It is unfortunate to raise controversy over the Guru's Sakhis based on ancient and authentic sources on the basis of "buts and buts": Prof. Sarchand Singh Khiala.
ਅੰਮ੍ਰਿਤਸਰ, 6 ਨਵੰਬਰ (ਗੁਰਪ੍ਰੀਤ ਸਿੰਘ ਸੰਧੂ):-
ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋ ਰਹੀ ਕਥਾ ਸਬੰਧੀ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਕੁਝ ਵਿਅਕਤੀਆਂ ਵੱਲੋਂ ਤਰਕ ਦੇ ਨਾਮ ‘ਤੇ ਵਿਵਾਦ ਖੜਾ ਕਰਨ ਨੂੰ ਬਹੁਤ ਹੀ ਮੰਦਭਾਗਾ ਤੇ ਦੁਖਦਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਥਕ ਪ੍ਰਚਾਰਕਾਂ, ਲੇਖਕਾਂ ਅਤੇ ਚਿੰਤਕਾਂ ਨੂੰ ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਨਾਲ ਸਬੰਧਤ ਹੋਣ ਗੁਰਮਤ ਦੀ ਰੌਸ਼ਨੀ ਵਿੱਚ ਸ਼ਰਧਾ ਕਾਇਮ ਰੱਖਦਿਆਂ ਆਪਸੀ ਸੰਵਾਦ ਨੂੰ ਆਧਾਰ ਬਣਾਉਣਾ ਚਾਹੀਦਾ ਹੈ, ਨਾ ਕਿ “ਕਿੰਤੂ-ਪਰੰਤੂ” ਦੇ ਰੂਪ ਵਿੱਚ ਵਿਵਾਦ ਖੜੇ ਕਰਨੇ ਚਾਹੀਦੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਹੈੱਡ ਗ੍ਰੰਥੀ ਗਿਆਨੀ ਚਰਨਜੀਤ ਸਿੰਘ ਵੱਲੋਂ ਗੁਰੂ ਸਾਹਿਬ ਦੀਆਂ ਬਾਲ ਲੀਲਾਵਾਂ ਸਬੰਧੀ ਕਥਾਵਾਂ ‘ਤੇ ਦਿੱਤੇ ਵਿਖਿਆਨ ਨੂੰ ਖੱਬੀ ਵਿਚਾਰਧਾਰਾ ਨਾਲ ਜੁੜੇ ਪ੍ਰਸਿੱਧ ਸਾਹਿਤਕਾਰ ਵਰਿਆਮ ਸਿੰਘ ਸੰਧੂ ਵੱਲੋਂ “ਵਿਗਿਆਨਕ ਤਰਕ” ਦੇ ਨਾਮ ‘ਤੇ ਵਿਅੰਗ ਦਾ ਨਿਸ਼ਾਨਾ ਬਣਾਉਣਾ ਅਣੁਚਿਤ ਹੈ।
ਉਨ੍ਹਾਂ ਕਿਹਾ ਕਿ ਸੰਧੂ ਦੀ ਫੇਸਬੁਕ ਪੋਸਟ ਹੇਠਾਂ ਖੱਬੀ ਵਿਚਾਰਧਾਰਾ ਨਾਲ ਸਬੰਧਿਤ ਕਈ ਵਿਅਕਤੀਆਂ ਵੱਲੋਂ ਧਾਰਮਿਕ ਪਰੰਪਰਾਵਾਂ ਅਤੇ ਸ਼ਰਧਾ ਪ੍ਰਤੀ “ਵਿਦਵੱਤਾ” ਦੇ ਚੋਲੇ ਵਿੱਚ ਜ਼ਹਿਰ ਉਗਲਣਾ ਅਸਲ ਵਿੱਚ ਧਾਰਮਿਕ ਕਦਰਾਂ-ਕੀਮਤਾਂ ਤੇ ਸ਼ਰਧਾ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਹੈਰਾਨੀ ਦੀ ਗੱਲ ਹੈ ਕਿ ਦੁਨੀਆ ਭਰ ਵਿੱਚ ਮਨੁੱਖੀ ਆਜ਼ਾਦੀ ਦੀ ਗੱਲ ਕਰਨ ਵਾਲੇ ਖੱਬੇ ਵਿਚਾਰਕ ਹੀ ਧਾਰਮਿਕ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੱਟੜ ਅਤੇ ਅੰਧਵਿਸ਼ਵਾਸੀ ਦੱਸਣ ਵਿੱਚ ਸਭ ਤੋਂ ਅੱਗੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀਆਂ ਬਾਲ ਲੀਲਾਵਾਂ ਸਬੰਧੀ “ਗੁਰਦੁਆਰਾ ਬਾਲ ਲੀਲਾ ਸਾਹਿਬ” ਵਰਗੇ ਪੁਰਾਤਨ ਧਾਰਮਿਕ ਅਸਥਾਨ ਅਤੇ ਅਨੇਕਾਂ ਇਤਿਹਾਸਕ ਸਰੋਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਸਾਖੀਆਂ ਸਿਰਫ਼ ਪ੍ਰਤੀਕਾਤਮਕ ਜਾਂ ਕਲਪਨਾਤਮਕ ਨਹੀਂ, ਸਗੋਂ ਸਥੂਲ ਤੇ ਪ੍ਰਮਾਣਿਕ ਹਨ ਅਤੇ ਇਨ੍ਹਾਂ ਵਿੱਚ ਵਿਗਿਆਨ ਵਿਰੋਧੀ ਕੁਝ ਵੀ ਨਹੀਂ। “ਕੌਤਕ” ਦਾ ਅਰਥ ਕੇਵਲ ਚਮਤਕਾਰ ਨਹੀਂ ਹੁੰਦਾ, ਸਗੋਂ ਅਗਿਆਨਤਾ ਦਾ ਨਾਸ ਵੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਤਰਕਸ਼ੀਲ ਦੱਸਣ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਤਰਕ ਦਾ ਮਤਲਬ ਅਧਿਆਤਮਕ ਅਨੁਭਵਾਂ ਦਾ ਇਨਕਾਰ ਨਹੀਂ ਹੁੰਦਾ। ਤਰਕ ਦਾ ਉਦੇਸ਼ ਸੱਚ ਦੀ ਸਮਝ ਵੱਲ ਲੈ ਜਾਣਾ ਹੈ, ਨਾ ਕਿ ਵਿਸ਼ਵਾਸ ਤੇ ਭਰੋਸੇ ਦੀ ਨੀਂਹ ਹਿਲਾਉਣਾ।
ਅੱਜ ਕਈ ਬੌਧਿਕ ਵਰਗਾਂ ਵਿੱਚ ਇਹ ਰੁਝਾਨ ਵੱਧ ਰਿਹਾ ਹੈ ਕਿ ਉਹ ਗੁਰਬਾਣੀ ਦੀ ਆਤਮਿਕ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕੀਤੇ ਬਿਨਾ ਧਾਰਮਿਕ ਗ੍ਰੰਥਾਂ ਨੂੰ ਬੌਧਿਕ ਕਸਰਤ ਦਾ ਵਿਸ਼ਾ ਬਣਾਉਂਦੇ ਹਨ। ਵਿਗਿਆਨ ਪਦਾਰਥਾਂ ਦੀ ਖੋਜ ਕਰਦਾ ਹੈ, ਜਦਕਿ ਧਰਮ ਮਨ ਅਤੇ ਆਤਮਾ ਦੀ ਖੋਜ ਦਾ ਵਿਸ਼ਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਵਿਗਿਆਨਕ ਤਰਕ ਦੇ ਨਸ਼ੇ ਵਿੱਚ ਕੁਝ ਕਥਿਤ ਵਿਦਵਾਨ “ਹਉਮੈ” ਦੇ ਕੰਡੇ ਨਾਲ ਗ੍ਰਸੇ ਹੋਏ ਹਨ, ਜੋ ਰੂਹਾਨੀ ਤੌਰ ‘ਤੇ ਕੋਰੇ ਹੋਣ ਦੇ ਬਾਵਜੂਦ ਆਪਣੀ ਬੌਧਿਕ ਚਮਕ ਨਾਲ ਅਧਿਆਤਮਿਕਤਾ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, “ਜੇ ਕਿਸੇ ਨੂੰ ਕਿਸੇ ਧਰਮ ਤੋਂ ਡੇਗਣਾ ਹੋਵੇ, ਤਾਂ ਉਸ ਦੀ ਸ਼ਰਧਾ ਤੇ ਵਿਸ਼ਵਾਸ ‘ਤੇ ਤਰਕਸ਼ੀਲ ਕਟਾਖਸ਼ ਕਰ ਦਿਓ, ਉਹ ਆਪਣੇ ਆਪ ਖਤਮ ਹੋ ਜਾਵੇਗਾ। ਧਰਮ ਦੀ ਜੜ੍ਹ ਸ਼ਰਧਾ ਹੈ, ਜੇ ਸ਼ਰਧਾ ਹੀ ਨਾ ਰਹੇ, ਤਾਂ ਧਰਮ ਵਿੱਚ ਕੁਝ ਨਹੀਂ ਰਹਿੰਦਾ।”
ਪ੍ਰੋ. ਖਿਆਲਾ ਨੇ ਕਿਹਾ ਕਿ ਸ਼ਰਧਾ, ਵਿਸ਼ਵਾਸ ਅਤੇ ਕਰਾਮਾਤ ਹਰ ਧਰਮ ਦੀ ਬੁਨਿਆਦ ਹਨ। ਆਮ ਤੌਰ ‘ਤੇ ਧਰਮ ਵਿਗਿਆਨ ਦਾ ਵਿਸ਼ਾ ਨਹੀਂ ਹੁੰਦਾ, ਪਰ ਸਿੱਖ ਧਰਮ ਆਧੁਨਿਕ ਗਿਆਨ ਤੇ ਵਿਗਿਆਨ ਦੀ ਕਸੌਟੀ ‘ਤੇ ਖਰਾ ਉਤਰਦਾ ਹੈ ਅਤੇ ਇਹ ਸ਼ਰਧਾ ਦਾ ਵਿਸ਼ਾ ਵੀ ਹੈ।
ਉਨ੍ਹਾਂ ਕਿਹਾ ਕਿ ਕੁਝ ਬੌਧਿਕ ਵਿਅਕਤੀ ਗੁਰਬਾਣੀ ਦੇ ਅਰਥਾਂ ਨੂੰ ਵਿਗਾੜ ਕੇ ਉਸ ਦੀ ਅੰਦਰੂਨੀ ਰੂਹ ਦੇ ਵਿਰੁੱਧ ਸਾਜ਼ਿਸ਼ ਕਰ ਰਹੇ ਹਨ, ਜੋ ਸਿੱਖ ਧਰਮ ਦੇ ਆਤਮਿਕ ਸਾਰ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਹੈ। ਗੁਰੂ ਸਾਹਿਬ ਅਤੇ ਗੁਰਬਾਣੀ ਪ੍ਰਤੀ ਸ਼ਰਧਾ ਨਾ ਰੱਖਣ ਵਾਲਾ ਵਿਅਕਤੀ ਸਿੱਖ ਦਾ ਰੂਪ ਤਾਂ ਧਾਰ ਸਕਦਾ ਹੈ, ਪਰ ਅਸਲ ਅਰਥਾਂ ਵਿੱਚ “ਅਨਿਨ ਸਿੱਖ” ਨਹੀਂ ਹੋ ਸਕਦਾ।