The birthplace of the great poet Santokh Singh: The house named shimbean wala makaan of Noor di sarai !
ਭਾਰਤ ਦੀ ਧਰਤੀ ਰਿਸ਼ੀਆਂ-ਮੁਨੀਆਂ, ਪੀਰਾਂ-ਫਕੀਰਾਂ, ਪੈਗੰਬਰਾਂ-ਔਲੀਆਂ, ਤਪੀ-ਤਪੀਸ਼ਰਾਂ, ਵਿਦਵਾਨ ਪੁਰਖਾਂ ਦੀ ਧਰਤੀ ਹੈ । ਜਿਨਾਂ ਨੇ ਆਪਣੇ ਤਪ ਦੇ ਰਾਹੀਂ ਲੋਕਾਈ ਦਾ ਹਿੱਤ ਕੀਤਾ ਹੈ । ਵਿਦਵਾਨ ਪੁਰਖਾਂ ਵਿੱਚ ਮਹਾਂਕਵੀ ਸੰਤੋਖ ਸਿੰਘ ਦਾ ਨਾਂ ਸ਼ਿਰੋਮਣੀ ਹੈ ।
ਇਕ ਵਿਦਵਾਨ ਅਨੁਸਾਰ 18ਵੀਂ ਸਦੀ ਦੇ ਅੰਤ ਵਿੱਚ ਸਿੱਖ ਕੌਮ ਨੇ ਜਿਨਾਂ ਦੋ ਮਹਾਨ ਵਿਅਕਤੀਆਂ ਨੂੰ ਜਨਮ ਦਿੱਤਾ । ਉਸ ਦੀ ਉਦਾਹਰਣ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ । ਇੱਕ ਸ਼ੇਰ-ਏ-ਪੰਜਾਬ ਅਤੇ ਤਲਵਾਰ ਦਾ ਧਨੀ ਮਹਾਰਾਜਾ ਰਣਜੀਤ ਸਿੰਘ ਅਤੇ ਦੂਜਾ ਸੀ ਕਲਮ ਦਾ ਧਨੀ ਮਹਾਂਕਵੀ ਸੰਤੋਖ ਸਿੰਘ ।
ਮਹਾਂਕਵੀ ਸੰਤੋਖ ਸਿੰਘ ਦਾ ਜਨਮ ਅੱਸੂ ਵਦੀ ਏਕਾਦਸ਼ੀ ਐਤਵਾਰ ਨੂੰ, ਜਦ ਅੱਸੂ ਮਹੀਨੇ (ਦੇਸੀ ਮਹੀਨਾ) 7 ਤਾਰੀਖ ਅਤੇ ਸੰਮਤ 1844 ਬਿਕਰਮੀ ਅਤੇ ਅੰਗਰੇਜ਼ੀ ਸਾਲ 1787 ਈ. ਨੂੰ ਪਿੰਡ ਨੂਰ ਦੀ ਸਰਾਂ ਵਿੱਚ ਹੋਇਆ । ਇਹ ਪਿੰਡ ਤਰਨਤਾਰਨ ਤੋਂ ਝੱਬਾਲ ਵੱਲ ਜਾਂਦੀ ਸੜਕ ਉੱਤੇ ਕੋਈ ਛੇ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ । ਇਹ ਪਿੰਡ ਜ਼ਿਲਾ ਅੰਮ੍ਰਿਤਸਰ ਵਿੱਚ ਹੈ । ਇਹ ਉਹ ਪਿੰਡ ਹੈ ਜਿੱਥੇ, ਪਿੰਡ ਤੋਂ ਬਾਹਰਵਾਰ ਸ਼ਾਹੀ ਸੜਕ ਦੇ ਚੌਂਕ ਵਿੱਚ ਭਾਈ ਬੋਤਾ ਸਿੰਘ ਦੇ ਗਰਜਾ ਸਿੰਘ ਨੇ ਸਿੱਖਾਂ ਦੀ ਹੋਂਦ ਨੂੰ ਰੜਕਾਣ ਦੇ ਲਈ ਸ਼ਹੀਦੀ ਜਾਮ ਪੀਤੇ ਸਨ । ਇਸ ਥਾਂ ਉੱਤੇ ਇਨ੍ਹਾਂ ਸੂਰਬੀਰ ਯੋਧਿਆਂ ਦੀ ਯਾਦਗਰ ਵਿੱਚ ਸ਼ਹੀਦੀ ਸਥਾਨ ਖੜ੍ਹਾ ਹੈ ।
'ਨੂਰ ਦੀ ਸਰਾਂ' ਜੋ ਅਸਲ 'ਚ 'ਸਰਾਇ ਨੂਰਦੀਨ' ਦਾ ਪੰਜਾਬੀ ਰੂਪ ਹੈ, ਇਸ ਇਲਾਕੇ ਦੀਆਂ ਉਨ੍ਹਾਂ ਚਾਰ ਪੰਜ ਸਰਾਵਾਂ ਵਿੱਚੋਂ ਹੈ, ਜਿੰਨ੍ਹਾਂ ਦੇ ਉਸਾਰਨ ਦਾ ਹੁਕਮ ਲਾਹੌਰ ਦੇ ਸੂਬੇ ਨੇ ਦਿੱਤਾ ਸੀ, ਪਰ ਜੋ ਕਿਸੇ ਕਾਰਣ ਕਰਕੇ ਸਮੇਂ ਸਿਰ ਨਾ ਬਣ ਸਕੀ । ਪਿਛੋਂ ਇਸ ਤਪੇ ਦੇ ਹਾਕਮ ਨੂਰਦੀਨ ਦੇ ਪੁੱਤਰ ਅਮੀਰ ਦੀਨ ਨੇ ਤਰਨਤਾਰਨ ਦੇ ਸਰੋਵਰ ਲਈ ਪਕਾਈਆਂ ਹੋਈਆਂ ਇੱਟਾਂ ਧੱਕੇ ਨਾਲ ਚੁਕਵਾ ਕੇ, ਆਪਣੇ ਪਿਤਾ ਦੇ ਨਾਂ ਪਿੱਛੇ ਬਣ ਰਹੀ ਸਰਾਂ ਉੱਤੇ ਵਰਤ ਲਈਆਂ ਸਨ ।
ਮਹਾਂਕਵੀ ਭਾਈ ਸੰਤੋਖ ਸਿੰਘ ਦੇ ਪਿਤਾ ਜੀ ਦਾ ਨਾਂ ਦੇਵਾ ਸਿੰਘ ਅਤੇ ਮਾਤਾ ਜੀ ਦਾ ਨਾਂ ਰਜਾਦੀ ਜਾ ਰਾਏਜ਼ਾਦੀ (ਰਾਜ ਦੇਈ) ਸੀ । ਭਾਈ ਸੰਤੋਖ ਸਿੰਘ ਦੇ ਪਿਤਾ ਨੂੰ ਵੇਦਾਂਤ ਅਤੇ ਗੁਰਬਾਣੀ ਦਾ ਚੰਗਾ ਗਿਆਨ ਸੀ । ਉਨ੍ਹਾਂ ਨੂੰ ਗੁਰਬਾਣੀ 'ਚ ਅਟੱਲ ਵਿਸ਼ਵਾਸ ਸੀ । ਇਨ੍ਹਾਂ ਦੀ ਬਰਾਦਰੀ ਭਗਤ ਨਾਮਦੇਵ ਵਾਲੀ ਸੀ ਅਤੇ ਗੋਤ ਕਰੀਰ ਸੀ । ਇਹ ਉਸ ਜਾਤੀ ਨਾਲ ਸਬੰਧਤ ਸਨ ਜਿਨ੍ਹਾਂ ਨੂੰ ਲੋਕ 'ਛੀਬੇ' ਜਾਂ 'ਛੀਪੇ' ਆਖਦੇ ਹਨ । ਇਸ ਕਰਕੇ ਹੁਣ ਤੱਕ. ਇਹ ਪੁਰਾਣਾ ਘਰ ਪਿੰਡ ਵਿੱਚੋਂ 'ਛੀਂਬਿਆ ਵਾਲਾ ਮਕਾਨ' ਕਰਕੇ ਮਸ਼ਹੂਰ ਹੈ । ਇਸ ਜਾਤੀ ਦੇ ਲੋਕ ਖੁਦ ਨੂੰ ਹਿੰਦੁਸਤਾਨ ਦੀ ਟਾਂਕ ਨਾਮਕ ਰਿਆਸਤ ਤੋਂ ਨਿਕਲੇ ਹੋਣ ਕਰਕੇ 'ਟਾਂਕ ਕਸ਼ਤੀ' ਅਖਵਾਉਂਦੇ ਹਨ ।
ਪ੍ਰੋ. ਪਿਆਰਾ ਸਿੰਘ ਪਦਮ ਦਾ ਮਤ ਹੈ, "ਕਿਸੇ ਨੂੰ ਕੀ ਪਤਾ ਸੀ ਕਿ ਇਸ ਨਿੱਕੇ ਜਿਹੇ ਗਰੀਬ ਘਰ ਦਾ ਜੰਮਪਲ ਲੜਕਾ ਵੱਡਾ ਹੋ ਕੇ ਬਹੁਤ ਮਹਾਨ ਕਵੀ ਅਤੇ ਵੱਡੀ ਕੀਰਤੀ ਦਾ ਮਾਲਕ ਹੋਵੇਗਾ । ਸਦਾ ਤੋਂ ਇਹ ਸ਼ਰਫ ਨਿੱਕੀਆਂ ਝੋਪੜੀਆਂ ਤੇ ਕੁਟੀਆਂ ਨੂੰ ਹੀ ਹਾਸਲ ਹੁੰਦਾ ਰਿਹਾ ਹੈ ਕਿ ਉਹ ਸੰਸਾਰ ਨੂੰ ਵੱਡੀਆਂ ਹਸਤੀਆਂ ਪਰਗਟਾ ਕੇ ਦੇਣ । ਰਾਜ ਮਹਿਲਾਂ ਵਿੱਚ
ਰਾਵਣ ਅਤੇ ਦੁਰਯੋਧਨ ਤਾਂ ਜੰਮਦੇ ਰਹੇ ਹਨ ਪਰ ਕਾਲੀਦਾਸ, ਸ਼ੈਕਸਪੀਅਰ ਤੇ ਵਾਰਸ, ਜਿਹੇ ਉੱਚੀ ਕੋਟੀ ਦੇ ਵਿਦਵਾਨ ਸਦਾ ਗੁੰਮਨਾਮ ਗਰੀਬ ਥਾਵਾਂ ਤੋਂ ਹੀ ਪੈਦਾ ਹੁੰਦੇ ਆਏ ਹਨ ।"
ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਕਰਕੇ ਜਿੱਥੇ ਉਹਨਾਂ ਦੇ ਮਾਤਾ-ਪਿਤਾ ਦਾ ਨਾਂ ਉੱਚਾ ਹੋਇਆ ਹੈ । ਉਥੇ ਉਨ੍ਹਾਂ ਦੇ ਗੁਰੂਆਂ ਦਾ ਸਿਰ ਵੀ ਮਾਣ ਨਾਲ ਉੱਚ ਹੋਇਆ ਹੈ ਅਤੇ ਭਾਈ ਸੰਤੋਖ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਸਾਰੀ ਸਿੱਖ ਕੌਮ ਦਾ ਨਾਂ ਸਾਰੀਆਂ ਦੁਨੀਆਂ ਵਿੱਚ ਉੱਚਾ ਕੀਤਾ ਹੈ ।
ਅਧਿਆਪਕ ਦੀ ਸ਼ਰਣ 'ਚ
ਬਚਪਨ ਤੋਂ ਹੀ ਸੰਤੋਖ ਸਿੰਘ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ । ਭਾਵੇਂ ਉਨ੍ਹਾਂ ਦੇ ਪਿਤਾ ਦਾ ਕੰਮ ਦਰਜ਼ੀ ਦਾ ਸੀ ਪਰ ਉਹਨਾਂ ਦੇ ਪਿਤਾ ਨੂੰ ਵੇਦਾਂਤ ਅਤੇ ਗੁਰਬਾਣੀ ਦਾ ਚੰਗਾ ਗਿਆਨ ਸੀ ਅਤੇ ਉਹ ਅਕਸਰ ਨਿਰਮਲੇ ਸੰਤਾਂ ਦਾ ਸੰਗਤ ਕਰਦੇ ਸਨ । ਪ੍ਰਮਾਤਮਾ ਦੀ ਕ੍ਰਿਪਾ ਸਦਕਾ ਉਨ੍ਹਾਂ ਦਾ ਪੁੱਤਰ ਬੜੀ ਤੇਜ਼ ਬੁੱਧੀ ਵਾਲਾ ਸੀ। ਉਹ ਬਚਪਨ ਤੋਂ ਹੀ ਕਵਿਤਾ ਕਹਿਣ ਲੱਗ ਪਿਆ । ਹਰੇਕ ਪਿਤਾ ਵਾਂਗ ਉਹਨਾਂ ਦੀ ਵੀ ਇੱਛਾ ਸੀ ਕਿ ਉਹ ਆਪਣੇ-ਪੁੱਤਰ ਨੂੰ ਕਿਸੇ ਅਜਿਹੇ ਇਨਸਾਨ ਕੋਲ ਛੱਡਣ ਜੋ ਵਿਦਵਾਨ ਹੋਵੇ ਅਤੇ ਜਿਸਨੂੰ ਆਲੇ-ਦੁਆਲੇ ਦੇ ਨਾਲ-ਨਾਲ ਗੁਰਮਤਿ ਦਾ ਗਿਆਨ ਹੋਵੇ । ਉਨ੍ਹਾਂ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸਿੱਧ ਵਿਦਵਾਨ ਗਿਆਨੀ ਸੰਤ ਸਿੰਘ ਸਨ । ਗਿਆਨੀ ਸੰਤ ਸਿੰਘ ਬੜੇ ਵਿਦਵਾਨ ਪ੍ਰਮਾਤਮਾ ਨੂੰ ਮੰਨਣ ਵਾਲੇ, ਸੰਤ ਪ੍ਰੇਮੀ, ਧਾਰਮਿਕ ਬਿਰਤੀ ਵਾਲੇ ਅਤੇ ਸ੍ਰੇਸ਼ਠ ਕਵੀ ਸਨ । ਗਿਆਨੀ ਸੰਤ ਸਿੰਘ, ਅੰਮ੍ਰਿਤਸਰ ਵਿਖੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਿਆ ਕਰਦੇ ਸਨ । ਗਿਆਨੀ ਸੰਤ ਸਿੰਘ ਦਾ ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਉੱਤੇ ਪੂਰਾ ਅਧਿਕਾਰ ਸੀ। ਉਨ੍ਹਾਂ ਨੇ ਮਹਾਂਕਵੀ ਤੁਲਸੀਦਾਸ ਦੇ 'ਰਾਮਚਰਿਤਮਾਨਸ' ਦਾ ਵੀ ਬ੍ਰਜ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ । ਦਰਸ਼ਨ ਅਤੇ ਭਾਸ਼ਾ ਦੇ ਅਜਿਹੇ ਵਿਦਵਾਨ ਕਾਵਿ-ਗਿਆਤਾ, ਦਿਆਲੂ, ਪਰਉਪਕਾਰੀ ਗੁਰੂ ਤੋਂ ਵਿਦਿਆ ਹਾਸਲ ਕਰਕੇ ਸੰਤੋਖ ਸਿੰਘ ਧੰਨ ਹੋ ਗਿਆ । ਸੰਤੋਖ ਸਿੰਘ ਦੇ ਦਿਲ ਵਿੱਚ ਆਪਣੇ ਗੁਰੂ ਦੇ ਪ੍ਰਤਿ ਅਪਾਰ ਸ਼ਰਧਾ ਸੀ । ਗਿਆਨੀ ਸੰਤ ਸਿੰਘ ਨੇ ਵੀ ਭਾਈ ਸੰਤੋਖ ਸਿੰਘ ਦਾ ਵਿਅਕਤੀਤਵ ਨਿਖਾਰਨ ਵਿੱਚ ਕੋਈ ਕਸਰ ਨਾ हॅडी।
ਭਾਈ ਦੇਵਾ ਸਿੰਘ ਦਾ ਭਾਈ ਸਰਦਾਰ ਰਾਮ ਸਿੰਘ ਅੰਮ੍ਰਿਤਸਰ ਦੇ ਕਟੜਾ ਨਿਹਾਲ ਸਿੰਘ ਵਿੱਚ ਰਹਿੰਦਾ ਸੀ । ਇਸ ਦਾ ਮੇਲ-ਜੋਲ ਵੀ ਉਸ ਸਮੇਂ ਦੇ ਸਿੱਖ ਪਰਿਵਾਰਾਂ ਨਾਲ ਬਹੁਤ ਸੀ । ਭਾਈ ਦੇਵਾ ਸਿੰਘ ਨੇ ਉਸ ਦੇ ਨਾਲ ਆਪਣੇ ਅਸਰ ਰਸੂਖ ਨਾਲ ਭਾਈ ਸੰਤੋਖ ਸਿੰਘ ਨੂੰ ਸਿੱਖਿਆ ਦੀ ਪ੍ਰਾਪਤੀ ਲਈ ਗਿਆਨੀ ਸੰਤ ਸਿੰਘ ਕੋਲ ਛੱਡ ਦਿੱਤਾ ।
ਗਿਆਨੀ ਸੰਤ ਸਿੰਘ, ਸੰਤੋਖ ਸਿੰਘ ਨੂੰ ਤੀਖਣ ਬੁੱਧੀ ਵਾਲਾ ਅਤੇ ਤੇਜ ਯਾਦ ਸ਼ਕਤੀ ਵਾਲਾ ਦੇਖਕੇ ਹੈਰਾਨ ਹੋ ਗਏ । ਸੰਤੋਖ ਸਿੰਘ ਗਿਆਰਾਂ ਸਾਲ ਦੀ ਉਮਰ ਵਿੱਚ ਗਿਆਨੀ ਸੰਤ ਸਿੰਘ ਦੀ ਸੇਵਾ ਵਿੱਚ ਪਹੁੰਚੇ ਸਨ । ਪਹਿਲਾ ਤਾਂ ਉਹ ਆਪਣੇ ਚਾਚਾ ਰਾਮ ਸਿੰਘ ਕੋਲ ਰਹਿੰਦਾ ਰਿਹਾ, ਪਰ ਬਾਦ ਵਿੱਚ ਆਪਣੇ ਗੁਰੂ ਦੇ ਕੋਲ ਹੀ ਗਿਆਨੀਆਂ ਦੇ ਬੁੰਗੇ 'ਚ ਜਾ ਰਿਹਾ । ਇੱਥੇ ਉਹ ਕੋਈ ਦਸ ਸਾਲ ਰਿਹਾ । ਇੱਕੀ ਸਾਲਾਂ ਦੀ ਉਮਰ 'ਚ ਭਾਈ ਸੰਤੋਖ ਸਿੰਘ ਸੰਸਾਰਕ ਅਤੇ ਆਤਮਕ ਗਿਆਨ ਨਾਲ ਭਰਪੂਰ ਹੋ ਕੇ ਨਿਕਲਿਆ ।
ਭਾਈ ਸੰਤੋਖ ਸਿੰਘ ਨੇ ਆਪਣੇ ਗੁਰੂ ਬਾਰੇ 'ਨਾਨਕ ਪ੍ਰਕਾਸ਼' ਦੇ ਉਤਰਾਰਧ ਅਧਿਆਇ-57 ਵਿੱਚ ਦੱਸਿਆ ਹੈ :
ਸ੍ਰੀਮਤਿ ਸਿਮਰਨ ਰਤਿ ਗੁਰੂ ਸੰਤ ਸਿੰਘ ਸ਼ੁਭ ਨਾਮ ॥ ਵਿਦਿਆ ਜਿਨ ਤੋਂ ਮੈਂ ਪੜੀ ਤਿਨ ਪਦ ਕਰੋ ਪ੍ਰਣਮ ॥
(ਨਾ.ਕ. ਉਤਰਾਰਧ, ਅਧਿਆਇ-57)
ਸਿੱਖਿਆ ਪ੍ਰਾਪਤੀ
ਭਾਈ ਸੰਤੋਖ ਨੇ ਆਪਣੇ ਗੁਰੂ ਗਿਆਨੀ ਸੰਤ ਸਿੰਘ ਤੋਂ ਸਿੱਖਿਆ ਪ੍ਰਾਪਤ ਕੀਤੀ । ਕਿਹਾ ਜਾਂਦਾ ਹੈ ਕਿ ਗਿਆਨੀ ਸੰਤ ਸਿੰਘ ਦਾ ਸਬੰਧ ਉਸ ਖਾਨਦਾਨ ਨਾਲ ਸੀ, ਜਿਸ ਨੂੰ ਸ਼ਹੀਦ ਭਾਈ ਮਨੀ ਸਿੰਘ ਤੋਂ ਗਿਆਨ ਪ੍ਰਾਪਤੀ ਦਾ ਮੌਕਾ ਮਿਲਿਆ ਸੀ । ਗਿਆਨੀ ਸੰਤ ਸਿੰਘ ਕੋਲੋ ਸੰਤੋਖ ਸਿੰਘ ਨੇ ਸੰਸਕ੍ਰਿਤ, ਬ੍ਰਜ, ਗੁਰਮਤਿ, ਪਿੰਗਲ, ਜੋਤਿਸ਼ ਤੇ ਕਾਵਿ-ਸ਼ਾਸਤਰ ਤੋਂ ਛੁਟ ਵੇਦ, ਪੁਰਾਣ, ਖਟ-ਸ਼ਾਸਤਰ, ਯੋਗ-ਵੇਦਾਂਤ ਆਦਿ ਵਿੱਚ ਸਿੱਖਿਆ ਪ੍ਰਾਪਤ ਕੀਤੀ । ਅਜਿਹਾ ਉਨ੍ਹਾਂ ਦੀਆਂ ਰਚਨਾਵਾਂ ਤੋਂ ਪਤਾ ਲਗਦਾ ਹੈ । ਇਹ ਵੀ ਅਨੁਮਾਨ ਲਾਇਆ ਜਾਂਦਾ ਹੈ ਕਿ ਸੰਤੋਖ ਸਿੰਘ ਨੇ ਗਿਆਨੀ ਜੀ ਕੋਲੋਂ ਕਾਵਿ, ਪਰਯਾਯ, ਰਸਿਕ ਪ੍ਰਿਯ, ਅਲੰਕਾਰ, ਸੁਧਾ ਸਾਗਰ, ਰਸ-ਪ੍ਰਬੋਧ, ਛੰਦ ਦਰਪਣ ਤੇ ਚਿਤਰ ਬਿਲਾਸ ਆਦਿ ਗ੍ਰੰਥਾਂ ਦਾ ਗਿਆਨ ਪ੍ਰਾਪਤ ਕੀਤਾ । ਗਿਆਨੀ ਸੰਤ ਸਿੰਘ ਪਾਸੋਂ ਵਿਦਿਆ ਹਾਸਲ ਕਰਕੇ ਭਾਈ ਸੰਤੋਖ ਸਿੰਘ ਜੀ ਵਿਦਿਆ ਦੇ ਪੁੰਜ ਹੋ ਗਏ । ਜੋ ਥੋੜੀ ਬਹੁਤ ਘਾਟ ਰਹਿ ਗਈ ਸੀ । ਉਹ ਬਨਾਰਸ ਜਾ ਕੇ ਪੂਰੀ ਕੀਤੀ ।
ਗਿਆਨੀ ਸੰਤ ਸਿੰਘ ਦੀ ਰਹਿਨੁਮਾਈ ਹੇਠ ਮਹਾਂਕਵੀ ਸੰਤੋਖ ਸਿੰਘ ਨੇ ਭਾਰਤੀ ਦਰਸ਼ਨ, ਪੁਰਾਣ, ਕਾਵਿ-ਸ਼ਾਸਤਰ, ਸੰਸਕ੍ਰਿਤ ਭਾਸ਼ਾ ਆਦਿ ਦਾ ਗੰਭੀਰ ਅਧਿਐਨ ਕੀਤਾ । ਭਾਈ ਸੰਤੋਖ ਸਿੰਘ ਦੇ ਮਨ 'ਚ ਆਪਣੇ ਗੁਰੂ ਲਈ ਬੇਹੱਦ ਆਦਰ-ਸਤਿਕਾਰ ਸੀ ।
ਬੂੜੀਏ ਵਿੱਚ ਨਿਵਾਸ
ਭਾਈ ਸੰਤੋਖ ਸਿੰਘ ਨੇ ਕਈ ਸਾਲ ਗਿਆਨੀ ਸੰਤ ਸਿੰਘ ਦੇ ਕੋਲ ਰਹਿ ਕੇ ਵਿਦਿਆ ਪ੍ਰਾਪਤ ਕੀਤੀ ਅਤੇ ਆਪਣੇ ਵਿਹਾਰਕ ਜੀਵਨ ਦੀ ਸ਼ੁਰੂਆਤ ਬੂੜੀਏ ਤੋਂ ਕੀਤੀ । ਬੂੜੀਆ ਅੰਬਾਲੇ ਜ਼ਿਲੇ 'ਚ ਜਗਾਧਰੀ ਤੋਂ ਤਿੰਨ ਮੀਲ ਪੂਰਬ ਵੱਲ ਹੈ । ਉਹ ਸੁਤੰਤਰ ਰੂਪ ਵਿੱਚ ਕਾਵਿ ਰਚਨਾ ਕਰਨ ਲੱਗੇ ।
ਬੂੜੀਏ ਦਾ ਕਬਜਾ ਭੰਗੀ ਸਰਦਾਰਾਂ ਵਿੱਚੋਂ ਸ੍ਰ. ਰਾਏ ਸਿੰਘ ਕੋਲ ਸੀ । ਰਾਏ ਸਿੰਘ ਦਾ ਫੌਜੀ ਜਰਨੈਲ ਦਿਆਲ ਸਿੰਘ ਨਾਂ ਦਾ ਇੱਕ ਸਰਦਾਰ ਸੀ ।
ਇਹ ਭਾਈ ਸੰਤੋਖ ਸਿੰਘ ਦੀ ਜਾਤ-ਬਰਾਦਰੀ ਵਿੱਚੋਂ ਹੀ ਸੀ। ਦਿਆਲ ਸਿੰਘ, ਰਾਏ ਸਿੰਘ ਦਾ ਬੜਾ ਚਹੇਤਾ ਸਰਦਾਰ ਸੀ । ਰਾਏ ਸਿੰਘ ਦੀ ਮੌਤ ਤੋਂ ਪਿਛੋਂ ਉਹ ਉਸ ਦੇ ਪੁੱਤਰ ਭਗਵਾਨ ਸਿੰਘ ਦਾ ਵੀ ਚਹੇਤਾ ਬਣਿਆ ਰਿਹਾ । ਸ੍ਰ.
ਦਿਆਲ ਸਿੰਘ ਦੀ ਸਿਫਾਰਸ਼ ਉਤੇ ਭਗਵਾਨ ਸਿੰਘ ਨੇ ਭਾਈ ਸੰਤੋਖ ਸਿੰਘ ਨੂੰ ਆਪਣਾ ਦਰਬਾਰੀ ਕਵੀ ਬਣਾ ਲਿਆ । ਇੱਕ ਵਿਦਵਾਨ ਦੇ ਅਨੁਸਾਰ "ਭਾਈ ਸੰਤੋਖ ਸਿੰਘ ਦਰਿਆ ਜਮੁਨਾ ਕੰਢੇ 'ਤੇ ਬਣੀ ਹੋਈ ਇੱਕ ਪੌੜੀ ਉੱਤੇ ਨਿਤਨੇਮ ਅਤੇ ਭਜਨ ਬੰਦਗੀ ਕਰਿਆ ਕਰਦੇ ਸਨ । ਬੂੜੀਏ ਵਿੱਚ ਇਸ ਤਰ੍ਹਾਂ ਨਿੱਤ ਦੀ ਸਾਧਨਾ ਪੰਜ ਸਾਲ ਤੱਕ ਚਲਦੀ ਰਹੀ । ਇਕ ਰਿਵਾਇਤ ਦੇ ਅਨੁਸਾਰ ਭਾਈ ਸਾਹਿਬ ਨੇ ਇਹ 34 ਗੁਰੂ ਇਤਿਹਾਸ ਲਿਖਣ ਲਈ ਗੁਰੂ ਗੋਬਿੰਦ ਕੋਲੋਂ ਵਰਦਾਨ ਹਾਸਲ ਕਰਨ ਲਈ ਕੀਤਾ ਸੀ ।"
(ਮਹਾਂਕਵੀ ਸੰਤੋਖ ਸਿੰਘ-2)