11th UK National Gatka Championship concludes on high note near Cardiff - first ever in Wales: Tan Dhesi MP
ਗੱਤਕਾ ਅਖਾੜਿਆਂ ਨੂੰ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਹਜ਼ਾਰ-ਹਜ਼ਾਰ ਪੌਂਡ ਦੀ ਸਹਾਇਤਾ ਰਾਸ਼ੀ
ਰੂਪ ਕੌਰ, ਨਵਜੋਤ ਸਿੰਘ ਤੇ ਗੁਰਦੀਪ ਸਿੰਘ ਨੇ ਜਿੱਤਿਆ ਪਹਿਲਾ ਸਥਾਨ
ਚੰਡੀਗੜ੍ਹ, 16 ਸਤੰਬਰ 2025 ( ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) –
ਗੱਤਕਾ ਫੈਡਰੇਸ਼ਨ ਯੂਕੇ ਵਲੋਂ ਕਾਰਡਿਫ, ਵੇਲਜ਼ ਵਿਖੇ ਆਯੋਜਿਤ ਗਿਆਰਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸਮਾਪਤ ਹੋਈ ਜਿਸ ਵਿੱਚ ਸੱਤ ਪ੍ਰਮੁੱਖ ਗੱਤਕਾ ਅਖਾੜਿਆਂ ਦੇ ਖਿਡਾਰੀਆਂ ਨੇ ਮੁਕਾਬਲਿਆਂ ਦੌਰਾਨ ਆਪਣੀਆਂ ਜੰਗੀ ਕਲਾਵਾਂ ਦੇ ਦਾਅ-ਪੇਚਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਵੇਲਜ਼ ਦੇ ਗੁਰਦੁਆਰਾ ਸਾਹਿਬ ਤੇ ਉੱਥੋਂ ਦੀ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਇਸ ਸਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ, ਜਗਬੀਰ ਸਿੰਘ ਜੱਗਾ ਚਕਰ, ਪ੍ਰਧਾਨ ਵੇਲਜ਼ ਕਬੱਡੀ ਕਲੱਬ, ਜਸਪਾਲ ਸਿੰਘ ਢੇਸੀ ਅਤੇ ਕੇਵਲ ਸਿੰਘ ਰੰਧਾਵਾ ਹਵੇਲੀ ਹੋਟਲ, ਪਾਂਟੀਕਲਾਨ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਨਤੀਜਿਆਂ ਦਾ ਐਲਾਨ ਕਰਦਿਆਂ ਹਾਊਸ ਆਫ਼ ਕਾਮਨਜ਼ ਦੀ ਉਚ ਤਾਕਤੀ ਰੱਖਿਆ ਕਮੇਟੀ ਦੇ ਚੇਅਰਮੈਨ ਢੇਸੀ ਨੇ ਕਿਹਾ ਕਿ ਬਰਤਾਨੀਆ ਦੀ ਨੌਜਵਾਨ ਪੀੜ੍ਹੀ ਵੱਲੋਂ ਗੱਤਕਾ ਖੇਡ ਪ੍ਰਤੀ ਵਧ ਰਹੀ ਦਿਲਚਸਪੀ ਉਸਾਰੂ ਕਦਮ ਹੈ ਅਤੇ ਅਗਲੇ ਸਾਲ ਹੋਰ ਖਿਡਾਰੀਆਂ ਨੂੰ ਵੀ ਇਸ ਟੂਰਨਾਮੈਂਟ ਲਈ ਆਕਰਸ਼ਿਤ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ਵਿੱਚ ਸਾਰੇ ਮੁਕਾਬਲੇ ਫੱਰੀ-ਸੋਟੀ (ਵਿਅਕਤੀਗਤ) ਵਰਗ ਵਿੱਚ ਹੀ ਖੇਡੇ ਗਏ। ਉਮਰ ਵਰਗ 14 ਸਾਲ ਤੋਂ ਘੱਟ ਦੇ ਮੁਕਾਬਲਿਆਂ ਵਿੱਚੋਂ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਰੂਪ ਕੌਰ ਨੇ ਆਪਣੇ ਹੀ ਅਖਾੜੇ ਦੀ ਗਤਕੇਬਾਜ਼ ਮਨਰੂਪ ਕੌਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗਰੇਵਜ਼ੈਂਡ ਦੀ ਰਿਹਾਨਾ ਕੌਰ ਤੀਜੇ ਸਥਾਨ ਤੇ ਰਹੀ।
ਇਸੇ ਤਰ੍ਹਾਂ 17 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚੋਂ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਵੂਲਵਿਚ ਦੇ ਨਵਜੋਤ ਸਿੰਘ ਨੇ ਆਪਣੇ ਹੀ ਅਖਾੜੇ ਦੇ ਖਿਡਾਰੀ ਜਸ਼ਨ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿੱਚ ਕੋਵੈਂਟਰੀ ਤੋਂ ਅਕਾਲੀ ਫੂਲਾ ਸਿੰਘ ਗੱਤਕਾ ਅਖਾੜੇ ਦੇ ਧਰਮ ਸਿੰਘ ਅਤੇ ਤੇਜਵੀਰ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
18 ਸਾਲ ਤੋਂ ਵੱਧ ਉਮਰ ਦੇ ਮੁਕਾਬਲਿਆਂ ਵਿੱਚੋਂ ਜੰਗੀ ਹੋਰਸਿਜ਼ ਕਲੱਬ ਵੁਲਵਰਹੈਂਪਟਨ ਦੇ ਗਤਕੇਬਾਜ਼ ਗੁਰਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗਰੇਵਜ਼ੈਂਡ ਦੇ ਕੁਲਦੀਪ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਤੀਜਾ ਸਥਾਨ ਬਾਬਾ ਮਿੱਤ ਸਿੰਘ ਗੱਤਕਾ ਅਖਾੜਾ ਵੁਲਵਰਹੈਮਪਟਨ ਦੇ ਅਨਮੋਲਦੀਪ ਸਿੰਘ ਅਤੇ ਨਿਹਾਲ ਸਿੰਘ ਨੇ ਸਾਂਝੇ ਤੌਰ ਤੇ ਹਾਸਲ ਕੀਤਾ।
ਸਾਰੇ ਜੇਤੂ ਖਿਡਾਰੀਆਂ ਨੂੰ ਤਗਮੇ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਜਦਕਿ ਗੱਤਕਾ ਅਖਾੜਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਸਿਖਲਾਈ ਸਹੂਲਤਾਂ ਲਈ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਹਜ਼ਾਰ-ਹਜ਼ਾਰ ਪੌਂਡ ਦੀ ਨਗਦ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੰਸਦ ਮੈਂਬਰ ਢੇਸੀ ਵੱਲੋਂ ਸਾਲ 2013 ਤੋਂ ਯੂਕੇ ਵਿੱਚ ਲਗਾਤਾਰ ਗੱਤਕਾ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਸ ਖੇਡ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀ ਜਾ ਰਹੀ ਸੇਵਾ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕਾ ਫੈਡਰੇਸ਼ਨ ਯੂਕੇ ਨੂੰ ਹਰ ਸੰਭਵ ਸਹਿਯੋਗ ਜਾਰੀ ਰਹੇਗਾ।
ਆਪਣੇ ਸੰਬੋਧਨ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਸਾਰੇ ਜੇਤੂਆਂ, ਭਾਗ ਲੈਣ ਵਾਲਿਆਂ ਅਤੇ ਵਾਲੰਟੀਅਰਾਂ ਨੂੰ ਵਧਾਈ ਦਿੰਦਿਆਂ ਸਵਾਂਜ਼ੀ ਅਤੇ ਕਾਰਡਿਫ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਾਮਯਾਬ ਹੋਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਨ ਸਿੰਘ ਜੋਹਲ, ਜਨਰਲ ਸਕੱਤਰ ਗੱਤਕਾ ਫੈਡਰੇਸ਼ਨ ਯੂਕੇ, ਖੁਸ਼ਵੰਤ ਸਿੰਘ ਅਤੇ ਜੀਤ ਸਿੰਘ ਅਰੋੜਾ ਸਵਾਂਜ਼ੀ ਗੁਰਦੁਆਰਾ ਕਮੇਟੀ, ਸੰਗਤ ਸਿੰਘ ਗਰੀਬ ਕਾਰਡਿਫ ਗੁਰਦੁਆਰਾ ਕਮੇਟੀ, ਕੁਲਦੀਪ ਸਿੰਘ ਪੱਡਾ, ਤਰਜੀਤ ਸਿੰਘ ਸੰਧੂ, ਰਾਜ ਬਾਜਵਾ, ਗੁਰਨਾਮ ਨਿੱਝਰ, ਜੀਤਪਾਲ ਸਿੱਧੂ, ਪਰਮਿੰਦਰ ਸੂਜਾਪੁਰ, ਰਣਧੀਰ ਰੰਧਾਵਾ, ਬਲਬੀਰ ਬਰਾੜ, ਸਾਹਿਬ ਸਿੰਘ ਢੇਸੀ, ਤਾਰਨ ਸਿੰਘ ਨਿਹੰਗ ਕਾਰਡਿਫ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਅਕਾਲ ਚੈਨਲ ਦੀ ਟੀਮ, ਅਮਨਪ੍ਰੀਤ ਸਿੰਘ ਸਿੱਖ ਚੈਨਲ, ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀ ਨਿਊਜ ਆਦਿ ਹਾਜ਼ਰ ਸਨ।