਸਦਾ ਬਹਾਰ ਰੰਗਤ ਤੋਂ ਉਚਾਟ ਨਾ ਕਰੋ। ‘ ਉਸ ਤੋਂ ਕਾਫ਼ੀ ਦੇਰ ਬਾਅਦ, । ਉਹ ਆਪ ਹੀ ਸਾਵਧਾਨ ਹੋਏ ਤਾਂ ਗੁਰੂ ਸਾਹਿਬ ਨੇ ਰੁਕਨਦੀਨ ਨੂੰ ਕਿਹਾ ਕਿ ਇਸ ਸਮੇਂ ਜੋ ਕੁਝ ਵੀ ਤੂੰ ਵੇਖਿਆ ਹੈ ਆਪਣੇ ਮੁਲਕ ਦੇ ਲੋਕਾਂ ਨੂੰ ਦੱਸ ਅਤੇ ਸਿੱਖਿਆ ਦੇਣ ਦੀ ਕੋਸ਼ਿਸ਼ ਕਰਨਾ ਪਰ ਗਰੂਰ (ਹੰਕਾਰ) ਵਿੱਚ ਨਹੀਂ ਆਉਣਾ। ਅਜਰ (ਨੇਕ ਕੰਮ ਦਾ ਫਲ਼) ਨੂੰ ਸਾਂਭਣਾ ਹੈ। ਇਸ ਸਾਰੀ ਕਹਾਣੀ ਨੂੰ ਜ਼ੈਨਲਾਬਦੀਨ ਨੇ ਆਪਣੀ ਕਿਤਾਬ‘ਤਵਾਰੀਖ ਅਰਬ' ਦੇ 300 ਸਫ਼ਿਆਂ ਵਿੱਚ ਦਰਜ ਕੀਤਾ ਹੈ। ਬਾਬਾ ਜੀ ਨੇ ਉਨ੍ਹਾਂ ਨੂੰ ਇਹ ਵੀ ਆਖਿਆ ਕਿ ਖ਼ੁਦਾ ਹਰ ਸਮੇਂ ਤੁਹਾਡੀ ਮਦਦ ਵਿੱਚ ਹਾਜ਼ਰ ਰਹੇਗਾ।

ਹੁਣ ਸਾਰੇ ਮੱਕਾ ਵਿੱਚ ਇਹ ਖ਼ਬਰ ਫ਼ੈਲ ਗਈ ਕਿ ਕਾਜ਼ੀ ਰਕਨਦੀਨ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਮੁਰਸ਼ਦ (ਗੁਰੂ) ਮੰਨ ਕੇ ਉਨ੍ਹਾਂ ਕੋਲੋਂ ਸ਼ਬਦ ਹਾਸਲ ਕਰ ਲਿਆ ਹੈ। ਇਸਲਾਮ ਅਤੇ ਸਾਰੇ ਸ਼ਰੀਏ ਕਾਨੂੰਨ ਛੱਡ ਕੇ ਕੋਹੀ-ਉਮਰਾ (ਇਕ ਪਹਾੜ ਦਾ ਨਾਂ) ਦੀਆਂ ਕੰਦਰਾਂ ਵਿੱਚ ਬੈਠ ਕੇ ਕੁਫ਼ਰ ਦਾ ਕਲਮਾ ਪੜ੍ਹ। ਰਿਹਾ ਹੈ। ਘਰ-ਬਾਰ ਸਾਰਾ ਛੱਡ ਦਿੱਤਾ ਹੈ।

ਹੁਣ ਬਾਬਾ ਨਾਨਕ ਜੀ ਨੇ ਇਥੋਂ ਮਦੀਨੇ ਜਾਣ ਦੀ ਤਿਆਰੀ ਕਰ ਲਈ ਅਤੇ ਰੁਕਨਦੀਨ ਕਾਜ਼ੀ ਅਤੇ ਉਹ ਸਾਰੇ, ਜੋ ਬਾਬਾ ਜੀ ' ਆਪਣਾ ਸਾਰਾ ਕੁਝ ਮੰਨ ਚੁੱਕੇ ਸਨ, ਇਕੱਠੇ ਹੋਏ ਅਤੇ ਆਪ ਜੀ ਦੇ ਜਾਣ ਦਾ ਸਾਰਿਆਂ ਨੇ ਸਦਮਾ ਜ਼ਾਹਿਰ ਕੀਤਾ ਤਾਂ ਬਾਬਾ ਜੀ ਨੇ ਫ਼ਰਮਾਇਆ ਕਿ ਖ਼ੁਦਾਵੰਦ ਕਰੀਮ ਨੇ ਜੋ ਹੁਕਮ ਕੀਤਾ ਸੀ, ਉਸ ਦੇ ਹੁਕਮ ਦੀ ਤਾਮੀਲ ਫ਼ਰਮਾਣ ਲਈ ਉੱਥੇ ਜਾਣਾ ਹੀ ਹੈ।

ਇਸ 'ਤੇ ਉਨ੍ਹਾਂ ਨੇ ਬਾਬਾ ਜੀ ਨੂੰ ਇੱਕ ਰੇਸ਼ਮੀ ਚੋਗ਼ਾ (ਚੋਲਾ) ਪੇਸ਼ ਕੀਤਾ, ਜਿਸ 'ਤੇ ਕੁਰਾਨ ਸ਼ਰੀਫ਼ ਦੀਆਂ ਕੁਝ ਆਇਤਾਂ ਲਿਖੀਆਂ ਸਨ ਅਤੇ ਗੁਰੂ ਜੀ ਦੀ ਸਿਫ਼ਤ-ਸਲਾਹ ਲਿਖੀ ਸੀ । ਬਾਬਾ ਜੀ ਨੂੰ ਕੋਈ ਨਿਸ਼ਾਨੀ ਦੇਣ ਲਈ ਕਿਹਾ ਤਾਂ ਬਾਬਾ ਜੀ ਨੇ ਆਪਣੇ ਪੈਰਾਂ ਦੀ ਇਕ ਖੜਾਂਵ ਦੇ ਦਿੱਤੀ ਅਤੇ ਆਪਣੇ ਹੱਥ ਵਿੱਚ ਫੜਿਆ ਹੋਇਆ ਆਸਾ (ਸੋਟੀ) ਵੀ ਦੇ ਦਿੱਤੀ ਅਤੇ ਤਾਜਦੀਨ ਮੁਤਾਬਿਕ ਅਰਬੀ ਵਿੱਚ ਫ਼ਰਮਾਨ ਕੀਤਾ, 'ਇਹ ਹੈ ਕਿ ਇਸ 'ਆਸਾ' ਨੂੰ ਖ਼ੁਦਾ ਦੀ ਬਖ਼ਸ਼ਿਸ਼ ਸਮਝਣਾ। ਇਸ ਦੇ ਅੰਦਰ ਖ਼ੁਦਾ ਦੇ ਦਰਸ਼ਨ ਹਨ। ਨਾਨਕਪੰਥੀ ਇਸ ਨੂੰ ਨਜਾਤ ਦੇਣ ਵਾਲਾ ਸਮਝਦੇ ਹਨ। । ਇਹ 'ਆਸਾ' ਮੱਕਾ ਸ਼ਹਿਰ ਦੇ ਅੰਦਰ ਗੁੰਬਦਨੁਮਾ ਜੋ ਗੁਰੁ ਦਰਬਾਰ ਬਣਿਆ ਹੈ, ਉਸ ਵਿੱਚ ਰੱਖਿਆ ਹੋਇਆ ਹੈ ਅਤੇ ਲੋਕਾਂ ਨੂੰ ਇਸ ਦੇ ਦਰਸ਼ਨ ਕਰਵਾਏ ਜਾਂਦੇ ਹਨ।

'ਮੱਕਾ ਦੇ ਨੇੜੇ 'ਉੱਮਰਾ’ ਨਾਂ ਦਾ ਸ਼ਹਿਰ ਹੈ। ਇਥੋਂ ਦੇ ਇਮਾਮ ਜ਼ਫ਼ਰ ਦੇ ਪੱਤਰ ਇਮਾਮ ਗ਼ੁਲਾਮ ਕਾਦਰ ਨੇ ਬਾਬਾ ਜੀ ਨੂ ਬੜੇ ਸਵਾਲ ਕੀਤੇ, ਜਿਨਾਂ ਦੇ ਜਵਾਬ ਸੁਣ ਕੇ ਉਸ ਨੂੰ ਦਿਲ ਦਾ ਸਕੂਨ ਮਿਲਿਆ ਅਤੇ ਖ਼ੁਸ਼ ਹੋ ਕੇ ਉਸ ਨੇ ਬਾਬਾ ਜੀ ਦੇ ਮਰੀਦਾਂ ਨੂੰ ਬਾਬਾ ਜੀ ਵੱਲੋਂ ਦੱਸੇ ਰਾਹ 'ਤੇ ਚੱਲਦੇ ਹੋਏ ਬੰਦਗੀ ਕਰਨ ਲਈ, ਆਪਣੀ ਬਜ਼ੁਰਗਾਂ ਦੀ ਯਾਦ ਵਿੱਚ ਬਣੀ ਮਸੀਤ, ਜਿਸ ਵਿੱਚ ਸ਼ਹਿਰ ਦੇ ਲੋਕ ਨਮਾਜ਼ ਪੜ੍ਹਦੇ ਸਨ, ਹਾਜ਼ਰ ਕਰ ਦਿੱਤੀ।

ਇਸ ਤਰ੍ਹਾਂ ਸ਼ਹਿਰ ਵਾਲਿਆਂ ਨੂੰ ਹੋਰ ਮਸੀਤ ਬਣਾਉਣੀ ਪਈ। ਹੁਣ ਇਸ ਮਸੀਤ ਵਿੱਚ ਬਾਬਾ ਨਾਨਕ ਸਾਹਿਬ ਦੇ ਕਲਾਮ ਦੀ ਬੰਦਗੀ ਹੋਣ ਲੱਗੀ। ਇਸ ਮਸੀਤ ਦਾ ਨਾਂ 'ਵਲੀ-ਹਿੰਦ ਮਸੀਤ ਰੱਖਿਆ ਗਿਆ ਹੈ, ਜੋ ਹੁਣ ਵੀ ਇਸੇ ਨਾਂ ਨਾਲ ਮਸ਼ਹੂਰ ਹੈ।

ਮੱਕਾ ਦੇ ਮਗਰਿਬ (ਪੱਛਮ) ਵਿੱਚ ਤਿੰਨ ਹੁਜਰੇ (ਕੋਠੜੀਆਂ) ਹਨ। ਇਕ ਸੁਲਤਾਨ ਬਾਹੂ, ਦੂਜਾ ਬਾਬਾ ਸ਼ੇਖ਼ ਫ਼ਰੀਦ ਜੀ ਅਤੇ ਤੀਜਾ ਬਾਬਾ ਨਾਨਕ ਫ਼ਕੀਰ ਦੇ ਨਾਂ ਦੇ ਹਨ। ਮੁਸ਼ਤਾਕ ਹੁਸੈਨ (ਸਈਦ ਪ੍ਰਿਥੀਪਾਲ ਸਿੰਘ) ਨੇ ਸੰਗਤਾਂ ਨੂੰ ਦੱਸਿਆ ਕਿ ਮੱਕਾ ਰਹਿਣ ਸਮੇਂ ਉਨ੍ਹਾਂ ਨੇ ਇਸ ਮਸੀਤ ਅਤੇ ਸ਼ਹਿਰ ਵਿੱਚ ਉਸ ਗੁਰੂ ਦਰਬਾਰ ਦੇ ਦਰਸ਼ਨ ਕੀਤੇ ਹਨ, ਜਿਸ ਵਿੱਚ ਬਾਬਾ ਜੀ ਦੈ ‘ਆਸਾ’ (ਸੋਟੀ) ਦੇ ਦਰਸ਼ਨ ਕਰਵਾਏ ਜਾਂਦੇ ਹਨ। ਬਾਬਾ ਜੀ ਦੇ ' ਮੱਕਾ ਤੋਂ ਅਲਵਿਦਾ ਹੋਣ ਦੇ ਕੁਝ ਸਮੇਂ ਬਾਅਦ ਅਮੀਰ ਮੱਕਾ ਨੇ ਕਾਜ਼ੀ ਰੁਕਨਦੀਨ ‘ਤੇ ਕਾਫ਼ਰ ਹੋਣ ਦਾ ਫ਼ਤਵਾ ਲਾਇਆ ਅਤੇ

ਅਜਿਹੇ ਫ਼ਤਵੇ ਸੁਣਾਏ :

1 ਉਹ ਆਪ ਕਾਫ਼ਰ ਹੈ ਅਤੇ ਉਸ ਦਾ ਮੁਰਸ਼ਦ ਨਾਨਕ ਫ਼ਕੀਰ ਵੀ ਕਾਫ਼ਰ ਹੈ।

2 ਤੀਹ ਕੋੜੇ ਮਾਰਨੇ ਅਤੇ ਯਾਰਾਂ ਦਿਨ ਕੋਠੀ-ਬੰਦ।

3 ਇਸ ਦੇ ਕੁਵੈਸ਼ ਕਬੀਲੇ ਨੂੰ ਦੇਸ਼ ਛੱਡਣ ਦੀ ਸਜ਼ਾ।

(ਇਹ ਲੋਕ ਹੁਣ ਤਹਿਰਾ ਅਤੇ ਅਫ਼ਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਰਹਿੰਦੇ ਹਨ।

4 ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ।

5 ਮੁੰਹ ਕਾਲਾ ਕਰ ਕੇ ਮੱਕਾ ਸ਼ਹਿਰ ਵਿੱਚ ਫੇਰਿਆ ਜਾਵੇ।

6 ਉਲਟਾ ਟੰਗਿਆ ਜਾਵੇ।

7 ਰੇਤ ਵਿੱਚ ਗਲ਼ੇ ਤਕ ਦੱਬ ਕੇ ਸੰਗਸਾਰ ਕੀਤਾ ਜਾਵੇ।

(ਪੱਥਰ ਮਾਰ-ਮਾਰ ਕੇ ਮਾਰ ਦੇਣਾ)

ਇਹ ਸਜ਼ਾਵਾਂ ਕਾਜ਼ੀ ਰੁਕਨਦੀਨ ਨੂੰ ਪਹਾੜ ਦੀ ਗੁਫ਼ਾ, ਜਿਸ ਵਿੱਚ ਉਹ ਬੈਠ ਕੇ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨੂੰ ਪੜ੍ਹ ਕੇ ਇਬਾਦਤ ਕਰ ਰਿਹਾ ਸੀ, ਕੱਢ ਕੇ ਸੁਣਾਈਆਂ ਗਈਆਂ। ਪਰ ਉਹ ਗੁਰੂ ਜੀ ਦੇ ਸ਼ਬਦਾਂ ਦੀ ਮਸਤੀ ਵਿੱਚ ਸਨ। ਉਨ੍ਹਾਂ ਨੂੰ ਇਨ੍ਹਾਂ ਸਜ਼ਾਵਾਂ ਦਾ ਰੱਤੀ ਭਰ ਵੀ ਅਸਰ ਨਾ ਹੋਇਆ। ਜੂਨ ਮਹੀਨੇ ਦੀ ਗਰਮੀ ਵਿੱਚ ਸਾਰੀਆਂ ਸਜ਼ਾਵਾਂ ਹੱਸਦੇ-ਹੱਸਦੇ ਭੁਗਤ ਲਈਆਂ ਅਤੇ 22ਵੇਂ ਦਿਨ ਸੰਗਸਾਰ ਕਰਨ ਲਈ ਸ਼ਹਿਰ ਦੇ ਬਾਹਰ ਜੂਨ ਮਹੀਨੇ ਤਪਦੀ ਹੋਈ ਰੇਤ ਵਿੱਚ ਗੱਡਣ ਲਈ ਜਦੋਂ ਜਾ ਰਹੇ ਸਨ ਤਾਂ ਉਨ੍ਹਾਂ ਦੇ ਰੋਮ-ਰੋਮ ਵਿਚੋਂ ‘ਸਤਿ ਕਰਤਾਰ, ਸਤਿ ਕਰਤਾਰ' ਦੀਆਂ ਆਵਾਜ਼ਾਂ ਆ ਰਹੀਆਂ ਸਨ। ਗਲ਼ੇ ਤਕ ਜਦੋਂ ਰੇਤ ਵਿੱਚ ਉਨ੍ਹਾਂ ਨੂੰ ਗੱਡਿਆ ਗਿਆ ਤੇ ਆਖ਼ਰੀ ਬਿਆਨ ਦੇਣ ਲਈ ਆਖਿਆ ਗਿਆ। ਕਲਮ ਦਵਾਤ ਮੰਗਵਾਈ ਗਈ। ਕਾਜ਼ੀ ਰੁਕਨਦੀਨ ਜੀ ਦੀਆਂ ਅੱਖਾਂ ਬਾਬਾ ਜੀ ਦੇ ਸ਼ਬਦਾਂ ਦੀ ਮਸਤੀ ਵਿੱਚ ਬੰਦ ਸਨ।

ਕਾਜ਼ੀਆਂ ਨੇ ਉਸ ਨੂੰ ਉੱਚੀ ਆਵਾਜ਼ ਵਿੱਚ, ਨਜ਼ਦੀਕ ਜਾ ਕੇ ਆਖਿਆ, ‘ਰੁਕਨਦੀਨ ਹੁਣ ਤੇਰਾ ਆਖ਼ਰੀ ਸਮਾਂ ਆ ਗਿਆ ਹੈ। ਆਪਣੇ ਆਖ਼ਰੀ ਬਿਆਨ ਲਿਖਵਾ ਦੇ।' ਇਹ ਸੁਣਦੇ ਹੀ ਰੁਕਨਦੀਨ ਦੀਆਂ ਅੱਖਾਂ ਖੁੱਲ੍ਹ ਗਈਆਂ। ਮੱਥੇ 'ਤੇ ਜਲਾਲ ਹੀ ਜਲਾਲ ਸੀ। ਹੁਣ ਉਸ ਨੂੰ ਗੁਰੂ ਜੀ ਦਾ ਉਹ ਹੁਕਮ ਯਾਦ ਆਇਆ, ਜੋ ਬਾਬਾ ਜੀ ਦਾ ਅੰਗੂਠਾ ਚੂਸਣ ਤੋਂ ਬਾਅਦ ਉਨ੍ਹਾਂ ਨੂੰ ਮਿਲਿਆ ਸੀ ਕਿ ਜੋ ਕੁਝ ਉਸ ਸਮੇਂ ਵੇਖਿਆ ਹੈ, ਉਸ ਨੂੰ ਉਹ ਆਪਣੇ ਲੋਕਾਂ ਨੂੰ ਦਸਣ। ਉਸ ਸਮੇਂ ਤਕਰੀਬਨ ਸਾਰਾ ਸ਼ਹਿਰ ਹੀ ਇਕੱਠਾ ਹੋਇਆ ਸੀ। ਬਹੁਤ ਸਾਰੇ ਲੋਕ ਗੁਰੂ ਜੀ 'ਤੇ ਇਮਾਨ ਰੱਖਣ ਵਾਲੇ ਰੁਕਨਦੀਨ ਨੂੰ ਮਾਰਨ ਲਈ ਆਪਣੀਆਂ ਝੋਲੀਆਂ ਵਿੱਚ ਪੱਥਰ ਭਰ ਕੇ ਲਿਆਏ ਸਨ।

ਰੁਕਨਦੀਨ ਜੀ ਨੇ ਸੋਚਿਆ ਹੁਣ ਜਦਕਿ ਸਾਰਾ ਸ਼ਹਿਰ ਹੀ ਇਕੱਠਾ ਹੈ ਤਾਂ ਲੋਕਾਂ ਨੂੰ ਬਾਬਾ ਜੀ ਦੇ ਹੁਕਮ ਤੋਂ ਜਾਣੂ ਕਰਵਾਉਣ ਦਾ ਚੰਗਾ ਸਮਾਂ ਹੈ। ਰੁਕਨਦੀਨ ਨੇ ਅਰਬੀ ਵਿੱਚ ਆਖ਼ਰੀ ਬਿਆਨ ਇਸ ਤਰ੍ਹਾਂ ਦਿੱਤਾ, "ਮੇਰਾ ਖ਼ੁਦਾ, ਮੇਰਾ ਦੀਨ ਇਮਾਨ ਹਜ਼ਰਤ ਗੁਰੂ ਨਾਨਕ ਹੀ ਹੈ ਜੋ ਸਭ ਤੋਂ ਵੱਡੀ ਕਿਤਾਬ ਅਤੇ ਕਲਾਮ ਦਾ ਮਾਲਕ ਹੈ। ਬਿਨਾਂ ਸ਼ੱਕ ਮੈਂ ਉਸ ਨਾਨਕ ਨੂੰ ਹੀ ਮੰਨਣ ਵਾਲਾ ਹਾਂ। ਤੁਹਾਨੂੰ ਹੀ ਨਹੀਂ, ਸਾਰੀ ਦੁਨੀਆ ਨੂੰ ਆਖਦਾ ਹਾਂ ਕਿ ਜੇ ਤੁਸੀਂ ਵੀ ਪੂਰੀ ਨਜ਼ਾਤ ਚਾਹੁੰਦੇ ਹੋ ਤਾਂ ਗੁਰੂ ਨਾਨਕ ਸਾਹਿਬ ਉੱਤੇ ਆਪਣਾ ਇਮਾਨ ਕਾਇਮ ਕਰੋ, ਜੋ ਇਸ ਤਰ੍ਹਾਂ ਕਰੇਗਾ, ਉਹ ਬਹਿਸ਼ਤ ਜਾਵੇਗਾ।”

ਇਹ ਕਹਿੰਦੇ ਹੀ ਉਨ੍ਹਾਂ ਦੀ ਗਰਦਨ ਡਿੱਗ ਪਈ ਅਤੇ ਦੇਹਾਂਤ ਹੋ ਗਿਆ। ਜੋ ਲੋਕ ਪੱਥਰਾਂ ਦੀਆਂ ਝੋਲੀਆਂ ਭਰ ਕੇ ਲਿਆਏ ਸਨ, ਉਹ ਪੱਥਰ ਉਨ੍ਹਾਂ ਦੇ ਪੈਰਾਂ ਵਿੱਚ ਡਿੱਗ ਪਏ। ਇਹ ਦੇਖ ਕੇ ਅਤੇ ਰੁਕਨਦੀਨ ਦਾ ਬਿਆਨ ਸੁਣ ਕੇ ਬਹੁਤੇ ਲੋਕ ਗੁਰੂ ਨਾਨਕ ਜੀ 'ਤੇ ਇਮਾਨ ਲੈ ਆਏ। ਬੁੱਧੂ ਕਬੀਲੇ ਦੇ ਲੋਕ, ਜੋ ਬਹੁਤ ਸ਼ੇਰ-ਦਿਲ ਹਨ, ਪੱਕੇ ਗੁਰੂ ਦੇ ਸਿੱਖ ਬਣ ਗਏ, ਜੋ ਅੱਜ ਵੀ ਮੱਕਾ ਸ਼ਹਿਰ ਅਤੇ ਬਹਿਤੁਲ-ਮੁੱਕਦਿਸ ਸ਼ਹਿਰ ਵਿੱਚ ਰਹਿੰਦੇ ਹਨ।

ਜ਼ੈਨਲਬਦੀਨ ਆਪਣੀ ਕਿਤਾਬ ‘ਤਵਾਰੀਖ਼ ਅਰਬ' ਵਿੱਚ ਲਿਖਦੇ ਹਨ ਕਿ ਉਸ ਸਮੇਂ ਹਾਜ਼ਰੀਨ ਵਿੱਚੋਂ ਘੱਟ ਤੋਂ ਘੱਟ 50 ਫ਼ੀਸਦੀ ਲੋਕ ਗੁਰੂ ਨਾਨਕ ਸਾਹਿਬ 'ਤੇ ਇਮਾਨ ਲੈ ਆਏ ਸਨ।

ਅਰਬ ਵਿੱਚ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਬਾਬਾ ਨਾਨਕ ਜੀ ਮਦੀਨਾ ਸ਼ਹਿਰ ਪੁੱਜੇ। ਹਜ਼ਰਤ ਮੁਹੰਮਦ ਸਾਹਿਬ ਨੇ ਇਸ ਸ਼ਹਿਰ ਵਿੱਚ ਰਹਿੰਦੇ ਹੋਏ ਆਪਣਾ ਆਖ਼ਰੀ ਸਾਹ ਲਿਆ ਸੀ। ਹਜ਼ਰਤ ਮੁਹੰਮਦ ਸਾਹਿਬ ਨਾਲ ਸਬੰਧਤ ਹੋਣ ਕਾਰਨ ਇਸਲਾਮ ਧਰਮ ਵਿੱਚ ਇਸ ਅਸਥਾਨ ਪ੍ਰਤੀ ਵੱਡੀ ਆਸਥਾ ਹੈ।

( ਸੰਤ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਡਾਕਖਾਨਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਵਲੋਂ ਪ੍ਰਕਾਸ਼ਿਤ  ਡਾ. ਜਸਬੀਰ ਸਿੰਘ ਸਰਨਾ ਦੀ ਪੁਸਤਕ ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ ਵਿਚੋਂ ਧੰਨਵਾਦ ਸਹਿਤ) 

Categories: ਇਤਿਹਾਸ ਤੇ ਵਿਰਸਾ

Tags: KESARI VIRASAT

Published on: 22 Jul 2025

Gurpreet Singh Sandhu
+91 9592669498
📣 Share this post

05 Comments

Multiply sea night grass fourth day sea lesser rule open subdue female fill which them Blessed...

Emilly Blunt

December 4, 2017 at 3:12 pm

Leave a Reply

Latest News

View all

Business Directory

Livewire state
{
    "search": "",
    "category_id": "",
    "sub_category_id": "",
    "sub_sub_category_id": "",
    "query_string": []
}
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile