ਇਸ ਲੇਖ ਨੂੰ ਦਿੱਤੇ ਗਏ ਸਿਰਲੇਖ ਨਾਲ ਸਬੰਧਿਤ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੇ ਬਚਨਾਂ ਨੂੰ ਸਮਝਣ ਦੀ ਲੋੜ ਹੈ -
*"ਬਾਬਾ ਹੋਰੁ ਖਾਣਾ ਖੁਸੀ ਖੁਆਰੁ।।*
*ਜਿਤੁ ਖਾਧੈ ਤਨੁ ਪੀੜੀਐ ਮਨਿ ਮਹਿ ਚਲਹਿ ਵਿਕਾਰੁ।।"* (16)
ਭਾਵ ਕਿ - ਹੇ ਭਾਈ! ਉਨ੍ਹਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ, ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿੱਚ ਭੀ ਕਈ ਮੰਦੇ ਖਿਆਲ ਤੁਰ ਪੈਂਦੇ ਹਨ।
ਇਸ ਪਾਵਨ ਗੁਰਬਾਣੀ ਵਿੱਚ ਆਏ *" ਹੋਰੁ"* ਸ਼ਬਦ ਵੱਲ ਵਿਸ਼ੇਸ਼ ਧਿਆਨ ਦੇ ਕੇ ਸਮਝਣ ਦੀ ਜ਼ਰੂਰਤ ਹੈ। ਕਿਉਂ ਕਿ ਇੱਕ ਪ੍ਰਚਲਿਤ ਅਖਾਣ *" ਕਿਸੇ ਨੂੰ ਮਾਂਹ ਬਾਈ ਕਿਸੇ ਨੂੰ ਬਾਦੀ'* ਅਨੁਸਾਰ ਸਾਨੂੰ ਸਾਰਿਆਂ ਨੂੰ ਤੰਦਰੁਸਤ ਜੀਵਨ ਬਤੀਤ ਕਰਨ ਲਈ ਆਪੋ ਆਪਣੇ ਸਰੀਰ ਦੀ ਸਹੀ ਲੋੜ ਅਨੁਸਾਰ ਖੁਰਾਕ ਆਪ ਨਿਰਧਾਰਤ ਕਰਨੀ ਚਾਹੀਦੀ ਹੈ, ਜਿਵੇਂ - ਕੀ ਖਾਣਾ, ਕਦੋਂ ਖਾਣਾ, ਕਿਵੇਂ ਖਾਣਾ, ਕਿੰਨਾ ਖਾਣਾ, ਕਿੰਨੇ ਸਮੇਂ ਬਾਅਦ ਖਾਣਾ ਚਾਹੀਦਾ ਹੈ।
ਸਿਆਣਿਆਂ ਨੇ ਸੰਸਾਰ ਪੱਧਰ ਉੱਤੇ ਸਾਡੇ ਰੋਜ਼ਾਨਾ ਖਾਣ ਪੀਣ ਸਬੰਧੀ ਨਿਰਨਾਇਕ ਤੱਤ ਕੱਢੇ ਹਨ ਕਿ -
*1) "ਅੱਜ ਤੱਕ ਭੁੱਖ ਨਾਲ ਉਨੇ ਲੋਕਾਂ ਦੀ ਮੌਤ ਨਹੀਂ ਹੋਈ ਜਿੰਨੇ ਲੋਕ ਬਿਨਾਂ ਸੋਚੇ ਸਮਝੇ ਵੱਧ ਅਤੇ ਬੇਲੋੜਾ ਖਾਣ ਨਾਲ ਮਰੇ ਹਨ।"*
*2) "ਅਸੀਂ ਦੁਨੀਆਂ ਦੇ ਜਿਸ ਵੀ ਖਿੱਤੇ/ਇਲਾਕੇ ਵਿੱਚ ਰਹਿੰਦੇ ਹਾਂ, ਸਿਹਤਮੰਦ ਜੀਵਨ ਲਈ ਸਾਨੂੰ ਉਸ ਇਲਾਕੇ ਵਿੱਚ ਪੈਦਾ ਹੋਣ ਵਾਲੇ ਭੋਜਨ ਨੂੰ ਪਹਿਲ ਦੇ ਆਧਾਰ ਤੇ ਖਾਣਾ ਚਾਹੀਦਾ ਹੈ ਕਿਉਂਕਿ ਸਾਡਾ ਸਰੀਰ ਵੀ ਉਸ ਇਲਾਕੇ ਦੀ ਆਬੋ ਹਵਾ ਵਿੱਚ ਰਹਿੰਦਾ ਹੈ ਅਤੇ ਉਸੇ ਵਾਤਾਵਰਨ ਵਿੱਚ ਪੈਦਾ ਹੋਣ ਵਾਲੇ ਅਨਾਜ ਤੋਂ ਬਣੇ ਪਦਾਰਥ/ ਭੋਜਨ ਮਨੁੱਖੀ ਸਰੀਰ ਨੂੰ ਠੀਕ ਤਰ੍ਹਾਂ ਨਾਲ ਪਚਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ ਹੈ ਅਤੇ ਸਾਡੇ ਸਰੀਰ ਨੂੰ ਲੋੜੀਂਦੀ ਊਰਜਾ ਸੁਖਾਲੀ ਮਿਲ ਜਾਂਦੀ ਹੈ।*
ਦਾਸ ਵੱਲੋਂ ਪੰਜਾਬ ਵਿੱਚ ਨੌਕਰੀ ਕਰਨ ਦੌਰਾਨ ਇਕ ਬਹੁਤ ਅਮੀਰ ਪਰਿਵਾਰ ਨਾਲ ਮੇਲ ਮਿਲਾਪ ਹੋਣ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਲਗਭਗ ਸਾਰੇ ਕੰਮ ਨੌਕਰ ਨੌਕਰਾਣੀਆਂ ਹੀ ਕਰਦੇ ਹਨ, ਪਰ ਸਾਡੀ ਰਸੋਈ ਵਿੱਚ ਖਾਣਾ ਆਦਿ ਬਣਾਉਣ ਵਰਤਾਉਣ ਦਾ ਸਾਰਾ ਕੰਮ ਸਾਡੇ ਘਰ ਪਰਿਵਾਰ ਦੀਆਂ ਸੁਆਣੀਆਂ / ਔਰਤਾਂ ਹੀ ਕਰਦੀਆਂ ਹਨ।
ਮੇਰੇ ਵੱਲੋਂ - ਐਸਾ ਕਿਉਂ ?
ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਖਾਣਾ ਬਣਾਉਣ ਵਰਤਾਉਣ ਸਮੇਂ ਜੋ ਪ੍ਰੇਮ, ਪਿਆਰ ,ਦੁਲਾਰ ,ਸਤਿਕਾਰ ,ਰਸ, ਸੁਆਦ, ਭਾਵਨਾ ਆਦਿ ਘਰ ਪਰਿਵਾਰ ਦੀ ਸੁਆਣੀ ਦੇ ਹੱਥੀਂ ਤਿਆਰ ਕੀਤੇ ਖਾਣੇ ਵਿੱਚ ਹੁੰਦਾ ਹੈ, ਉਹ ਨੌਕਰ ਨੌਕਰਾਣੀਆਂ ਦੇ ਹੱਥੀਂ ਤਿਆਰ ਕੀਤੇ ਗਏ ਖਾਣੇ ਵਿੱਚ ਕਿਥੋਂ ਲੱਭਦਾ ਹੈ।
ਮੇਰਾ ਖਿਆਲ ਹੈ ਕਿ ਇਸ ਗੱਲ ਨਾਲ ਘਰ ਪਰਿਵਾਰਾਂ ਵਾਲੇ ਲਗਭਗ ਸਾਰੇ ਹੀ ਸਹਿਮਤ ਹੋਣਗੇ।
ਇਸ ਸਬੰਧ ਵਿੱਚ ਪਾਵਨ ਗੁਰਬਾਣੀ ਰਾਹੀਂ ਸ੍ਰੀ ਗੁਰੂ ਅਮਰ ਦਾਸ ਜੀ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਹਨ -
*"ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ।। ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ।।"* (1413)
ਭਾਵ ਕਿ - ਜਿਵੇਂ ਕਿਸੇ ਮਨੁੱਖ ਦੇ ਘਰ ਵਿੱਚ ਉਸ ਦੀ ਪਤੀਬ੍ਰਤਾ ਇਸਤਰੀ ਹੈ,ਜੋ ਪਿਆਰ ਭਾਵਨਾ ਨਾਲ ਆਪਣੇ ਪਤੀ ਦੀ ਸੇਵਾ ਕਰਨ ਦੀ ਬਹੁਤ ਤਾਂਘ ਕਰਦੀ ਹੈ। ਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ ਆਪਣੇ ਪਤੀ (ਪਰਿਵਾਰ) ਵਾਸਤੇ ਬਣਾਂਦੀ ਰਹਿੰਦੀ ਹੈ।
ਸਾਡੇ ਸਮਾਜਿਕ ਤਾਣੇ ਬਾਣੇ ਵਿੱਚ ਵਿਆਹ ਸ਼ਾਦੀਆਂ, ਪਰਿਵਾਰਕ ਖੁਸ਼ੀਆਂ ਆਦਿ ਦੇ ਪ੍ਰੋਗਰਾਮ ਕਰਨ ਲਈ *"Palace Culture"* ਨੂੰ ਅਪਨਾਇਆ ਗਿਆ ਹੈ, ਉੱਥੇ ਹਾਜ਼ਰੀ ਭਰਨ ਵਾਲੇ ਲਗਭਗ ਸਾਰੇ ਹੀ ਖੱਟੇ - ਮਿੱਠੇ, ਠੰਡੇ - ਗਰਮ, ਤਲੇ ਮਲੇ ਪਕੌੜੇ ਸਨੈਕਸ, ਗਰਮਾਂ ਗਰਮ ਚਾਹ ਕੌਫੀ - ਕੋਲਡ ਡਰਿੰਕਸ ਆਈਸ ਕਰੀਮ ਆਦਿਕ ਸਾਰੇ ਤਰ੍ਹਾਂ ਦੇ ਬਣੇ ਹੋਏ ਪਕਵਾਨ 2 - 3 ਘੰਟਿਆਂ ਵਿੱਚ ਹੀ ਹਾਜ਼ਰੀਨ ਵੱਲੋਂ ਚਟਮ ਕਰ ਦਿੱਤੇ ਜਾਂਦੇ ਹਨ। ਅਜੋਕੇ ਸਮੇਂ ਇਸ ਤਰ੍ਹਾਂ ਦੇ ਚੱਲ ਰਹੇ ਸਵੈ - ਵਿਰੋਧੀ ਵਰਤਾਰੇ ਨੂੰ ਵੇਖਦਿਆਂ ਸੂਝਵਾਨ ਲੋਕਾਂ ਨੇ ਸਿੱਟਾ ਕੱਢਿਆ ਹੈ ਕਿ -
*" ਪਹਿਲਾਂ ਅਸੀਂ ਇਕੱਲੇ - ਇਕੱਲੇ ਬਿਨਾਂ ਸੋਚੇ ਸਮਝੇ 3 - 4 ਜਣਿਆਂ ਦਾ ਖਾਣਾ ਖਾ ਜਾਂਦੇ ਹਾਂ ਅਤੇ ਬਾਅਦ ਵਿੱਚ ਸਰੀਰਕ ਤਵਾਜ਼ਨ ਵਿਗੜ ਜਾਣ ਤੇ 10 ਜਣਿਆਂ ਦੇ ਖਾਣੇ ਬਰਾਬਰ ਪੈਸੇ ਡਾਕਟਰ - ਹਸਪਤਾਲ ਵਾਲਿਆਂ ਨੂੰ ਫੀਸ ਅਤੇ ਦਵਾਈਆਂ ਦੇ ਬਿੱਲਾਂ ਦੇ ਭੁਗਤਾਨ ਕਰਦੇ ਹਾਂ। ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਜਿਹੜੇ ਕਸ਼ਟ ਝੱਲਣੇ ਪਏ ਉਹ ਵੱਖਰੇ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਸਾਨੂੰ ਸਮਝਦਾਰ ਕੌਣ ਆਖੇਗਾ।"*
*"ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।"*
ਆਉ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਿੱਥੇ ਆਪ ਪੜੀਏ, ਸੁਣੀਏ ਉਸਦੇ ਨਾਲ - ਨਾਲ ਇਹ ਯਤਨ ਵੀ ਕਰੀਏ ਕਿ ਗੁਰਬਾਣੀ ਰਾਹੀਂ ਦਿੱਤੇ ਗਏ ਉਪਦੇਸ਼ਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਵੀ ਬਣਾਈਏ -
*1) " ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।। ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ।।"*(790)
*2) "ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ।। ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ।।"* (523)
ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।
ਸੁਖਜੀਤ ਸਿੰਘ ਕਪੂਰਥਲਾ
98720-76876
*********************
*ਨੋਟ - ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/ SHARE ਕਰਨ ਦੀ ਕਿਰਪਾਲਤਾ ਕਰਨੀ ਜੀ।*